Revised Common Lectionary (Complementary)
ਨਿਰਦੇਸ਼ਕ ਲਈ : ਦਾਊਦ ਦਾ ਇੱਕ ਗੀਤ।
40 ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।
ਉਸ ਨੇ ਮੇਰੀਆਂ ਚੀਕਾਂ ਸੁਣੀਆਂ।
2 ਯਹੋਵਾਹ ਨੇ ਮੈਨੂੰ ਕਬਰ ਤੋਂ ਬਚਾ ਲਿਆ।
ਉਸ ਨੇ ਮੈਨੂੰ ਚਿੱਕੜ ਵਿੱਚੋਂ ਉਤਾਹਾਂ ਚੁੱਕਿਆ।
ਉਸ ਨੇ ਮੈਨੂੰ ਚੁੱਕਿਆ ਅਤੇ ਠੋਸ ਧਰਤੀ ਉੱਤੇ ਸਥਾਪਿਤ ਕੀਤਾ
ਅਤੇ ਮੇਰੇ ਪੈਰ ਨੂੰ ਤਿਲਕਣ ਤੋਂ ਬਚਾਇਆ।
3 ਪਰਮੇਸ਼ੁਰ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ।
ਮੇਰੇ ਪਰਮੇਸ਼ੁਰ ਦੀ ਉਸਤਤਿ ਦਾ ਗੀਤ।
ਬਹੁਤ ਸਾਰੇ ਲੋਕ ਗਵਾਹੀ ਦੇਣਗੇ ਕਿ ਮੇਰੇ ਨਾਲ ਕੀ ਵਾਪਰਿਆ ਅਤੇ ਉਹ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
ਉਨ੍ਹਾਂ ਨੂੰ ਯਹੋਵਾਹ ਵਿੱਚ ਭਰੋਸਾ ਹੋਵੇਗਾ।
4 ਜੇ ਕੋਈ ਵਿਅਕਤੀ ਯਹੋਵਾਹ ਵਿੱਚ ਆਪਣੀ ਆਸਥਾ ਰੱਖਦਾ ਹੈ, ਉਹ ਸੱਚਮੁੱਚ ਖੁਸ਼ ਹੋਵੇਗਾ।
ਉਹ ਵਿਅਕਤੀ ਸੱਚਮੁੱਚ ਖੁਸ਼ ਹੋਵੇਗਾ ਜੋ ਮਦਦ ਲਈ ਭੂਤਾਂ ਅਤੇ ਝੂਠੇ ਦੇਵਤਿਆਂ ਵੱਲ ਨਹੀਂ ਤੱਕਦਾ।
5 ਯਹੋਵਾਹ, ਸਾਡੇ ਪਰਮੇਸ਼ੁਰ ਤੁਸੀਂ ਬਹੁਤ ਅਦਭੁਤ ਗੱਲਾਂ ਕੀਤੀਆਂ ਹਨ।
ਸਾਡੇ ਲਈ ਤੁਹਾਡੀਆਂ ਅਦਭੁਤ ਯੋਜਨਾਵਾਂ ਹਨ।
ਜਿਨ੍ਹਾਂ ਸਾਰੀਆਂ ਦੀ ਕੋਈ ਵੀ ਗਿਣਤੀ ਨਹੀਂ ਕਰ ਸੱਕਦਾ।
ਮੈਂ ਇਨ੍ਹਾਂ ਗੱਲਾਂ ਬਾਰੇ ਬਾਰ-ਬਾਰ ਦੱਸਾਂਗਾ ਜਿਹੜੀਆਂ ਗਿਣਤੀ ਬਾਹਰੀਆਂ ਹਨ।
6 ਯਹੋਵਾਹ, ਤੁਸੀਂ ਮੈਨੂੰ ਇਹੀ ਸਮਝਾਇਆ;
ਅਸਲ ਵਿੱਚ, ਤੁਹਾਨੂੰ ਬਲੀਆਂ ਅਤੇ ਅੰਨ੍ਹ ਦੇ ਚੜ੍ਹਾਵੇ ਨਹੀਂ ਚਾਹੀਦੇ।
ਤੁਹਾਨੂੰ ਸੱਚਮੁੱਚ ਹੋਮ ਚੜ੍ਹਾਵੇ ਅਤੇ ਪਾਪ ਦੇ ਚੜ੍ਹਾਵੇ ਨਹੀਂ ਚਾਹੀਦੇ।
7 ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ।
ਮੈਨੂੰ ਲੈ ਜਾਉ। ਮੈਂ ਆ ਰਿਹਾ।
ਮੇਰੇ ਬਾਰੇ ਪੁਸਤਕ ਵਿੱਚ ਇਹ ਲਿਖਿਆ ਗਿਆ ਹੈ।
8 ਮੇਰੇ ਪਰਮੇਸ਼ੁਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਚਾਹੁੰਦੇ ਹੋ।
ਮੈਂ ਤੁਹਾਡੀਆਂ ਸਿੱਖਿਆਵਾਂ ਤੋਂ ਵਾਕਿਫ਼ ਹਾਂ।”
ਯਹੋਵਾਹ ਵੱਲ ਵਾਪਸੀ
14 ਹੇ ਇਸਰਾਏਲ! ਤੂੰ ਡਿੱਗਿਆ ਅਤੇ ਪਰਮੇਸ਼ੁਰ ਵਿਰੁੱਧ ਪਾਪ ਕੀਤੇ ਇਸ ਲਈ ਹੁਣ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਵਾਪਿਸ ਮੁੜ। 2 ਸੋਚੋ ਕਿ ਤੁਸੀਂ ਕੀ ਆਖੋਂਗੇ ਅਤੇ ਯਹੋਵਾਹ ਵੱਲ ਵਾਪਸ ਪਰਤੋਂ। ਉਸ ਨੂੰ ਆਖੋ,
“ਸਾਡੇ ਪਾਪਾਂ ਨੂੰ ਸਾਫ ਕਰ ਦੇ
ਅਤੇ ਸਾਡੇ ਚੰਗੇ ਬਚਨਾਂ ਨੂੰ ਕਬੂਲ।
ਅਸੀਂ ਆਪਣੇ ਬੁਲ੍ਹਾਂ ਨਾਲ ਤੇਰੀ ਉਸਤਤ ਕਰਾਂਗੇ।
3 ਅੱਸ਼ੂਰ ਸਾਨੂੰ ਨਹੀਂ ਬਚਾਵੇਗਾ
ਅਸੀਂ ਜੰਗੀ ਘੋੜਿਆਂ ਉੱਤੇ ਨਹੀਂ ਚੜ੍ਹਾਂਗੇ
ਅਤੇ ਅਸੀਂ ਮੁੜ ਆਪਣੇ ਰੱਥ ਨਾਲ ਸਿਰਜਿਆਂ ਨੂੰ
‘ਆਪਣੇ ਪਰਮੇਸ਼ੁਰ’ ਨਹੀਂ ਕਹਾਂਗੇ।
ਕਿਉਂ ਕਿ ਯਤੀਮਾਂ ਤੇ ਰਹਿਮ ਸਿਰਫ਼
ਤੂੰ ਹੀ ਕਰਦਾ ਹੈਂ।”
ਯਹੋਵਾਹ ਇਸਰਾਏਲ ਨੂੰ ਬਖਸ਼ ਦੇਵੇਗਾ
4 ਯਹੋਵਾਹ ਆਖਦਾ,
“ਉਹ ਮੈਨੂੰ ਛੱਡ ਕੇ ਚੱਲੇ ਗਏ,
ਪਰ ਮੈਂ ਉਨ੍ਹਾਂ ਨੂੰ ਮੁਆਫ਼ ਕਰ ਦਿਆਂਗਾ।
ਮੈਂ ਉਨ੍ਹਾਂ ਨੂੰ ਨਿਮਰਤਾ ਨਾਲ ਪਿਆਰ ਕਰਾਂਗਾ
ਕਿਉਂ ਜੋ ਮੈਂ ਉਨ੍ਹਾਂ ਤੇ ਕ੍ਰੋਧ ਛੱਡ ਦਿੱਤਾ ਹੈ।
5 ਮੈਂ ਇਸਰਾਏਲ ਲਈ ਤ੍ਰੇਲ ਵਾਂਗ ਆਵਾਂਗਾ
ਇਸਰਾਏਲ ਕੁਮੁਦਨੀ ਫ਼ੁੱਲ ਵਾਂਗ ਖਿਲੇਗਾ
ਅਤੇ ਉਹ ਲਬਾਨੋਨ ਦੇ ਦਿਉਦਾਰ ਦੇ ਦ੍ਰੱਖਤਾਂ ਵਾਂਗ ਉੱਗੇਗਾ।
6 ਉਸ ਦੀਆਂ ਸ਼ਾਖਾਵਾਂ ਵੱਧਣਗੀਆਂ
ਅਤੇ ਉਹ ਇੱਕ ਸੁੰਦਰ ਜੈਤੂਨ ਦੇ ਦ੍ਰੱਖਤ ਵਾਂਗ ਹੋਵੇਗਾ
ਅਤੇ ਲਬਾਨੋਨ ਦੇ ਦਿਉਦਾਰ ਦੇ
ਰੁੱਖਾਂ ਵਾਂਗ ਸੋਹਣੀ ਖੁਸ਼ਬੋ ਦੇਵੇਗਾ।
7 ਇਸਰਾਏਲ ਦੇ ਲੋਕ ਮੁੜ ਮੇਰੀ ਹਿਫ਼ਾਜ਼ਤ ਵਿੱਚ
ਜਿਉਣਗੇ ਉਹ ਦਾਣਿਆਂ ਵਾਂਗ ਉਗਣਗੇ
ਉਹ ਅੰਗੂਰੀ ਵੇਲ ਵਾਂਗ ਵੱਧਣਗੇ
ਅਤੇ ਲਬਾਨੋਨ ਦੀ ਮੈਅ ਵਾਂਗ ਹੋਣਗੇ।”
ਯਹੋਵਾਹ ਦਾ ਇਸਰਾਏਲ ਨੂੰ ਬੁੱਤਾਂ ਵੱਲੋਂ ਤਾੜਨਾ
8 “ਹੇ ਅਫ਼ਰਾਈਮ, ਮੇਰਾ ਬੁੱਤ ਨਾਲ ਕੋਈ ਲੈਣ-ਦੇਣ ਨਹੀਂ ਹੈ।
ਮੈਂ ਹੀ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹਾਂ
ਅਤੇ ਮੈਂ ਹੀ ਤੁਹਾਡੇ ਉੱਪਰ ਪਹਿਰਾ ਦਿੰਦਾ ਹਾਂ ਮੈਂ ਇੱਕ ਸਦਾਬਹਾਰ ਸਰੂ ਦੇ ਰੁੱਖ ਵਾਂਗ ਹਾਂ
ਮੈਥੋਂ ਹੀ ਤੁਹਾਨੂੰ ਫ਼ਲ ਪ੍ਰਾਪਤ ਹੁੰਦੇ ਹਨ।”
ਅਖੀਰੀ ਸਲਾਹ
9 ਇੱਕ ਸਿਆਣਾ ਵਿਅਕਤੀ ਇਹ ਗੱਲਾਂ ਸਮਝ ਸੱਕਦਾ ਹੈ
ਇੱਕ ਸਮਝਦਾਰ ਮਨੁੱਖ ਨੂੰ ਇਨ੍ਹਾਂ ਗੱਲਾਂ ਤੋਂ ਸਿੱਖਣਾ ਚਾਹੀਦਾ ਹੈ
ਯਹੋਵਾਹ ਦੇ ਰਾਹ ਧਰਮੀ ਹਨ
ਚੰਗੇ ਲੋਕ ਉਨ੍ਹਾਂ ਅਨੁਸਾਰ ਜਿਉਣਗੇ
ਅਤੇ ਪਾਪੀ ਉਨ੍ਹਾਂ ਦੁਆਰਾ ਮਰ ਜਾਣਗੇ।
ਕੁਝ ਯਹੂਦੀਆਂ ਵੱਲੋਂ ਯਿਸੂ ਦੀ ਨਿੰਦਿਆ(A)
12 ਉਸ ਵੇਲੇ, ਯਿਸੂ ਕਣਕ ਦੇ ਖੇਤਾਂ ਵਿੱਚੋਂ ਲੰਘ ਰਿਹਾ ਸੀ। ਉਸ ਦੇ ਚੇਲੇ ਉਸ ਦੇ ਨਾਲ ਸਨ ਅਤੇ ਉਹ ਭੁੱਖੇ ਸਨ ਇਸ ਲਈ ਉਨ੍ਹਾਂ ਨੇ ਸਿੱਟੇ ਤੋੜ-ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ। 2 ਫ਼ਰੀਸੀਆਂ ਨੇ ਇਹ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ! ਤੇਰੇ ਚੇਲੇ ਉਹ ਕਰ ਰਹੇ ਹਨ ਜੋ ਸਬਤ ਦੇ ਦਿਨ ਦੀ ਸ਼ਰ੍ਹਾ ਦੇ ਵਿਰੁੱਧ ਹੈ।”
3 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਭਲਾ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ? 4 ਦਾਊਦ ਪਰਮੇਸ਼ੁਰ ਦੇ ਘਰ ਗਿਆ, ਉਸ ਨੇ ਅਤੇ ਉਸ ਦੇ ਸਾਥੀਆਂ ਨੇ ਉੱਥੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਕਿ ਦਾਊਦ ਅਤੇ ਉਸ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ। ਸਿਰਫ਼ ਜਾਜਕਾਂ ਨੂੰ ਹੀ ਇਨ੍ਹਾਂ ਨੂੰ ਖਾਣ ਦੀ ਇਜਾਜ਼ਤ ਸੀ? 5 ਕੀ ਤੁਸੀਂ ਤੁਰੇਤ ਵਿੱਚ ਇਹ ਨਹੀਂ ਪੜ੍ਹਿਆ ਕਿ ਹਰ ਸਬਤ ਦੇ ਦਿਨ ਮੰਦਰ ਵਿੱਚ ਜਾਜਕ ਹੀ ਸਬਤ ਦੇ ਦਿਨ ਦੀ ਸ਼ਰ੍ਹਾ ਨੂੰ ਤੋੜਦੇ ਹਨ, ਅਤੇ ਹਾਲੇ ਵੀ ਉਹ ਦੋਸ਼ੀ ਨਹੀਂ ਹਨ? 6 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇੱਥੇ ਅਜਿਹਾ ਵੀ ਹੈ, ਜੋ ਮੰਦਰ ਨਾਲੋਂ ਵੀ ਮਹਾਨ ਹੈ। 7 ਪਵਿੱਤਰ ਪੁਸਤਕ ਵਿੱਚ ਕਿਹਾ ਗਿਆ ਹੈ, ‘ਮੈਂ ਜੀਵ ਬਲੀਦਾਨ ਨਹੀਂ ਚਾਹੁੰਦਾ ਸਗੋਂ ਮੈਂ ਦਯਾ ਚਾਹੁੰਦਾ ਹਾਂ।’ ਜੇਕਰ ਤੁਸੀਂ ਇਸਦਾ ਅਰਥ ਜਾਣਦੇ ਹੁੰਦੇ ਤਾਂ ਤੁਸੀਂ ਉਨ੍ਹਾਂ ਲੋਕਾਂ ਦਾ ਨਿਰਨਾ ਨਾ ਕਰਦੇ ਜਿਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।
8 “ਕਿਉਂ ਜੋ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”
2010 by World Bible Translation Center