Revised Common Lectionary (Complementary)
ਦਾਊਦ ਦਾ ਉਸ ਵੇਲੇ ਦਾ ਇੱਕ ਗੀਤ ਜਦੋਂ ਉਹ ਯਹੂਦਾਹ ਦੇ ਮਾਰੂਥਲ ਵਿੱਚ ਸੀ।
63 ਹੇ ਪਰਮੇਸ਼ੁਰ, ਤੁਸੀਂ ਮੇਰੇ ਪਰਮੇਸ਼ੁਰ ਹੋ।
ਮੈਂ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।
ਮੇਰੀ ਰੂਹ ਅਤੇ ਮੇਰਾ ਸ਼ਰੀਰ ਤੁਹਾਡੇ ਪਿਆਸੇ ਹਨ,
ਜਿਵੇਂ ਬੰਜਰ ਜ਼ਮੀਨ ਪਾਣੀ ਤੋਂ ਬਿਨਾ ਹੁੰਦੀ ਹੈ।
2 ਹਾਂ, ਮੈਂ ਤੁਹਾਨੂੰ ਤੁਹਾਡੇ ਮੰਦਰ ਵਿੱਚ ਵੇਖਿਆ ਹੈ।
ਤੁਹਾਡੀ ਸ਼ਾਨ ਅਤੇ ਸ਼ਕਤੀ ਦੇਖੀ ਹੈ।
3 ਤੁਹਾਡਾ ਪਿਆਰ ਜ਼ਿੰਦਗੀ ਨਾਲੋਂ ਬਿਹਤਰ ਹੈ।
ਮੇਰੇ ਬੁਲ੍ਹ ਤੁਹਾਡੀ ਉਸਤਤਿ ਕਰਦੇ ਹਨ।
4 ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੀ ਉਸਤਤਿ ਕਰਾਂਗਾ।
ਤੁਹਾਡੇ ਨਾਮ ਤੇ ਹੀ, ਮੈਂ ਪ੍ਰਾਰਥਨਾ ਲਈ ਆਪਣੇ ਹੱਥ ਚੁੱਕਦਾ ਹਾਂ।
5 ਮੈਂ ਇੰਝ ਸੰਤੁਸ਼ਟ ਹੋ ਜਾਵਾਂਗਾ ਜਿਵੇਂ ਸਭ ਤੋਂ ਵੱਧੀਆ ਭੋਜਨ ਕੀਤਾ ਹੋਵੇ।
ਅਤੇ ਖੁਸ਼ੀ ਭਰੇ ਬੁਲ੍ਹਾਂ ਨਾਲ ਮੇਰਾ ਮੁੱਖ ਤੁਹਾਡੀ ਉਸਤਤਿ ਕਰੇਗਾ।
6 ਮੈਂ ਆਪਣੇ ਪਲੰਘ ਉੱਤੇ ਲੇਟਿਆ ਹੋਇਆ ਤੁਹਾਨੂੰ ਯਾਦ ਕਰਾਂਗਾ।
ਮੈਂ ਤੁਹਾਨੂੰ ਅੱਧੀ ਰਾਤ ਵੇਲੇ ਯਾਦ ਕਰਾਂਗਾ।
7 ਸੱਚਮੁੱਚ ਤੁਸੀਂ ਮੇਰੀ ਸਹਾਇਤਾ ਕੀਤੀ।
ਮੈਂ ਖੁਸ਼ ਹਾ ਕਿ ਤੁਸੀਂ ਮੇਰੀ ਰੱਖਿਆ ਕੀਤੀ ਹੈ।
8 ਮੇਰੀ ਰੂਹ ਤੁਹਾਡੇ ਨਾਲ ਚੁੰਬੜੀ ਹੈ
ਅਤੇ ਤੁਸੀਂ ਮੇਰਾ ਹੱਥ ਫ਼ੜਿਆ ਹੋਇਆ ਹੈ।
9 ਕੁਝ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ,
ਪਰ ਉਹ ਤਬਾਹ ਹੋ ਜਾਣਗੇ ਉਹ ਆਪਣੀ ਕਬਰਾਂ ਵਿੱਚ ਡੂੰਘੇ ਜਾਣਗੇ।
10 ਉਹ ਤਲਵਾਰਾਂ ਨਾਲ ਮਾਰੇ ਜਾਣਗੇ।
ਅਵਾਰਾ ਕੁੱਤੇ ਉਨ੍ਹਾਂ ਦੇ ਮੁਰਦਾ ਸਰੀਰਾਂ ਨੂੰ ਖਾਣਗੇ।
11 ਪਰ ਰਾਜਾ ਆਪਣੇ ਪਰਮੇਸ਼ੁਰ ਨਾਲ ਖੁਸ਼ ਹੋਵੇਗਾ।
ਅਤੇ ਜਿਨ੍ਹਾਂ ਲੋਕਾਂ ਨੇ ਉਸਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ ਸੀ ਪਰਮੇਸ਼ੁਰ ਦੀ ਉਸਤਤਿ ਕਰਨਗੇ।
ਕਿਉਂਕਿ, ਉਸ ਨੇ ਉਨ੍ਹਾਂ ਸਾਰੇ ਝੂਠਿਆਂ ਨੂੰ ਹਰਾ ਦਿੱਤਾ ਹੈ।
ਟਿੱਡੀਦਲ ਨਾਲ ਫ਼ਸਲਾਂ ਦਾ ਨਾਸ
1 ਪਬੂਏਲ ਦੇ ਪੁੱਤਰ ਯੋਏਲ ਨੂੰ ਯਹੋਵਾਹ ਵੱਲੋਂ ਇਹ ਸੰਦੇਸ ਮਿਲਿਆ:
2 ਆਗੂਓ! ਇਹ ਬਾਣੀ ਸੁਣੋ!
ਦੇਸ ਦੇ ਸਾਰੇ ਆਗੂਓ!
ਮੇਰੀ ਗੱਲ ਸੁਣੋ! ਕੀ ਅਜਿਹਾ ਕਦੇ ਤੁਹਾਡੇ ਜੀਵਨ ਵਿੱਚ ਪਹਿਲਾਂ ਵਾਪਰਿਆ ਹੈ?
ਨਹੀਂ! ਕੀ ਤੁਹਾਡੇ ਪੁਰਖਿਆਂ ਵੇਲੇ ਕਦੇ ਇਉਂ ਹੋਇਆ? ਨਹੀਂ!
3 ਇਸ ਬਾਰੇ ਤੁਸੀਂ ਆਪਣੇ ਪੁੱਤਰਾਂ ਨੂੰ
ਤੇ ਉਹ ਆਪਣੇ ਬੱਚਿਆਂ ਨੂੰ ਦੱਸਣਗੇ
ਅਤੇ ਤੁਹਾਡੇ ਪੋਤਰੇ ਅੱਗੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਗੱਲਾਂ ਦੱਸਣਗੇ।
4 ਜੋ ਟਿੱਡੀ ਦਲ ਤੋਂ ਬੱਚਿਆਂ
ਉਸ ਨੂੰ ਸਲਾ ਖਾ ਗਈ
ਅਤੇ ਜੋ ਸਲਾ ਤੋਂ ਬੱਚਿਆਂ
ਉਸ ਨੂੰ ਟੱਪਣੀ ਟਿੱਡੀ ਖਾ ਗਈ
ਅਤੇ ਜੋ ਉਸਦੀ ਮਾਰ ਤੋਂ ਬੱਚਿਆਂ
ਉਸ ਨੂੰ ਨਾਸ਼ਮਾਨ ਟਿੱਡੀ ਖਾ ਗਈ।
ਟਿੱਡੀਦਲ ਦਾ ਆਉਣਾ
5 ਤੁਸੀਂ ਲੋਕੀਂ ਜੋ ਸ਼ਰਾਬੀ ਹੋ, ਉੱਠੋ ਅਤੇ ਰੋਵੋ!
ਤੁਸੀਂ ਸਾਰੇ ਜੋ ਪੀਂਦੇ ਹੋ, ਰੋਵੋ।
ਕਿਉਂ ਕਿ ਤੁਹਾਡੀ ਮਿੱਠੀ ਮੈਅ ਖਤਮ ਹੋ ਚੁੱਕੀ ਹੈ
ਹੁਣ ਤਹਾਨੂੰ ਉਸ ਮੈਅਦਾ ਸੁਆਦ ਨਹੀਂ ਮਿਲੇਗਾ।
6 ਇੱਕ ਤਕੜੀ ਕੌਮ ਨੇ ਅਣਗਿਣਤ ਸਿਪਾਹੀਆਂ
ਨਾਲ ਮੇਰੇ ਦੇਸ ਉੱਤੇ ਹਮਲਾ ਕਰ ਦਿੱਤਾ ਹੈ।
ਉਨ੍ਹਾਂ ਦੇ ਦੰਦ ਸ਼ੇਰ ਦੇ ਦੰਦਾਂ ਜਿੰਨੇ ਤਿੱਖੇ ਹਨ
ਅਤੇ ਜਬਾੜੇ ਸ਼ੇਰਨੀ ਦੇ ਜਬਾੜੇ ਜਿੰਨਾ ਮਜ਼ਬੂਤ ਹੈ।
7 ਉਨ੍ਹਾਂ ਨੇ ਮੇਰੀ ਅੰਗੂਰੀ ਵੇਲ ਨੂੰ ਤਬਾਹ ਕਰ ਦਿੱਤਾ
ਅਤੇ ਮੇਰੇ ਅੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿੱਤਾ ਹੈ।
ਉਨ੍ਹਾਂ ਨੇ ਅੰਜ਼ੀਰ ਦੇ ਰੁੱਖਾਂ ਦੇ ਸਾਰੇ
ਛਿੱਲੜ ਛਿਲ ਕੇ ਸੁੱਟ ਦਿੱਤੇ ਹਨ।
ਲੋਕਾਂ ਦੇ ਵੈਣ
8 ਉਸ ਡੋਲੇ ਪੈਣ ਵਾਲੀ ਕੁਆਰੀ ਕੁੜੀ ਵਾਂਗ
ਤੂੰ ਰੋ ਜਿਸਦਾ ਹੋਣ ਵਾਲਾ ਪਤੀ ਮਾਰਿਆ ਗਿਆ ਹੋਵੇ।
9 ਯਹੋਵਾਹ ਦੇ ਸੇਵਕ, ਜਾਜਕ ਰੋਦੇ ਹਨ
ਕਿਉਂ ਕਿ ਯਹੋਵਾਹ ਦੇ ਮੰਦਰ ਵਿੱਚ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਨਹੀਂ ਰਹੇ।
10 ਸਾਰੇ ਖੇਤ ਉੱਜੜ ਗਏ ਹਨ
ਅਤੇ ਧਰਤੀ ਵੀ ਰੋ ਰਹੀ ਹੈ
ਕਿਉਂ ਕਿ ਫ਼ਸਲਾਂ ਨਸ਼ਟ ਹੋ ਗਈਆਂ ਹਨ।
ਨਵੀਂ ਮੈਅ ਮੁੱਕ ਚੁੱਕੀ ਹੈ
ਤੇ ਜੈਤੂਨ ਦਾ ਤੇਲ ਖਤਮ ਹੋ ਗਿਆ ਹੈ।
11 ਹੇ ਕਿਸਾਨੋ! ਦੁੱਖ ਮਨਾਓ!
ਅੰਗੂਰੀ ਬਾਗ਼ਾਂ ਦੇ ਕਿਸਾਨੋ ਜ਼ੋਰ-ਜ਼ੋਰ ਦੀ ਪਿੱਟੋ ਕਣਕ
ਅਤੇ ਜੌਁ ਲਈ ਰੋਵੋ
ਕਿਉਂ ਕਿ ਖੇਤਾਂ ਵਿੱਚ ਫ਼ਸਲ ਨਾਸ ਹੋ ਗਈ ਹੈ।
12 ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ
ਅੰਜੀਰ ਦੇ ਦ੍ਰੱਖਤ ਸੁੱਕ ਰਹੇ ਹਨ ਖੇਤ ਦੇ ਸਾਰੇ ਦ੍ਰੱਖਤ
ਅਨਾਰ, ਖਜੂਰ ਅਤੇ ਸੇਬ ਸੁੱਕ ਗਏ ਹਨ।
ਅਤੇ ਲੋਕਾਂ ਚੋ ਖੁਸ਼ੀ ਨਾਂ ਦੀ ਚੀਜ਼ ਮਰ ਗਈ ਹੈ।
13 ਹੇ ਜਾਜਕੋ, ਆਪਣੇ ਸੋਗੀ ਕੱਪੜੇ ਪਹਿਨ ਲਵੋ ਅਤੇ ਉੱਚੀ-ਉੱਚੀ ਰੋਵੋ।
ਤੁਸੀਂ ਜੋ ਜਗਵੇਦੀ ਦੀ ਸੇਵਾ ਕਰਦੇ ਹੋ, ਉੱਚੀ-ਉੱਚੀ ਰੋਵੋ,
ਮੇਰੇ ਪਰਮੇਸ਼ੁਰ ਦੇ ਸੇਵਕੋ, ਤੁਸੀਂ ਸੋਗੀ ਕੱਪੜਿਆਂ ਵਿੱਚ ਸੌਵੋਂਗੇ
ਕਿਉਂ ਕਿ ਪਰਮੇਸ਼ੁਰ ਦੇ ਮੰਦਰ ਵਿੱਚ ਚੜ੍ਹਾਉਣ ਲਈ ਅਨਾਜ ਅਤੇ ਪੀਣ ਦੀਆਂ ਭੇਟਾਵਾਂ ਹੋਰ ਨਹੀਂ ਰਹੀਆਂ।
ਟਿੱਡੀਦਲ ਦਾ ਭਿਆਨਕ ਨਾਸ
14 ਲੋਕਾਂ ਨੂੰ ਜਾਕੇ ਦੱਸੋ ਕਿ ਅੰਨ ਨਾ ਖਾਣ ਦਾ ਖਾਸ ਸਮਾਂ ਆਵੇਗਾ। ਲੋਕਾਂ ਨੂੰ ਵਿਸ਼ੇਸ਼ ਸਭਾ ਲਈ ਇੱਕਤਰ ਕਰੋ। ਜਿਹੜੇ ਵੀ ਆਗੂ ਅਤੇ ਮਨੁੱਖ ਇਸ ਧਰਤੀ ਤੇ ਰਹਿੰਦੇ ਹਨ, ਉਨ੍ਹਾਂ ਨੂੰ ਇਕੱਠਿਆਂ ਕਰੋ। ਉਨ੍ਹਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਇਕੱਠਾ ਕਰੋ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰੋ।
6 ਪਰ ਤਿਮੋਥਿਉਸ ਤੁਹਾਡੇ ਕੋਲੋਂ ਸਾਡੇ ਕੋਲ ਵਾਪਸ ਆ ਗਿਆ। ਉਹ ਸਾਡੇ ਲਈ ਤੁਹਾਡੇ ਵਿਸ਼ਵਾਸ ਅਤੇ ਪ੍ਰੇਮ ਬਾਰੇ ਖੁਸ਼ਖਬਰੀ ਲਿਆਇਆ। ਉਸ ਨੇ ਸਾਨੂੰ ਦੱਸਿਆ ਕਿ ਤੁਹਾਡੇ ਕੋਲ ਹਮੇਸ਼ਾ ਸਾਡੀਆਂ ਚੰਗੀਆਂ ਯਾਦਾਂ ਹਨ। ਉਸ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਸਾਨੂੰ ਫ਼ੇਰ ਮਿਲਣ ਦੀ ਬਹੁਤ ਚਾਹਨਾ ਹੈ। ਇਸੇ ਤਰ੍ਹਾਂ, ਸਾਨੂੰ ਵੀ ਤੁਹਾਨੂੰ ਮਿਲਣ ਦੀ ਬਹੁਤ ਚਾਹਨਾ ਹੈ। 7 ਇਸ ਲਈ ਭਰਾਵੋ ਅਤੇ ਭੈਣੋ, ਅਸੀਂ ਤੁਹਾਡੇ ਬਾਰੇ ਤੁਹਾਡੇ ਵਿਸ਼ਵਾਸ ਕਾਰਣ ਸੁਖੀ ਹਾਂ। ਅਸੀਂ ਤਕਲੀਫ਼ਾਂ ਅਤੇ ਪਰੇਸ਼ਾਨੀਆਂ ਨਾਲ ਘਿਰੇ ਹੋਈਏ ਪਰ ਅਸੀਂ ਹਾਲੇ ਵੀ ਸੁਖੀ ਹਾਂ। 8 ਜੇਕਰ ਤੁਸੀਂ ਦ੍ਰਿੜਤਾ ਨਾਲ ਪ੍ਰਭੂ ਵਿੱਚ ਖਲੋਤੇ ਹੋਂ, ਫ਼ੇਰ ਸਾਡਾ ਜੀਵਨ ਸੱਚਮੁੱਚ ਭਰਪੂਰ ਹੈ। 9 ਤੁਹਾਡੇ ਕਾਰਣ ਸਾਨੂੰ ਆਪਣੇ ਪਰਮੇਸ਼ੁਰ ਅੱਗੇ ਕਿੰਨੀ ਖੁਸ਼ੀ ਹੈ। ਇਸ ਲਈ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ। ਪਰ ਅਸੀਂ ਆਪਣੀ ਸਾਰੀ ਪ੍ਰਸੰਨਤਾ ਲਈ ਉਸਦਾ ਕਾਫ਼ੀ ਧੰਨਵਾਦ ਨਹੀਂ ਕਰ ਸੱਕਦੇ। 10 ਅਸੀਂ ਰਾਤ ਦਿਨ ਤੁਹਾਡੇ ਬਾਰੇ ਪ੍ਰਾਰਥਨਾ ਕਰਦੇ ਰਹਿੰਦੇ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਇੱਕ ਵਾਰ ਫ਼ੇਰ ਉੱਥੇ ਆ ਸੱਕੀਏ ਤੇ ਤੁਹਾਨੂੰ ਮਿਲ ਸੱਕੀਏ ਤੁਹਾਡੇ ਵਿਸ਼ਵਾਸ ਨੂੰ ਹੋਰ ਮਜਬੂਤ ਬਨਾਉਣ ਲਈ ਤੁਹਾਨੂੰ ਸਾਰੀਆਂ ਚੀਜ਼ਾਂ ਪ੍ਰਦਾਨ ਕਰ ਸੱਕੀਏ।
11 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ੁਰ ਤੇ ਪਿਤਾ ਸਾਡਾ ਪ੍ਰਭੂ ਯਿਸੂ ਮਸੀਹ ਤੁਹਾਡੇ ਕੋਲ ਆਉਣ ਲਈ ਸਾਡਾ ਰਾਹ ਬਣਾਵੇਗਾ। 12 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੁਹਾਡਾ ਪਿਆਰ ਵੱਧਾਵੇਗਾ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਤੁਹਾਡੇ ਪ੍ਰੇਮ ਨੂੰ ਇੱਕ ਦੂਸਰੇ ਲਈ ਅਤੇ ਸਾਰਿਆਂ ਲਈ ਹੋਰ ਛਲਕਾਵੇਗਾ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਸਭ ਲੋਕਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਅਸੀਂ ਤੁਹਾਨੂੰ ਕਰਦੇ ਹਾਂ। 13 ਅਸੀਂ ਇਹ ਪ੍ਰਾਰਥਨਾ ਇਸ ਲਈ ਕਰਦੇ ਹਾਂ ਤਾਂ ਜੋ ਤੁਹਾਡੇ ਹਿਰਦੇ ਮਜ਼ਬੂਤ ਬਣਾਏ ਜਾ ਸੱਕਣ। ਫ਼ੇਰ ਤੁਸੀਂ ਸਾਡੇ ਪਰਮੇਸ਼ੁਰ ਅਤੇ ਪਿਤਾ ਅੱਗੇ ਪਵਿੱਤਰ ਅਤੇ ਦੋਸ਼ ਰਹਿਤ ਹੋਵੋਂਗੇ ਜਦੋਂ ਸਾਡਾ ਪ੍ਰਭੂ ਯਿਸੂ ਆਪਣੇ ਸਾਰੇ ਪਵਿੱਤਰ ਲੋਕਾਂ ਨਾਲ ਆਵੇਗਾ।
2010 by World Bible Translation Center