Revised Common Lectionary (Semicontinuous)
ਨਾਬੋਥ ਦਾ ਅੰਗੂਰਾਂ ਦਾ ਬਾਗ਼
21 ਅਹਾਬ ਪਾਤਸ਼ਾਹ ਦਾ ਮਹਿਲ ਸਾਮਰਿਯਾ ਨਗਰ ਵਿੱਚ ਸੀ। ਉਸ ਮਹਿਲ ਦੇ ਕੋਲ ਹੀ ਅੰਗੂਰਾਂ ਦਾ ਇੱਕ ਬਾਗ਼ ਸੀ, ਜਿਸ ਨੂੰ ਨਾਬੋਥ ਯਿਜ਼ਰਏਲ ਨੇ ਖਰੀਦਿਆ ਹੋਇਆ ਸੀ। 2 ਇੱਕ ਦਿਨ ਅਹਾਬ ਨੇ ਨਾਬੋਥ ਨੂੰ ਆਖਿਆ, “ਆਪਣਾ ਬਾਗ਼ ਮੈਨੂੰ ਦੇਦੇ, ਮੈਂ ਇਸ ਨੂੰ ਸਬਜ਼ੀਆਂ ਦਾ ਬਾਗ਼ ਬਨਾਉਣਾ ਚਾਹੁੰਦਾ ਹਾਂ ਕਿਉਂ ਕਿ ਤੇਰਾ ਇਹ ਬਾਗ਼ ਮੇਰੇ ਮਹਿਲ ਦੇ ਕੋਲ ਹੈ। ਇਸਦੀ ਬਜਾਇ ਮੈਂ ਤੈਨੂੰ ਇਸਤੋਂ ਵੱਧੀਆਂ ਅੰਗੂਰਾਂ ਦਾ ਬਾਗ਼ ਕਿਤੇ ਹੋਰ ਜਗ੍ਹਾ ਤੇ ਦੇ ਦੇਵਾਂਗਾ ਜਾਂ ਮੈਂ ਤੈਨੂੰ ਇਸਦੀ ਕੀਮਤ ਜਿੰਨਾ ਧੰਨ ਦੇ ਦਿੰਦਾ ਹਾਂ।”
3 ਨਾਬੋਥ ਨੇ ਕਿਹਾ, “ਮੈਂ ਉਹ ਤੈਨੂੰ ਨਹੀਂ ਦੇ ਸੱਕਦਾ ਜੋ ਮੈਂ ਆਪਣੇ ਪੁਰਖਿਆਂ ਤੋਂ ਵਿਰਸੇ ਵਿੱਚ ਪ੍ਰਾਪਤ ਕੀਤਾ ਹੈ।”
4 ਤਾਂ ਅਹਾਬ ਘਰ ਨੂੰ ਪਰਤ ਆਇਆ ਪਰ ਉਹ ਨਾਬੋਥ ਉੱਤੇ ਕ੍ਰੋਧਿਤ ਵੀ ਸੀ ਅਤੇ ਪਰੇਸ਼ਾਨ ਵੀ। ਕਿਉਂ ਕਿ ਯਿਜ਼ਰੇਲੀ ਨਾਬੋਥ ਨੇ ਉਸ ਨੂੰ ਇਹ ਜੋ ਕਿਹਾ ਸੀ ਕਿ, “ਮੈਂ ਤੈਨੂੰ ਆਪਣੇ ਪੁਰਖਿਆਂ ਦੀ ਮੀਰਾਸ ਨਹੀਂ ਦੇਵਾਂਗਾ।” ਅਹਾਬ ਆਪਣੇ ਬਿਸਤਰ ਤੇ ਮੂਧੜੇ ਮੂੰਹ ਲੰਮਾ ਪੈ ਗਿਆ ਅਤੇ ਰੋਟੀ ਖਾਣ ਤੋਂ ਇਨਕਾਰ ਕੀਤਾ।
5 ਤਾਂ ਅਹਾਬ ਦੀ ਰਾਣੀ ਈਜ਼ਬਲ ਉਸ ਦੇ ਕੋਲ ਆਈ ਅਤੇ ਕਹਿਣ ਲਗੀ, “ਤੂੰ ਕਿਉਂ ਪਰੇਸ਼ਾਨ ਹੈਂ? ਤੂੰ ਰੋਟੀ ਖਾਣ ਤੋਂ ਇਨਕਾਰ ਕਿਉਂ ਕੀਤਾ ਹੈ?”
6 ਅਹਾਬ ਨੇ ਆਖਿਆ, “ਮੈਂ ਯਿਜ਼ਰੇਲੀ ਦੇ ਨਾਬੋਥ ਨੂੰ ਚਾਂਦੀ ਲੈ ਕੇ ਆਪਣਾ ਅੰਗੂਰੀ ਬਾਗ਼ ਮੈਨੂੰ ਦੇਣ ਲਈ ਕਿਹਾ ਅਤੇ ਜੇਕਰ ਇਹ ਵੀ ਉਸ ਦੇ ਕਬੂਲਣ ਯੋਗ ਨਹੀਂ, ਮੈਂ ਉਸ ਨੂੰ ਇੱਕ ਹੋਰ ਅੰਗੂਰਾਂ ਦਾ ਬਾਗ਼ ਕਿਸੇ ਹੋਰ ਥਾਵੇਂ ਦੇ ਦੇਵਾਂਗਾ। ਪਰ ਉਸ ਨੇ ਆਖਿਆ, ਉਹ ਮੈਨੂੰ ਆਪਣਾ ਅੰਗੂਰੀ ਬਾਗ਼ ਨਹੀਂ ਦੇਵੇਗਾ।”
7 ਤਾਂ ਰਾਣੀ ਈਜ਼ਬਲ ਨੇ ਉਸ ਨੂੰ ਆਖਿਆ, “ਕੀ ਤੂੰ ਇਸਰਾਏਲ ਦਾ ਰਾਜਾ ਨਹੀਂ ਹੈਂ? ਆਪਣੇ ਪਲੰਗ ਤੋਂ ਉੱਠ, ਕੁਝ ਖਾ ਤਾਂ ਤੈਨੂੰ ਥੋੜੀ ਰਾਹਤ ਮਹਿਸੂਸ ਹੋਵੇਗੀ। ਨਾਬੋਥ ਦਾ ਬਾਗ਼ ਮੈਂ ਤੈਨੂੰ ਲੈ ਦਿੰਦੀ ਹਾਂ।”
8 ਤਦ ਈਜ਼ਬਲ ਨੇ ਕੁਝ ਖਤ ਲਿਖੇ ਤੇ ਉਨ੍ਹਾਂ ਤੇ ਦਸਤਖਤ ਕੀਤੇ ਅਤੇ ਖਤਾਂ ਤੇ ਮੋਹਰ ਲਾਉਣ ਲਈ ਅਹਾਬ ਦੀ ਮੋਹਰ ਦੀ ਵਰਤੋਂ ਕੀਤੀ। ਫ਼ੇਰ ਉਸ ਨੇ ਉਨ੍ਹਾਂ ਨੂੰ ਖਤਾਂ ਨੂੰ ਬਜ਼ੁਰਗਾਂ ਅਤੇ ਸੱਜਣਾ ਕੋਲ ਭੇਜਿਆ ਜਿਹੜੇ ਨਬੋਥ ਦੇ ਨਾਲ ਉਸੇ ਸ਼ਹਿਰ ਵਿੱਚ ਰਹਿੰਦੇ ਸਨ। 9 ਉਨ੍ਹਾਂ ਖਤਾਂ ਵਿੱਚ ਇਉਂ ਲਿਖਿਆ ਹੋਇਆ ਸੀ:
“ਵਰਤ ਦੇ ਇੱਕ ਦਿਨ ਦਾ ਐਲਾਨ ਕਰਵਾਓ। ਨਬੋਥ ਨੂੰ ਸਭਾ ਦੇ ਸਾਹਮਣੇ ਬਿਠਾਓ। ਉਸ ਸਭਾ ਵਿੱਚ ਅਸੀਂ ਨਾਬੋਥ ਬਾਰੇ ਗੱਲ ਕਰਾਂਗੇ।। 10 ਕੁਝ ਅਜਿਹੇ ਲੋਕ ਚੁਣੇ ਜੋ ਨਾਬੋਥ ਦੇ ਖਿਲਾਫ਼ ਅਫ਼ਵਾਹਾਂ ਫ਼ੈਲਾਉਣ ਤੇ ਗੱਲਾਂ ਕਰਨ। ਉਹ ਇਹ ਕਹਿਣ ਕਿ ਉਨ੍ਹਾਂ ਨੇ ਨਾਬੋਥ ਨੂੰ ਪਾਤਸ਼ਾਹ ਅਤੇ ਪਰਮੇਸ਼ੁਰ ਦੇ ਖਿਲਾਫ਼ ਬੋਲਦਿਆਂ ਸੁਣਿਆ ਹੈ। ਤੇ ਫ਼ਿਰ ਨਾਬੋਥ ਨੂੰ ਸ਼ਹਿਰੋ ਬਾਹਰ ਲੈ ਜਾਕੇ ਉਸਤੇ ਪਥਰਾਵ ਕਰਕੇ ਉਸ ਨੂੰ ਮਾਰ ਸੁੱਟਣ।”
11 ਫ਼ੇਰ ਈਜ਼ਬਲ ਦੇ ਬਜ਼ੁਰਗਾਂ ਅਤੇ ਸੱਜਣਾਂ ਨੇ ਉਹੀ ਕੀਤਾ ਜੋ ਕਰਨ ਲਈ ਈਜ਼ਬਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। 12 ਉਨ੍ਹਾਂ ਨੇ ਵਰਤ ਦੇ ਇੱਕ ਦਿਨ ਦਾ ਐਲਾਨ ਕਰਵਾਇਆ ਅਤੇ ਨਾਬੋਥ ਨੂੰ ਲੋਕਾਂ ਦੀ ਸਭਾ ਦੇ ਸਾਹਮਣੇ ਬਿਠਾਇਆ। 13 ਤਦ ਦੋ ਸ਼ੈਤਾਨ ਮਨੁੱਖ ਅੰਦਰ ਆਏ ਅਤੇ ਉਸ ਦੇ ਸਾਹਮਣੇ ਬੈਠ ਗਏ। ਤਾਂ ਇਨ੍ਹਾਂ ਸ਼ੈਤਾਨ ਮਨੁੱਖਾਂ ਨੇ ਨਾਬੋਥ ਉੱਤੇ ਲੋਕਾਂ ਅੱਗੇ ਗਵਾਹੀ ਦਿੱਤੀ ਕਿ ਨਾਬੋਥ ਨੇ ਪਰਮੇਸ਼ੁਰ ਅਤੇ ਪਾਤਸ਼ਾਹ ਨੂੰ ਦੁਰਵਚਨ ਕਹੇ ਹਨ। ਤਦ ਉਹ ਉਸ ਨੂੰ ਸ਼ਹਿਰੋ ਬਾਹਰ ਲੈ ਗਏ, ਅਤੇ ਉਸਤੇ ਪਥਰਾਓ ਕਰਕੇ ਉਸ ਨੂੰ ਮਾਰ ਸੁੱਟਿਆ। 14 ਤਦ ਆਗੂਆਂ ਨੇ ਈਜ਼ਬਲ ਨੂੰ ਸੁਨੇਹਾ ਭੇਜਿਆ ਕਿ, “ਨਾਬੋਥ ਮਾਰਿਆ ਗਿਆ ਹੈ।”
15 ਜਦੋਂ ਈਜ਼ਬਲ ਨੇ ਇਹ ਖਬਰ ਸੁਣੀ ਤਾਂ ਉਸ ਨੇ ਅਹਾਬ ਨੂੰ ਕਿਹਾ, “ਨਾਬੋਥ ਮਰ ਗਿਆ ਹੈ। ਹੁਣ ਤੂੰ ਜਿਹੜਾ ਬਾਗ਼ ਚਾਹੁੰਦਾ ਸੀ ਉਹ ਲੈ ਸੱਕਦਾ ਹੈਂ।” 16 ਫ਼ੇਰ ਆਹਾਬ ਅੰਗੂਰਾਂ ਦੇ ਬਾਗ਼ ਵਿੱਚ ਗਿਆ ਅਤੇ ਇਸ ਤੇ ਕਬਜ਼ਾ ਕਰ ਲਿਆ।
17 ਤਦ ਯਹੋਵਾਹ ਦਾ ਵਚਨ ਏਲੀਯਾਹ ਤਿਸ਼ਬੀ ਨੂੰ ਅਇਆ। ਏਲੀਯਾਹ ਤਿਸ਼ਬੀ ਦਾ ਨਬੀ ਸੀ। ਯਹੋਵਾਹ ਨੇ ਫ਼ਰਮਾਇਆ, 18 “ਸਾਮਰਿਯਾ ਦੇ ਅਹਾਬ ਪਾਤਸ਼ਾਹ ਕੋਲ ਜਾ, ਉਹ ਨਾਬੋਥ ਦੇ ਅੰਗੂਰੀ ਬਾਗ਼ ਵਿੱਚ ਇਸ ਵੇਲੇ ਹੋਵੇਗਾ। ਇਸ ਵਕਤ ਉਹ ਇਸ ਬਾਗ਼ ਨੂੰ ਹਥਿਆਉਣ ਦੇ ਚਕਰ ਵਿੱਚ ਉੱਥੇ ਹੋਵੇਗਾ। 19 ਉਸ ਨੂੰ ਆਖੀਂ ਕਿ ਮੈਂ, ਯਹੋਵਾਹ ਨੇ ਉਸ ਨੂੰ ਆਖਿਆ ਹੈ, ‘ਅਹਾਬ! ਤੂੰ ਨਾਬੋਥ ਨੂੰ ਮਾਰਿਆ ਹੈ ਤੇ ਹੁਣ ਤੂੰ ਉਸਦੀ ਜ਼ਮੀਨ ਹਥਿਆ ਰਿਹਾ ਹੈਂ। ਇਸ ਲਈ ਮੈਂ ਤੈਨੂੰ ਇਹ ਦੱਸ ਦੇਵਾਂ ਕਿ ਜਿਸ ਜਗ੍ਹਾ ਨਾਬੋਥ ਦੀ ਮੌਤ ਹੋਈ ਹੈ, ਠੀਕ ਉਸੇ ਥਾਵੇਂ ਤੇਰੀ ਵੀ ਮੌਤ ਹੋਵੇਗੀ।’”
20 ਤਾਂ ਏਲੀਯਾਹ ਅਹਾਬ ਕੋਲ ਗਿਆ ਤਾਂ ਅਹਾਬ ਨੇ ਉਸ ਨੂੰ ਵੇਖਕੇ ਆਖਿਆ, “ਹੇ ਮੇਰੇ ਵੈਰੀਆਂ! ਤੂੰ ਮੈਨੂੰ ਫ਼ਿਰ ਤੋਂ ਲੱਭ ਲਿਆ!”
ਏਲੀਯਾਹ ਨੇ ਜਵਾਬ ’ਚ ਕਿਹਾ, “ਹਾਂ, ਮੈਂ ਤੈਨੂੰ ਮੁੜ ਤੋਂ ਲੱਭ ਲਿਆ। ਤੂੰ ਹਮੇਸ਼ਾ ਆਪਣਾ ਜੀਵਨ ਯਹੋਵਾਹ ਦੇ ਵਿਰੁੱਧ ਪਾਪ ਕਰਨ ਵਿੱਚ ਹੀ ਗੁਜ਼ਾਰਿਆ। 21 ਇਸ ਲਈ ਯਹੋਵਾਹ ਤੈਨੂੰ ਆਖਦਾ ਹੈ, ‘ਮੈਂ ਤੈਨੂੰ ਤਬਾਹ ਕਰਾਂਗਾ! ਮੈਂ ਤੈਨੂੰ ਅਤੇ ਤੇਰੇ ਪਰਿਵਾਰ ਦੇ ਹਰ ਮਰਦ ਨੂੰ ਵੱਢ ਸੁੱਟਾਂਗਾ।
ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।
5 ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
2 ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
ਮੇਰੀ ਪ੍ਰਾਰਥਨਾ ਨੂੰ ਸੁਣ।
3 ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।
4 ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
5 ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
6 ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।
7 ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
8 ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
15 ਅਸੀਂ ਯਹੂਦੀ ਪਾਪੀ ਗੈਰ ਯਹੂਦੀਆਂ ਵਾਂਗ ਪੈਦਾ ਨਹੀਂ ਹੋਏ ਸੀ। ਅਸੀਂ ਯਹੂਦੀਆਂ ਵਾਂਗ ਪੈਦਾ ਹੋਏ ਸਾਂ। 16 ਅਸੀਂ ਜਾਣਦੇ ਹਾਂ ਕਿ ਕੋਈ ਵਿਅਕਤੀ ਸਿਰਫ਼ ਨੇਮ ਦਾ ਅਨੁਸਰਣ ਕਰਕੇ ਧਰਮੀ ਨਹੀਂ ਬਣ ਸੱਕਦਾ। ਇਹ ਯਿਸੂ ਮਸੀਹ ਵਿੱਚ ਵਿਸ਼ਵਾਸ ਹੀ ਹੈ ਜੋ ਕਿਸੇ ਵਿਅਕਤੀ ਨੂੰ ਧਰਮੀ ਬਣਾਉਂਦਾ ਹੈ। ਇਸ ਲਈ ਅਸੀਂ ਯਿਸੂ ਮਸੀਹ ਵਿੱਚ ਆਪਣਾ ਵਿਸ਼ਵਾਸ ਪਾਇਆ ਹੈ ਕਿਉਂਕਿ ਅਸੀਂ ਪਰਮੇਸ਼ੁਰ ਨਾਲ ਧਰਮੀ ਹੋਣਾ ਚਾਹੁੰਦੇ ਹਾਂ। ਅਸੀਂ ਪਰਮੇਸ਼ੁਰ ਨਾਲ ਧਰਮੀ ਹਾਂ ਕਿਉਂ ਜੋ ਅਸੀਂ ਮਸੀਹ ਉੱਤੇ ਵਿਸ਼ਵਾਸ ਕੀਤਾ ਨਾ ਕਿ ਇਸ ਲਈ ਕਿ ਅਸੀਂ ਨੇਮ ਉੱਤੇ ਚੱਲੇ। ਇਹ ਠੀਕ ਹੈ ਕਿ ਕੋਈ ਵੀ ਵਿਅਕਤੀ ਨੇਮ ਉੱਤੇ ਚੱਲ ਕੇ ਧਰਮੀ ਨਹੀਂ ਹੋ ਸੱਕਦਾ।
17 ਅਸੀਂ ਯਹੂਦੀਆਂ ਦੇ ਮਸੀਹ ਨੂੰ ਅਪਨਾਇਆ ਤਾਂ ਜੋ ਅਸੀਂ ਧਰਮੀ ਬਣਾਏ ਜਾਈਏ। ਇਸ ਲਈ ਇਹ ਸਪੱਸ਼ਟ ਹੈ ਕਿ ਅਸੀਂ ਵੀ ਪਾਪੀ ਸਾਂ। ਕੀ ਇਸਦਾ ਭਾਵ ਇਹ ਹੈ ਕਿ ਮਸੀਹ ਸਾਨੂੰ ਪਾਪੀ ਬਣਾਉਂਦਾ ਹੈ? ਬਿਲਕੁਲ ਨਹੀਂ। 18 ਸੱਚਮੁੱਚ, ਮੈਂ ਗਲਤ ਹੋ ਸੱਕਦਾ ਹਾਂ ਜੇ ਮੈਂ ਫ਼ਿਰ ਤੋਂ ਉਨ੍ਹਾਂ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿਆਂ ਜੋ ਮੈਂ ਛੱਡ ਦਿੱਤੇ ਸਨ। 19 ਮੈਂ ਨੇਮ ਲਈ ਜਿਉਣਾ ਛੱਡ ਦਿੱਤਾ। ਇਹ ਨੇਮ ਹੀ ਸੀ ਜਿਸਨੇ ਮੈਨੂੰ ਮਾਰ ਦਿੱਤਾ ਸੀ। ਮੈਂ ਨੇਮ ਖਾਤਰ ਇਸ ਲਈ ਮਰਿਆ ਤਾਂ ਜੋ ਹੁਣ ਮੈਂ ਪਰਮੇਸ਼ੁਰ ਲਈ ਜਿਉਂ ਸੱਕਾਂ। ਮੈਨੂੰ ਮਸੀਹ ਨਾਲ ਹੀ ਸਲੀਬ ਦਿੱਤੀ ਗਈ ਸੀ। 20 ਇਸ ਲਈ ਜਿਹੜਾ ਜੀਵਨ ਮੈਂ ਹੁਣ ਜਿਉਂ ਰਿਹਾ ਹਾਂ ਉਹ ਮੇਰਾ ਨਹੀਂ ਹੈ। ਉਹ ਤਾਂ ਮੇਰੇ ਅੰਦਰ ਮਸੀਹ ਜਿਉਂ ਰਿਹਾ ਹੈ। ਮੈਂ ਹਾਲੇ ਵੀ ਆਪਣੇ ਸਰੀਰ ਵਿੱਚ ਜਿਉਂਦਾ ਹਾਂ ਪਰ ਮੈਂ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰਾਹੀਂ ਜਿਉਂਦਾ ਹਾਂ। ਉਸ ਨੇ ਮੈਨੂੰ ਪਿਆਰ ਕੀਤਾ ਅਤੇ ਮੈਨੂੰ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। 21 ਇਹ ਦਾਤ ਪਰਮੇਸ਼ੁਰ ਵੱਲੋਂ ਹੈ ਅਤੇ ਇਹ ਮੇਰੇ ਲਈ ਬਹੁਤ ਮਹੱਤਵਪੂਰਣ ਹੈ। ਕਿਉਂਕਿ ਜੇਕਰ ਨੇਮ ਹੀ ਸਾਨੂੰ ਧਰਮੀ ਬਣਾ ਸੱਕਦਾ ਹੁੰਦਾ, ਤਾਂ ਫ਼ੇਰ ਮਸੀਹ ਦੇ ਮਰਨ ਦਾ ਕੋਈ ਕਾਰਣ ਹੀ ਨਾ ਹੁੰਦਾ।
ਸ਼ਮਊਨ ਫ਼ਰੀਸੀ
36 ਫ਼ਿਰ ਫ਼ਰੀਸੀਆਂ ਵਿੱਚੋਂ ਇੱਕ ਨੇ ਬੇਨਤੀ ਕੀਤੀ ਕਿ ਉਹ ਉਸ ਨਾਲ ਰੋਟੀ ਖਾਵੇ। ਤਾਂ ਯਿਸੂ ਉਸ ਫ਼ਰੀਸੀ ਨਾਲ ਉਸ ਦੇ ਘਰ ਜਾਕੇ ਖਾਣੇ ਦੀ ਮੇਜ ਤੇ ਬੈਠਾ।
37 ਉਸ ਨਗਰ ਵਿੱਚ ਇੱਕ ਪਾਪਣ ਔਰਤ ਸੀ ਅਤੇ ਉਹ ਜਾਣਦੀ ਸੀ ਕਿ ਯਿਸੂ ਇੱਕ ਫ਼ਰੀਸੀ ਦੇ ਘਰ ਭੋਜਨ ਖਾ ਰਿਹਾ ਸੀ, ਤਾਂ ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲਿਆਈ। 38 ਉਹ ਯਿਸੂ ਦੇ ਚਰਨਾਂ ਕੋਲ ਖੜ੍ਹੀ ਸੀ ਅਤੇ ਰੋ ਰਹੀ ਸੀ। ਉਸ ਨੇ ਆਪਣੇ ਹੰਝੂਆਂ ਨਾਲ ਉਸ ਦੇ ਪੈਰ ਗਿੱਲੇ ਕਰਨੇ ਸ਼ੁਰੂ ਕਰ ਦਿੱਤੇ, ਅਤੇ ਆਪਣੇ ਵਾਲਾਂ ਦੇ ਨਾਲ ਯਿਸੂ ਦੇ ਪੈਰਾਂ ਨੂੰ ਪੂੰਝਿਆ ਅਤੇ ਸੁਕਾਇਆ। ਉਸ ਨੇ ਕਿੰਨੀ ਵਾਰ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਫ਼ਿਰ ਉਸ ਦੇ ਪੈਰਾਂ ਤੇ ਅਤਰ ਮਲ ਦਿੱਤਾ।
39 ਜਿਸ ਫ਼ਰੀਸੀ ਨੇ ਯਿਸੂ ਨੂੰ ਆਪਣੇ ਘਰ ਭੋਜਨ ਲਈ ਬੁਲਾਇਆ ਸੀ ਉਸ ਨੇ ਇਹ ਸਭ ਵੇਖਿਆ ਤਾਂ ਆਪਣੇ ਮਨ ਵਿੱਚ ਸੋਚਿਆ, “ਜੇਕਰ ਇਹ ਆਦਮੀ (ਯਿਸੂ) ਨਬੀ ਹੁੰਦਾ ਤਾਂ ਜਿਹੜੀ ਔਰਤ ਇਸਦੇ ਪੈਰ ਛੂਹ ਰਹੀ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਇੱਕ ਪਾਪਣ ਔਰਤ ਹੈ।”
40 ਯਿਸੂ ਨੇ ਫ਼ਰੀਸੀ ਨੂੰ ਆਖਿਆ, “ਸ਼ਮਊਨ! ਮੈਂ ਤੈਨੂੰ ਕੁਝ ਆਖਣਾ ਹੈ।”
ਸ਼ਮਊਨ ਨੇ ਕਿਹਾ, “ਗੁਰੂ! ਤੁਸੀਂ ਮੈਨੂੰ ਕੀ ਆਖਣਾ ਚਾਹੁੰਦੇ ਹੋ?”
41 ਯਿਸੂ ਨੇ ਆਖਿਆ: “ਦੋ ਆਦਮੀ ਸਨ। ਦੋਵੇ ਹੀ ਇੱਕੇ ਹੀ ਸਾਹੂਕਾਰ ਦੇ ਦੇਣਦਾਰ ਸਨ। ਇੱਕ ਬੰਦਾ ਸਹੂਕਾਰ ਨੂੰ 500 ਚਾਂਦੀ ਦੇ ਸਿੱਕਿਆਂ ਦਾ ਦੇਣਦਾਰ ਸੀ ਅਤੇ ਦੂਜਾ ਆਦਮੀ ਸਾਹੂਕਾਰ ਨੂੰ 50 ਚਾਂਦੀ ਦੇ ਸਿੱਕਿਆਂ ਦਾ ਦੇਣਦਾਰ ਸੀ। 42 ਦੋਨਾਂ ਹੀ ਆਦਮੀਆਂ ਕੋਲ ਪੈਸੇ ਨਹੀਂ ਸਨ, ਇਸ ਲਈ ਉਹ ਆਪਣਾ ਕਰਜਾ ਨਾ ਦੇ ਸੱਕੇ। ਪਰ ਸਾਹੂਕਾਰ ਨੇ ਦੋਹਾਂ ਆਦਮੀਆਂ ਨੂੰ ਆਖਿਆ ਉਨ੍ਹਾਂ ਨੂੰ ਆਪਣਾ ਕਰਜ ਦੇਣ ਦੀ ਕੋਈ ਲੋੜ ਨਹੀਂ। ਹੁਣ ਦੋਹਾਂ ਵਿੱਚੋਂ ਕਿਹੜਾ ਬੰਦਾ ਸਾਹੂਕਾਰ ਨੂੰ ਵੱਧ ਪਿਆਰ ਕਰੇਗਾ।”
43 ਸ਼ਮਊਨ ਨੇ ਕਿਹਾ, “ਮੇਰੇ ਖਿਆਲ ਵਿੱਚ ਉਹ ਵੱਧੀਕ ਪਿਆਰ ਕਰੇਗਾ ਜਿਸ ਨੂੰ ਉਸ ਨੇ ਜਿਆਦਾ ਧਨ ਬਖਸ਼ਿਆ।”
ਯਿਸੂ ਨੇ ਸ਼ਮਊਨ ਨੂੰ ਕਿਹਾ, “ਤੂੰ ਠੀਕ ਆਖ ਰਿਹਾ ਹੈ।” 44 ਫ਼ਿਰ ਯਿਸੂ ਉਸ ਔਰਤ ਵੱਲ ਪਰਤਿਆ ਅਤੇ ਸ਼ਮਊਨ ਨੂੰ ਆਖਣ ਲੱਗਾ, “ਤੂੰ ਇਸ ਔਰਤ ਨੂੰ ਵੇਖ ਰਿਹਾ ਹੈਂ? ਜਦੋਂ ਮੈਂ ਤੇਰੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਉਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਨ੍ਹਾਂ ਨੂੰ ਸੁਕਾਇਆ। 45 ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਹੀ ਮੈਂ ਅੰਦਰ ਆਇਆ ਤਦ ਤੋਂ ਉਹ ਮੇਰੇ ਪੈਰਾਂ ਨੂੰ ਚੁੰਮਦੀ ਰਹੀ। 46 ਤੂੰ ਮੇਰਾ ਸਿਰ ਤੇਲ ਨਾਲ ਨਹੀਂ ਝਸਿਆ ਪਰ ਉਸ ਨੇ ਅਤਰ ਨਾਲ ਮੇਰੇ ਪੈਰ ਮਲੇ। 47 ਇਸ ਲਈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸਦਾ ਅਨੰਦ ਪਿਆਰ ਇਹ ਦਰਸ਼ਾਉਂਦਾ ਹੈ ਕਿ ਉਸ ਦੇ ਬਹੁਤ ਸਾਰੇ ਪਾਪ ਮਾਫ਼ ਹੋ ਗਏ ਹਨ। ਪਰ ਉਹ, ਜਿਸਦੇ ਥੋੜੇ ਪਾਪ ਮਾਫ਼ ਹੋਏ ਹਨ, ਘੱਟ ਪਿਆਰ ਕਰਦਾ ਹੈ।”
48 ਫ਼ਿਰ ਯਿਸੂ ਨੇ ਉਸ ਔਰਤ ਨੂੰ ਆਖਿਆ, “ਤੇਰੇ ਪਾਪ ਬਖਸ਼ੇ ਗਏ ਹਨ।”
49 ਖਾਣੇ ਦੀ ਮੇਜ ਦੇ ਆਸ-ਪਾਸ ਬੈਠੇ ਲੋਕ ਆਪਣੇ ਮਨ ਵਿੱਚ ਸੋਚਣ ਲੱਗੇ ਕਿ, “ਇਹ ਕੌਣ ਆਦਮੀ ਹੈ ਜੋ ਪਾਪ ਵੀ ਮਾਫ਼ ਕਰ ਸੱਕਦਾ ਹੈ?”
50 ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੀ ਵਿਸ਼ਵਾਸ ਨੇ ਤੈਨੂੰ ਤੇਰੇ ਪਾਪਾਂ ਤੋਂ ਬਚਾਇਆ ਹੈ, ਜਾਂ ਸ਼ਾਂਤੀ ਨਾਲ ਚਲੀ ਜਾ।”
ਯਿਸੂ ਆਪਣੇ ਚੇਲਿਆਂ ਨਾਲ
8 ਇਸਤੋਂ ਬਾਦ ਯਿਸੂ ਸ਼ਹਿਰ-ਸ਼ਹਿਰ ਅਤੇ ਨਗਰ-ਨਗਰ ਵਿੱਚ ਪਰਮੇਸ਼ੁਰ ਦੇ ਰਾਜ ਬਾਰੇ ਖੁਸ਼ਖਬਰੀ ਫ਼ੈਲਾਉਂਦਾ ਹੋਇਆ ਯਾਤਰਾ ਕਰਦਾ ਰਿਹਾ ਅਤੇ ਬਾਰ੍ਹਾਂ ਰਸੂਲ ਵੀ ਉਸ ਦੇ ਨਾਲ ਸਨ। 2 ਕੁਝ ਔਰਤਾਂ ਵੀ ਉਸ ਦੇ ਨਾਲ ਸਨ ਜਿਨ੍ਹਾਂ ਨੂੰ ਉਸ ਨੇ ਉਨ੍ਹਾਂ ਦੇ ਰੋਗਾਂ ਅਤੇ ਭਰਿਸ਼ਟ ਆਤਮਿਆਂ ਤੋਂ ਮੁਕਤ ਕੀਤਾ ਸੀ। ਉੱਥੇ ਉਨ੍ਹਾਂ ਵਿੱਚਕਾਰ ਮਰਿਯਮ ਮਗਦਲੀਨੀ ਨਾਂ ਦੀ ਔਰਤ ਵੀ ਸੀ। ਉਸ ਨੂੰ ਸੱਤ ਭੂਤ ਚਿੰਬੜੇ ਹੋਏ ਸਨ। ਯਿਸੂ ਨੇ ਉਨ੍ਹਾਂ ਭੂਤਾਂ ਨੂੰ ਉਸ ਵਿੱਚੋਂ ਕੱਢਿਆ ਸੀ। 3 ਇਹ ਔਰਤਾਂ ਵੀ ਨਾਲ ਸਨ: ਹੇਰੋਦੇਸ ਦੇ ਉੱਚ ਅਧਿਕਾਰੀ ਖੂਜ਼ਾਹ, ਦੀ ਪਤਨੀ ਯੋਆਨਾ ਵੀ ਉਨ੍ਹਾਂ ਵਿੱਚੋਂ ਹੀ ਸੀ। ਸੁਸ਼ੰਨਾ ਅਤੇ ਕਈ ਹੋਰ ਔਰਤਾਂ ਉਸ ਦੇ ਨਾਲ ਸਨ। ਇਹ ਔਰਤਾਂ ਆਪਣੇ ਧਨ ਨਾਲ ਯਿਸੂ ਅਤੇ ਉਸ ਦੇ ਰਸੂਲਾਂ ਦੀ ਸੇਵਾ ਕਰ ਰਹੀਆਂ ਸਨ।
2010 by World Bible Translation Center