Revised Common Lectionary (Complementary)
ਮੰਦਰ ਜਾਣ ਵੇਲੇ ਦਾ ਇੱਕ ਗੀਤ।
130 ਯਹੋਵਾਹ, ਮੈਂ ਡੂੰਘੀਆਂ ਮੁਸੀਬਤਾਂ ਵਿੱਚ ਹਾਂ,
ਇਸੇ ਲਈ ਮੈਂ ਤੁਹਾਨੂੰ ਮਦਦ ਲਈ ਪੁਕਾਰ ਰਿਹਾ ਹਾਂ।
2 ਮੇਰੇ ਮਾਲਕ, ਮੇਰੀ ਪੁਕਾਰ ਸੁਣੋ।
ਮੇਰੀ ਪੁਕਾਰ ਨੂੰ ਮਦਦ ਲਈ ਸੁਣੋ।
3 ਯਹੋਵਾਹ, ਜੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਗੁਨਾਹਾ ਦਾ ਸੱਚਮੁੱਚ ਦੰਡ ਦਿੰਦੇ।
ਕੋਈ ਵੀ ਬੰਦਾ ਜਿਉਂਦਾ ਨਹੀਂ ਬਚਣਾ ਸੀ।
4 ਯਹੋਵਾਹ, ਆਪਣੇ ਬੰਦਿਆ ਨੂੰ ਬਖਸ਼ ਦਿਉ।
ਫ਼ੇਰ ਲੋਕ ਤੁਹਾਡੀ ਉਪਾਸਨਾ ਕਰਨ ਵਾਲੇ ਹੋਣਗੇ।
5 ਮੈਂ ਯਹੋਵਾਹ ਦੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
ਮੇਰੀ ਰੂਹ ਉਸਦਾ ਇੰਤਜ਼ਾਰ ਕਰਦੀ ਹੈ।
ਮੈਨੂੰ ਯਹੋਵਾਹ ਦੇ ਆਖੇ ਉੱਤੇ ਵਿਸ਼ਵਾਸ ਹੈ।
6 ਮੈਂ ਆਪਣੇ ਮਾਲਕ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਉਨ੍ਹਾਂ ਚੌਕੀਦਾਰਾ ਵਰਗਾ ਹਾਂ।
ਜਿਹੜੇ ਸਵੇਰ ਹੋਣ ਦਾ ਇੰਤਜ਼ਾਰ ਹੀ ਇੰਤਜ਼ਾਰ ਕਰਦੇ ਰਹਿੰਦੇ ਹਨ।
7 ਇਸਰਾਏਲ, ਯਹੋਵਾਹ ਉੱਤੇ ਵਿਸ਼ਵਾਸ ਕਰ।
ਸੱਚਾ ਪਿਆਰ ਸਿਰਫ਼ ਯਹੋਵਾਹ ਪਾਸੋਂ ਹੀ ਮਿਲਦਾ ਹੈ।
ਯਹੋਵਾਹ ਸਾਨੂੰ ਬਾਰ-ਬਾਰ ਬਚਾਉਂਦਾ ਹੈ।
8 ਅਤੇ ਯਹੋਵਾਹ ਇਸਰਾਏਲ ਦੇ ਸਾਰੇ ਗੁਨਾਹ ਮੁਆਫ਼ ਕਰ ਦੇਵੇਗਾ।
ਯਹੂਦਾਹ ਦਾ ਪਾਤਸ਼ਾਹ ਹਿਜ਼ਕੀਯਾਹ
29 ਹਿਜ਼ਕੀਯਾਹ ਜਦੋਂ 25ਵਰ੍ਹਿਆਂ ਦਾ ਸੀ ਤਾਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 29ਵਰ੍ਹੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ। 2 ਹਿਜ਼ਕੀਯਾਹ ਨੇ ਦਾਊਦ ਆਪਣੇ ਪੁਰਖੇ ਵਾਂਗ, ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ।
3 ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ਿਆਂ ਦੀ ਮੁਰੰਮਤ ਕਰਵਾਈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਵਾ ਕੇ ਦੁਬਾਰਾਂ ਤੋਂ ਖੋਲ੍ਹ ਦਿੱਤਾ ਇਹ ਕਾਰਜ ਉਸ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਹੀ ਮਹੀਨੇ ਵਿੱਚ ਆਰੰਭ ਕਰ ਦਿੱਤਾ। 4-5 ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਇੱਕ ਸਭਾ ’ਚ ਬੁਲਾਅ ਕੇ ਇੱਕਤਰ ਕੀਤਾ ਅਤੇ ਉਨ੍ਹਾਂ ਨਾਲ ਇੱਕ ਗੋਸ਼ਠੀ ਕੀਤੀ। ਇਹ ਮਿਲਣੀ ਉਸ ਨੇ ਮੰਦਰ ਦੇ ਮਦਾਨ ਵਿੱਚ ਪੂਰਬੀ ਹਿੱਸੇ ਵੱਲ ਕੀਤੀ। ਹਿਜ਼ਕੀਯਾਹ ਨੇ ਉਨ੍ਹਾਂ ਨੂੰ ਆਖਿਆ, “ਲੇਵੀਓ! ਮੇਰੀ ਗੱਲ ਸੁਣੋ! ਆਪਣੇ-ਆਪ ਨੂੰ ਪਵਿੱਤਰ ਸੇਵਾ ਲਈ ਤਿਆਰ ਕਰ ਲਵੋ। ਅਤੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਇਸ ਮੰਦਰ ਨੂੰ ਵੀ ਪਵਿੱਤਰ ਕਰੋ ਅਤੇ ਇਸ ਪਵਿੱਤਰ ਅਸਥਾਨ ਵਿੱਚੋਂ ਮੈਲ ਨੂੰ ਕੱਢ ਕੇ ਬਾਹਰ ਲੈ ਜਾਵੋ। 6 ਕਿਉਂ ਕਿ ਸਾਡੇ ਪੁਰਖੇ ਯਹੋਵਾਹ ਦੇ ਵਫ਼ਾਦਾਰ ਨਹੀਂ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ। ਉਨ੍ਹਾਂ ਨੇ ਯਹੋਵਾਹ ਦੇ ਮੰਦਰ ਤੋਂ ਆਪਣੇ ਮੂੰਹ ਮੋੜ ਲਏ ਅਤੇ ਯਹੋਵਾਹ ਵਲ ਆਪਣੀਆਂ ਪਿੱਠਾ ਕਰ ਲਈਆਂ। 7 ਉਨ੍ਹਾਂ ਨੇ ਦਲਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ। ਉਨ੍ਹਾਂ ਨੇ ਧੂਪ ਵੀ ਨਾ ਧੁਖਾਈ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਨੂੰ ਪਵਿੱਤਰ ਅਸਥਾਨ ਤੇ ਹੋਮ ਦੀਆਂ ਭੇਟਾਂ ਵੀ ਨਾ ਚੜ੍ਹਾਈਆਂ। 8 ਇਸ ਲਈ ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਉੱਪਰ ਬੜਾ ਕ੍ਰੋਧਿਤ ਹੋ ਗਿਆ। ਯਹੋਵਾਹ ਨੇ ਉਨ੍ਹਾਂ ਨੂੰ ਦੰਡ ਦਿੱਤਾ। ਜੋ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਉੱਪਰ ਕਰੋਪੀ ਵਿਖਾਈ ਤਾਂ ਇਹ ਸਭ ਕੁਝ ਵੇਖਕੇ ਬਾਕੀ ਲੋਕ ਭੈਭੀਤ ਹੋ ਗਏ ਅਤੇ ਦੁੱਖੀ ਹੋਏ ਅਤੇ ਉਨ੍ਹਾਂ ਲੋਕਾਂ ਨੇ ਯਹੂਦਾਹ ਦੇ ਲੋਕਾਂ ਲਈ ਸ਼ਰਮ ਅਤੇ ਨਫ਼ਰਤ ਨਾਲ ਆਪਣੇ ਸਿਰ ਝੁਕਾਏ। ਤੁਸੀਂ ਜਾਣਦੇ ਹੋ ਕਿ ਇਹ ਸਭ ਸੱਚ ਹੈ ਤੇ ਇਹ ਸੱਚ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਸੱਕਦੇ ਹੋ। 9 ਇਸੇ ਕਾਰਣ ਸਾਡੇ ਪੁਰਖੇ ਲੜਾਈ ਵਿੱਚ ਮਾਰੇ ਗਏ ਸਨ ਅਤੇ ਸਾਡੇ ਪੁੱਤਰ, ਧੀਆਂ ਅਤੇ ਪਤਨੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ। 10 ਇਸ ਲਈ ਹੁਣ, ਮੈਂ, ਹਿਜ਼ਕੀਯਾਹ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨਾਲ ਇਕਰਾਰਨਾਮਾ ਕਰਨ ਦਾ ਨਿਸ਼ਚਾ ਕੀਤਾ ਹੈ। ਫ਼ੇਰ ਯਹੋਵਾਹ ਆਪਣਾ ਭਿਆਨਕ ਗੁੱਸਾ ਸਾਡੇ ਤੋਂ ਹਟਾ ਲਵੇਗਾ। 11 ਸੋ ਹੁਣ ਮੇਰੇ ਬਚਿਓ! ਹੁਣ ਆਲਸ ਕਰਨ ਦਾ ਸਮਾਂ ਨਹੀਂ ਹੈ ਅਤੇ ਨਾ ਹੀ ਵਕਤ ਜ਼ਾਇਆ ਕਰਨ ਦਾ। ਯਹੋਵਾਹ ਨੇ ਤੁਹਾਨੂੰ ਸੇਵਾ ਲਈ ਚੁਣਿਆ ਹੈ। ਉਸ ਨੇ ਤੁਹਾਨੂੰ ਚੁਣਿਆ ਹੈ। ਆਪਣੀ ਸੇਵਾ ਲਈ ਅਤੇ ਮੰਦਰ ਵਿੱਚ ਅਤੇ ਧੂਪ ਧੁਖਾਉਣ ਲਈ ਤੁਹਾਨੂੰ ਚੁਣਿਆ ਹੈ।”
12-14 ਇਹ ਲੇਵੀਆਂ ਦੀ ਸੂਚੀ ਹੈ ਜਿਹੜੇ ਉੱਥੇ ਕੰਮ ਕਰਨ ਲਈ ਉੱਠੇ:
ਕਹਾਥੀਆਂ ਵਿੱਚੋਂ ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ,
ਮਰਾਰੀਆਂ ਵਿੱਚ ਅਬਦੀ ਦਾ ਪੁੱਤਰ ਕੀਸ਼, ਯਹਲਲੇਲ ਦਾ ਪੁੱਤਰ ਅਜ਼ਰਯਾਹ
ਅਤੇ ਗੇਰਸ਼ੋਨੀਆਂ ਵਿੱਚੋਂ ਜ਼ਿਮਾਂ ਦਾ ਪੁੱਤਰ ਯੋਆਹ ਅਤੇ ਉਸਦਾ ਪੁੱਤਰ ਏਦਨ।
ਅਲੀਸਾਫ਼ਾਨੀਆਂ ਵਿੱਚੋਂ ਸ਼ਿਮਰੀ, ਯਿਏਲ
ਅਤੇ ਆਸਾਫ਼ੀਆਂ ਵਿੱਚੋਂ ਜ਼ਕਰਯਾਹ ਅਤੇ ਮਤਨਯਾਹ ਸਨ।
ਹੇਮਾਨੀਆਂ ਵਿੱਚੋਂ ਯਹੀਏਲ, ਸ਼ਮੀ
ਅਤੇ ਯਦੂਥੂਨੀਆਂ ਵਿੱਚੋਂ ਸ਼ਮਅਯਾਹ ਅਤੇ ਅਜ਼ੀਏਲ ਸਨ।
15 ਤਦ ਇਨ੍ਹਾਂ ਲੇਵੀਆਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕੀਤਾ ਤਾਂ ਜੋ ਯਹੋਵਾਹ ਦੇ ਮੰਦਰ ਦੀ ਪਵਿੱਤਰ ਸੇਵਾ ਕੀਤੀ ਜਾ ਸੱਕੇ। ਉਨ੍ਹਾਂ ਨੇ ਯਹੋਵਾਹ ਵੱਲੋਂ ਆਏ ਪਾਤਸ਼ਾਹ ਦੇ ਹੁਕਮ ਨੂੰ ਮੰਨਿਆ। ਅਤੇ ਫ਼ਿਰ ਉਹ ਯਹੋਵਾਹ ਦੇ ਮੰਦਰ ਨੂੰ ਸਾਫ਼ ਕਰਨ ਲਈ ਅੰਦਰ ਪ੍ਰਵੇਸ਼ ਕੀਤਾ। 16 ਜਾਜਕ ਯਹੋਵਾਹ ਦੇ ਮੰਦਰ ਦੇ ਅੰਦਰਲੇ ਹਿੱਸੇ ਨੂੰ ਸਾਫ਼ ਕਰਨ ਲਈ ਗਏ ਅਤੇ ਉਸ ਅੰਦਰ ਜਿੰਨੀਆਂ ਵੀ ਅਪਵਿੱਤਰ ਵਸਤਾਂ ਉਨ੍ਹਾਂ ਨੂੰ ਮਿਲੀਆਂ, ਜੋ ਵੀ ਗੰਦੀਆਂ ਵਸਤਾਂ ਲੱਭੀਆਂ ਉਹ ਉੱਥੋਂ ਯਹੋਵਾਹ ਦੇ ਮੰਦਰ ਦੇ ਦਲਾਨ ਵਿੱਚ ਲੈ ਆਏ। ਫ਼ਿਰ ਲੇਵੀਆਂ ਨੇ ਉਨ੍ਹਾਂ ਗੰਦੀਆਂ ਵਸਤਾਂ ਨੂੰ ਲੈ ਲਿਆ ਅਤੇ ਕਿਦਰੋਨ ਦੀ ਵਾਦੀ ਵਿੱਚ ਸੁੱਟ ਦਿੱਤਾ। 17 ਪਹਿਲੇ ਮਹੀਨੇ ਦੇ ਪਹਿਲੇ ਦਿਨ, ਲੇਵੀਆਂ ਨੇ ਆਪਣੇ-ਆਪ ਨੂੰ ਪਵਿੱਤਰ ਬਨਾਉਣਾ ਸ਼ੁਰੂ ਕਰ ਦਿੱਤਾ। ਮਹੀਨੇ ਦੇ ਅੱਠਵੇਂ ਦਿਨ, ਉਹ ਮੰਦਰ ਦੇ ਦਾਲਾਨ ਕੋਲ ਆਏ ਅਤੇ ਯਹੋਵਾਹ ਦੇ ਮੰਦਰ ਨੂੰ ਪਵਿੱਤਰ ਬਨਾਉਣ ਲਈ ਅੱਠ ਦਿਨ ਲਏ। ਪਹਿਲੇ ਮਹੀਨੇ ਦੇ ਸੋਲ੍ਹਵੇਂ ਦਿਨ ਉਨ੍ਹਾਂ ਨੇ ਆਪਣਾ ਸਾਰਾ ਕੰਮ ਮੁਕੰਮਲ ਕਰ ਲਿਆ ਸੀ।
18 ਤਦ ਉਹ ਹਿਜ਼ਕੀਯਾਹ ਪਾਤਸ਼ਾਹ ਦੇ ਕੋਲ ਗਏ ਅਤੇ ਉਸ ਨੂੰ ਕਿਹਾ, “ਹੇ ਪਾਤਸ਼ਾਹ, ਅਸੀਂ ਯਹੋਵਾਹ ਦੇ ਸਾਰੇ ਮੰਦਰ ਨੂੰ ਅਤੇ ਹੋਮ ਦੀਆਂ ਭੇਟਾਂ ਦੀ ਜਗਵੇਦੀ ਨੂੰ ਅਤੇ ਉਸਦੀਆਂ ਹੋਰ ਸਾਰੀਆਂ ਵਸਤਾਂ ਨੂੰ ਉਸਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ। 19 ਆਹਾਜ਼ ਦੇ ਸਮਿਆਂ ’ਚ ਜਦ ਉਹ ਪਾਤਸ਼ਾਹ ਸੀ ਉਹ ਪਰਮੇਸ਼ੁਰ ਦੇ ਵਿਰੁੱਧ ਹੋ ਗਿਆ ਅਤੇ ਉਸ ਨੇ ਮੰਦਰ ਦੀਆਂ ਬਹੁਤ ਸਾਰੀਆਂ ਵਸਤਾਂ ਨੂੰ ਬਾਹਰ ਸੁੱਟ ਦਿੱਤਾ। ਪਰ ਅਸੀਂ ਉਸ ਸਾਰੇ ਸਾਮਾਨ ਨੂੰ ਠੀਕ ਕਰਕੇ ਖਾਸ ਵਰਤੋਂ ਲਈ ਤਿਆਰ ਕਰ ਦਿੱਤਾ ਹੈ। ਉਹ ਸਾਰਾ ਕੁਝ ਹੁਣ ਯਹੋਵਾਹ ਦੀ ਜਗਵੇਦੀ ਦੇ ਸਾਹਮਣੇ ਪਿਆ ਹੈ।”
ਪਰਮੇਸ਼ੁਰ ਦੀਆਂ ਅਸੀਸਾਂ ਵਿਸ਼ਵਾਸ ਰਾਹੀਂ ਮਿਲ ਸੱਕਦੀਆਂ
3 ਹੇ ਗਲਾਤੀਓ। ਅਸੀਂ ਤੁਹਾਡੀਆਂ ਅੱਖਾਂ ਸਾਹਮਣੇ ਵਿਆਖਿਆ ਕੀਤੀ ਕਿ ਕਿਵੇਂ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਸੀ। ਪਰ ਤੁਸੀਂ ਬਹੁਤ ਮੂਰਖ ਸੀ। ਤੁਸੀਂ ਕੁਝ ਲੋਕਾਂ ਦੀ ਚਲਾਕੀ ਦੇ ਸ਼ਿਕਾਰ ਬਣ ਗਏ। 2 ਮੈਨੂੰ ਇੱਕ ਗੱਲ ਦੱਸੋਂ ਕਿ ਤੁਸੀਂ ਪਵਿੱਤਰ ਆਤਮਾ ਨੂੰ ਕਿਵੇਂ ਪ੍ਰਾਪਤ ਕੀਤਾ? ਕੀ ਤੁਸੀਂ ਨੇਮ ਦਾ ਅਨੁਸਰਣ ਕਰਕੇ ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ? ਨਹੀਂ! ਤੁਸੀਂ ਆਤਮਾ ਇਸ ਲਈ ਪ੍ਰਾਪਤ ਕੀਤਾ ਸੀ ਕਿਉਂਕਿ ਤੁਸਾਂ ਖੁਸ਼ਖਬਰੀ ਸੁਣੀ ਉਸ ਵਿੱਚ ਵਿਸ਼ਵਾਸ ਵੀ ਕੀਤਾ। 3 ਤੁਸੀਂ ਮਸੀਹ ਵਿੱਚ ਆਪਣਾ ਜੀਵਨ ਆਤਮਾ ਨਾਲ ਸ਼ੁਰੂ ਕੀਤਾ। ਕੀ ਹੁਣ ਤੁਸੀਂ ਇਸ ਨੂੰ ਆਪਣੀ ਤਾਕਤ ਨਾਲ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ? ਇਹ ਮੂਰੱਖਤਾ ਹੈ। 4 ਤੁਸੀਂ ਬਹੁਤ ਗੱਲਾਂ ਅਨੁਭਵ ਕੀਤੀਆਂ ਹਨ। ਕੀ ਇਹ ਸਾਰੇ ਅਨੁਭਵ ਜਾਇਆ ਹੋ ਗਏ? ਮੈਨੂੰ ਉਮੀਦ ਹੈ ਕਿ ਉਹ ਅਨੁਭਵ ਬੇਕਾਰ ਨਹੀਂ ਹੋਏ। 5 ਕੀ ਪਰਮੇਸ਼ੁਰ ਤੁਹਾਨੂੰ ਇਸ ਲਈ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਕੀ ਪਰਮੇਸ਼ੁਰ ਤੁਹਾਨੂੰ ਕਰਿਸ਼ਮੇ ਇਸ ਲਈ ਦਿਖਾਉਂਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਪਰਮੇਸ਼ੁਰ ਤੁਹਾਨੂੰ ਆਪਣਾ ਆਤਮਾ ਇਸ ਲਈ ਪ੍ਰਦਾਨ ਕਰਦਾ ਹੈ ਅਤੇ ਕਰਿਸ਼ਮੇ ਕਰਦਾ ਹੈ ਕਿਉਂਕਿ ਤੁਸੀਂ ਖੁਸ਼ਖਬਰੀ ਨੂੰ ਸੁਣਿਆ ਹੈ ਅਤੇ ਉਸ ਉੱਤੇ ਯਕੀਨ ਕੀਤਾ ਹੈ।
6 ਪੋਥੀਆਂ ਅਬਰਾਹਾਮ ਬਾਰੇ ਵੀ ਇਹੀ ਆਖਦੀਆਂ ਹਨ। “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ। ਅਤੇ ਪਰਮੇਸ਼ੁਰ ਨੇ ਅਬਰਾਹਾਮ ਦੇ ਵਿਸ਼ਵਾਸ ਨੂੰ ਪ੍ਰਵਾਨ ਕੀਤਾ। ਉਸ ਨੇ ਅਬਰਾਹਾਮ ਨੂੰ ਧਰਮੀ ਬਣਾਇਆ।” [a] 7 ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਨਿਹਚਾ ਹੈ ਉਹ ਅਬਰਾਹਾਮ ਦੀ ਸੱਚੀ ਔਲਾਦ ਹਨ। 8 ਪੋਥੀਆਂ ਨੇ ਆਖਿਆ ਕਿ ਭਵਿੱਖ ਵਿੱਚ ਕੀ ਵਾਪਰੇਗਾ। ਇਨ੍ਹਾਂ ਲਿਖਤਾਂ ਨੇ ਆਖਿਆ ਕਿ ਪਰਮੇਸ਼ੁਰ ਗੈਰ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੁਆਰਾ ਧਰਮੀ ਬਣਾਵੇਗਾ। ਅਬਰਾਹਾਮ ਨੂੰ ਇਹ ਖੁਸ਼ਖਬਰੀ ਇਸਦੇ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤੀ ਗਈ ਸੀ: ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, “ਮੈਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਤੇਰੇ ਰਾਹੀਂ ਅਸੀਸਾਂ ਦੇਵਾਂਗਾ।” [b] 9 ਅਬਰਾਹਾਮ ਨੇ ਇਸ ਉੱਪਰ ਵਿਸ਼ਵਾਸ ਕੀਤਾ। ਕਿਉਂਕਿ ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਹੈ। ਅੱਜ ਵੀ ਇਹੋ ਗੱਲ ਹੈ। ਸਾਰੇ ਲੋਕ, ਜਿਨ੍ਹਾਂ ਨੂੰ ਵਿਸ਼ਵਾਸ ਹੈ, ਉਵੇਂ ਹੀ ਅਸੀਸ ਦਿੱਤੀ ਗਈ ਹੈ ਜਿਵੇਂ ਅਬਰਾਹਾਮ ਨੂੰ ਦਿੱਤੀ ਗਈ ਸੀ।
2010 by World Bible Translation Center