Revised Common Lectionary (Complementary)
ਨਿਰਦੇਸ਼ਕ ਲਈ : ਦਾਊਦ ਦਾ ਇੱਕ ਗੀਤ।
40 ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।
ਉਸ ਨੇ ਮੇਰੀਆਂ ਚੀਕਾਂ ਸੁਣੀਆਂ।
2 ਯਹੋਵਾਹ ਨੇ ਮੈਨੂੰ ਕਬਰ ਤੋਂ ਬਚਾ ਲਿਆ।
ਉਸ ਨੇ ਮੈਨੂੰ ਚਿੱਕੜ ਵਿੱਚੋਂ ਉਤਾਹਾਂ ਚੁੱਕਿਆ।
ਉਸ ਨੇ ਮੈਨੂੰ ਚੁੱਕਿਆ ਅਤੇ ਠੋਸ ਧਰਤੀ ਉੱਤੇ ਸਥਾਪਿਤ ਕੀਤਾ
ਅਤੇ ਮੇਰੇ ਪੈਰ ਨੂੰ ਤਿਲਕਣ ਤੋਂ ਬਚਾਇਆ।
3 ਪਰਮੇਸ਼ੁਰ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ।
ਮੇਰੇ ਪਰਮੇਸ਼ੁਰ ਦੀ ਉਸਤਤਿ ਦਾ ਗੀਤ।
ਬਹੁਤ ਸਾਰੇ ਲੋਕ ਗਵਾਹੀ ਦੇਣਗੇ ਕਿ ਮੇਰੇ ਨਾਲ ਕੀ ਵਾਪਰਿਆ ਅਤੇ ਉਹ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
ਉਨ੍ਹਾਂ ਨੂੰ ਯਹੋਵਾਹ ਵਿੱਚ ਭਰੋਸਾ ਹੋਵੇਗਾ।
4 ਜੇ ਕੋਈ ਵਿਅਕਤੀ ਯਹੋਵਾਹ ਵਿੱਚ ਆਪਣੀ ਆਸਥਾ ਰੱਖਦਾ ਹੈ, ਉਹ ਸੱਚਮੁੱਚ ਖੁਸ਼ ਹੋਵੇਗਾ।
ਉਹ ਵਿਅਕਤੀ ਸੱਚਮੁੱਚ ਖੁਸ਼ ਹੋਵੇਗਾ ਜੋ ਮਦਦ ਲਈ ਭੂਤਾਂ ਅਤੇ ਝੂਠੇ ਦੇਵਤਿਆਂ ਵੱਲ ਨਹੀਂ ਤੱਕਦਾ।
5 ਯਹੋਵਾਹ, ਸਾਡੇ ਪਰਮੇਸ਼ੁਰ ਤੁਸੀਂ ਬਹੁਤ ਅਦਭੁਤ ਗੱਲਾਂ ਕੀਤੀਆਂ ਹਨ।
ਸਾਡੇ ਲਈ ਤੁਹਾਡੀਆਂ ਅਦਭੁਤ ਯੋਜਨਾਵਾਂ ਹਨ।
ਜਿਨ੍ਹਾਂ ਸਾਰੀਆਂ ਦੀ ਕੋਈ ਵੀ ਗਿਣਤੀ ਨਹੀਂ ਕਰ ਸੱਕਦਾ।
ਮੈਂ ਇਨ੍ਹਾਂ ਗੱਲਾਂ ਬਾਰੇ ਬਾਰ-ਬਾਰ ਦੱਸਾਂਗਾ ਜਿਹੜੀਆਂ ਗਿਣਤੀ ਬਾਹਰੀਆਂ ਹਨ।
6 ਯਹੋਵਾਹ, ਤੁਸੀਂ ਮੈਨੂੰ ਇਹੀ ਸਮਝਾਇਆ;
ਅਸਲ ਵਿੱਚ, ਤੁਹਾਨੂੰ ਬਲੀਆਂ ਅਤੇ ਅੰਨ੍ਹ ਦੇ ਚੜ੍ਹਾਵੇ ਨਹੀਂ ਚਾਹੀਦੇ।
ਤੁਹਾਨੂੰ ਸੱਚਮੁੱਚ ਹੋਮ ਚੜ੍ਹਾਵੇ ਅਤੇ ਪਾਪ ਦੇ ਚੜ੍ਹਾਵੇ ਨਹੀਂ ਚਾਹੀਦੇ।
7 ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ।
ਮੈਨੂੰ ਲੈ ਜਾਉ। ਮੈਂ ਆ ਰਿਹਾ।
ਮੇਰੇ ਬਾਰੇ ਪੁਸਤਕ ਵਿੱਚ ਇਹ ਲਿਖਿਆ ਗਿਆ ਹੈ।
8 ਮੇਰੇ ਪਰਮੇਸ਼ੁਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਚਾਹੁੰਦੇ ਹੋ।
ਮੈਂ ਤੁਹਾਡੀਆਂ ਸਿੱਖਿਆਵਾਂ ਤੋਂ ਵਾਕਿਫ਼ ਹਾਂ।”
ਇਸਰਾਏਲ ਦਾ ਪਰਮੇਸ਼ੁਰ ਨੂੰ ਭੁੱਲਕੇ ਦੇਵਤਿਆਂ ਨੂੰ ਧਿਆਉਣਾ
11 “ਅਫ਼ਰਾਈਮ ਨੇ ਬਹੁਤ ਸਾਰੀਆਂ ਜਗਵੇਦੀਆਂ ਉਸਾਰੀਆਂ,
ਅਤੇ ਇਹ ਇੱਕ ਪਾਪ ਸੀ।
ਉਹ ਉਸ ਲਈ ਪਾਪ ਦੀਆਂ ਜਗਵੇਦੀਆਂ ਬਣ ਗਈਆਂ।
12 ਜੇਕਰ ਮੈਂ ਅਫ਼ਰਾਈਮ ਲਈ 10,000 ਅਸੂਲ ਵੀ ਲਿਖ ਦੇਵਾਂ,
ਉਹ ਉਨ੍ਹਾਂ ਨਾਲ ਇੱਕ ਅਜਨਬੀਆਂ ਲਈ ਬਣਾਏ ਗਏ ਅਸੂਲਾਂ ਵਾਂਗ ਹੀ ਵਿਹਾਰ ਕਰੇਗਾ।
13 ਇਸਰਾਏਲੀ ਬਲੀਆਂ ਪਸੰਦ ਕਰਦੇ ਹਨ।
ਉਹ ਮਾਸ ਚੜ੍ਹਾਕੇ ਇਸ ਨੂੰ ਖਾ ਜਾਂਦੇ ਹਨ
ਯਹੋਵਾਹ ਉਨ੍ਹਾਂ ਦੀਆਂ ਬਲੀਆਂ ਸਵੀਕਾਰ
ਹੀਂ ਕਰਦਾ ਉਸ ਨੂੰ ਉਨ੍ਹਾਂ ਦੇ ਪਾਪ ਚੇਤੇ ਹਨ
ਤੇ ਉਹ ਉਨ੍ਹਾਂ ਨੂੰ ਦੰਡ ਦੇਵੇਗਾ।
ਉਹ ਕੈਦੀਆਂ ਵਾਂਗ ਮਿਸਰ ਨੂੰ ਲਿਜਾਏ ਜਾਣਗੇ।
14 ਇਸਰਾਏਲ ਨੇ ਰਾਜਿਆਂ ਲਈ ਮਹਿਲ ਉਸਾਰੇ
ਪਰ ਇਸ ਦੇ ਸਿਰਜਣਹਾਰੇ ਨੂੰ ਭੁੱਲ ਗਿਆ ਅਤੇ ਯਹੂਦਾਹ ਨੇ ਕਿਲੇ ਉਸਾਰੇ,
ਪਰ ਮੈਂ ਹੁਣ ਯਹੂਦਾਹ ਦੇ ਸ਼ਹਿਰਾਂ
ਵਿੱਚ ਇਸਦੇ ਕਿਲਿਆਂ ਨੂੰ ਸਾੜਨ ਲਈ ਅੱਗ ਭੇਜਾ।”
ਇਸਰਾਏਲ ਦੀ ਰਈਸੀ ਬੁੱਤ ਉਪਾਸਨਾ ਵੱਲ ਜਾਂਦੀ ਹੈ
10 ਇਸਰਾਏਲ ਇੱਕ ਅੰਗੂਰੀ ਵੇਲ ਹੈ,
ਜਿਹੜੀ ਬਹੁਤ ਫ਼ਲ ਦਿੰਦੀ ਹੈ।
ਜਿੰਨਾ ਇਸਰਾਏਲ ਨੇ ਵੱਧੇਰੇ ਫ਼ਲ ਪੈਦਾ ਕੀਤਾ,
ਇਸ ਨੂੰ ਝੂਠੇ ਦੇਵਤਿਆਂ ਨੂੰ ਪੂਜਣ ਲਈ ਹੋਰ ਵੱਧੇਰੇ ਜਗਵੇਦੀਆਂ
ਉਸਾਰੀਆਂ ਜਿਵੇਂ ਹੀ ਇਸਰਾਏਲ ਦੀ ਧਰਤੀ ਵੱਧੇਰੇ ਉਤਪਾਦਕ ਹੋਈ,
ਉਸ ਨੇ ਵੱਧ ਧਾਰਮਿਕ ਥੰਮ ਸਥਾਪਿਤ ਕੀਤੇ।
2 ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਨਾਲ ਚਲਾਕੀ ਕਰਨ ਦੀ ਕੋਸ਼ਿਸ ਕੀਤੀ,
ਪਰ ਹੁਣ ਉਨ੍ਹਾਂ ਨੂੰ ਆਪਣਾ ਦੋਸ਼ ਸਵੀਕਾਰ ਕਰਨਾ ਪਵੇਗਾ।
ਯਹੋਵਾਹ ਉਨ੍ਹਾਂ ਦੀਆਂ ਜਗਵੇਦੀਆਂ ਢਾਹ ਸੁੱਟੇਗਾ
ਅਤੇ ਉਨ੍ਹਾਂ ਦੇ ਯਾਦਗਾਰੀ ਥੰਮਾਂ ਨੂੰ ਨਸ਼ਟ ਕਰ ਦੇਵੇਗਾ।
ਇਹੋ ਜਿਹੀ ਆਰਾਧਨਾ ਕਰੋ ਜੋ ਕਿ ਪਰਮੇਸ਼ਰ ਨੂੰ ਪ੍ਰਸੰਨ ਕਰੇ
13 ਤੁਸੀਂ ਮਸੀਹ ਵਿੱਚ ਭਰਾ ਅਤੇ ਭੈਣਾਂ ਹੋ, ਇਸ ਲਈ ਇੱਕ ਦੂਸਰੇ ਨੂੰ ਪਿਆਰ ਕਰਨਾ ਜਾਰੀ ਰੱਖੋ। 2 ਹਮੇਸ਼ਾ ਅਜਨਬੀਆਂ ਨੂੰ ਆਪਣੇ ਘਰ ਬੁਲਾਉਣਾ ਅਤੇ ਉਨ੍ਹਾਂ ਦੀ ਮਦਦ ਕਰਨੀ ਚੇਤੇ ਰੱਖੋ। ਅਜਿਹਾ ਕਰਕੇ, ਕੁਝ ਲੋਕਾਂ ਨੇ ਆਪਣੇ ਗਿਆਨ ਦੇ ਬਿਨਾ ਹੀ ਦੂਤਾਂ ਦੀ ਮਹਿਮਾਨ ਨਵਾਜ਼ੀ ਕੀਤੀ ਹੈ। 3 ਉਨ੍ਹਾਂ ਲੋਕਾਂ ਨੂੰ ਕੈਦ ਵਿੱਚ ਨਾ ਭੁੱਲੋ। ਉਨ੍ਹਾਂ ਨੂੰ ਇਸ ਤਰ੍ਹਾਂ ਚੇਤੇ ਕਰੋ ਜਿਵੇਂ ਤੁਸੀਂ ਵੀ ਉਨ੍ਹਾਂ ਨਾਲ ਕੈਦ ਵਿੱਚ ਹੋਵੋ। ਅਤੇ ਉਨ੍ਹਾਂ ਲੋਕਾਂ ਨੂੰ ਵੀ ਨਾ ਭੁੱਲੋ ਜਿਹੜੇ ਤਸੀਹਿਆਂ ਰਾਹੀਂ ਲੰਘ ਰਹੇ ਹਨ। ਤੁਹਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਤੁਹਾਨੂੰ ਵੀ ਉਨ੍ਹਾਂ ਤਸੀਹਿਆਂ ਰਾਹੀਂ ਹੀ ਲੰਘਣਾ ਪਵੇਗਾ।
4 ਵਿਆਹ ਦਾ ਸਮੂਹ ਲੋਕਾਂ ਵੱਲੋਂ ਆਦਰ ਕੀਤਾ ਜਾਣਾ ਚਾਹੀਦਾ ਹੈ। ਅਤੇ ਹਰ ਵਿਆਹ ਨੂੰ ਸਿਰਫ਼ ਦੋ ਲੋਕਾਂ ਵਿੱਚ ਪਵਿੱਤਰ ਰੱਖਿਆ ਜਾਣਾ ਚਾਹੀਦਾ ਹੈ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਪਾਪੀ ਪਰੱਖੇਗਾ ਜਿਹੜੇ ਜਿਨਸੀ ਪਾਪ ਅਤੇ ਬਦਕਾਰੀ ਕਰਦੇ ਹਨ। 5 ਆਪਣੇ ਜੀਵਨ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ। ਅਤੇ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਉਨ੍ਹਾਂ ਨਾਲ ਸੰਤੁਸ਼ਟ ਰਹੋ। ਪਰਮੇਸ਼ੁਰ ਨੇ ਆਖਿਆ ਹੈ,
“ਮੈਂ ਕਦੇ ਵੀ ਤੁਹਾਨੂੰ ਨਹੀਂ ਛੱਡਾਂਗਾ।
ਮੈਂ ਕਦੇ ਵੀ ਤੁਹਾਨੂੰ ਨਹੀਂ ਤਿਆਗਾਂਗਾ।” (A)
6 ਇਸ ਲਈ ਅਸੀਂ ਯਕੀਨੀ ਆਖ ਸੱਕਦੇ ਹਾਂ,
“ਪਰਮੇਸ਼ੁਰ ਮੇਰਾ ਸਹਾਇਕ ਹੈ
ਅਤੇ ਮੈਂ ਨਹੀਂ ਡਰਾਂਗਾ।
ਲੋਕ ਮੇਰਾ ਕੁਝ ਨਹੀਂ ਵਿਗਾੜ ਸੱਕਦੇ।” (B)
7 ਆਪਣੇ ਆਗੂਆਂ ਨੂੰ ਚੇਤੇ ਰੱਖੋ। ਉਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ। ਚੇਤੇ ਰੱਖੋ ਕਿ ਉਹ ਕਿਵੇਂ ਜੀਵੇ ਅਤੇ ਮਰੇ, ਅਤੇ ਉਨ੍ਹਾਂ ਦੇ ਵਿਸ਼ਵਾਸ ਦੀ ਨਕਲ ਕਰੋ। 8 ਯਿਸੂ ਮਸੀਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ। 9 ਹਰ ਤਰ੍ਹਾਂ ਦੇ ਅਜੀਬ ਉਪਦੇਸ਼ਾਂ ਦੇ ਨਾਲ ਨਾ ਚੱਲੇ ਜਾਓ। ਤੁਹਾਡੇ ਦਿਲ ਨੂੰ ਪਰਮੇਸ਼ੁਰ ਦੀ ਕਿਰਪਾ ਦੁਆਰਾ ਤਾਕਤ ਪ੍ਰਾਪਤ ਕਰਨੀ ਚਾਹੀਦੀ ਹੈ ਨਾ ਕਿ ਭੋਜਨ ਸੰਬੰਧੀ ਅਸੂਲਾਂ ਦਾ ਅਨੁਸਰਣ ਕਰਕੇ ਉਨ੍ਹਾਂ ਅਸੂਲਾਂ ਦਾ ਅਨੁਸਰਣ ਕਰਕੇ ਅੱਜ ਤਾਈਂ ਕਿਸੇ ਨੇ ਵੀ ਲਾਭ ਪ੍ਰਾਪਤ ਨਹੀਂ ਕੀਤਾ ਹੈ।
10 ਸਾਡੇ ਕੋਲ ਇੱਕ ਬਲੀ ਹੈ। ਅਤੇ ਜਿਹੜੇ ਜਾਜਕ ਪਵਿੱਤਰ ਤੰਬੂ ਵਿੱਚ ਸੇਵਾ ਕਰਦੇ ਹਨ ਉਨ੍ਹਾਂ ਨੂੰ ਬਲੀ ਵਿੱਚੋਂ ਖਾਣ ਦਾ ਕੋਈ ਇਖਤਿਆਰ ਨਹੀਂ ਹੈ। 11 ਸਰਦਾਰ ਜਾਜਕ ਜਾਨਵਰਾਂ ਦਾ ਲਹੂ ਅੱਤ ਪਵਿੱਤਰ ਸਥਾਨ ਵਿੱਚ ਲੈ ਜਾਂਦਾ ਹੈ। ਉਹ ਉਸ ਲਹੂ ਨੂੰ ਪਾਪਾਂ ਲਈ ਅਰਪਨ ਕਰਦਾ ਹੈ। ਪਰ ਉਨ੍ਹਾਂ ਜਾਨਵਰਾਂ ਦੇ ਸਰੀਰ ਖੈਮੇ ਤੋਂ ਬਾਹਰ ਸਾੜੇ ਜਾਂਦੇ ਹਨ। 12 ਇਸੇ ਲਈ ਯਿਸੂ ਵੀ ਸ਼ਹਿਰ ਤੋਂ ਬਾਹਰ ਪ੍ਰਾਣ ਹੀਣ ਹੋਇਆ। ਯਿਸੂ ਆਪਣੇ ਲੋਕਾਂ ਨੂੰ ਆਪਣੇ ਹੀ ਲਹੂ ਰਾਹੀਂ ਪਵਿੱਤਰ ਬਨਾਉਣ ਦੇ ਉਦੇਸ਼ ਨਾਲ ਮਰਿਆ। 13 ਇਸੇ ਲਈ ਆਓ ਅਸੀਂ ਵੀ ਡੇਰਿਆਂ ਤੋਂ ਬਾਹਰ ਯਿਸੂ ਕੋਲ ਚੱਲੀਏ। ਸਾਨੂੰ ਵੀ ਉਸੇ ਸ਼ਰਮ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਜਿਸ ਨੂੰ ਮਸੀਹ ਨੇ ਕੀਤਾ ਸੀ। 14 ਇੱਥੇ ਧਰਤੀ ਤੇ ਸਾਡੇ ਕੋਲ ਅਜਿਹਾ ਕੋਈ ਸ਼ਹਿਰ ਨਹੀਂ ਜਿਹੜਾ ਸਦੀਵੀ ਰਹੇਗਾ। ਪਰ ਅਸੀਂ ਉਸ ਸ਼ਹਿਰ ਦੀ ਉਡੀਕ ਕਰ ਰਹੇ ਹਾਂ ਜੋ ਸਾਨੂੰ ਭਵਿੱਖ ਵਿੱਚ ਮਿਲੇਗਾ। 15 ਇਸ ਲਈ ਸਾਨੂੰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਨੂੰ ਆਪਣੀਆਂ ਬਲੀਆਂ ਦੇਣੀਆਂ ਬੰਦ ਨਹੀਂ ਕਰਨੀਆਂ ਚਾਹੀਦੀਆਂ। ਉਹ ਬਲੀਆਂ ਉਹੀ ਉਸਤਤਿ ਹਨ ਜੋ ਉਨ੍ਹਾਂ ਲੋਕਾਂ ਦੇ ਬੁੱਲ੍ਹਾਂ ਤੋਂ ਆਉਂਦੀ ਹੈ ਜੋ ਉਸ ਦੇ ਨਾਂ ਨੂੰ ਮਹਿਮਾਮਈ ਕਰਦੇ ਹਨ। 16 ਅਤੇ ਦੂਸਰੇ ਲੋਕਾਂ ਨਾਲ ਭਲਾ ਅਤੇ ਸਾਂਝ ਕਰਨੀ ਨਾ ਵਿਸਾਰੋ। ਇਹੀ ਉਹ ਬਲੀਆਂ ਹਨ ਜਿਹੜੀਆਂ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ।
2010 by World Bible Translation Center