Revised Common Lectionary (Semicontinuous)
146 ਯਹੋਵਾਹ ਦੀ ਉਸਤਤਿ ਕਰੋ।
ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
2 ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
3 ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
4 ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
5 ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
6 ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
7 ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
8 ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
9 ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
ਜਾਜਕਾਂ ਨੂੰ ਥਾਪਣ ਦੀ ਰਸਮ
29 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਮੈਂ ਤੈਨੂੰ ਦੱਸਾਂਗਾ ਕਿ ਹਾਰੂਨ ਅਤੇ ਉਸ ਦੇ ਪੁੱਤਰ ਜਾਜਕਾਂ ਵਜੋਂ ਖਾਸ ਢੰਗ ਨਾਲ ਮੇਰੀ ਸੇਵਾ ਕਰਦੇ ਹਨ, ਦਰਸਾਉਣ ਲਈ ਤੈਨੂੰ ਕੀ ਕਰਨਾ ਚਾਹੀਦਾ ਹੈ। ਇੱਕ ਜਵਾਨ ਵਹਿੜਕਾ ਅਤੇ ਦੋ ਜਵਾਨ ਭੇਡੂ ਲਵੀਂ ਜਿਨ੍ਹਾਂ ਵਿੱਚ ਕੋਈ ਨੁਕਸ ਨਾ ਹੋਵੇ। 2 ਫ਼ੇਰ ਖਮੀਰ ਤੋਂ ਬਿਨਾ ਰੋਟੀ ਬਨਾਉਣ ਲਈ ਮੈਦਾ ਲਵੋ। ਅਤੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਜੈਤੂਨ ਦੇ ਤੇਲ ਵਿੱਚ ਗੁਂਨ੍ਹਕੇ ਰੋਟੀਆਂ ਬਨਾਉਣ ਲਈ ਕਰੋ। ਅਤੇ ਜੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਛੋਟੀਆਂ, ਪਤਲੀਆਂ ਰੋਟੀਆਂ ਬਣਾਉ। 3 ਇਹ ਰੋਟੀਆਂ ਇੱਕ ਟੋਕਰੀ ਵਿੱਚ ਪਾਕੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦੇਵੋ। ਉਸੇ ਵੇਲੇ, ਵਹਿੜਕਾ ਅਤੇ ਦੋ ਭੇਡੂ ਉਨ੍ਹਾਂ ਨੂੰ ਦੇ ਦੇਵੋ।
4 “ਫ਼ੇਰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਲਿਆਉ। ਉਨ੍ਹਾਂ ਨੂੰ ਪਾਣੀ ਨਾਲ ਇਸ਼ਨਾਨ ਕਰਾਉ। 5 ਹਾਰੂਨ ਨੂੰ ਖਾਸ ਵਸਤਰ ਪਹਿਨਾਉ। ਉਸ ਨੂੰ ਉਣਿਆ ਹੋਇਆ ਚਿੱਟਾ ਚੋਲਾ ਅਤੇ ਏਫ਼ੋਦ ਨਾਲ ਪਹਿਨਣ ਵਾਲਾ ਨੀਲਾ ਚੋਲਾ ਪਹਿਨਾਉ। ਉਸ ਨੂੰ ਏਫ਼ੋਦ ਅਤੇ ਸੀਨੇ-ਬੰਦ ਪਹਿਨਾਉ। ਫ਼ੇਰ ਉਸ ਉੱਤੇ ਖੂਬਸੂਰਤ ਪੇਟੀ ਬੰਨ੍ਹ ਦਿਉ। 6 ਉਸ ਦੇ ਸਿਰ ਉੱਤੇ ਅਮਾਮਾ ਰੱਖੋ। ਅਤੇ ਅਮਾਮੇ ਦੇ ਦੁਆਲੇ ਖਾਸ ਤਾਜ ਰੱਖੋ। 7 ਮਸਹ ਕਰਨ ਦਾ ਤੇਲ ਲੈ ਕੇ ਹਾਰੂਨ ਦੇ ਸਿਰ ਤੇ ਚੋਅ। ਇਹ ਦਰਸਾਵੇਗਾ ਕਿ ਹਾਰੂਨ ਨੂੰ ਇਸ ਕਾਰਜ ਲਈ ਚੁਣਿਆ ਗਿਆ ਹੈ।
8 “ਫ਼ੇਰ ਹਾਰੂਨ ਦੇ ਪੁੱਤਰਾਂ ਨੂੰ ਉਸ ਥਾਂ ਤੇ ਲਿਆਉਣਾ। ਉਨ੍ਹਾਂ ਨੂੰ ਉਣੇ ਹੋਏ ਚਿੱਟੇ ਚੋਲੇ ਪੁਆਉਣੇ। 9 ਫ਼ੇਰ ਉਨ੍ਹਾਂ ਦੀਆਂ ਕਮਰਾਂ ਦੁਆਲੇ ਪੇਟੀਆਂ ਬੰਨ੍ਹਣੀਆਂ। ਉਨ੍ਹਾਂ ਨੂੰ ਪਹਿਨਣ ਲਈ ਖਾਸ ਟੋਪੀਆਂ ਦੇਣੀਆਂ। ਉਸ ਸਮੇਂ ਉਹ ਜਾਜਕ ਬਨਣਾ ਸ਼ੁਰੂ ਹੋ ਜਾਣਗੇ। ਉਹ ਉਸ ਖਾਸ ਨੇਮ ਦੇ ਅਧੀਨ ਜਾਜਕ ਹੋਣਗੇ ਜਿਹੜਾ ਹਮੇਸ਼ਾ ਰਹੇਗਾ। ਇਹੀ ਉਹ ਤਰੀਕਾ ਹੈ ਜਿਸ ਨਾਲ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕ ਥਾਪੇਂਗਾ।
ਪੌਲੁਸ ਨੇ ਆਪਣੇ ਪਰਿਵਰਤਨ ਬਾਰੇ ਦੱਸਿਆ
6 “ਪਰ ਦੰਮਿਸਕ ਦੇ ਰਾਹ ਵਿੱਚ ਹੀ ਮੇਰੇ ਨਾਲ ਕੁਝ ਵਾਪਰਿਆ। ਇਹ ਕੋਈ ਦੁਪਿਹਰ ਦਾ ਵੇਲਾ ਸੀ, ਜਦੋਂ ਮੈਂ ਦੰਮਿਸਕ ਦੇ ਨੇੜੇ ਪਹੁੰਚਿਆ। ਅਚਾਨਕ ਹੀ, ਅਕਾਸ਼ ਵਿੱਚ ਇੱਕ ਚਮਕੀਲੀ ਰੌਸ਼ਨੀ ਮੇਰੇ ਆਲੇ-ਦੁਆਲੇ ਫ਼ੈਲ ਗਈ। 7 ਮੈਂ ਧਰਤੀ ਤੇ ਡਿੱਗ ਗਿਆ ਤੇ ਇੱਕ ਅਵਾਜ਼ ਨੂੰ ਇਹ ਕਹਿੰਦੇ ਸੁਣਿਆ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਸ਼ਟ ਕਿਉਂ ਦੇ ਰਿਹਾ ਹੈ?’
8 “ਮੈਂ ਪੁੱਛਿਆ, ‘ਪ੍ਰਭੂ, ਤੂੰ ਕੌਣ ਹੈਂ?’ ਅਵਾਜ਼ ਨੇ ਆਖਿਆ, ‘ਮੈਂ ਯਿਸੂ ਨਾਸਰੀ ਹਾਂ, ਜਿਸ ਨੂੰ ਤੂੰ ਕਸ਼ਟ ਦੇ ਰਿਹਾ ਹੈਂ।’ 9 ਮੇਰੇ ਸਾਥੀਆਂ ਨੇ ਜੋ ਮੇਰੇ ਨਾਲ ਸਨ, ਉਹ ਜੋਤ ਤਾਂ ਵੇਖੀ, ਪਰ ਜੋ ਮੇਰੇ ਨਾਲ ਬੋਲਦਾ ਸੀ ਉਸਦੀ ਅਵਾਜ਼ ਨਾ ਸੁਣੀ
10 “ਮੈਂ ਪੁੱਛਿਆ, ‘ਪ੍ਰਭੂ ਮੈਨੂੰ ਕੀ ਕਰਨਾ ਚਾਹੀਦਾ ਹੈ?’ ਪ੍ਰਭੂ ਨੇ ਉੱਤਰ ਦਿੱਤਾ, ‘ਉੱਠ ਅਤੇ ਦੰਮਿਸਕ ਵਿੱਚ ਜਾ। ਉੱਥੇ ਤੈਨੂੰ ਸਭ ਗੱਲਾਂ ਕਹੀਆਂ ਜਾਣਗੀਆਂ ਜੋ ਤੇਰੇ ਕਰਨ ਲਈ ਵਿਉਂਤੀਆਂ ਗਈਆਂ ਹਨ।’ 11 ਮੈਂ ਕੁਝ ਵੇਖ ਨਾ ਸੱਕਿਆ ਕਿਉਂਕਿ ਤੇਜ਼ ਰੋਸ਼ਨੀ ਨੇ ਮੈਨੂੰ ਚੁੰਧਿਆ ਦਿੱਤਾ ਸੀ, ਮੈਨੂੰ ਕੁਝ ਨਾ ਦਿਸਿਆ। ਤਾਂ ਉਹ ਆਦਮੀ ਜੋ ਮੇਰੇ ਨਾਲ ਸਨ ਉਹ ਮੇਰਾ ਹੱਥ ਫ਼ੜਕੇ ਮੈਨੂੰ ਦੰਮਿਸਕ ਵਿੱਚ ਲੈ ਗਏ।
12 “ਦੰਮਿਸਕ ਵਿੱਚ ਹਨਾਨਿਯਾਹ ਨਾਂ ਦਾ ਇੱਕ ਆਦਮੀ ਮੇਰੇ ਕੋਲ ਆਇਆ ਉਹ ਇੱਕ ਧਰਮੀ ਆਦਮੀ ਸੀ ਜਿਸਨੇ ਮੂਸਾ ਦੀ ਸ਼ਰ੍ਹਾ ਦਾ ਅਨੁਸਰਣ ਕੀਤਾ ਸੀ। ਉੱਥੇ ਰਹਿੰਦੇ ਸਾਰੇ ਯਹੂਦੀਆਂ ਨੇ ਉਸਦੀ ਇੱਜ਼ਤ ਕੀਤੀ। 13 ਉਹ ਮੇਰੇ ਕੋਲ ਅਇਆ ਅਤੇ ਆਖਿਆ, ‘ਸੌਲੁਸ, ਮੇਰੇ ਭਰਾ, ਫ਼ੇਰ ਤੋਂ ਵੇਖ।’ ਉਸੇ ਵਕਤ ਮੈਂ ਵੇਖਣ ਦੇ ਕਾਬਿਲ ਹੋ ਗਿਆ। ਤੇ ਉਸ ਨੂੰ ਵੇਖਿਆ।
14 “ਅਤੇ ਉਸ ਨੇ ਆਖਿਆ, ‘ਸਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੀ ਮਰਜ਼ੀ ਜਾਨਣ ਲਈ, ਉਸ ਇੱਕ ਧਰਮੀ ਨੂੰ ਵੇਖਣ ਲਈ ਅਤੇ ਉਸ ਦੇ ਮੂੰਹੋਂ ਬਚਨ ਸੁਣਨ ਲਈ, ਤੈਨੂੰ ਚੁਣਿਆ ਹੈ। 15 ਤੂੰ ਸਾਰਿਆਂ ਲੋਕਾਂ ਲਈ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜੋ ਤੂੰ ਸੁਣੀਆਂ ਤੇ ਵੇਖੀਆਂ ਹਨ। 16 ਹੁਣ ਹੋਰ ਦੇਰ ਨਾ ਕਰ। ਉੱਠ। ਅਤੇ ਉਸਦਾ ਨਾਂ ਲੈਂਦਾ ਹੋਇਆ ਬਪਤਿਸਮਾ ਲੈ, ਅਤੇ ਆਪਣੇ ਪਾਪਾਂ ਨੂੰ ਧੋ ਸੁੱਟ। ਆਪਣੇ-ਆਪ ਨੂੰ ਬਚਾਉਣ ਲਈ ਆਪਣਾ ਯਕੀਨ ਉਸ ਵਿੱਚ ਰੱਖਕੇ ਇਹ ਕਰ।’
17 “ਉਸ ਤੋਂ ਬਾਅਦ, ਮੈਂ ਯਰੂਸ਼ਲਮ ਨੂੰ ਪਰਤਿਆ। ਮੈਂ ਮੰਦਰ ਦੇ ਦਲਾਨ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਇੱਕ ਦਰਸ਼ਨ ਡਿਠਾ। 18 ਉਸ ਦਰਸ਼ਨ ਵਿੱਚ, ਮੈਂ ਯਿਸੂ ਨੂੰ ਵੇਖਿਆ ਅਤੇ ਉਸ ਨੇ ਮੈਨੂੰ ਆਖਿਆ, ‘ਛੇਤੀ ਕਰ। ਹੁਣੇ ਯਰੂਸ਼ਲਮ ਛੱਡ ਦੇ। ਇੱਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’
19 “ਮੈਂ ਕਿਹਾ, ‘ਹੇ ਪ੍ਰਭੂ, ਉਹ ਜਾਣਦੇ ਹਨ ਕਿ ਉਹ ਮੈਂ ਹੀ ਸੀ ਜਿਸਨੇ ਨਿਹਚਾਵਾਨਾ ਨੂੰ ਕੈਦ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਕੁੱਟਿਆ। ਮੈਂ ਸਾਰੇ ਪ੍ਰਾਰਥਨਾ ਸਥਾਨਾਂ ਵਿੱਚ ਉਨ੍ਹਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰਨ ਲਈ ਗਿਆ। 20 ਲੋਕ ਇਹ ਵੀ ਜਾਣਦੇ ਹਨ ਕਿ ਤੇਰੇ ਸ਼ਹੀਦ ਇਸਤੀਫ਼ਾਨ ਦਾ ਲਹੂ ਵਹਾਇਆ ਗਿਆ ਤਾਂ ਮੈਂ ਉੱਥੇ ਹੀ ਖੜ੍ਹਾ ਸੀ ਅਤੇ ਉਸ ਨੂੰ ਮਾਰਨ ਦੀ ਹਾਮੀ ਭਰੀ। ਮੈਂ ਉਨ੍ਹਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ਜੋ ਉਸ ਨੂੰ ਮਾਰ ਰਹੇ ਸਨ।’
21 “ਪਰ ਯਿਸੂ ਨੇ ਮੈਨੂੰ ਕਿਹਾ, ‘ਤੂੰ ਹੁਣ ਇੱਥੋਂ ਚੱਲਿਆ ਜਾ, ਕਿਉਂਕਿ ਮੈਂ ਤੈਨੂੰ ਦੂਰ ਗੈਰ-ਯਹੂਦੀ ਲੋਕਾਂ ਕੋਲ ਭੇਜ ਦੇਵਾਂਗਾ।’”
2010 by World Bible Translation Center