Revised Common Lectionary (Complementary)
ਧੰਨਵਾਦ ਦਾ ਗੀਤ।
100 ਹੇ ਧਰਤੀ ਯਹੋਵਾਹ ਦੇ ਗੀਤ ਗਾ।
2 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ ਹੋ।
ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁੱਖ ਆ।
3 ਜਾਣ ਲਵੋ ਕਿ ਯਹੋਵਾਹ ਪਰਮੇਸ਼ੁਰ ਹੈ।
ਉਸ ਨੇ ਅਸਾਂ ਨੂੰ ਸਾਜਿਆ। ਅਸੀਂ ਉਸ ਦੇ ਲੋਕ ਹਾਂ,
ਅਸੀਂ ਉਸ ਦੀਆਂ ਭੇਡਾਂ ਹਾਂ।
4 ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ।
ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ।
ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ।
5 ਯਹੋਵਾਹ ਸ਼ੁਭ ਹੈ।
ਉਸਦਾ ਪਿਆਰ ਸਦੀਵੀ ਹੈ।
ਅਸੀਂ ਉਸ ਉੱਤੇ ਸਦਾ-ਸਦਾ ਲਈ ਉਸ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।
ਪਰਮੇਸ਼ੁਰ ਮੂਸਾ ਨੂੰ ਆਪਣੀ ਗੱਲ ਦੁਹਰਾਉਂਦਾ ਹੈ
28 ਮਿਸਰ ਦੀ ਧਰਤੀ ਉੱਤੇ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ। 29 ਉਸ ਨੇ ਆਖਿਆ, “ਮੈਂ ਯਹੋਵਾਹ ਹਾਂ। ਮਿਸਰ ਦੇ ਰਾਜੇ ਨੂੰ ਉਹ ਹਰ ਗੱਲ ਆਖੀ ਜੋ ਮੈਂ ਤੈਨੂੰ ਆਖਦਾ ਹਾਂ।”
30 ਪਰ ਮੂਸਾ ਨੇ ਜਵਾਬ ਦਿੱਤਾ, “ਮੈਂ ਬਿਨ ਅੜਕਿਆਂ ਨਹੀਂ ਬੋਲ ਸੱਕਦਾ। ਫ਼ਿਰਊਨ ਮੇਰੀ ਗੱਲ ਨੂੰ ਨਹੀਂ ਸੁਣੇਗਾ।”
7 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਦੇ ਰਾਜਦੂਤ ਵਰਗਾ ਬਣਾ ਦੇਵਾਂਗਾ। ਹਾਰੂਨ ਤੇਰਾ ਨਬੀ ਹੋਵੇਗਾ। 2 ਹਾਰੂਨ ਨੂੰ ਹਰ ਉਹ ਗੱਲ ਦੱਸੀ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ। ਫ਼ੇਰ ਉਹ ਰਾਜੇ ਨੂੰ ਉਹ ਗੱਲਾਂ ਆਖੇਗਾ ਜੋ ਮੈਂ ਆਖਾਂਗਾ। ਅਤੇ ਫ਼ਿਰਊਨ ਇਸਰਾਏਲ ਦੇ ਲੋਕਾਂ ਨੂੰ ਇਹ ਦੇਸ਼ ਛੱਡ ਦੇਣ ਦੀ ਇਜਾਜ਼ਤ ਦੇ ਦੇਵੇਗਾ। 3 ਪਰ ਮੈਂ ਫ਼ਿਰਊਨ ਨੂੰ ਜ਼ਿੱਦੀ ਬਣਾ ਦੇਵਾਂਗਾ ਜਿਹੜੀਆਂ ਗੱਲਾਂ ਤੂੰ ਆਖੇਂਗਾ ਉਹ ਉਨ੍ਹਾਂ ਨੂੰ ਨਹੀਂ ਮਂਨੇਗਾ। ਫ਼ੇਰ ਮੈਂ ਮਿਸਰ ਵਿੱਚ ਬਹੁਤ ਸਾਰੇ ਕਰਿਸ਼ਮੇ ਕਰਾਂਗਾ, ਇਹ ਸਾਬਤ ਕਰਨ ਲਈ ਕਿ ਮੈਂ ਕੌਣ ਹਾਂ। ਪਰ ਉਹ ਹਾਲੇ ਵੀ ਗੱਲ ਨਹੀਂ ਸੁਣੇਗਾ। 4 ਇਸ ਲਈ ਫ਼ੇਰ ਮੈਂ ਮਿਸਰ ਨੂੰ ਬਹੁਤ ਸਜ਼ਾ ਦੇਵਾਂਗਾ ਅਤੇ ਮੈਂ ਲੋਕਾਂ ਨੂੰ ਉਸ ਧਰਤੀ ਤੋਂ ਬਾਹਰ ਲੈ ਜਾਵਾਂਗਾ। 5 ਤਾਂ ਫ਼ੇਰ ਮਿਸਰ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਯਹੋਵਾਹ ਹਾਂ। ਮੈਂ ਉਨ੍ਹਾਂ ਦੇ ਖਿਲਾਫ਼ ਹੋਵਾਂਗਾ। ਅਤੇ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਫ਼ੇਰ ਮੈਂ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਬਾਹਰ ਲੈ ਜਾਵਾਂਗਾ।”
6 ਮੂਸਾ ਅਤੇ ਹਾਰੂਨ ਨੇ ਇਹ ਗੱਲਾਂ ਮੰਨ ਲਈਆਂ, ਜੋ ਯਹੋਵਾਹ ਨੇ ਉਨ੍ਹਾਂ ਨੂੰ ਆਖੀਆਂ ਸਨ। 7 ਮੂਸਾ ਉਸ ਵੇਲੇ 80 ਵਰ੍ਹਿਆਂ ਦਾ, ਅਤੇ ਹਾਰੂਨ 83 ਵਰ੍ਹਿਆਂ ਦਾ ਸੀ।
ਮੂਸਾ ਦੀ ਤੁਰਨ ਵਾਲੀ ਸੋਟੀ ਸੱਪ ਬਣ ਜਾਂਦੀ ਹੈ
8 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, 9 “ਫ਼ਿਰਊਨ ਤੁਹਾਡੇ ਪਾਸੋਂ ਤੁਹਾਡੀ ਸ਼ਕਤੀ ਦਾ ਸਬੂਤ ਮਂਗੇਗਾ। ਉਹ ਤੁਹਾਡੇ ਕੋਲੋਂ ਕਰਿਸ਼ਮੇ ਕਰਨ ਦੀ ਮੰਗ ਕਰੇਗਾ। ਹਾਰੂਨ ਨੂੰ ਆਖੀਂ ਕਿ ਉਹ ਆਪਣੀ ਸੋਟੀ ਧਰਤੀ ਤੇ ਸੁੱਟੇ। ਜਦੋਂ ਫ਼ਿਰਊਨ ਦੇਖ ਰਿਹਾ ਹੋਵੇਗਾ, ਸੋਟੀ ਸੱਪ ਬਣ ਜਾਵੇਗੀ।”
10 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਯਹੋਵਾਹ ਦਾ ਹੁਕਮ ਮੰਨਿਆ। ਹਾਰੂਨ ਨੇ ਆਪਣੀ ਸੋਟੀ ਧਰਤੀ ਤੇ ਸੁੱਟੀ। ਜਦੋਂ ਫ਼ਿਰਊਨ ਅਤੇ ਉਸ ਦੇ ਅਧਿਕਾਰੀ ਦੇਖ ਰਹੇ ਸਨ, ਸੋਟੀ ਸੱਪ ਬਣ ਗਈ।
11 ਇਸ ਲਈ ਰਾਜੇ ਨੇ ਆਪਣੇ ਸਿਆਣਿਆਂ ਅਤੇ ਜਾਦੂਗਰਾਂ ਨੂੰ ਬੁਲਾਇਆ। ਇਨ੍ਹਾਂ ਬੰਦਿਆਂ ਨੇ ਵੀ ਆਪਣੀਆਂ ਚੁਸਤੀਆਂ ਵਰਤੀਆਂ ਅਤੇ ਹਾਰੂਨ ਵਰਗੀ ਗੱਲ ਕਰਨ ਵਿੱਚ ਕਾਮਯਾਬ ਹੋ ਗਏ। 12 ਉਨ੍ਹਾਂ ਨੇ ਆਪਣੀਆਂ ਸੋਟੀਆਂ ਧਰਤੀ ਤੇ ਸੁੱਟੀਆਂ ਅਤੇ ਉਨ੍ਹਾਂ ਦੀਆਂ ਸੋਟੀਆਂ ਸੱਪ ਬਣ ਗਈਆਂ। ਪਰ ਫ਼ੇਰ ਹਾਰੂਨ ਦੀ ਸੋਟੀ ਨੇ ਉਨ੍ਹਾਂ ਦੀਆਂ ਸੋਟੀਆਂ ਖਾ ਲਈਆਂ। 13 ਫ਼ਿਰਊਨ ਨੇ ਹਾਲੇ ਵੀ ਲੋਕਾਂ ਨੂੰ ਚੱਲੇ ਜਾਣ ਨਾ ਦਿੱਤਾ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ ਕਿ ਵਾਪਰੇਗਾ। ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।
ਪਰਮੇਸ਼ੁਰ ਦੇ ਨੇਮ ਅਤੇ ਮਨੁੱਖਾਂ ਦੀਆਂ ਬਣਾਈਆਂ ਰੀਤਾਂ(A)
7 ਕੁਝ ਫ਼ਰੀਸੀ ਅਤੇ ਕਈ ਨੇਮ ਦੇ ਉਪਦੇਸ਼ਕ ਯਰੂਸ਼ਲਮ ਤੋਂ ਆਏ ਅਤੇ ਯਿਸੂ ਦੇ ਗਿਰਦ ਇਕੱਠੇ ਹੋ ਗਏ। 2 ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਵੇਖਿਆ ਕਿ ਯਿਸੂ ਦੇ ਕੁਝ ਚੇਲੇ ਅਣ-ਧੋਤੇ ਹੱਥਾਂ ਨਾਲ ਹੀ ਰੋਟੀ ਖਾਂਦੇ ਸਨ। 3 ਫ਼ਰੀਸੀ ਅਤੇ ਯਹੂਦੀ ਆਪਣੇ ਵਡੇਰਿਆਂ ਦੀ ਰੀਤ ਦੇ ਅਨੁਸਾਰ ਜਦੋਂ ਤੱਕ ਹੱਥਾਂ ਨੂੰ ਖਾਸ ਤਰ੍ਹਾਂ ਨਾ ਧੋ ਲੈਣ ਉਹ ਰੋਟੀ ਨਹੀਂ ਖਾਂਦੇ ਸਨ। 4 ਅਤੇ ਜੇਕਰ ਯਹੂਦੀ ਕੁਝ ਵੀ ਬਜਾਰੋਂ ਲਿਆਉਦੇ, ਉਹ ਉਦੋਂ ਤੱਕ ਨਹੀਂ ਖਾਂਦੇ ਸਨ ਜਦ ਤੱਕ ਉਹ ਉਨ੍ਹਾਂ ਨੂੰ ਰਸਮੀ ਤਰੀਕੇ ਨਾਲ ਨਾ ਧੋ ਲੈਣ। ਉਸੇ ਤਰ੍ਹਾਂ ਹੀ ਹੋਰ ਵੀ ਰੀਤਾਂ ਸਨ ਜੋ ਉਹ ਨਿਭਾਉਂਦੇ ਸਨ। ਉਦਾਹਰਣ ਲਈ, ਪਿਆਲੇ, ਘੜਿਆਂ ਅਤੇ ਹੋਰ ਬਰਤਨਾਂ ਨੂੰ ਧੋਣਾ।
5 ਤਦ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਸ ਨੂੰ ਪੁੱਛਿਆ, “ਜੋ ਰੀਤਾਂ ਸਾਡੇ ਵਡੇਰਿਆਂ ਨੇ ਸਾਨੂੰ ਦਿੱਤੀਆਂ ਹਨ ਤੇਰੇ ਚੇਲੇ ਉਨ੍ਹਾਂ ਦੀ ਪਾਲਣਾ ਕਿਉਂ ਨਹੀਂ ਕਰਦੇ? ਤੇਰੇ ਚੇਲੇ ਅਣ-ਧੋਤੇ ਹੱਥਾਂ ਨਾਲ ਰੋਟੀ ਕਿਉਂ ਖਾਂਦੇ ਹਨ?”
6 ਯਿਸੂ ਨੇ ਆਖਿਆ, “ਤੁਸੀਂ ਸਭ ਕਪਟੀ ਹੋ। ਤੁਹਾਡੇ ਬਾਰੇ ਯਸਾਯਾਹ ਨੇ ਠੀਕ ਅਗੰਮ ਵਾਕ ਕੀਤਾ। ਜਿਵੇਂ ਕਿ ਲਿਖਿਆ ਹੈ,
‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ।
7 ਉਨ੍ਹਾਂ ਦਾ ਮੱਥਾ ਟੇਕਣਾ ਮੇਰੇ ਕਿਸੇ ਕੰਮ ਦਾ ਨਹੀਂ।
ਉਹ ਸਿਰਫ਼ ਮਨੁੱਖਾਂ ਦੇ ਬਣਾਏ ਕਨੂੰਨਾਂ ਦੇ ਉਪਦੇਸ਼ ਕਿਉਂ ਦਿੰਦੇ ਹਨ।’ (B)
8 ਤੁਸੀਂ, ਲੋਕਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੀ ਖਾਤਿਰ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ।”
9 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਆਪਣੇ-ਆਪ ਨੂੰ ਬੜਾ ਹੁਸ਼ਿਆਰ ਸਮਝਦੇ ਹੋ! ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਟਾਲ ਦਿੰਦੇ ਹੋ ਅਤੇ ਆਪਣੇ ਹੀ ਉਪਦੇਸ਼ਾਂ ਨੂੰ ਮੰਨਦੇ ਹੋ! 10 ਮੂਸਾ ਨੇ ਆਖਿਆ, ‘ਤੈਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।’ [a] ਮੂਸਾ ਨੇ ਇਹ ਵੀ ਆਖਿਆ, ‘ਕੋਈ ਵੀ ਜੋ ਆਪਣੇ ਪਿਤਾ ਜਾਂ ਮਾਤਾ ਦੇ ਵਿਰੁੱਧ ਮੰਦਾ ਬੋਲਦਾ ਹੈ ਉਸ ਨੂੰ ਮਾਰਿਆ ਜਾਣਾ ਚਾਹੀਦਾ ਹੈ।’ [b] 11 ਪਰ ਤੁਸੀਂ ਦੱਸਦੇ ਹੋ ਕਿ ਇੱਕ ਆਦਮੀ ਆਪਣੇ ਮਾਤਾ-ਪਿਤਾ ਨੂੰ ਆਖਦਾ ਹੈ, ‘ਮੇਰੇ ਕੋਲ ਕੁਝ ਹੈ ਜੋ ਤੁਹਾਡੀ ਸਹਾਇਤਾ ਲਈ ਉਪਯੋਗੀ ਹੋ ਸੱਕਦਾ, ਪਰ ਮੈਂ ਇਸ ਨੂੰ ਪਰਮੇਸ਼ੁਰ ਦੀ ਭੇਂਟ ਲਈ ਇੱਕ ਪਾਸੇ ਸੰਭਾਲਿਆ ਹੋਇਆ ਹੈ।’ 12 ਤੁਸੀਂ ਉਸ ਮਨੁੱਖ ਨੂੰ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ। 13 ਇਸ ਲਈ ਤੁਸੀਂ ਪਰਮੇਸ਼ੁਰ ਦੇ ਬਚਨਾਂ ਨੂੰ ਆਪਣੇ ਦੁਆਰਾ ਲੋਕਾਂ ਨੂੰ ਅਨੁਸਰਣ ਕਰਨ ਲਈ ਦਿੱਤੇ ਹੋਏ ਰਿਵਾਜ਼ਾਂ ਨਾਲ ਰੱਦ ਕਰ ਦਿੰਦੇ ਹੋ ਅਤੇ ਇਸੇ ਤਰ੍ਹਾਂ ਤੁਸੀਂ ਹੋਰ ਵੀ ਬਥੇਰੇ ਕਾਰਜ ਕਰਦੇ ਹੋ।”
2010 by World Bible Translation Center