Revised Common Lectionary (Semicontinuous)
20 ਤਾਂ ਅਹਾਬ ਨੇ ਸਾਰੇ ਇਸਰਾਏਲੀਆਂ ਤੇ ਉਨ੍ਹਾਂ ਨਬੀਆਂ ਨੂੰ ਕਰਮਲ ਪਰਬਤ ਤੇ ਬੁਲਾਇਆ। 21 ਏਲੀਯਾਹ ਨੇ ਸਾਰੇ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਆਖਿਆ, “ਤੁਸੀਂ ਕਦੋਂ ਤੀਕ ਦੁਚਿਤੀ ਵਿੱਚ ਰਹੋਗੇ? ਜੇਕਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਸ ਦੇ ਮਗਰ ਲੱਗੋ। ਜੇਕਰ ਬਆਲ ਸੱਚਾ ਪਰਮੇਸ਼ੁਰ ਹੈ, ਉਸ ਦੇ ਮਗਰ ਲੱਗੋ!”
ਪਰ ਲੋਕ ਇੱਕ ਸ਼ਬਦ ਵੀ ਨਾ ਬੋਲੇ।
22 ਤਾਂ ਏਲੀਯਾਹ ਮੁੜ ਬੋਲਿਆ, “ਮੈਂ ਇੱਥੇ ਇੱਕਲਾ ਹੀ ਯਹੋਵਾਹ ਦਾ ਨਬੀ ਆਇਆ ਹਾਂ ਜਦ ਕਿ ਇੱਥੇ ਬਆਲ ਦੇ 450 ਨਬੀ ਹਨ। 23 ਦੋ ਬਲਦ ਲਿਆਓ ਅਤੇ ਬਾਲ ਦੇ ਨਬੀਆਂ ਨੂੰ ਇੱਕ ਬਲਦ ਰੱਖਣ ਦਿਓ। ਉਹ ਇਸ ਨੂੰ ਮਾਰ ਕੇ ਇਸਦੇ ਟੁਕੜੇ ਕਰ ਲੈਣ, ਅਤੇ ਲੱਕੜਾਂ ਉੱਤੇ ਪਾ ਦੇਣ, ਪਰ ਉਨ੍ਹਾਂ ਨੂੰ ਅੱਗ ਨਾ ਬਾਲਣ ਦਿਓ। ਇਵੇਂ ਹੀ ਮੈਂ ਦੂਜੇ ਬਲਦ ਨਾਲ ਕਰਾਂਗਾ ਤੇ ਮੈਂ ਵੀ ਅੱਗ ਨਹੀਂ ਬਾਲਾਂਗਾ। 24 ਤੁਸੀਂ ਬਆਲ ਦੇ ਨਬੀਓ, ਆਪਣੇ ਦੇਵਤੇ ਅੱਗੇ ਪ੍ਰਾਰਥਨਾ ਕਰੋ ਅਤੇ ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ। ਜਿਹੜਾ ਦੇਵਤਾ ਉੱਤਰ ਦੇਵੇ ਅਤੇ ਅੱਗ ਬਾਲ ਦੇਵੇ ਉਹੀ ਸੱਚਾ ਪਰਮੇਸ਼ੁਰ ਹੋਵੇਗਾ।”
ਸਭ ਲੋਕਾਂ ਨੇ ਉੱਤਰ ਦਿੱਤਾ, “ਬਹੁਤ ਵੱਧੀਆ।”
25 ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ, “ਤੁਸੀਂ ਇੱਥੇ ਅਨੇਕਾਂ ਹੀ ਹੋ ਸੋ ਤੁਸੀਂ ਪਹਿਲੇ ਜਾਵੋ ਤੇ ਆਪਣਾ ਬਲਦ ਚੁਣਕੇ ਤਿਆਰ ਕਰੋ, ਪਰ ਅੱਗ ਨਾ ਬਾਲਣਾ।”
26 ਇਉਂ ਨਬੀਆਂ ਨੇ ਜਿਹੜਾ ਬਲਦ ਮਿਲਿਆ ਉਸ ਨੂੰ ਲਿਆ, ਇਸ ਦੇ ਟੁਕੜੇ ਕੀਤੇ ਤੇ ਫ਼ਿਰ ਦੁਪਹਿਰ ਤੀਕ ਬਆਲ ਅੱਗੇ ਪ੍ਰਾਰਥਨਾ ਕਰਦੇ ਰਹੇ ਕਿ, “ਹੇ ਬਆਲ, ਕਿਰਪਾ ਕਰਕੇ ਸਾਨੂੰ ਜੁਆਬ ਦੇ!” ਪਰ ਕੋਈ ਹੁੰਗਾਰਾ ਨਾ ਆਇਆ ਨਾ ਕੋਈ ਆਵਾਜ਼। ਨਬੀਆਂ ਨੂੰ ਜਿਹੜੀ ਜਗਵੇਦੀ ਤਿਆਰ ਕੀਤੀ ਸੀ ਉਸ ਅੱਗੇ ਨੱਚਦੇ ਰਹੇ ਪਰ ਅੱਗ ਨਾ ਬਲੀ।
27 ਦੁਪਹਿਰ ਵੇਲੇ ਏਲੀਯਾਹ ਨੇ ਉਨ੍ਹਾਂ ਦਾ ਮਖੌਲ ਉਡਾਉਣਾ ਸ਼ੁਰੂ ਕੀਤਾ ਅਤੇ ਕਿਹਾ, “ਜੇਕਰ ਬਆਲ ਸੱਚਮੁੱਚ ਪਰਮੇਸ਼ੁਰ ਹੈ ਤਾਂ ਤੁਹਾਨੂੰ ਉਸ ਨੂੰ ਉੱਚੀ ਆਵਾਜ਼ ਵਿੱਚ ਬੁਲਾਉਣਾ ਚਾਹੀਦਾ ਹੈ! ਕੀ ਪਤਾ ਉਹ ਕੁਝ ਸੋਚ ਰਿਹਾ ਹੋਵੇ ਜਾਂ ਕਿਸੇ ਕੰਮ ਵਿੱਚ ਰੁਝਿਆ ਹੋਵੇ? ਜਾਂ ਉਹ ਕਿਤੇ ਸਫ਼ਰ ਕਰ ਰਿਹਾ ਹੋਵੇ! ਹੋ ਸੱਕਦਾ ਹੈ ਉਹ ਸੌਂ ਰਿਹਾ ਹੋਵੇ। ਇਸ ਲਈ ਤੁਹਾਨੂੰ ਉੱਚੀ ਆਵਾਜ਼ ਵਿੱਚ ਬੋਲ ਕੇ ਉਸ ਨੂੰ ਜਗਾਉਣਾ ਚਾਹੀਦਾ ਹੈ!” 28 ਇਸ ਲਈ ਨਬੀਆਂ ਨੇ ਉੱਚੀ-ਉੱਚੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਅਤੇ ਉਨ੍ਹਾਂ ਦੀ ਰੀਤ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਨੇਜਿਆਂ ਨਾਲ ਆਪਣੇ-ਆਪ ਨੂੰ ਕੱਟਣ ਲੱਗ ਪਏ, ਜਿੰਨਾ ਚਿਰ ਖੂਨ ਉਨ੍ਹਾਂ ਦੇ ਉੱਪਰੋਂ ਦੀ ਵਗਣ ਨਹੀਂ ਲੱਗ ਪਿਆ। 29 ਜਦੋਂ ਦੁਪਿਹਰ ਲੰਘ ਗਈ, ਉਹ ਸੰਧਿਆ ਦੀ ਭੇਟ ਚੜ੍ਹਾਉਣ ਦੀ ਘੜੀ ਤਾਈਂ ਰੋਲਾ ਪਾਉਂਦੇ ਰਹੇ, ਓੱਥੇ ਕੋਈ ਆਵਾਜ਼ ਨਹੀਂ ਸੀ, ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਜਾਂ ਧਿਆਨ ਨਹੀਂ ਦਿੱਤਾ।
30 ਤਦ ਏਲੀਯਾਹ ਨੇ ਹਰੇਕ ਨੂੰ ਕਿਹਾ, “ਹੁਣ, ਮੇਰੇ ਕੋਲ ਆਓ।” ਤਦ ਸਾਰੇ ਲੋਕਾ ਏਲੀਯਾਹ ਦੇ ਦੁਆਲੇ ਇਕੱਠੇ ਹੋ ਗਏ। ਫ਼ੇਰ ਉਸ ਨੇ ਯਹੋਵਾਹ ਦੀ ਟੁੱਟੀ ਹੋਈ ਜਗਵੇਦੀ ਨੂੰ ਤਿਆਰ ਕੀਤਾ। 31 ਏਲੀਯਾਹ ਨੇ 12 ਪੱਥਰ ਲੇ ਹਰ ਪਰਿਵਾਰ-ਸਮੂਹ ਲਈ ਇੱਕ ਪੱਥਰ ਲਿਆ ਗਿਆ ਤੇ ਇਨ੍ਹਾਂ ਪਰਿਵਾਰ-ਸਮੂਹਾਂ ਦੇ ਨਾਂ ਯਾਕੂਬ ਦੇ 12 ਪੁੱਤਰਾਂ ਤੇ ਰੱਖੇ ਗਏ। ਯਾਕੂਬ ਹੀ ਉਹ ਮਨੁੱਖ ਸੀ ਜਿਸ ਨੂੰ ਯਹੋਵਾਹ ਨੇ ਇਸਰਾਏਲ ਆਖਿਆ ਸੀ। 32 ਏਲੀਯਾਹ ਨੇ ਇਨ੍ਹਾਂ ਪੱਥਰ ਨਾਲ ਯਹੋਵਾਹ ਦੇ ਨਾਉਂ ਉੱਪਰ ਇੱਕ ਜਗਵੇਦੀ ਬਣਾਈ ਅਤੇ ਇਸਦੇ ਚੁਫ਼ੇਰੇ ਇੱਕ ਖਾਈ ਬਣਾਈ। ਇਹ ਇੰਨੀ ਡੂੰਘੀ ਤੇ ਚੌੜੀ ਸੀ ਕਿ ਇਸ ਵਿੱਚ ਸੱਤ ਗੈਲਨ ਪਾਣੀ ਸਮਾਅ ਸੱਕੇ। 33 ਤਦ ਏਲੀਯਾਹ ਨੇ ਜਗਵੇਦੀ ਤੇ ਲੱਕੜਾਂ ਰੱਖੀਆਂ ਉਸ ਨੇ ਬਲਦ ਦੇ ਟੁਕੜੇ ਕੀਤੇ ਅਤੇ ਉਨ੍ਹਾਂ ਟੁਕੜਿਆਂ ਨੂੰ ਲੱਕੜ ਤੇ ਰੱਖਿਆ। 34 ਤਦ ਏਲੀਯਾਹ ਨੇ ਕਿਹਾ, “4 ਮਰਤਬਾਨ ਪਾਣੀ ਦੇ ਭਰੋ। ਉਸ ਪਾਣੀ ਨੂੰ ਹੋਮ ਦੀ ਬਲੀ ਅਤੇ ਬਾਲਣ ਉੱਪਰ ਡੋਹਲ ਦਿਓ।” ਤਦ ਏਲੀਯਾਹ ਨੇ ਕਿਹਾ, “ਇਸ ਨੂੰ ਦੁਬਾਰਾ ਕਰੋ।” ਫਿਰ ਉਸ ਕਿਹਾ, “ਇਸ ਨੂੰ ਤੀਜੀ ਵਾਰ ਫ਼ਿਰ ਕਰੋ।” 35 ਇਉਂ ਪਾਣੀ ਜਗਵੇਦੀ ਵਿੱਚੋਂ ਵਗਦਾ ਹੋਇਆ ਖਾਈ ਨੂੰ ਭਰਨ ਲੱਗਾ।
36 ਤਾਂ ਤਕਾਲਾਂ ਦੀ ਬਲੀ ਚੜ੍ਹਾਉਣ ਦੇ ਵੇਲੇ ਏਲੀਯਾਹ ਨਬੀ ਨੇ ਜਗਵੇਦੀ ਦੇ ਨੇੜੇ ਆਕੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਅਬਰਾਹਮ, ਇਸਹਾਕ ਤੇ ਯਾਕੂਬ ਦੇ ਪਰਮੇਸ਼ੁਰ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਸਭ ਨੂੰ ਪਤਾ ਲੱਗ ਜਾਵੇ ਕਿ ਤੂੰ ਇਸਰਾਏਲ ਦਾ ਪਰਮੇਸ਼ੁਰ ਹੈ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ। 37 ਹੇ ਯਹੋਵਾਹ, ਮੇਰੀ ਗੱਲ ਸੁਣ! ਮੇਰੀ ਪ੍ਰਾਰਥਨਾ ਦਾ ਉਤਰ ਦੇਹ ਤਾਂ ਜੋ ਇਹ ਲੋਕ ਜਾਨਣ ਕਿ ਤੂੰ ਯਹੋਵਾਹ ਹੀ ਪਰਮੇਸ਼ੁਰ ਹੈਂ ਅਤੇ ਤੂੰ ਹੀ ਹੈਂ ਜੋ ਉਨ੍ਹਾਂ ਦੇ ਦਿਲ ਬਦਲ ਰਿਹਾ ਹੈਂ।”
38 ਤਾਂ ਯਹੋਵਾਹ ਨੇ ਹੇਠਾਂ ਅੱਗ ਭੇਜੀ, ਜਿਸ ਨੇ ਬਲੀ, ਲੱਕੜਾਂ, ਪੱਥਰ ਅਤੇ ਜਗਵੇਦੀ ਦੇ ਦੁਆਲੇ ਦੀ ਧਰਤੀ ਨੂੰ ਸਾੜ ਦਿੱਤਾ, ਅਤੇ ਇਸ ਨੇ ਟੋਏ ਵਿੱਚਲਾ ਸਾਰਾ ਪਾਣੀ ਸੁਕਾਅ ਦਿੱਤਾ। 39 ਇਹ ਸਭ ਕੁਝ ਲੋਕਾਂ ਸਾਹਮਣੇ ਹੋਇਆ ਤਾਂ ਲੋਕਾਂ ਨੇ ਮੱਥਾ ਟੇਕਦੇ ਹੋਏ ਕਹਿਣਾ ਸ਼ੁਰੂ ਕੀਤਾ, “ਯਹੋਵਾਹ ਹੀ ਪਰਮੇਸ਼ੁਰ ਹੈ! ਯਹੋਵਾਹ ਹੀ ਪਰਮੇਸ਼ੁਰ ਹੈ!”
96 ਉਨ੍ਹਾਂ ਨਵੀਆਂ ਗੱਲਾਂ ਬਾਰੇ ਇੱਕ ਨਵਾਂ ਗੀਤ ਗਾਵੋ ਜੋ ਯਹੋਵਾਹ ਨੇ ਕੀਤੀਆਂ ਹਨ।
ਸਾਰੀ ਦੁਨੀਆਂ ਪਰਮੇਸ਼ੁਰ ਲਈ ਗੀਤ ਗਾਵੇ।
2 ਪਰਮੇਸੁਰ ਨੂੰ ਗਾਵੋ। ਉਸ ਦੇ ਨਾਮ ਨੂੰ ਅਸੀਸ ਦਿਉ।
ਖੁਸ਼ਖਬਰੀ ਦੱਸੋ। ਹਰ ਰੋਜ਼ ਉਸਦੀ ਮੁਕਤੀ ਬਾਰੇ ਦੱਸੋ।
3 ਲੋਕਾਂ ਨੂੰ ਦੱਸੋ ਕਿ ਪਰਮੇਸ਼ੁਰ ਸੱਚਮੁੱਚ ਕਿੰਨਾ ਗੌਰਵਮਈ ਹੈ।
ਹਰ ਥਾਂ ਲੋਕਾਂ ਨੂੰ ਪਰਮੇਸ਼ੁਰ ਦੇ ਚਮਤਕਾਰਾਂ ਬਾਰੇ ਦੱਸੋ।
4 ਯਹੋਵਾਹ ਮਹਾਨ ਹੈ ਅਤੇ ਉਸਤਤਿ ਯੋਗ ਹੈ।
ਉਹ ਹੋਰ ਕਿਸੇ ਵੀ “ਦੇਵਤਿਆਂ” ਨਾਲੋਂ ਵੱਧੇਰੇ ਭਰਮ ਭਰਿਆ ਹੈ।
5 ਪਰਾਈਆਂ ਕੌਮਾਂ ਦੇ ਸਾਰੇ “ਦੇਵਤੇ” ਵਿਅਰਥ ਹਨ।
ਪਰ ਯਹੋਵਾਹ ਨੇ ਸਵਰਗਾ ਦੀ ਸਾਜਨਾ ਕੀਤੀ।
6 ਉਸ ਦੇ ਸਾਹਮਣੇ ਖੂਬਸੂਰਤ ਮਹਿਮਾ ਚਮਕ ਰਹੀ ਹੈ।
ਤਾਕਤ ਅਤੇ ਸੂਰਜ ਪਰਮੇਸ਼ੁਰ ਦੇ ਪਵਿੱਤਰ ਮੰਦਰਾਂ ਵਿੱਚ ਹੈ।
7 ਪਰਿਵਾਰੋ ਅਤੇ ਕੌਮੋ ਉਸਤਤਿ ਦੇ
ਅਤੇ ਯਹੋਵਾਹ ਦੀ ਮਹਿਮਾ ਦੇ ਗੀਤ ਗਾਵੋ।
8 ਯਹੋਵਾਹ ਦੇ ਨਾਮ ਦੀ ਉਸਤਤਿ ਕਰੋ
ਆਪਣੇ ਚੜ੍ਹਾਵੇ ਲੈ ਕੇ ਮੰਦਰ ਵੱਲ ਜਾਵੋ।
9 ਯਹੋਵਾਹ ਦੀ ਉਪਾਸਨਾ ਉਸ ਦੇ ਸੁੰਦਰ ਮੰਦਰ ਵਿੱਚ ਕਰੋ,
ਧਰਤੀ ਦੇ ਹਰੇਕ ਵਾਸੀ ਯਹੋਵਾਹ ਦੀ ਉਪਾਸਨਾ ਕਰੀਂ।
10 ਕੌਮਾਂ ਨੂੰ ਐਲਾਨ ਕਰ ਦਿਉ ਕਿ ਯਹੋਵਾਹ ਰਾਜਾ ਹੈ।
ਇਸ ਲਈ ਦੁਨੀਆਂ ਤਬਾਹ ਨਹੀਂ ਹੋਵੇਗੀ,
ਯਹੋਵਾਹ ਬੇਲਾਗ ਹੋਕੇ ਲੋਕਾਂ ਉੱਤੇ ਰਾਜ ਕਰੇਗਾ।
11 ਹੇ ਅਕਾਸ਼ ਖੁਸ਼ ਹੋ, ਹੇ ਧਰਤੀ ਖੁਸ਼ੀ ਮਨਾ।
ਹੇ ਸਮੁੰਦਰ ਅਤੇ ਇਸ ਵਿੱਚਲੀ ਹਰ ਸ਼ੈਅ ਦੀਆਂ ਕਿਲਕਾਰੀਆਂ ਮਾਰੋ।
12 ਹੇ ਖੇਤੋਂ ਅਤੇ ਉਨ੍ਹਾਂ ਵਿੱਚ ਉੱਗਣ ਵਾਲੀ ਹਰ ਸ਼ੈਅ, ਖੁਸ਼ ਹੋਵੋ।
ਹੇ ਜੰਗਲ ਦੇ ਰੁੱਖੋ ਗਾਵੋ ਅਤੇ ਖੁਸ਼ ਹੋਵੋ।
13 ਇਸ ਗੱਲ ਲਈ ਖੁਸ਼ ਹੋਵੋ ਕਿ ਯਹੋਵਾਹ ਆ ਰਿਹਾ ਹੈ,
ਯਹੋਵਾਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਦੁਨੀਆਂ ਉੱਤੇ ਇਨਸਾਫ਼ ਅਤੇ ਨਿਰਪੱਖਤਾ ਨਾਲ ਰਾਜ ਕਰੇਗਾ।
1 ਪੌਲੁਸ ਰਸੂਲ ਵੱਲੋਂ, ਸ਼ੁਭਕਾਮਨਾਵਾਂ। ਮੈਨੂੰ ਮਨੁੱਖਾਂ ਵੱਲੋਂ ਰਸੂਲ ਵਜੋਂ ਨਹੀਂ ਚੁਣਿਆ ਗਿਆ ਸੀ। ਮੈਂ ਲੋਕਾਂ ਦੁਆਰਾ ਨਹੀਂ ਭੇਜਿਆ ਗਿਆ। ਨਹੀਂ! ਯਿਸੂ ਮਸੀਹ ਅਤੇ ਪਰਮੇਸ਼ੁਰ ਪਿਤਾ ਨੇ ਮੈਨੂੰ ਇੱਕ ਰਸੂਲ ਬਣਾਇਆ। ਪਰਮੇਸ਼ੁਰ ਹੀ ਹੈ ਜਿਸਨੇ ਯਿਸੂ ਨੂੰ ਮੌਤ ਤੋਂ ਜਿਵਾਲਿਆ। 2 ਮਸੀਹ ਵਿੱਚ ਉਨ੍ਹਾਂ ਸਾਰੇ ਭਰਾਵਾਂ ਵੱਲੋਂ ਗਲਾਤਿਯਾ ਵਿੱਚਲੀਆਂ ਕਲੀਸਿਯਾਵਾਂ ਨੂੰ ਸ਼ੁਭਕਾਮਨਾਵਾਂ ਜਿਹੜੇ ਮੇਰੇ ਨਾਲ ਹਨ।
3 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਸਾਡਾ ਪਿਤਾ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਤੁਹਾਨੂੰ ਸ਼ਾਂਤੀ ਦੇਵੇਗਾ। 4 ਯਿਸੂ ਨੇ ਸਾਡੇ ਪਾਪਾਂ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ। ਯਿਸੂ ਨੇ ਅਜਿਹਾ ਸਾਨੂੰ ਇਸ ਬਦੀ ਦੀ ਦੁਨੀਆਂ ਤੋਂ ਮੁਕਤ ਕਰਨ ਲਈ ਕੀਤਾ ਜਿਸ ਵਿੱਚ ਅਸੀਂ ਰਹਿੰਦੇ ਹਾਂ। ਇਹੀ ਹੈ ਜੋ ਪਿਤਾ ਪਰਮੇਸ਼ੁਰ ਨੂੰ ਚਾਹੀਦਾ ਸੀ। 5 ਸਦੀਵੀ ਮਹਿਮਾ ਪਰਮੇਸ਼ੁਰ ਨਾਲ ਸੰਬੰਧਿਤ ਹੈ। ਆਮੀਨ।
ਸਿਰਫ਼ ਇੱਕ ਖੁਸ਼ਖਬਰੀ ਹੀ ਸੱਚੀ ਹੈ
6 ਥੋੜਾ ਸਮਾਂ ਪਹਿਲਾਂ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪੈਰੋਕਾਰ ਹੋਣ ਲਈ ਬੁਲਾਇਆ ਸੀ। ਪਰਮੇਸ਼ੁਰ ਨੇ ਤੁਹਾਨੂੰ ਮਸੀਹ ਦੀ ਕਿਰਪਾ ਰਾਹੀਂ ਸੱਦਿਆ। ਪਰ ਮੈਂ ਤੁਸਾਂ ਲੋਕਾਂ ਉੱਤੇ ਬੜਾ ਹੈਰਾਨ ਹਾਂ ਕਿਉਂ ਕਿ ਤੁਸੀਂ ਇੱਕ ਵੱਖਰੀ ਖੁਸ਼ਖਬਰੀ ਵੱਲ ਮੁੜ ਰਹੇ ਹੋ। 7 ਅਸਲ ਵਿੱਚ ਹੋਰ ਕੋਈ ਸੱਚੀ ਖੁਸ਼ਖਬਰੀ ਹੈ ਹੀ ਨਹੀਂ ਪਰ ਕੁਝ ਲੋਕ ਤੁਹਾਨੂੰ ਸ਼ਸ਼ੋਪੰਚ ਵਿੱਚ ਪਾ ਰਹੇ ਹਨ। ਉਹ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਬਦਲਣਾ ਚਾਹੁੰਦੇ ਹਨ। 8 ਅਸੀਂ ਤੁਹਾਨੂੰ ਸੱਚੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਇਸ ਲਈ ਜੇਕਰ ਅਸੀਂ ਖੁਦ ਜਾਂ ਸਵਰਗ ਦਾ ਕੋਈ ਦੂਤ ਵੀ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੈ, ਤਾਂ ਉਸਦਾ ਤਿਰਸੱਕਾਰ ਕਰ ਦੇਣਾ ਚਾਹੀਦਾ ਹੈ। 9 ਇਹ ਗੱਲ ਮੈਂ ਪਹਿਲੋਂ ਵੀ ਆਖੀ ਸੀ ਅਤੇ ਹੁਣ ਮੈਂ ਫ਼ੇਰ ਆਖਦਾ ਹਾਂ ਕਿ ਤੁਸੀਂ ਪਹਿਲਾਂ ਹੀ ਸੱਚੀ ਖੁਸ਼ਖਬਰੀ ਨੂੰ ਪ੍ਰਵਾਨ ਕਰ ਚੁੱਕੇ ਹੋ। ਜੋ ਕੋਈ ਵਿਅਕਤੀ ਤੁਹਾਨੂੰ ਮੁਕਤੀ ਦਾ ਕੋਈ ਹੋਰ ਮਾਰਗ ਦੱਸਦਾ ਹੈ ਉਸ ਨੂੰ ਨਿੰਦਿਆ ਜਾਣਾ ਚਾਹੀਦਾ ਹੈ।
10 ਕੀ ਹੁਣ ਤੁਸੀਂ ਸੋਚਦੇ ਹੋ ਕਿ ਮੈਂ ਲੋਕਾਂ ਨੂੰ ਆਪਣੇ ਆਪ ਨੂੰ ਕਬੂਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ? ਨਹੀਂ। ਪਰਮੇਸ਼ੁਰ ਹੀ ਹੈ ਜਿਸ ਨੂੰ ਮੈਂ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੀ ਮੈਂ ਲੋਕਾਂ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇ ਮੈਂ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੁੰਦਾ, ਤਾਂ ਮੈਂ ਯਿਸੂ ਮਸੀਹ ਦਾ ਇੱਕ ਸੇਵਕ ਨਾ ਹੁੰਦਾ।
ਪੌਲੁਸ ਦਾ ਅਧਿਕਾਰ ਪਰਮੇਸ਼ੁਰ ਵੱਲੋਂ ਹੈ
11 ਭਰਾਵੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਖੁਸ਼ਖਬਰੀ ਦਾ ਪ੍ਰਚਾਰ ਮੈਂ ਤੁਹਾਨੂੰ ਕੀਤਾ ਸੀ ਉਹ ਮਨੁੱਖਾਂ ਦੀ ਬਣਾਈ ਹੋਈ ਨਹੀਂ ਸੀ। 12 ਮੈਨੂੰ ਇਹ ਖੁਸ਼ਖਬਰੀ ਕਿਸੇ ਮਨੁੱਖ ਵਲੋਂ ਨਹੀਂ ਮਿਲੀ ਸੀ। ਕਿਸੇ ਮਨੁੱਖ ਨੇ ਮੈਨੂੰ ਇਹ ਖੁਸ਼ਖਬਰੀ ਨਹੀਂ ਪੜ੍ਹਾਈ। ਮੈਨੂੰ ਇਹ ਯਿਸੂ ਮਸੀਹ ਨੇ ਦਿੱਤੀ ਸੀ। ਉਸ ਨੇ ਇਹ ਖੁਸ਼ਖਬਰੀ ਮੈਨੂੰ ਪ੍ਰਗਟ ਕੀਤੀ ਸੀ।
ਯਿਸੂ ਦਾ ਇੱਕ ਨੌਕਰ ਨੂੰ ਠੀਕ ਕਰਨਾ(A)
7 ਜਦੋਂ ਯਿਸੂ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਾ ਚੁੱਕਾ ਤਾਂ ਉਹ ਕਫ਼ਰਨਾਹੂਮ ਵੱਲ ਗਿਆ। 2 ਉੱਥੇ ਇੱਕ ਸੈਨਾ ਅਧਿਕਾਰੀ ਸੀ। ਉਸਦਾ ਨੌਕਰ ਬੜਾ ਬਿਮਾਰ ਸੀ, ਅਤੇ ਮਰਨ ਕਿਨਾਰੇ ਸੀ। ਉਸ ਨੂੰ ਨੌਕਰ ਨਾਲ ਬੜਾ ਪਿਆਰ ਸੀ। 3 ਜਦੋਂ ਅਧਿਕਾਰੀ ਨੂੰ ਯਿਸੂ ਬਾਰੇ ਪਤਾ ਲੱਗਾ ਉਸ ਨੇ ਕੁਝ ਬਜ਼ੁਰਗ ਯਹੂਦੀ ਆਗੂਆਂ ਨੂੰ ਯਿਸੂ ਕੋਲ ਇਹ ਬੇਨਤੀ ਕਰਨ ਲਈ ਭੇਜਿਆ ਕਿ ਉਹ ਆਵੇ ਅਤੇ ਉਸ ਦੇ ਨੌਕਰ ਨੂੰ ਬਚਾਵੇ। 4 ਤਾਂ ਉਹ ਆਦਮੀ ਯਿਸੂ ਕੋਲ ਗਏ ਉਨ੍ਹਾਂ ਨੇ ਅਧਿਕਾਰੀ ਦੀ ਮਦਦ ਕਰਨ ਲਈ ਯਿਸੂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਿ ਉਹ ਸੱਚ-ਮੁੱਚ ਤੇਰੀ ਸਹਾਇਤਾ ਦੇ ਕਾਬਿਲ ਹੈ। 5 ਉਹ ਸਾਡੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਸਾਡੇ ਲਈ ਉਸ ਨੇ ਪ੍ਰਾਰਥਨਾ ਸਥਾਨ ਵੀ ਬਨਵਾਇਆ ਹੈ।”
6 ਇਸ ਲਈ ਯਿਸੂ ਉਨ੍ਹਾਂ ਦੇ ਨਾਲ ਚੱਲਿਆ ਗਿਆ ਅਤੇ ਜਦੋਂ ਉਹ ਉਸ ਦੇ ਘਰ ਤੋਂ ਜਿਆਦਾ ਦੂਰ ਨਹੀਂ ਸੀ। ਤਾਂ ਅਧਿਕਾਰੀ ਨੇ ਆਪਣੇ ਕੁਝ ਮਿੱਤਰਾਂ ਨੂੰ ਉਸ ਨੂੰ ਇਹ ਆਖਣ ਲਈ ਭੇਜਿਆ, “ਪ੍ਰਭੂ ਤੁਸੀਂ ਇੱਥੇ ਆਉਣ ਦੀ ਤਕਲੀਫ਼ ਨਾ ਕਰੋ, ਕਿਉਂਕਿ ਮੈਂ ਇਸ ਲਾਇੱਕ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ। 7 ਇਸੇ ਕਾਰਣ ਮੈਂ ਆਪਣੇ-ਆਪ ਨੂੰ ਤੁਹਾਡੇ ਕੋਲ ਆਉਣ ਦੇ ਕਾਬਿਲ ਨਹੀਂ ਸਮਝਿਆ। ਪਰ ਤੁਸੀਂ ਕੇਵਲ ਇੱਕ ਸ਼ਬਦ ਆਖੋਂ ਤਾਂ ਮੇਰਾ ਨੌਕਰ ਰਾਜੀ ਹੋ ਜਾਵੇਗ਼ਾ। 8 ਕਿਉਂਕਿ ਮੈਂ ਖੁਦ ਆਪਣੇ ਤੋਂ ਉਚਿਆਂ ਦੇ ਅਧੀਨ ਕੰਮ ਕਰਦਾ ਹਾਂ। ਕੁਝ ਸਿਪਾਹੀ ਹਨ ਜੋ ਮੇਰੇ ਹੇਠਾਂ ਹਨ। ਜੇਕਰ ਮੈਂ ਕਿਸੇ ਨੂੰ ਆਖਦਾ ਹਾਂ, ‘ਜਾ’, ਤਾਂ ਉਹ ਜਾਂਦਾ ਹੈ ਤੇ ਜੇਕਰ ਮੈਂ ਕਿਸੇ ਹੋਰ ਨੂੰ ਆਖਦਾ ਹਾਂ, ‘ਆ’, ਉਹ ਆਉਂਦਾ ਹੈ। ਜੇਕਰ ਮੈਂ ਆਪਣੇ ਨੌਕਰ ਨੂੰ ਕਹਾਂ, ‘ਇਹ ਕਰ’, ਤਾਂ ਉਹ ਕਰਦਾ ਹੈ।”
9 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਹੈਰਾਨ ਹੋਇਆ। ਯਿਸੂ ਉਨ੍ਹਾਂ ਲੋਕਾਂ ਵੱਲ ਮੁੜਿਆ ਜੋ ਉਸਦਾ ਹੁਕਮ ਮੰਨਦੇ ਸਨ ਅਤੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਵਿਸ਼ਵਾਸ ਤਾਂ ਮੈਂ ਇਸਰਾਏਲ ਵਿੱਚ ਵੀ ਨਹੀਂ ਵੇਖਿਆ।”
10 ਜਿਹੜੇ ਲੋਕ ਯਿਸੂ ਕੋਲ ਭੇਜੇ ਗਏ ਸਨ ਜਦੋਂ ਉਹ ਘਰ ਨੂੰ ਵਾਪਸ ਚੱਲੇ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਨੌਕਰ ਰਾਜ਼ੀ ਹੋ ਗਿਆ ਸੀ।
2010 by World Bible Translation Center