Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 46

ਨਿਰਦੇਸ਼ਕ ਲਈ: ਕੋਰਹ ਪਰਿਵਾਹ ਦਾ ਇੱਕ ਗੀਤ। ਅਲਾਮੋਥ ਦੁਆਰਾ ਇੱਕ ਗੀਤ।

46 ਪਰਮੇਸ਼ੁਰ ਸਾਡੀ ਤਾਕਤ ਦਾ ਸ਼ਰਚਸ਼ਮਾ ਹੈ।
    ਹਮੇਸ਼ਾ ਸੰਕਟ ਕਾਲ ਵਿੱਚ ਉਸ ਕੋਲੋਂ, ਅਸੀਂ ਸਹਾਇਤਾ ਲੈ ਸੱਕਦੇ ਹਾਂ।
ਇਸੇ ਲਈ ਅਸੀਂ ਨਹੀਂ ਡਰਦੇ ਜਦੋਂ ਧਰਤੀ ਹਿੱਲਦੀ ਹੈ,
    ਅਤੇ ਪਰਬਤ ਸਮੁੰਦਰ ਵਿੱਚ ਡਿੱਗਦੇ ਹਨ।
ਅਸੀਂ ਡਰਦੇ ਨਹੀਂ ਉਦੋਂ ਜਦੋਂ ਸਮੁੰਦਰ ਗਰਜਦੇ ਅਤੇ ਝੱਗ ਕਰਦੇ ਹਨ,
    ਅਤੇ ਸਮੁੰਦਰ ਵਿੱਚਲੇ ਪਰਬਤ ਕੰਬੰਦੇ ਹਨ।

ਇੱਕ ਦਰਿਆ ਹੈ ਜਿਸ ਦੀਆਂ ਧਾਰਾਵਾਂ ਪਰਮੇਸ਼ੁਰ ਦੇ ਸ਼ਹਿਰ ਅੰਦਰ,
    ਸਭ ਤੋਂ ਉੱਚੇ ਪਰਮੇਸ਼ੁਰ ਦੇ ਪਵਿੱਤਰ ਸ਼ਹਿਰ ਅੰਦਰ ਖੁਸ਼ੀ ਲਿਆਉਂਦੀਆਂ ਹਨ।
ਪਰਮੇਸ਼ੁਰ ਉਸ ਸ਼ਹਿਰ ਵਿੱਚ ਹੈ, ਇਸੇ ਲਈ ਉਹ ਕਦੀ ਵੀ ਤਬਾਹ ਨਹੀਂ ਹੋਵੇਗਾ।
    ਸੂਰਜ ਚੱੜ੍ਹਨ ਤੋਂ ਵੀ ਪਹਿਲਾਂ ਪਰਮੇਸ਼ੁਰ ਮਦਦ ਲਈ ਉੱਥੇ ਹੁੰਦਾ।
ਕੌਮਾਂ ਡਰ ਦੇ ਕਾਰਣ ਕੰਬਣਗੀਆਂ; ਜਦੋਂ ਯਹੋਵਾਹ ਰੌਲਾ ਪਾਉਂਦਾ ਹੈ,
    ਉਹ ਰਾਜ ਡਿੱਗ ਪੈਣਗੇ ਅਤੇ ਧਰਤੀ ਮਲੀਆ ਮੇਟ ਹੋ ਜਾਵੇਗੀ।
ਸਰਬ ਸ਼ਕਤੀਮਾਨ ਯਹੋਵਾਹ ਸਾਡੇ ਅੰਗ-ਸੰਗ ਹੈ।
    ਯਾਕੂਬ ਦਾ ਪਰਮੇਸ਼ੁਰ ਸਾਡੀ ਸੁਰੱਖਿਅਤ ਥਾਂ ਹੈ।

ਉਨ੍ਹਾਂ ਸ਼ਕਤੀਸ਼ਾਲੀ ਗੱਲਾਂ ਵੱਲ ਤੱਕੋ ਜੋ ਯਹੋਵਾਹ ਕਰਦਾ ਹੈ।
    ਉਨ੍ਹਾਂ ਹੈਰਾਨੀ ਭਰੀਆਂ ਕਰਨੀਆਂ ਵੱਲ ਤੱਕੋ ਜੋ ਉਸ ਨੇ ਧਰਤੀ ਉੱਤੇ ਕੀਤੀਆਂ ਹਨ।
ਯਹੋਵਾਹ ਲੜਾਈਆਂ ਨੂੰ ਧਰਤੀ ਦੇ ਕਿਸੇ ਕੋਨੇ ਉੱਤੇ ਵੀ ਰੋਕ ਸੱਕਦਾ ਹੈ।
    ਉਹ ਸਿਪਾਹੀਆਂ ਦੀਆਂ ਕਮਾਨਾਂ ਨੂੰ ਤੋੜ ਸੱਕਦਾ ਹੈ।
    ਉਹ ਉਨ੍ਹਾਂ ਦੇ ਨੇਜਿਆਂ ਨੂੰ ਟੁਕੜਿਆਂ ਵਿੱਚ ਤੋੜ ਸੱਕਦਾ ਹੈ ਅਤੇ ਜੰਗੀ ਗਡਿਆਂ ਨੂੰ ਅੱਗ ਨਾਲ ਸਾੜ ਸੱਕਦਾ ਹੈ।

10 ਪਰਮੇਸ਼ੁਰ ਆਖਦਾ ਹੈ, “ਸ਼ਾਂਤ ਰਹੋ ਅਤੇ ਜਾਣੋ ਕਿ ਮੈਂ ਪਰਮੇਸ਼ੁਰ ਹਾਂ।
    ਕੌਮਾਂ ਵਿੱਚ ਮੇਰੀ ਉਸਤਤਿ ਹੋਵੇਗੀ।
    ਮੈਂ ਧਰਤੀ ਉੱਤੇ ਮਹਿਮਾਮਈ ਹੋਵਾਂਗਾ।”

11 ਸਰਬ ਸ਼ਕਤੀਮਾਨ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ।
    ਯਾਕੂਬ ਦਾ ਯਹੋਵਾਹ ਸਾਡਾ ਸੁਰੱਖਿਅਤ ਸਥਾਨ ਹੈ।

ਉਤਪਤ 1:1-2:4

ਦੁਨੀਆਂ ਦੀ ਸ਼ੁਰੂਆਤ

ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ। ਪਹਿਲਾਂ ਧਰਤੀ ਬਿਲਕੁਲ ਸੱਖਣੀ ਸੀ; ਧਰਤੀ ਉੱਤੇ ਕੁਝ ਵੀ ਨਹੀਂ ਸੀ। ਹਨੇਰੇ ਨੇ ਸਮੁੰਦਰ ਨੂੰ ਕੱਜਿਆ ਹੋਇਆ ਸੀ, ਅਤੇ ਪਰਮੇਸ਼ੁਰ ਦਾ ਆਤਮਾ ਪਾਣੀ ਉੱਤੇ ਚੱਲਦਾ ਸੀ।

ਪਹਿਲਾ ਦਿਨ-ਰੌਸ਼ਨੀ

ਫ਼ੇਰ ਪਰਮੇਸ਼ੁਰ ਨੇ ਆਖਿਆ, “ਰੌਸ਼ਨੀ ਹੋ ਜਾਵੇ!” ਅਤੇ ਰੌਸ਼ਨੀ ਚਮਕਣ ਲੱਗੀ। ਪਰਮੇਸ਼ੁਰ ਨੇ ਰੋਸ਼ਨੀ ਨੂੰ ਵੇਖਿਆ, ਅਤੇ ਉਸ ਨੇ ਜਾਣਿਆ ਕਿ ਉਹ ਚੰਗੀ ਸੀ। ਫ਼ੇਰ ਪਰਮੇਸ਼ੁਰ ਨੇ ਰੋਸ਼ਨੀ ਨੂੰ ਹਨੇਰੇ ਤੋਂ ਵੱਖ ਕੀਤਾ। ਪਰਮੇਸ਼ੁਰ ਨੇ ਰੋਸ਼ਨੀ ਨੂੰ “ਦਿਨ” ਦਾ ਨਾਮ ਦਿੱਤਾ, ਅਤੇ ਹਨੇਰੇ ਨੂੰ “ਰਾਤ” ਦਾ ਨਾਮ ਦਿੱਤਾ।

ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਪਹਿਲਾ ਦਿਨ ਸੀ।

ਦੂਸਰਾ ਦਿਨ-ਅਕਾਸ਼

ਫ਼ੇਰ ਪਰਮੇਸ਼ੁਰ ਨੇ ਆਖਿਆ, “ਪਾਣੀ ਨੂੰ ਦੋ ਹਿਸਿਆਂ ਵਿੱਚ ਵੰਡਣ ਲਈ ਵਾਯੂਮੰਡਲ ਹੋਵੇ!” ਇਸ ਲਈ ਪਰਮੇਸ਼ੁਰ ਨੇ ਵਾਯੂਮੰਡਲ ਸਾਜਿਆ ਅਤੇ ਵਾਯੂਮੰਡਲ ਦੇ ਹੇਠਲੇ ਪਾਣੀ ਨੂੰ ਵਾਯੂਮੰਡਲ ਦੇ ਉੱਪਰ ਪਾਣੀ ਤੋਂ ਵੱਖ ਕੀਤਾ। ਇਹੀ ਕੁਝ ਵਾਪਰਿਆ। ਪਰਮੇਸ਼ੁਰ ਨੇ ਹਵਾ ਨੂੰ “ਅਕਾਸ਼” ਦਾ ਨਾਮ ਦਿੱਤਾ। ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋਈ। ਇਹ ਦੂਸਰਾ ਦਿਨ ਸੀ।

ਤੀਸਰਾ ਦਿਨ-ਖੁਸ਼ਕ ਜ਼ਮੀਨ ਅਤੇ ਪੌਦੇ

ਫ਼ੇਰ ਪਰਮੇਸ਼ੁਰ ਨੇ ਆਖਿਆ, “ਅਕਾਸ਼ ਦੇ ਹੇਠਲਾ ਪਾਣੀ ਇੱਕ ਜਗ਼੍ਹਾ ਤੇ ਇਕੱਠਾ ਹੋ ਜਾਵੇ ਅਤੇ ਸੁੱਕੀ ਜ਼ਮੀਨ ਪ੍ਰਗਟ ਹੋਵੇ।” ਇਹੀ ਵਾਪਰਿਆ। 10 ਪਰਮੇਸ਼ੁਰ ਨੇ ਖੁਸ਼ਕ ਜ਼ਮੀਨ ਨੂੰ “ਧਰਤੀ” ਦਾ ਨਾਮ ਦਿੱਤਾ। ਅਤੇ ਪਰਮੇਸ਼ੁਰ ਨੇ ਇਕੱਠੇ ਹੋਏ ਪਾਣੀ ਨੂੰ “ਸਮੁੰਦਰ” ਦਾ ਨਾਮ ਦਿੱਤਾ। ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ।

11 ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਘਾਹ ਤੇ ਪੌਦੇ ਉਗਾਵੇ ਜਿਹੜੇ ਫ਼ਲਦਾਰ ਰੁੱਖ ਪੈਦਾ ਕਰਨ ਜਿਹੜੇ ਬੀਜਾਂ ਵਾਲੇ ਫ਼ਲ ਪੈਦਾ ਕਰਨ। ਉਹ ਧਰਤੀ ਉੱਤੇ ਉੱਗਣ ਅਤੇ ਆਪਣੀ ਕਿਸਮ ਅਨੁਸਾਰ ਬੀਜ ਪੈਦਾ ਕਰਨ। ਇਹੀ ਕੁਝ ਵਾਪਰਿਆ।” 12 ਧਰਤੀ ਨੇ ਅਨਾਜ ਪੈਦਾ ਕਰਨ ਵਾਲਾ ਘਾਹ ਅਤੇ ਪੌਦੇ ਉਗਾਏ ਅਤੇ ਇਸਨੇ ਰੁੱਖ ਉਗਾਏ ਜਿਨ੍ਹਾਂ ਤੇ ਬੀਜਾਂ ਵਾਲੇ ਫ਼ਲ ਸਨ। ਹਰ ਪੌਦੇ ਨੇ ਆਪਣੀ ਕਿਸਮ ਦੇ ਬੀਜ ਬਣਾਏ। ਅਤੇ ਪਰਮੇਸ਼ੁਰ ਨੇ ਦੇਖਿਆ ਕਿ ਇਹ ਚੰਗਾ ਸੀ।

13 ਸ਼ਾਮ ਹੋਈ ਅਤੇ ਫ਼ੇਰ ਸਵੇਰ ਹੋ ਗਈ। ਇਹ ਤੀਸਰਾ ਦਿਨ ਸੀ।

ਚੌਥਾ ਦਿਨ-ਸੂਰਜ ਚੰਨ ਅਤੇ ਤਾਰੇ

14 ਫ਼ੇਰ ਪਰਮੇਸ਼ੁਰ ਨੇ ਆਖਿਆ, “ਰਾਤਾਂ ਨੂੰ ਦਿਨਾਂ ਨਾਲੋਂ ਵੱਖ ਕਰਨ ਲਈ ਅਕਾਸ਼ ਵਿੱਚ ਰੌਸ਼ਨੀਆਂ ਹੋਣ। ਇਹ ਰੌਸ਼ਨੀਆਂ ਪਰਬਾਂ ਦੀਆਂ ਰਾਤਾਂ ਅਤੇ ਦਿਨਾਂ ਅਤੇ ਸਾਲਾਂ ਲਈ ਸੰਕੇਤ ਹੋਣ। 15 ਇਹ ਰੌਸ਼ਨੀਆਂ ਧਰਤੀ ਉੱਤੇ ਰੌਸ਼ਨੀ ਚਮਕਾਉਣ ਲਈ ਅਕਾਸ਼ ਵਿੱਚ ਹੋਣਗੀਆਂ।” ਅਤੇ ਇਹੀ ਵਾਪਰਿਆ।

16 ਇਸ ਲਈ ਪਰਮੇਸ਼ੁਰ ਨੇ ਦੋ ਵਿਸ਼ਾਲ ਰੌਸ਼ਨੀਆਂ ਸਾਜੀਆਂ। ਪਰਮੇਸ਼ੁਰ ਨੇ ਦਿਨ ਤੇ ਹਕੂਮਤ ਕਰਨ ਲਈ ਵਿਸ਼ਾਲ ਰੌਸ਼ਨੀ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਛੋਟੀ ਰੌਸ਼ਨੀ ਦੀ ਸਾਜਨਾ ਕੀਤੀ। ਉਸ ਨੇ ਤਾਰੇ ਵੀ ਸਾਜੇ। 17 ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਧਰਤੀ ਉੱਤੇ ਚਮਕਣ ਲਈ ਅਕਾਸ਼ ਵਿੱਚ ਧਰ ਦਿੱਤਾ। 18 ਪਰਮੇਸ਼ੁਰ ਨੇ ਇਨ੍ਹਾਂ ਰੌਸ਼ਨੀਆਂ ਨੂੰ ਦਿਨ ਅਤੇ ਰਾਤ ਉੱਤੇ ਹਕੂਮਤ ਕਰਨ ਲਈ ਅਕਾਸ਼ ਵਿੱਚ ਪਾ ਦਿੱਤਾ। ਇਨ੍ਹਾਂ ਰੌਸ਼ਨੀਆਂ ਨੇ ਰੌਸ਼ਨੀ ਨੂ ਹਨੇਰੇ ਨਾਲੋਂ ਵੱਖ ਕਰ ਦਿੱਤਾ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ।

19 ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਚੌਥਾ ਦਿਨ ਸੀ।

ਪੰਜਵਾਂ ਦਿਨ-ਸਮੁੰਦਰੀ ਜੀਵ ਅਤੇ ਪੰਛੀ

20 ਪਰਮੇਸ਼ੁਰ ਨੇ ਆਖਿਆ, “ਪਾਣੀ ਬਹੁਤ ਸਾਰੇ ਜੀਵਿਤ ਪ੍ਰਾਣੀਆਂ ਨਾਲ ਭਰ ਜਾਵੇ ਅਤੇ ਅਕਾਸ਼ ਦੇ ਵਾਯੂਮੰਡਲ ਦੇ ਆਰ-ਪਾਰ ਪੰਛੀ ਉੱਡਦੇ ਰਹਿਣ।” 21 ਇਸ ਲਈ ਪਰਮੇਸ਼ੁਰ ਨੇ ਵਿਸ਼ਾਲ ਸਮੁੰਦਰੀ ਜਾਨਵਰਾਂ ਅਤੇ ਹਰ ਤਰ੍ਹਾਂ ਦੇ ਜੀਵਿਤ ਪ੍ਰਾਣੀਆਂ ਦੀ ਸਾਜਨਾ ਕੀਤੀ ਜੋ ਸਮੁੰਦਰ ਵਿੱਚ ਵਿੱਚਰਦੇ ਹਨ। ਪਰਮੇਸ਼ੁਰ ਨੇ ਅਕਾਸ਼ ਵਿੱਚ ਉੱਡਣ ਵਾਲੇ ਹਰ ਪ੍ਰਕਾਰ ਦੇ ਪੰਛੀਆਂ ਨੂੰ ਸਾਜਿਆ। ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਸੀ।

22 ਪਰਮੇਸ਼ੁਰ ਨੇ ਇਨ੍ਹਾਂ ਜਾਨਵਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨ ਅਤੇ ਸਮੁੰਦਰ ਨੂੰ ਭਰ ਦੇਣ ਲਈ ਆਖਿਆ ਅਤੇ ਪਰਮੇਸ਼ੁਰ ਨੇ ਧਰਤੀ ਉਤਲੇ ਪੰਛੀਆਂ ਨੂੰ ਹੋਰ ਅਨੇਕਾਂ ਪੰਛੀ ਪੈਦਾ ਕਰਨ ਲਈ ਆਖਿਆ।

23 ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਪੰਜਵਾਂ ਦਿਨ ਸੀ।

ਛੇਵਾਂ ਦਿਨ-ਧਰਤੀ ਉਤਲੇ ਜਾਨਵਰ ਅਤੇ ਲੋਕ

24 ਫ਼ੇਰ ਪਰਮੇਸ਼ੁਰ ਨੇ ਆਖਿਆ, “ਧਰਤੀ ਹਰ ਪ੍ਰਕਾਰ ਦੇ ਜੀਵਿਤ ਪ੍ਰਾਣੀਆਂ ਨੂੰ ਪੈਦਾ ਕਰੇ। ਇੱਥੇ ਹਰ ਪ੍ਰਕਾਰ ਦੇ ਪਾਲਤੂ ਅਤੇ ਰੀਂਗਣ ਵਾਲੇ ਜਾਨਵਰ ਅਤੇ ਜੰਗਲੀ ਜਾਨਵਰ ਹੋਣ।” ਇਹੀ ਕੁਝ ਵਾਪਰਿਆ।

25 ਇਸ ਤਰ੍ਹਾਂ, ਪਰਮੇਸ਼ੁਰ ਨੇ ਹਰ ਤਰ੍ਹਾਂ ਦੇ ਜੰਗਲੀ ਜਾਨਵਰ, ਹਰ ਪ੍ਰਕਾਰ ਦੇ ਪਾਲਤੂ ਜਾਨਵਰ ਅਤੇ ਧਰਤੀ ਉੱਤੇ ਰੀਂਗਣ ਵਾਲੇ ਹਰ ਪ੍ਰਕਾਰ ਦੇ ਜਾਨਵਰਾਂ ਦੀ ਸਾਜਣਾ ਕੀਤੀ। ਪਰਮੇਸ਼ੁਰ ਨੇ ਵੇਖਿਆ ਇਹ ਚੰਗਾ ਸੀ।

26 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਓ ਹੁਣ ਆਦਮੀ ਦੀ ਸਾਜਣਾ ਕਰੀਏ। ਅਸੀਂ ਲੋਕਾਂ ਨੂੰ ਆਪਣੀ ਨਕਲ ਦੇ ਰੂਪ ਵਿੱਚ ਸਾਜਾਂਗੇ। ਲੋਕ ਸਾਡੇ ਵਰਗੇ ਹੋਣਗੇ। ਉਹ ਸਮੁੰਦਰ ਦੇ ਸਾਰੇ ਜੀਵਾਂ ਅਤੇ ਹਵਾ ਦੇ ਸਾਰੇ ਪੰਛੀਆਂ ਉੱਤੇ ਰਾਜ ਕਰਨਗੇ। ਉਹ ਸਾਰੇ ਵੱਡੇ ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੇ ਸਾਰੇ ਛੋਟੇ ਜੀਵਾਂ ਉੱਤੇ ਰਾਜ ਕਰਨਗੇ।”

27 ਇਸ ਲਈ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਅਕਸ ਵਿੱਚ ਸਾਜਿਆ। ਉਸ ਨੇ ਉਸ ਨੂੰ ਆਪਣੇ ਖੁਦ ਦੇ ਚਰਿਤ੍ਰ ਮੁਤਾਬਿਕ ਸਾਜਿਆ। ਉਸ ਨੇ ਉਨ੍ਹਾਂ ਨੂੰ ਨਰ ਅਤੇ ਨਾਰੀ ਦੇ ਰੂਪ ਵਿੱਚ ਸਾਜਿਆ। 28 ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧਿਕਾਰ ਵਿੱਚ ਲੈ ਲਵੋ। ਸਮੁੰਦਰੀ ਜੀਵਾਂ ਅਤੇ ਹਵਾਈ ਪੰਛੀਆਂ ਉੱਤੇ ਰਾਜ ਕਰੋ। ਧਰਤੀ ਉੱਤੇ ਤੁਰਨ ਫ਼ਿਰਨ ਵਾਲੀ ਹਰ ਸ਼ੈਅ ਉੱਤੇ ਰਾਜ ਕਰੋ।”

29 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਨੂੰ ਅਨਾਜ ਪੈਦਾ ਕਰਨ ਵਾਲੇ ਸਮੂਹ ਪੌਦੇ ਅਤੇ ਸਮੂਹ ਫ਼ਲਦਾਰ ਰੁੱਖ ਦੇ ਰਿਹਾ ਹਾਂ। ਉਹ ਰੁੱਖ ਬੀਜਾਂ ਵਾਲੇ ਫ਼ਲ ਪੈਦਾ ਕਰਦੇ ਹਨ। ਇਹ ਅਨਾਜ ਅਤੇ ਫ਼ਲ ਤੁਹਾਡਾ ਭੋਜਨ ਹੋਣਗੇ। 30 ਅਤੇ ਮੈਂ ਸਮੂਹ ਹਰੇ ਪੌਦੇ ਜਾਨਵਰਾਂ ਨੂੰ ਦੇ ਰਿਹਾ ਹਾਂ। ਉਹ ਹਰੇ ਪੌਦੇ ਉਨ੍ਹਾਂ ਦਾ ਭੋਜਨ ਹੋਣਗੇ। ਧਰਤੀ ਉਤਲਾ ਹਰ ਜਾਨਵਰ, ਹਵਾ ਵਿੱਚਲਾ ਹਰ ਪੰਛੀ, ਅਤੇ ਉਹ ਸਾਰੇ ਛੋਟੇ ਜੀਵ ਜਿਹੜੇ ਧਰਤੀ ਉੱਤੇ ਰੀਂਗਦੇ ਹਨ, ਉਸ ਭੋਜਨ ਨੂੰ ਖਾਣਗੇ।” ਅਤੇ ਇਹ ਸਾਰੀਂਆਂ ਗੱਲਾ ਵਾਪਰ ਗਈਆਂ।

31 ਪਰਮੇਸ਼ੁਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਵੱਲ ਤੱਕਿਆ ਜੋ ਉਸ ਨੇ ਸਾਜੀਆਂ ਸਨ ਅਤੇ ਉਸ ਨੇ ਵੇਖਿਆ ਕਿ ਸਭ ਕੁਝ ਬਹੁਤ ਚੰਗਾ ਸੀ।

ਸ਼ਾਮ ਹੋ ਗਈ ਅਤੇ ਫ਼ੇਰ ਸਵੇਰ ਹੋਈ। ਇਹ ਛੇਵਾਂ ਦਿਨ ਸੀ।

ਸੱਤਵਾਂ ਦਿਨ-ਅਰਾਮ

ਇਸ ਤਰ੍ਹਾਂ ਧਰਤੀ ਅਕਾਸ਼ ਅਤੇ ਉਨ੍ਹਾਂ ਵਿੱਚਲੀ ਹਰ ਸ਼ੈਅ ਦੀ ਸਾਜਨਾ ਸੰਪੂਰਨ ਹੋ ਗਈ। ਪਰਮੇਸ਼ੁਰ ਨੇ ਆਪਣਾ ਕੰਮ, ਜੋ ਉਹ ਕਰ ਰਿਹਾ ਸੀ ਖ਼ਤਮ ਕਰ ਲਿਆ। ਇਸ ਲਈ ਪਰਮੇਸ਼ੁਰ ਨੇ ਸੱਤਵੇਂ ਦਿਨ ਅਰਾਮ ਕੀਤਾ। ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਇਸ ਨੂੰ ਪਵਿੱਤਰ ਦਿਨ ਬਣਾਇਆ, ਕਿਉਂਕਿ ਉਸ ਨੇ ਉਨ੍ਹਾਂ ਸਾਰੇ ਕੰਮਾਂ ਤੋਂ ਅਰਾਮ ਲਿਆ ਜੋ ਉਹ ਸੰਸਾਰ ਦੀ ਸਾਜਨਾ ਕਰਨ ਵੇਲੇ ਕਰ ਰਿਹਾ ਸੀ।

ਮਨੁੱਖ਼ਤਾ ਦੀ ਸ਼ੁਰੂਆਤ

ਇਹ ਅਕਾਸ਼ ਅਤੇ ਧਰਤੀ ਦਾ ਇਤਿਹਾਸ ਹੈ। ਇਹ ਉਨ੍ਹਾਂ ਗੱਲਾਂ ਦੀ ਕਹਾਣੀ ਹੈ ਜਿਹੜ੍ਹ੍ਹੀਆਂ ਪਰਮੇਸ਼ੁਰ ਦੇ ਧਰਤੀ ਅਤੇ ਅਕਾਸ਼ ਬਨਾਉਣ ਵੇਲੇ ਵਾਪਰੀਆਂ।

ਰੋਮੀਆਂ ਨੂੰ 2:17-29

ਯਹੂਦੀ ਅਤੇ ਸ਼ਰ੍ਹਾ

17 ਤੁਹਾਡਾ ਕੀ ਬਣੇਗਾ? ਤੁਸੀਂ ਆਖਦੇ ਹੋ ਕਿ ਤੁਸੀਂ ਯਹੂਦੀ ਹੋ। ਤੁਸੀਂ ਸ਼ਰ੍ਹਾ ਵਿੱਚ ਯਕੀਨ ਰੱਖਦੇ ਹੋ ਅਤੇ ਸ਼ੇਖੀ ਮਾਰਦੇ ਹੋ ਕਿ ਤੁਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਥੋਂ ਕੀ ਕਰਾਉਣਾ ਚਾਹੁੰਦਾ ਹੈ, ਅਤੇ ਤੁਸੀਂ ਜਾਣਦੇ ਹੋ ਕਿ ਕਿਹੜੀਆਂ ਗੱਲਾਂ ਮਹਤਵਪੂਰਣ ਹਨ ਕਿਉਂਕਿ ਤੁਹਾਡੇ ਕੋਲ ਸ਼ਰ੍ਹਾ ਦੀ ਅਗਵਾਈ ਹੈ। 19 ਤੁਸੀਂ ਸੋਚਦੇ ਹੋ ਕਿ ਤੁਸੀਂ ਉਨ੍ਹਾਂ ਲਈ ਮਾਰਗ ਦਰਸ਼ਕ ਹੋ, ਜਿਹੜੇ ਅੰਨ੍ਹੇ ਹਨ, ਅਤੇ ਉਨ੍ਹਾਂ ਲਈ ਰੌਸ਼ਨੀ ਹੋ, ਜਿਹੜੇ ਹਨੇਰੇ ਵਿੱਚ ਹਨ। 20 ਤੁਸੀਂ ਸੋਚਦੇ ਹੋ ਕਿ ਤੁਸੀਂ ਮੂਰੱਖਾਂ ਨੂੰ ਕੀ ਠੀਕ ਹੈ ਦੀ ਪਛਾਣ ਕਰਵਾ ਸੱਕਦੇ ਹੋ। ਅਤੇ ਇਹ ਵੀ ਸੋਚਦੇ ਹੋ ਤੁਸੀਂ ਨਵੇਂ ਵਿਦਿਆਰਥੀਆਂ ਲਈ ਅਧਿਆਪਕ ਹੋ। ਤੁਹਾਡੇ ਕੋਲ ਸ਼ਰ੍ਹਾ ਹੈ, ਇਸ ਲਈ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਸਭ ਕੁਝ ਜਾਣਦੇ ਹੋ ਅਤੇ ਤੁਹਾਡੇ ਕੋਲ ਸਾਰੇ ਸੱਚ ਹਨ। 21 ਤਾਂ ਤੁਸੀਂ ਜੋ ਦੂਜਿਆਂ ਨੂੰ ਉਪਦੇਸ਼ ਦਿੰਦੇ ਹੋ, ਤੁਸੀਂ ਆਪਣੇ-ਆਪ ਨੂੰ ਕਿਉਂ ਨਹੀਂ ਸਿੱਖਾਉਂਦੇ? ਤੁਸੀਂ ਜੋ ਦੂਜਿਆਂ ਨੂੰ ਚੋਰੀ ਨਾ ਕਰਨ ਵਾਸਤੇ ਆਖਦੇ ਹੋ ਕੀ ਤੁਸੀਂ ਚੋਰੀ ਨਹੀਂ ਕਰਦੇ ਹੋ? 22 ਤੁਸੀਂ ਜੋ ਦੂਜਿਆਂ ਨੂੰ ਆਖਦੇ ਹੋ ਬਦਕਾਰੀ ਦਾ ਪਾਪ ਨਾ ਕਰੋ, ਕੀ ਤੁਸੀਂ ਨਹੀਂ ਕਰਦੇ? ਤੁਸੀਂ ਮੂਰਤੀਆਂ, ਨੂੰ ਘਿਰਣਾ ਕਰਦੇ ਹੋ ਪਰ ਮੰਦਰਾਂ ਵਿੱਚੋਂ ਚੁਰਾਉਂਦੇ ਹੋ। 23 ਤੁਸੀਂ ਪਰਮੇਸ਼ੁਰ ਦੀ ਸ਼ਰ੍ਹਾ ਬਾਰੇ ਸ਼ੇਖੀ ਮਾਰਦੇ ਹੋ ਪਰ ਤੁਸੀਂ ਪਰਮੇਸ਼ੁਰ ਦਾ ਨੇਮ ਤੋੜਦੇ ਹੋ ਅਤੇ ਪਰਮੇਸ਼ੁਰ ਨੂੰ ਸ਼ਰਮਸਾਰੀ ਲਿਆਉਂਦੇ ਹੋ। 24 ਇਹ ਪੋਥੀਆਂ ਵਿੱਚ ਲਿਖਿਆ ਗਿਆ ਹੈ, “ਤੁਹਾਡੇ ਕਾਰਣ ਗੈਰ-ਯਹੂਦੀ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਦੇ ਹਨ।” [a]

25 ਜੇਕਰ ਤੁਸੀਂ ਸ਼ਰ੍ਹਾ ਦਾ ਅਨੁਸਰਣ ਕਰਦੇ ਹੋ ਤਾਂ ਤੁਹਾਡੀ ਸੁੰਨਤ ਦਾ ਅਰਥ ਹੈ। ਪਰ ਜੇਕਰ ਤੁਸੀਂ ਸ਼ਰ੍ਹਾ ਤੋੜਦੇ ਹੋ, ਤਾਂ ਤੁਸੀਂ ਅਸੁੰਨਤੀਆਂ ਵਾਂਗ ਸਮਝੇ ਜਾਵੋਂਗੇ। 26 ਭਾਵੇਂ ਗੈਰ-ਯਹੂਦੀਆਂ ਦੀ ਸੁੰਨਤ ਨਹੀਂ ਹੋਈ, ਪਰ ਜੇਕਰ ਉਹ ਸ਼ਰ੍ਹਾ ਮੁਤਾਬਕ ਜਿਉਣ, ਉਨ੍ਹਾਂ ਨੂੰ ਇਵੇਂ ਸਮਝਾਇਆ ਜਾਏਗਾ ਜਿਵੇਂ ਉਨ੍ਹਾਂ ਦੀ ਸੁੰਨਤ ਹੋਈ ਹੋਵੇ। 27 ਤੁਸਾਂ ਯਹੂਦੀਆਂ ਕੋਲ ਲਿਖੀ ਹੋਈ ਸ਼ਰ੍ਹਾ ਹੈ, ਅਤੇ ਤੁਹਾਡੀ ਸੁੰਨਤ ਹੋਈ ਵੀ ਹੈ, ਪਰ ਤੁਸੀਂ ਸ਼ਰ੍ਹਾ ਨੂੰ ਤੋੜਦੇ ਹੋ। ਸੋ ਜਿਹੜੇ ਲੋਕਾਂ ਦੀ ਸੁੰਨਤ ਉਨ੍ਹਾਂ ਦੇ ਸਰੀਰ ਵਿੱਚ ਨਹੀਂ ਹੋਈ ਪਰ ਹਾਲੇ ਵੀ ਸ਼ਰ੍ਹਾ ਨੂੰ ਮੰਨਦੇ ਹਨ, ਸਾਬਤ ਕਰੇਗਾ ਕਿ ਤੁਸੀਂ ਦੋਸ਼ੀ ਹੋ।

28 ਉਹ ਮਨੁੱਖ ਸੱਚਾ ਯਹੂਦੀ ਨਹੀਂ ਹੈ, ਜੇਕਰ ਉਹ ਸਿਰਫ਼ ਆਪਣੇ ਸਰੀਰ ਵਜੋਂ ਯਹੂਦੀ ਹੈ। ਸੱਚੀ ਸੁੰਨਤ ਸਰੀਰ ਤੇ ਨਿਸ਼ਾਨ ਹੋਣਾ ਨਹੀਂ ਹੈ। 29 ਪਰ ਸੱਚਾ ਯਹੂਦੀ ਉਹੀ ਹੈ ਜਿਸਦਾ ਦਿਲ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਹੈ। ਸੱਚੀ ਸੁੰਨਤ ਆਤਮਾ ਦੁਆਰਾ ਦਿਲ ਵਿੱਚ ਹੁੰਦੀ ਹੈ ਅਤੇ ਨਾ ਕਿ ਲਿਖੀ ਹੋਈ ਸ਼ਰ੍ਹਾ ਦੁਆਰਾ। ਉਹ ਵਿਅਕਤੀ ਜਿਸਦੀ ਸੁੰਨਤ ਆਤਮਾ ਦੁਆਰਾ ਉਸ ਦੇ ਦਿਲ ਵਿੱਚ ਹੋਈ ਹੈ ਪਰਮੇਸ਼ੁਰ ਵੱਲੋਂ ਉਸਤਤਿ ਪ੍ਰਾਪਤ ਕਰਦਾ ਹੈ ਅਤੇ ਨਾ ਕਿ ਲੋਕਾਂ ਵੱਲੋਂ।

Punjabi Bible: Easy-to-Read Version (ERV-PA)

2010 by World Bible Translation Center