Revised Common Lectionary (Semicontinuous)
ਆਸਾਫ਼ ਦਾ ਇੱਕ ਉਸਤਤਿ ਗੀਤ।
83 ਹੇ ਪਰਮੇਸ਼ੁਰ ਚੁੱਪ ਨਾ ਰਹੋ।
ਆਪਣੇ ਕੰਨਾਂ ਨੂੰ ਬੰਦ ਨਾ ਕਰੋ।
ਮਿਹਰ ਕਰਕੇ ਕੁਝ ਤਾਂ ਆਖੋ ਪਰਮੇਸ਼ੁਰ।
2 ਹੇ ਪਰਮੇਸ਼ੁਰ, ਤੁਹਾਡੇ ਵੈਰੀਆਂ ਨੇ ਤੁਹਾਡੇ ਖਿਲਾਫ਼ ਸਾਜਿਸ਼ਾਂ ਘੜੀਆਂ ਅਤੇ ਛੇਤੀ ਹੀ ਉਹ ਹਮਲਾ ਕਰਨਗੇ।
ਉਹ ਤੁਹਾਡੇ ਲੋਕਾਂ ਦੇ ਵਿਰੁੱਧ ਖੁਫ਼ੀਆਂ ਯੋਜਨਾਵਾਂ ਬਣਾਉਂਦੇ ਹਨ।
3 ਤੁਹਾਡੇ ਵੈਰੀ ਉਨ੍ਹਾਂ ਯੋਜਨਾਵਾਂ ਬਾਰੇ ਬਹਿਸਾਂ ਕਰ ਰਹੇ ਹਨ
ਜਿਹੜੀਆਂ ਉਨ੍ਹਾਂ ਲੋਕਾਂ ਦੇ ਵਿਰੁੱਧ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋਂ।
4 ਵੈਰੀ ਆਖ ਰਹੇ ਹਨ, “ਆਓ ਇਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਈਏ।
ਕੋਈ ਵੀ ਬੰਦਾ ਫ਼ੇਰ ਇਸਰਾਏਲ ਦਾ ਨਾਮ ਚੇਤੇ ਨਹੀਂ ਕਰੇਗਾ।”
5 ਹੇ ਪਰਮੇਸ਼ੁਰ, ਉਹ ਸਾਰੇ ਲੋਕ ਤੁਹਾਡੇ ਨਾਲ ਅਤੇ ਉਸ ਕਰਾਰ ਦੇ ਖਿਲਾਫ਼
ਜੋ ਤੁਸਾਂ ਸਾਡੇ ਨਾਲ ਕੀਤਾ ਸੀ ਲੜਨ ਲਈ ਇਕੱਠੇ ਹੋ ਗਏ ਹਨ।
6-7 ਉਹ ਵੈਰੀ ਸਾਡੇ ਨਾਲ ਲੜਨ ਲਈ ਇੱਕ ਮੁੱਠ ਹੋ ਗਏ: ਉਹ ਅਦੋਮ ਦੇ ਇਸ਼ਮਾਈਲੀ ਲੋਕ ਹਨ।
ਮੋਆਬ ਅਤੇ ਹਗਰੀ ਦੇ ਔਲਾਦ ਗਬਾਲ,
ਅੰਮੋਨ ਅਤੇ ਅਮਾਲੇਕ, ਫ਼ਲਿਸਤ ਦੇ ਲੋਕ ਅਤੇ ਸੂਰ ਦੇ ਵਾਸੀਆਂ ਸਮੇਤ।
ਉਹ ਸਾਰੇ ਲੋਕ ਸਾਡੇ ਖਿਲਾਫ਼ ਲੜਨ ਲਈ ਇੱਕ ਮੁੱਠ ਹੋ ਗਏ ਸਨ।
8 ਅਸ਼ੂਰ ਵੀ ਉਨ੍ਹਾਂ ਲੋਕਾਂ ਨਾਲ ਰਲ ਗਏ ਸਨ।
ਉਨ੍ਹਾਂ ਨੇ ਲੂਤ ਦੀਆਂ ਔਲਾਦਾਂ ਨੂੰ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ ਸੀ।
9 ਹੇ ਪਰਮੇਸ਼ੁਰ, ਵੈਰੀ ਨੂੰ ਇਵੇਂ ਹਰਾ ਦਿਉ ਜਿਵੇਂ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
ਜਿਵੇਂ ਤੁਸੀਂ ਸੀਸਰਾ ਅਤੇ ਕੋਸ਼ੋਨ ਨੂੰ ਨਦੀ ਕੰਢੇ ਹਰਾਇਆ ਸੀ।
10 ਤੁਸੀਂ ਉਨ੍ਹਾਂ ਨੂੰ ਏਨ-ਦੋਰ ਵਿਖੇ ਹਰਾਇਆ ਸੀ।
ਅਤੇ ਉਨ੍ਹਾਂ ਦੀਆਂ ਲਾਸ਼ਾਂ ਧਰਤੀ ਉੱਤੇ ਸੜੀਆਂ।
11 ਹੇ ਪਰਮੇਸ਼ੁਰ, ਵੈਰੀ ਦੇ ਆਗੂਆਂ ਨੂੰ ਹਰਾ ਦਿਉ।
ਉਵੇਂ ਹੀ ਕਰੋ ਜਿਵੇਂ ਤੁਸੀਂ ਓਰੇਬ ਅਤੇ ਜ਼ਏਬ ਨਾਲ ਕੀਤਾ ਸੀ।
ਉਹੀ ਕਰੋ ਜੋ ਤੁਸੀਂ ਜ਼ਬਹ ਅਤੇ ਸਲਮੁੰਨਾ ਨਾਲ ਕੀਤਾ ਸੀ।
12 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੇ ਤੁਹਾਡੀ ਜ਼ਮੀਨ ਛੱਡਣ ਲਈ
ਸਾਨੂੰ ਮਜ਼ਬੂਰ ਕਰਨਾ ਚਾਹਿਆ।
13 ਉਨ੍ਹਾਂ ਲੋਕਾਂ ਨੂੰ ਅੱਕ ਦੀ ਫ਼ੰਬੀ ਵਾਂਗ ਬਣਾ ਦਿਉ।
ਜੋ ਹਵਾ ਨਾਲ ਉੱਡ ਜਾਂਦੀ ਹੈ।
ਉਨ੍ਹਾਂ ਲੋਕਾਂ ਨੂੰ ਇਵੇਂ ਖਿੰਡਾ ਦਿਉ ਜਿਵੇਂ ਹਵਾ ਤਿਨਕਿਆਂ ਨੂੰ ਖਿੰਡਾ ਦਿੰਦੀ ਹੈ।
14 ਵੈਰੀ ਨੂੰ ਤਬਾਹ ਕਰ ਦਿਉ ਜਿਵੇਂ ਅੱਗ ਜੰਗਲ ਨੂੰ ਤਬਾਹ ਕਰਦੀ ਹੈ।
ਜਿਵੇਂ ਜੰਗਲੀ ਅੱਗ ਪਹਾੜੀਆਂ ਨੂੰ ਸਾੜ ਸੁੱਟਦੀ ਹੈ।
15 ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੂਫ਼ਾਨ ਦੁਆਰਾ ਉਡਾਈ ਜਾਣ ਵਾਲੀ ਧੂੜ ਵਾਂਗ ਦੂਰ ਕੱਢ ਦਿਉ,
ਉਨ੍ਹਾਂ ਨੂੰ ਭੈਭੀਤ ਕਰ ਦਿਉ ਅਤੇ ਉਨ੍ਹਾਂ ਨੂੰ ਇੱਕ ਤੂਫ਼ਾਨ ਵਾਂਗ ਪਰ੍ਹਾਂ ਉਡਾ ਦਿਉ।
16 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਸਬਕ ਸਿੱਖਾਉ ਤਾਂ ਜੋ ਉਹ ਜਾਣ ਲੈਣ ਕਿ ਅਸਲ ਵਿੱਚ ਉਹ ਕਿੰਨੇ ਕਮਜ਼ੋਰ ਹਨ।
ਫ਼ੇਰ ਉਹ ਤੁਹਾਡੇ ਨਾਮ ਦੀ ਉਪਾਸਨਾ ਕਰਨੀ ਚਾਹੁੰਣਗੇ।
17 ਹੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਡਰਾਉ ਅਤੇ ਉਨ੍ਹਾਂ ਨੂੰ ਸਦਾ ਲਈ ਸ਼ਰਮਸਾਰ ਕਰ ਦਿਉ।
ਉਨ੍ਹਾਂ ਨੂੰ ਬੇਇੱਜ਼ਤ ਕਰੋ ਅਤੇ ਉਨ੍ਹਾਂ ਨੂੰ ਤਬਾਹ ਕਰ ਦਿਉ।
18 ਫ਼ੇਰ ਉਹ ਜਾਨਣਗੇ ਕਿ ਤੁਸੀਂ ਹੀ ਪਰਮੇਸ਼ੁਰ ਹੋ।
ਉਹ ਜਾਣ ਲੈਣਗੇ ਕਿ ਤੁਹਾਡਾ ਨਾਮ ਯਹੋਵਾਹ ਹੈ।
ਉਹ ਜਾਣ ਲੈਣਗੇ ਕਿ ਤੁਸੀਂ ਸਰਬ ਉੱਚ ਪਰਮੇਸ਼ੁਰ ਹੋ,
ਸਾਰੇ ਜਗਤ ਦੇ ਪਰਮੇਸ਼ੁਰ।
17 ਇਸ ਤਰ੍ਹਾਂ ਯਾਕੂਬ ਨੇ ਆਪਣੇ ਸਫ਼ਰ ਦੀ ਤਿਆਰੀ ਕੀਤੀ। ਉਸ ਨੇ ਆਪਣੇ ਬੱਚਿਆਂ ਅਤੇ ਪਤਨੀਆਂ ਨੂੰ ਊਠਾਂ ਉੱਤੇ ਬਿਠਾਇਆ। 18 ਫ਼ੇਰ ਉਹ ਕਨਾਨ ਦੀ ਉਸ ਧਰਤੀ ਵੱਲ ਵਾਪਸ ਸਫ਼ਰ ਕਰਨ ਲੱਗੇ ਜਿੱਥੇ ਉਸਦਾ ਪਿਤਾ ਇਸਹਾਕ ਰਿਹਾ ਸੀ। ਜਾਨਵਰਾਂ ਦੇ ਸਾਰੇ ਇੱਜੜ ਜਿਹੜੇ ਯਾਕੂਬ ਦੇ ਸਨ, ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਹੇ ਸਨ। ਉਸ ਨੇ ਹਰ ਉਹ ਚੀਜ਼ ਚੁੱਕ ਲਈ ਜਿਹੜੀ ਉਸ ਨੇ ਉਦੋਂ ਹਾਸਿਲ ਕੀਤੀ ਸੀ ਜਦੋਂ ਉਹ ਪਦਨ ਅਰਾਮ ਵਿੱਚ ਰਹਿੰਦਾ ਸੀ।
19 ਇਸ ਸਮੇਂ, ਲਾਬਾਨ ਆਪਣੀਆਂ ਭੇਡਾਂ ਤੋਂ ਉੱਨ ਲਾਹੁਣ ਗਿਆ ਹੋਇਆ ਸੀ। ਜਦੋਂ ਉਹ ਚੱਲਿਆ ਗਿਆ, ਰਾਖੇਲ ਉਸ ਦੇ ਘਰ ਅੰਦਰ ਗਈ ਅਤੇ ਉਨ੍ਹਾਂ ਦੇਵਤਿਆਂ ਦੀਆਂ ਮੂਰਤਾਂ ਨੂੰ ਚੁਰਾ ਲਿਆ ਜਿਹੜੀਆਂ ਉਸ ਦੇ ਪਿਤਾ ਦੀਆਂ ਸਨ।
20 ਯਾਕੂਬ ਨੇ ਲਾਬਾਨ ਅਰਾਮੀ ਨੂੰ ਧੋਖਾ ਦਿੱਤਾ। ਉਸ ਨੇ ਲਾਬਾਨ ਨੂੰ ਇਹ ਨਹੀਂ ਦੱਸਿਆ ਕਿ ਉਹ ਜਾ ਰਿਹਾ ਸੀ। 21 ਯਾਕੂਬ ਨੇ ਆਪਣਾ ਪਰਿਵਾਰ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਲਈਆਂ ਅਤੇ ਕਾਹਲੀ ਨਾਲ ਤੁਰ ਪਿਆ। ਉਨ੍ਹਾਂ ਨੇ ਫ਼ਰਾਤ ਦਰਿਆ ਪਾਰ ਕੀਤਾ ਅਤੇ ਗਿਲਆਦ ਦੇ ਪਹਾੜੀ ਇਲਾਕੇ ਵੱਲ ਸਫ਼ਰ ਕਰਨ ਲੱਗੇ।
22 ਤਿੰਨਾਂ ਦਿਨਾਂ ਮਗਰੋਂ ਲਾਬਾਨ ਨੂੰ ਪਤਾ ਲੱਗਿਆ ਕਿ ਯਾਕੂਬ ਭੱਜ ਗਿਆ ਸੀ। 23 ਇਸ ਲਈ ਲਾਬਾਨ ਨੇ ਆਪਣੇ ਆਦਮੀ ਇਕੱਠੇ ਕੀਤੇ ਅਤੇ ਯਾਕੂਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸੱਤਾਂ ਦਿਨਾਂ ਮਗਰੋਂ ਲਾਬਾਨ ਨੂੰ ਯਾਕੂਬ ਗਿਲਆਦ ਦੇ ਪਹਾੜੀ ਇਲਾਕੇ ਵਿੱਚ ਮਿਲ ਗਿਆ। 24 ਉਸ ਰਾਤ, ਪਰਮੇਸ਼ੁਰ ਲਾਬਾਨ ਨੂੰ ਸੁਪਨੇ ਵਿੱਚ ਦਿਖਾਈ ਦਿੱਤਾ। ਪਰਮੇਸ਼ੁਰ ਨੇ ਆਖਿਆ, “ਹੋਸ਼ਿਆਰ ਰਹੀ! ਯਾਕੂਬ ਨੂੰ ਉਸਦਾ ਮਨ ਬਦਲਣ ਲਈ ਮਨਾਉਣ ਦੀ ਕੋਸ਼ਿਸ਼ ਨਾ ਕਰੀਂ।”
ਚੋਰੀ ਕੀਤੇ ਦੇਵਤਿਆਂ ਦੀ ਤਲਾਸ਼
25 ਅਗਲੀ ਸਵੇਰ ਲਾਬਾਨ ਨੇ ਯਾਕੂਬ ਨੂੰ ਫ਼ੜ ਲਿਆ। ਯਾਕੂਬ ਨੇ ਪਹਾੜ ਉੱਤੇ ਆਪਣਾ ਡੇਰਾ ਲਾਇਆ ਹੋਇਆ ਸੀ। ਇਸ ਲਈ ਲਾਬਾਨ ਅਤੇ ਉਸ ਦੇ ਸਾਰੇ ਆਦਮੀਆਂ ਨੇ ਵੀ ਗਿਲਆਦ ਦੇ ਪਹਾੜੀ ਇਲਾਕੇ ਵਿੱਚ ਡੇਰਾ ਲਾ ਲਿਆ।
26 ਲਾਬਾਨ ਨੇ ਯਾਕੂਬ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਹੈ? ਤੂੰ ਮੇਰੀਆਂ ਧੀਆਂ ਨੂੰ ਇਸ ਤਰ੍ਹਾਂ ਕਿਉਂ ਲੈ ਆਇਆ ਹੈਂ ਜਿਵੇਂ ਤੂੰ ਉਨ੍ਹਾਂ ਨੂੰ ਜੰਗ ਵਿੱਚ ਜਿੱਤਿਆ ਹੋਵੇ। 27 ਤੂੰ ਮੈਨੂੰ ਦੱਸੇ ਬਿਨਾ ਕਿਉਂ ਭੱਜ ਆਇਆ ਹੈਂ? ਜੇ ਤੂੰ ਮੈਨੂੰ ਦੱਸਿਆ ਹੁੰਦਾ ਮੈਂ ਤੈਨੂੰ ਦਾਵਤ ਦਿੰਦਾ। ਗੀਤ ਸੰਗੀਤ ਅਤੇ ਨਾਚ-ਗਾਣੇ ਦੀ ਮਹਿਫ਼ਿਲ ਲੱਗਦੀ। 28 ਤੂੰ ਤਾਂ ਮੈਨੂੰ ਮੇਰੀਆਂ ਧੀਆਂ ਅਤੇ ਦੋਹਤੇ-ਦੋਹਤੀਆਂ ਨੂੰ ਅਲਵਿਦਾਈ ਚੁੰਮਣ ਦੇਣ ਦਾ ਮੌਕਾ ਵੀ ਨਹੀਂ ਦਿੱਤਾ। 29 ਮੇਰੇ ਕੋਲ ਤੈਨੂੰ ਨੁਕਸਾਨ ਪਹੁੰਚਾਉਣ ਦੀ ਸੱਚਮੁੱਚ ਤਾਕਤ ਹੈ। ਪਰ ਕੱਹ ਰਾਤ ਤੇਰੇ ਪਿਤਾ ਦਾ ਪਰਮੇਸ਼ੁਰ ਮੈਨੂੰ ਸੁਪਨੇ ਵਿੱਚ ਦਿਖਾਈ ਦਿੱਤਾ। ਉਸ ਨੇ ਮੈਨੂੰ ਚਿਤਾਵਨੀ ਦਿੱਤੀ ਹੈ ਕਿ ਮੈਂ ਤੈਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਾ ਪਹੁੰਚਾਵਾ। 30 ਮੈਂ ਜਾਣਦਾ ਹਾਂ ਕਿ ਤੂੰ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਹੈ। ਇਸੇ ਲਈ ਤੂੰ ਤੁਰ ਆਇਆ ਹੈਂ। ਪਰ ਤੂੰ ਮੇਰੇ ਘਰੋਂ ਦੇਵਤੇ ਕਿਉਂ ਚੁਰਾਏ?”
31 ਯਾਕੂਬ ਨੇ ਜਵਾਬ ਦਿੱਤਾ, “ਮੈਂ ਇਸ ਲਈ ਤੈਨੂੰ ਬਿਨਾ ਦੱਸੇ ਤੁਰ ਆਇਆ ਕਿਉਂਕਿ ਮੈਂ ਤੇਰੇ ਕੋਲੋਂ ਡਰਦਾ ਸਾਂ! ਮੇਰਾ ਖਿਆਲ ਸੀ ਕਿ ਤੂੰ ਮੇਰੇ ਕੋਲੋਂ ਆਪਣੀਆਂ ਧੀਆਂ ਖੋਹ ਲਵੇਂਗਾ। 32 ਪਰ ਮੈਂ ਤੇਰੇ ਦੇਵਤੇ ਨਹੀਂ ਚੁਰਾਏ। ਜੇ ਤੈਨੂੰ ਤੇਰੇ ਦੇਵਤੇ ਇੱਥੇ ਲੱਭ ਜਾਣ, ਜਿਸ ਕਿਸੇ ਕੋਲ ਵੀ ਉਹ ਹੋਣ ਮਾਰਿਆ ਜਾਵੇ। ਤੇਰੇ ਆਦਮੀ ਮੇਰੇ ਗਵਾਹ ਹੋਣਗੇ। ਤੂੰ ਆਪਣੀ ਕਿਸੇ ਵੀ ਚੀਜ਼ ਦੀ ਤਲਾਸ਼ ਕਰ ਸੱਕਦਾ ਹੈਂ। ਜਿਹੜੀ ਚੀਜ਼ ਤੇਰੀ ਹੈ ਉਹ ਲੈ ਜਾ।” (ਯਾਕੂਬ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਰਾਖੇਲ ਨੇ ਲਾਬਾਨ ਦੇ ਦੇਵਤੇ ਚੁਰਾਏ ਸਨ।)
33 ਇਸ ਲਈ ਲਾਬਾਨ ਨੇ ਜਾਕੇ ਯਾਕੂਬ ਦੇ ਡੇਰੇ ਦੀ ਤਲਾਸ਼ੀ ਲਈ। ਉਸ ਨੇ ਯਾਕੂਬ ਦੇ ਤੰਬੂ ਵਿੱਚ ਦੇਖਿਆ ਅਤੇ ਫ਼ੇਰ ਲੇਆਹ ਦੇ ਤੰਬੂ ਵਿੱਚ। ਫ਼ੇਰ ਉਸ ਨੇ ਉਸ ਤੰਬੂ ਦੀ ਤਲਾਸ਼ੀ ਲਈ ਜਿੱਥੇ ਦੋਵੇਂ ਦਾਸੀਆਂ ਠਹਿਰੀਆਂ ਹੋਈਆਂ ਸਨ। ਪਰ ਉਸ ਨੂੰ ਆਪਣੇ ਦੇਵਤੇ ਨਹੀਂ ਮਿਲੇ। ਫ਼ੇਰ ਲਾਬਾਨ ਰਾਖੇਲ ਦੇ ਤੰਬੂ ਵਿੱਚ ਗਿਆ। 34 ਰਾਖੇਲ ਨੇ ਦੇਵਤਿਆਂ ਨੂੰ ਆਪਣੇ ਊਠ ਦੀ ਗੱਦੀ ਹੇਠਾਂ ਛੁਪਾਇਆ ਹੋਇਆ ਸੀ ਅਤੇ ਉਹ ਉਨ੍ਹਾਂ ਉੱਤੇ ਬੈਠੀ ਹੋਈ ਸੀ। ਲਾਬਾਨ ਨੇ ਸਾਰਾ ਤੰਬੂ ਫ਼ਰੋਲ ਦਿੱਤਾ ਪਰ ਉਸ ਨੂੰ ਦੇਵਤੇ ਨਹੀਂ ਮਿਲੇ।
35 ਅਤੇ ਰਾਖੇਲ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ, ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਤੁਹਾਡੇ ਸਾਹਮਣੇ ਖਲੋ ਨਹੀਂ ਸੱਕਦੀ। ਮੈਨੂੰ ਮਾਹਵਾਰੀ ਆਈ ਹੋਈ ਹੈ।” ਇਸ ਲਈ ਲਾਬਾਨ ਨੇ ਡੇਰੇ ਦੀ ਤਲਾਸ਼ੀ ਲਈ ਪਰ ਉਸ ਨੂੰ ਆਪਣੇ ਕੁਲ ਦੇਵਤੇ ਨਹੀਂ ਮਿਲੇ।
ਪਰਮੇਸ਼ੁਰ ਦੀਆਂ ਅਸੀਸਾਂ ਵਿਸ਼ਵਾਸ ਰਾਹੀਂ ਮਿਲ ਸੱਕਦੀਆਂ
3 ਹੇ ਗਲਾਤੀਓ। ਅਸੀਂ ਤੁਹਾਡੀਆਂ ਅੱਖਾਂ ਸਾਹਮਣੇ ਵਿਆਖਿਆ ਕੀਤੀ ਕਿ ਕਿਵੇਂ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਸੀ। ਪਰ ਤੁਸੀਂ ਬਹੁਤ ਮੂਰਖ ਸੀ। ਤੁਸੀਂ ਕੁਝ ਲੋਕਾਂ ਦੀ ਚਲਾਕੀ ਦੇ ਸ਼ਿਕਾਰ ਬਣ ਗਏ। 2 ਮੈਨੂੰ ਇੱਕ ਗੱਲ ਦੱਸੋਂ ਕਿ ਤੁਸੀਂ ਪਵਿੱਤਰ ਆਤਮਾ ਨੂੰ ਕਿਵੇਂ ਪ੍ਰਾਪਤ ਕੀਤਾ? ਕੀ ਤੁਸੀਂ ਨੇਮ ਦਾ ਅਨੁਸਰਣ ਕਰਕੇ ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ? ਨਹੀਂ! ਤੁਸੀਂ ਆਤਮਾ ਇਸ ਲਈ ਪ੍ਰਾਪਤ ਕੀਤਾ ਸੀ ਕਿਉਂਕਿ ਤੁਸਾਂ ਖੁਸ਼ਖਬਰੀ ਸੁਣੀ ਉਸ ਵਿੱਚ ਵਿਸ਼ਵਾਸ ਵੀ ਕੀਤਾ। 3 ਤੁਸੀਂ ਮਸੀਹ ਵਿੱਚ ਆਪਣਾ ਜੀਵਨ ਆਤਮਾ ਨਾਲ ਸ਼ੁਰੂ ਕੀਤਾ। ਕੀ ਹੁਣ ਤੁਸੀਂ ਇਸ ਨੂੰ ਆਪਣੀ ਤਾਕਤ ਨਾਲ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ? ਇਹ ਮੂਰੱਖਤਾ ਹੈ। 4 ਤੁਸੀਂ ਬਹੁਤ ਗੱਲਾਂ ਅਨੁਭਵ ਕੀਤੀਆਂ ਹਨ। ਕੀ ਇਹ ਸਾਰੇ ਅਨੁਭਵ ਜਾਇਆ ਹੋ ਗਏ? ਮੈਨੂੰ ਉਮੀਦ ਹੈ ਕਿ ਉਹ ਅਨੁਭਵ ਬੇਕਾਰ ਨਹੀਂ ਹੋਏ। 5 ਕੀ ਪਰਮੇਸ਼ੁਰ ਤੁਹਾਨੂੰ ਇਸ ਲਈ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਕੀ ਪਰਮੇਸ਼ੁਰ ਤੁਹਾਨੂੰ ਕਰਿਸ਼ਮੇ ਇਸ ਲਈ ਦਿਖਾਉਂਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਪਰਮੇਸ਼ੁਰ ਤੁਹਾਨੂੰ ਆਪਣਾ ਆਤਮਾ ਇਸ ਲਈ ਪ੍ਰਦਾਨ ਕਰਦਾ ਹੈ ਅਤੇ ਕਰਿਸ਼ਮੇ ਕਰਦਾ ਹੈ ਕਿਉਂਕਿ ਤੁਸੀਂ ਖੁਸ਼ਖਬਰੀ ਨੂੰ ਸੁਣਿਆ ਹੈ ਅਤੇ ਉਸ ਉੱਤੇ ਯਕੀਨ ਕੀਤਾ ਹੈ।
6 ਪੋਥੀਆਂ ਅਬਰਾਹਾਮ ਬਾਰੇ ਵੀ ਇਹੀ ਆਖਦੀਆਂ ਹਨ। “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ। ਅਤੇ ਪਰਮੇਸ਼ੁਰ ਨੇ ਅਬਰਾਹਾਮ ਦੇ ਵਿਸ਼ਵਾਸ ਨੂੰ ਪ੍ਰਵਾਨ ਕੀਤਾ। ਉਸ ਨੇ ਅਬਰਾਹਾਮ ਨੂੰ ਧਰਮੀ ਬਣਾਇਆ।” [a] 7 ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਨਿਹਚਾ ਹੈ ਉਹ ਅਬਰਾਹਾਮ ਦੀ ਸੱਚੀ ਔਲਾਦ ਹਨ। 8 ਪੋਥੀਆਂ ਨੇ ਆਖਿਆ ਕਿ ਭਵਿੱਖ ਵਿੱਚ ਕੀ ਵਾਪਰੇਗਾ। ਇਨ੍ਹਾਂ ਲਿਖਤਾਂ ਨੇ ਆਖਿਆ ਕਿ ਪਰਮੇਸ਼ੁਰ ਗੈਰ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੁਆਰਾ ਧਰਮੀ ਬਣਾਵੇਗਾ। ਅਬਰਾਹਾਮ ਨੂੰ ਇਹ ਖੁਸ਼ਖਬਰੀ ਇਸਦੇ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤੀ ਗਈ ਸੀ: ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, “ਮੈਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਤੇਰੇ ਰਾਹੀਂ ਅਸੀਸਾਂ ਦੇਵਾਂਗਾ।” [b] 9 ਅਬਰਾਹਾਮ ਨੇ ਇਸ ਉੱਪਰ ਵਿਸ਼ਵਾਸ ਕੀਤਾ। ਕਿਉਂਕਿ ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਹੈ। ਅੱਜ ਵੀ ਇਹੋ ਗੱਲ ਹੈ। ਸਾਰੇ ਲੋਕ, ਜਿਨ੍ਹਾਂ ਨੂੰ ਵਿਸ਼ਵਾਸ ਹੈ, ਉਵੇਂ ਹੀ ਅਸੀਸ ਦਿੱਤੀ ਗਈ ਹੈ ਜਿਵੇਂ ਅਬਰਾਹਾਮ ਨੂੰ ਦਿੱਤੀ ਗਈ ਸੀ।
2010 by World Bible Translation Center