Revised Common Lectionary (Semicontinuous)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
68 ਹੇ ਪਰਮੇਸ਼ੁਰ, ਜਾਗੋ ਅਤੇ ਆਪਣੇ ਵੈਰੀਆਂ ਨੂੰ ਖਿੰਡਾ ਦਿਉ,
ਉਸ ਦੇ ਸਾਰੇ ਵੈਰੀ ਉਸ ਕੋਲੋਂ ਫ਼ਰਾਰ ਹੋ ਜਾਣ।
2 ਆਪਣੇ ਵੈਰੀਆਂ ਨੂੰ ਇੰਝ ਖਿੰਡਿਆ ਦਿਉ,
ਜਿਵੇਂ ਧੂੰਆ ਹਵਾ ਦੁਆਰਾ ਉੱਡ ਜਾਂਦਾ ਹੈ।
ਤੇਰੇ ਵੈਰੀ ਅੱਗ ਉੱਤੇ ਪਿਘਲਦੀ
ਇੱਕ ਮੋਮ ਵਾਂਗ ਤਬਾਹ ਹੋ ਜਾਣ।
3 ਪਰ ਨੇਕ ਬੰਦੇ ਖੁਸ਼ ਹਨ, ਨੇਕ ਬੰਦੇ ਪਰਮੇਸ਼ੁਰ ਦੇ ਸੰਗ ਇਕੱਠੇ ਖੁਸ਼ੀ ਭਰੇ ਪਲ ਮਾਣਦੇ ਹਨ।
ਨੇਕ ਬੰਦੇ ਖੁਸ਼ੀਆਂ ਮਾਣਦੇ ਹਨ ਅਤੇ ਬਹੁਤ ਖੁਸ਼ ਹਨ।
4 ਪਰਮੇਸ਼ੁਰ ਲਈ ਗਾਵੋ, ਉਸ ਦੇ ਨਾਮ ਦੀ ਉਸਤਤਿ ਗਾਵੋ।
ਪਰਮੇਸ਼ੁਰ ਲਈ ਰਾਹ ਬਣਾਵੋ, ਉਹ ਮਾਰੂਥਲ ਵਿੱਚ ਆਪਣੇ ਰੱਥ ਉੱਤੇ ਸਵਾਰੀ ਕਰਦਾ ਹੈ।
ਉਸਦਾ ਨਾਮ ਯਾਹ [a] ਹੈ,
ਉਸ ਦੇ ਨਾਮ ਦੀ ਉਸਤਤਿ ਕਰੋ।
5 ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ।
ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।
6 ਪਰਮੇਸ਼ੁਰ ਇੱਕਲੇ ਬੰਦਿਆਂ ਨੂੰ ਘਰ ਦਿੰਦਾ ਹੈ,
ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕੈਦ ਤੋਂ ਆਜ਼ਾਦ ਕਰਦਾ ਹੈ।
ਉਹ ਬਹੁਤ ਖੁਸ਼ ਹਨ।
ਪਰ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹੋ ਜਾਂਦੇ ਹਨ, ਗਰਮ ਜੇਲ੍ਹ ਵਿੱਚ ਡੱਕੇ ਰਹਿਣਗੇ।
7 ਹੇ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਆਉਣ ਵਿੱਚ ਅਗਵਾਈ ਕੀਤੀ।
ਤੁਸੀਂ ਮਾਰੂਥਲ ਦੇ ਪਾਰ ਵੱਲ ਕੂਚ ਕੀਤਾ, ਅਤੇ ਧਰਤੀ ਕੰਬ ਉੱਠੀ।
8 ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਸੀਨਈ
ਪਰਬਤ ਉੱਤੇ ਆਇਆ ਅਤੇ ਅਕਾਸ਼ ਪਿਘਲ ਗਿਆ।
9 ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ।
10 ਤੁਹਾਡੇ ਜਾਨਵਰ ਫ਼ੇਰ ਉਸ ਧਰਤੀ ਉੱਤੇ ਆ ਗਏ।
ਹੇ ਪਰਮੇਸ਼ੁਰ, ਉੱਥੇ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ।
19 ਯਹੋਵਾਹ ਦੀ ਉਸਤਤਿ ਕਰੋ।
ਹਰ ਰੋਜ਼ ਉਹ ਉਨ੍ਹਾਂ ਭਾਰਾਂ ਨੂੰ ਚੁੱਕਣ ਵਿੱਚ ਸਾਡੀ ਸਹਾਇਤਾ ਕਰਦਾ ਹੈ,
ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ। ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।
20 ਉਹ ਸਾਡਾ ਪਰਮੇਸ਼ੁਰ ਹੈ, ਉਹੀ ਪਰਮੇਸ਼ੁਰ ਹੈ ਜਿਹੜਾ ਸਾਨੂੰ ਬਚਾਉਂਦਾ ਹੈ।
ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮੌਤ ਕੋਲੋਂ ਬਚਾਉਂਦਾ ਹੈ।
ਅਲੀਫਜ਼ ਦਾ ਜਵਾਬ
22 ਫੇਰ ਤੇਮਾਨ ਦੇ ਅਲੀਫ਼ਜ਼ ਨੇ ਜਵਾਬ ਦਿੱਤਾ:
2 “ਪਰਮੇਸ਼ੁਰ ਨੂੰ ਸਾਡੀ ਸਹਾਇਤਾ ਦੀ ਕੀ ਲੋੜ ਹੈ?
ਨਹੀਂ! ਬਹੁਤ ਸਿਆਣਾ ਬੰਦਾ ਵੀ ਸੱਚਮੁੱਚ ਪਰਮੇਸ਼ੁਰ ਲਈ ਲਾਭਦਾਇੱਕ ਨਹੀਂ ਹੋ ਸੱਕਦਾ।
3 ਕੀ ਤੁਹਾਡੇ ਸਹੀ ਜੀਵਨ ਨਾਲ ਪਰਮੇਸ਼ੁਰ ਨੂੰ ਸਹਾਇਤਾ ਮਿਲਦੀ ਹੈ?
ਕੀ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਕੁਝ ਲਾਭ ਹੁੰਦਾ ਹੈ ਜੇ ਤੁਸੀਂ ਉਸ ਦੇ ਅਨੁਯਾਈ ਬਣੋ? ਨਹੀਂ!
4 ਅੱਯੂਬ ਪਰਮੇਸ਼ੁਰ ਤੈਨੂੰ ਦੰਡ ਕਿਉਂ ਦਿੰਦਾ ਹੈ ਤੇ ਕਸੂਰਵਾਰ ਕਿਉਂ ਠਹਿਰਾਉਂਦਾ ਹੈ?
ਕੀ ਇਸ ਲਈ ਕਿ ਤੂੰ ਉਸਦੀ ਇਬਾਦਤ ਕਰਦਾ ਹੈਂ?
5 ਨਹੀਂ, ਇਹ ਇਸ ਲਈ ਹੈ ਕਿਉਂਕਿ ਤੂੰ ਬਹੁਤ ਸਾਰੇ ਪਾਪ ਕੀਤੇ ਹਨ।
ਅੱਯੂਬ ਤੂੰ ਪਾਪ ਕਰਨੋ ਹੀ ਨਹੀਂ ਹਟਦਾ!
6 ਹੋ ਸੱਕਦਾ ਹੈ ਤੂੰ ਕਿਸੇ ਭਰਾ ਨੂੰ ਕੁਝ ਪੈਸੇ ਦਿੱਤੇ ਹੋਣ, ਤੇ ਕੁਝ ਦੇਣ ਲਈ ਮਜਬੂਰ ਕੀਤਾ ਹੋਵੇ, ਇਹ ਸਿੱਧ ਕਰਨ ਲਈ ਕਿ ਉਹ ਇਸ ਨੂੰ ਵਾਪਸ ਮੋੜ ਦੇਵੇਗਾ।
ਹੋ ਸੱਕਦਾ ਹੈ ਕਿ ਤੂੰ ਕਿਸੇ ਗਰੀਬ ਬੰਦੇ ਦੇ ਕੱਪੜੇ ਗਿਰਵੀ ਰੱਖੇ ਹੋਣ ਹੋ ਸੱਕਦਾ ਹੈ ਕਿ ਤੂੰ ਅਕਾਰਣ ਹੀ ਅਜਿਹਾ ਕੀਤਾ ਹੋਵੇ।
7 ਹੋ ਸੱਕਦਾ ਹੈ ਕਿ ਤੂੰ ਬੱਕੇ ਹਾਰੇ ਤੇ ਭੁੱਖੇ ਲੋਕਾਂ ਨੂੰ
ਪਾਣੀ ਅਤੇ ਭੋਜਨ ਨਾ ਦਿੱਤਾ ਹੋਵੇ।
8 ਅੱਯੂਬ ਤੇਰੇ ਕੋਲ ਵਾਹੀ ਵਾਲੀ ਜ਼ਮੀਨ ਬਹੁਤ ਹੈ।
ਤੇ ਲੋਕੀ ਤੇਰੀ ਇੱਜ਼ਤ ਕਰਦੇ ਨੇ।
9 ਪਰ ਹੋ ਸੱਕਦਾ ਹੈ ਕਿ ਤੂੰ ਵਿਧਵਾਵਾਂ ਨੂੰ ਬਿਨਾ ਕੁਝ ਦਾਨ ਦਿੱਤੇ ਵਾਪਸ ਮੋੜ ਦਿੱਤਾ ਹੋਵੇ।
ਅੱਯੂਬ ਹੋ ਸੱਕਦਾ ਹੈ ਤੂੰ ਯਤੀਮਾਂ ਨਾਲ ਧੋਖਾ ਕੀਤਾ ਹੋਵੇ।
10 ਇਹੀ ਕਾਰਣ ਹੈ ਕਿ ਤੇਰੇ ਹਰ ਪਾਸੇ ਫਂਧੇ ਨੇ
ਤੇ ਅਚਾਨਕ ਆਉਂਦੀ ਮੁਸੀਬਤ ਤੈਨੂੰ ਭੈਭੀਤ ਕਰਦੀ ਹੈ।
11 ਇਹੀ ਕਾਰਣ ਹੈ ਕਿ ਇੰਨਾ ਘੁੱਪ ਹਨੇਰਾ ਹੈ ਕਿ ਤੈਨੂੰ ਕੁਝ ਦਿਖਾਈ ਨਹੀਂ ਦਿੰਦਾ
ਤੇ ਇਹੀ ਕਾਰਣ ਹੈ ਕਿ ਤੂੰ ਹੜ੍ਹ ਵਿੱਚ ਘਿਰਿਆ ਹੈਂ।
12 “ਪਰਮੇਸ਼ੁਰ ਅਕਾਸ਼ ਦੇ ਸਭ ਤੋਂ ਉੱਚੇ ਮੰਡਲਾਂ ਵਿੱਚ ਰਹਿੰਦਾ ਹੈ।
ਦੇਖ ਤਾਰੇ ਕਿੰਨੇ ਦੂਰ ਨੇ।
ਪਰਮੇਸ਼ੁਰ ਉੱਚੇ ਤੋਂ ਉੱਚੇ ਤਾਰਿਆਂ ਵੱਲ ਹੇਠਾਂ ਨੂੰ ਵੇਖਦਾ ਹੈ।
13 ਪਰ ਅੱਯੂਬ ਤੂੰ ਆਖ ਸੱਕਦੈਁ, ‘ਪਰਮੇਸ਼ੁਰ ਕੀ ਜਾਣਦਾ ਹੈ?
ਕੀ ਪਰਮੇਸ਼ੁਰ ਕਾਲੇ ਬੱਦਲਾਂ ਵਿੱਚੋਂ ਵੇਖਕੇ ਨਿਆਂ ਕਰ ਸੱਕਦਾ ਹੈ?
14 ਮੋਟੇ ਬੱਦਲ ਉਸ ਨੂੰ ਸਾਡੇ ਕੋਲੋਂ ਛੁਪਾਉਂਦੇ ਨੇ ਇਸ ਲਈ
ਉਹ ਸਾਨੂੰ ਦੇਖ ਨਹੀਂ ਸੱਕਦਾ ਜਿਵੇਂ ਉਹ ਅਕਾਸ਼ ਦੇ ਕਿਂਗਰੇ ਤੋਂ ਪਰ੍ਹਾਂ ਤੁਰਦਾ ਹੈ।’
15 “ਅੱਯੂਬ, ਤੂੰ ਉਸੇ ਪੁਰਾਣੇ ਰਸਤੇ ਉੱਤੇ ਤੁਰ ਰਿਹਾ ਹੈਂ
ਜਿਸ ਉੱਤੇ ਬਹੁਤ ਪਹਿਲਾਂ ਬੁਰੇ ਆਦਮੀ ਚੱਲੇ ਸਨ।
16 ਉਹ ਲੋਕ ਆਪਣੇ ਮਰਨ ਦੇ ਸਮੇਂ ਤੋਂ ਪਹਿਲਾਂ ਹੀ ਤਬਾਹ ਕਰ ਦਿੱਤੇ ਗਏ ਸਨ।
ਉਹ ਹੜ੍ਹ ਵਿੱਚ ਰੁੜ ਗਏ ਸਨ।
17 ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਨੂੰ ਆਖਿਆ ਸੀ ‘ਸਾਨੂੰ ਇੱਕਲਿਆਂ ਛੱਡ ਦਿਉ।
ਸਰਬ-ਸ਼ਕਤੀਮਾਨ ਪਰਮੇਸ਼ੁਰ ਸਾਡਾ ਕੁਝ ਨਹੀਂ ਕਰ ਸੱਕਦਾ।’
18 ਅਤੇ ਇਹ ਪਰਮੇਸ਼ੁਰ ਹੀ ਸੀ ਜਿਸਨੇ ਉਨ੍ਹਾਂ ਦੇ ਘਰ ਚੰਗੀਆਂ ਚੀਜ਼ਾਂ ਨਾਲ ਭਰੇ ਸਨ।
ਨਹੀਂ, ਮੈਂ ਬਦ ਲੋਕਾਂ ਦੇ ਮਸ਼ਵਰੇ ਉੱਤੇ ਨਹੀਂ ਚੱਲ ਸੱਕਦਾ।
19 ਨੇਕ ਬੰਦੇ ਉਨ੍ਹਾਂ ਨੂੰ ਤਬਾਹ ਹੁੰਦਿਆਂ ਦੇਖਣਗੇ ਤੇ ਉਹ ਨੇਕ ਬੰਦੇ ਖੁਸ਼ ਹੋਣਗੇ।
ਬੇਗੁਨਾਹ ਬੰਦੇ ਬੁਰੇ ਬੰਦਿਆਂ ਉੱਤੇ ਹੱਸਦੇ ਨੇ।
20 ‘ਸੱਚਮੁੱਚ ਹੀ ਸਾਡੇ ਦੁਸ਼ਮਣ ਤਬਾਹ ਹੁੰਦੇ ਨੇ,
ਅੱਗ ਉਨ੍ਹਾਂ ਦੀ ਦੌਲਤ ਨੂੰ ਸਾੜਦੀ ਹੈ।’
ਹੋਰਾਂ ਰਸੂਲਾਂ ਨੇ ਪੌਲੁਸ ਨੂੰ ਪ੍ਰਵਾਨ ਕੀਤਾ
2 ਚੌਦਾਂ ਸਾਲਾਂ ਬਾਦ ਮੈਂ ਇੱਕ ਵਾਰ ਫ਼ੇਰ ਯਰੂਸ਼ਲਮ ਗਿਆ। ਮੈਂ ਉੱਥੇ ਬਰਨਬਾਸ ਦੇ ਨਾਲ ਗਿਆ ਅਤੇ ਆਪਣੇ ਸੰਗ ਤੀਤੁਸ ਨੂੰ ਵੀ ਲੈ ਗਿਆ। 2 ਮੈਂ ਇਸ ਲਈ ਗਿਆ ਕਿਉਂ ਕਿ ਪਰਮੇਸ਼ੁਰ ਨੇ ਮੈਨੂੰ ਨਿਰਦੇਸ਼ ਦਿੱਤਾ ਸੀ ਕਿ ਮੈਨੂੰ ਜਾਣਾ ਚਾਹੀਦਾ ਹੈ। ਮੈਂ ਉਨ੍ਹਾਂ ਲੋਕਾਂ ਕੋਲ ਗਿਆ ਜਿਹੜੇ ਵਿਸ਼ਵਾਸੀਆਂ ਦੇ ਆਗੂ ਸਨ। ਜਦੋਂ ਅਸੀਂ ਆਗੂਆਂ ਨਾਲ ਇੱਕਲੇ ਸਾਂ, ਮੈਂ ਉਨ੍ਹਾਂ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਮੈਂ ਚਾਹੁੰਦਾ ਸੀ ਕਿ ਇਹ ਲੋਕ ਮੇਰੇ ਕਾਰਜ ਨੂੰ ਸਮਝ ਲੈਣ ਤਾਂ ਜੋ ਮੇਰਾ ਪਹਿਲਾਂ ਕੀਤਾ ਹੋਇਆ ਕਾਰਜ ਅਤੇ ਹੁਣ ਦਾ ਕਾਰਜ ਵਿਅਰਥ ਨਾ ਜਾਵੇ।
3-4 ਮੇਰੇ ਨਾਲ ਤੀਤੁਸ ਵੀ ਸੀ। ਤੀਤੁਸ ਇੱਕ ਯੂਨਾਨੀ ਹੈ। ਪਰ ਇਨ੍ਹਾਂ ਆਗੂਆਂ ਨੇ ਤੀਤੁਸ ਨੂੰ ਵੀ ਸੁੰਨਤ ਕਰਨ ਤੇ ਮਜਬੂਰ ਨਹੀਂ ਕੀਤਾ। ਇਨ੍ਹਾਂ ਗੱਲਾਂ ਬਾਰੇ ਗੱਲ ਕਰਨੀ ਸਾਡੇ ਲਈ ਜ਼ਰੂਰੀ ਹੈ ਕਿਉਂ ਕਿ ਕੁਝ ਨਕਲੀ ਭਰਾ ਚੋਰੀ ਛੁੱਪੇ ਸਾਡੇ ਸਮੂਹ ਅੰਦਰ ਆ ਵੜੇ ਸਨ। ਉਹ ਜਸੂਸਾਂ ਦੀ ਤਰ੍ਹਾਂ ਮਸੀਹ ਯਿਸੂ ਵਿੱਚ ਸਾਡੀ ਸੁਤੰਤਰਤਾ ਬਾਰੇ ਜਾਣ ਗਏ ਸਨ। 5 ਪਰ ਅਸੀਂ ਆਪਣੇ ਆਪ ਨੂੰ ਇੱਕ ਘੜੀ ਲਈ ਵੀ ਇਨ੍ਹਾਂ ਝੂਠੇ ਭਰਾਵਾਂ ਦੀਆਂ ਮੰਗਾਂ ਦੇ ਹਵਾਲੇ ਨਹੀਂ ਕੀਤਾ। ਅਸੀਂ ਤਾਂ ਖੁਸ਼ਖਬਰੀ ਦੇ ਸੱਚ ਨੂੰ ਤੁਹਾਡੇ ਲਈ ਬਨਾਉਣਾ ਚਾਹੁੰਦੇ ਹਾਂ।
6 ਜਿਹੜੇ ਲੋਕ ਮਹੱਤਵਪੂਰਣ ਲੱਗਦੇ ਹਨ ਉਨ੍ਹਾਂ ਨੇ ਖੁਸ਼ਖਬਰੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਿਸਦਾ ਮੈਂ ਪ੍ਰਚਾਰ ਕਰ ਰਿਹਾ ਸਾਂ। ਮੇਰੇ ਲਈ ਇਸ ਗੱਲ ਦਾ ਕੋਈ ਅਰਥ ਨਹੀਂ ਸੀ ਕਿ ਉਹ “ਮਹੱਤਵਪੂਰਣ” ਹਨ, ਜਾਂ ਨਹੀਂ। ਪਰਮੇਸ਼ੁਰ ਲਈ ਸਾਰੇ ਮਨੁੱਖ ਬਰਾਬਰ ਹਨ। 7 ਪਰ ਇਨ੍ਹਾਂ ਆਗੂਆਂ ਨੇ ਦੇਖਿਆ ਕਿ ਪਰਮੇਸ਼ੁਰ ਨੇ ਮੈਨੂੰ ਪਤਰਸ ਵਾਂਗ ਹੀ ਕੋਈ ਖਾਸ ਕਾਰਜ ਦਿੱਤਾ ਹੈ। ਪਰਮੇਸ਼ੁਰ ਨੇ ਪਤਰਸ ਨੂੰ ਯਹੂਦੀਆਂ ਨੂੰ ਖੁਸ਼ਖਬਰੀ ਦੇਣ ਦਾ ਕਾਰਜ ਦਿੱਤਾ ਸੀ। ਪਰ ਮੈਨੂੰ ਪਰਮੇਸ਼ੁਰ ਨੇ ਗੈਰ ਯਹੂਦੀ ਲੋਕਾਂ ਨੂੰ ਖੁਸ਼ਖਬਰੀ ਦੇਣ ਦਾ ਕੰਮ ਸੌਂਪਿਆ ਸੀ। 8 ਪਰਮੇਸ਼ੁਰ ਨੇ ਪਤਰਸ ਨੂੰ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ। ਪਤਰਸ ਯਹੂਦੀ ਲੋਕਾਂ ਲਈ ਰਸੂਲ ਹੈ। ਪਰਮੇਸ਼ੁਰ ਨੇ ਮੈਨੂੰ ਵੀ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ ਪਰ ਮੈਂ ਉਨ੍ਹਾਂ ਲੋਕਾਂ ਦਾ ਰਸੂਲ ਹਾਂ ਜਿਹੜੇ ਯਹੂਦੀ ਨਹੀਂ ਹਨ। 9 ਯਾਕੂਬ ਪਤਰਸ ਅਤੇ ਯੂਹੰਨਾ ਆਗੂ ਦਿਖਾਈ ਦਿੰਦੇ ਸਨ। ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਨੇ ਮੇਰੇ ਤੇ ਵੀ ਇਹ ਵਿਸ਼ੇਸ਼ ਕਿਰਪਾ ਕੀਤੀ ਹੈ। ਇਸ ਲਈ ਉਨ੍ਹਾਂ ਨੇ ਮੈਨੂੰ ਅਤੇ ਬਰਨਬਾਸ ਨੂੰ ਪ੍ਰਵਾਨ ਕਰ ਲਿਆ। ਪਤਰਸ ਯਾਕੂਬ ਅਤੇ ਯੂਹੰਨਾ ਨੇ ਆਖਿਆ, “ਪੌਲੁਸ ਤੇ ਬਰਨਾਬਸ ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਕੋਲ ਜਾਓ ਜਿਹੜੇ ਯਹੂਦੀ ਨਹੀਂ ਹਨ। ਅਸੀਂ ਯਹੂਦੀਆਂ ਕੋਲ ਜਾਵਾਂਗੇ।” 10 ਉਨ੍ਹਾਂ ਨੇ ਸਾਨੂੰ ਕੇਵਲ ਇੱਕ ਗੱਲ ਕਰਨ ਲਈ ਆਖਿਆ ਕਿ ਹਮੇਸ਼ਾ ਗਰੀਬਾਂ ਦੀ ਸਹਾਇਤਾ ਕਰਨੀ ਯਾਦ ਰੱਖਣਾ। ਅਤੇ ਇਹੀ ਸੀ, ਜੋ ਮੈਂ ਅਸਲ ਵਿੱਚ ਕਰਨਾ ਚਾਹੁੰਦਾ ਹਾਂ।
2010 by World Bible Translation Center