Revised Common Lectionary (Complementary)
ਦਾਊਦ ਦਾ ਇੱਕ ਭੱਗਤੀ ਗੀਤ।
32 ਬੰਦਾ ਬਹੁਤ ਪ੍ਰਸੰਨ ਹੁੰਦਾ ਹੈ,
ਜਦੋਂ ਉਸ ਦੇ ਪਾਪ ਬਖਸ਼ੇ ਜਾਂਦੇ ਹਨ। ਉਹ ਬੰਦਾ ਬਹੁਤ ਸੁਭਾਗਾ ਹੈ
ਜਦੋਂ ਉਸ ਦੇ ਪਾਪ ਮਿਟਾਏ ਜਾਂਦੇ ਹਨ।
2 ਉਹ ਵਿਅਕਤੀ ਵੜਭਾਗਾ ਹੈ
ਜਿਹੜਾ ਪਰਮੇਸ਼ੁਰ ਦੁਆਰਾ ਨਿਰਦੋਸ਼ ਘੋਸ਼ਿਤ ਕੀਤਾ ਜਾਵੇਗਾ।
ਉਹ ਆਦਮੀ ਬਹੁਤ ਸੁਭਾਗਾ ਹੈ ਜਿਸਨੇ ਆਪਣੇ ਗੁਪਤ ਪਾਪ ਵੀ ਨਹੀਂ ਛੁਪਾਏ।
3 ਹੇ ਪਰਮੇਸ਼ੁਰ, ਮੈਂ ਬਾਰ-ਬਾਰ ਤੁਹਾਨੂੰ ਪ੍ਰਾਰਥਨਾ ਕੀਤੀ,
ਪਰ ਮੈਂ ਆਪਣੇ ਗੁਪਤ ਗੁਨਾਹਾਂ ਬਾਰੇ ਨਹੀਂ ਦੱਸਿਆ।
ਮੈਂ ਹਰ ਸਮੇਂ ਕਮਜ਼ੋਰ ਬਣ ਗਿਆ ਜਦੋਂ ਵੀ ਮੈਂ ਪ੍ਰਾਰਥਨਾ ਕੀਤੀ।
4 ਹੇ ਪਰਮੇਸ਼ੁਰ, ਤੂੰ ਮੇਰੀ ਜ਼ਿੰਦਗੀ ਦਿਨ ਅਤੇ ਰਾਤ, ਸਖਤ ਤੋਂ ਸਖਤਰ ਬਣਾ ਦਿੱਤੀ ਹੈ।
ਮੈਂ ਗਰਮੀ ਦੀ ਝੁਲਸੀ ਤਪਸ਼ ਵਿੱਚ ਸੁੱਕੀ ਜ਼ਮੀਨ ਵਰਗਾ ਬਣ ਗਿਆ ਹਾਂ।
5 ਪਰ ਫ਼ੇਰ ਮੈਂ ਆਪਣੇ ਸਾਰੇ ਗੁਨਾਹਾਂ ਦਾ ਯਹੋਵਾਹ ਸਾਹਮਣੇ ਇਕਰਾਰ ਕਰਨ ਦਾ ਫ਼ੈਸਲਾ ਕੀਤਾ।
ਯਹੋਵਾਹ, ਮੈਂ ਤੁਹਾਨੂੰ ਆਪਣੇ ਗੁਨਾਹਾਂ ਬਾਰੇ ਦੱਸਿਆ।
ਮੈਂ ਤੁਹਾਡੇ ਕੋਲੋਂ ਕੋਈ ਵੀ ਦੋਸ਼ ਨਹੀਂ ਛੁਪਾਇਆ।
ਅਤੇ ਤੁਸੀਂ ਮੈਨੂੰ ਮੇਰੇ ਸਾਰੇ ਗੁਨਾਹਾਂ ਲਈ ਮੁਆਫ਼ ਕਰ ਦਿੱਤਾ।
6 ਇਸੇ ਕਾਰਣ ਹੇ ਪਰਮੇਸ਼ੁਰ, ਤੁਹਾਡੇ ਸਮੂਹ ਅਨੁਯਾਈਆਂ ਨੂੰ ਚਾਹੀਦਾ ਹੈ ਕਿ ਉਹ ਤੁਹਾਡੇ ਅੱਗੇ ਪ੍ਰਾਰਥਨਾ ਕਰਨ।
ਤੁਹਾਡੇ ਅਨੁਯਾਈਆਂ ਨੂੰ ਉਦੋਂ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਮੁਸੀਬਤਾਂ ਹੜ੍ਹ ਵਾਂਗਰਾਂ ਭਿਆਨਕ ਹੋਣ।
7 ਹੇ ਪਰਮੇਸ਼ੁਰ, ਤੁਸੀਂ ਮੇਰੀ ਸ਼ਰਨ ਹੋ।
ਤੁਸੀਂ ਮੇਰੀਆਂ ਮੁਸੀਬਤਾਂ ਵਿੱਚ ਮੇਰੀ ਰੱਖਿਆ ਕਰਦੇ ਹੋ।
ਤੂੰ ਮੈਨੂੰ ਘੇਰ ਅਤੇ ਮੇਰੀ ਰੱਖਿਆ ਕਰ।
ਇਸ ਲਈ ਮੈਂ ਉਸ ਬਾਰੇ ਗਾਉਂਦਾ ਜਿਵੇਂ ਤੁਸੀਂ ਮੈਨੂੰ ਬਚਾਇਆ।
8 ਯਹੋਵਾਹ ਆਖਦਾ ਹੈ, “ਮੈਂ ਤੈਨੂੰ ਸਿੱਖਿਆ ਦੇਵਾਂਗਾ
ਅਤੇ ਤੇਰੀ ਰਾਹਨੁਮਾਈ ਉਸ ਤਰ੍ਹਾਂ ਕਰਾਂਗਾ ਜਿਵੇਂ ਤੈਨੂੰ ਜਿਉਣਾ ਚਾਹੀਦਾ ਹੈ।
ਮੈਂ ਤੈਨੂੰ ਬਚਾਵਾਂਗਾ ਅਤੇ ਤੇਰਾ ਰਹਿਨੁਮਾ ਬਣਾਂਗਾ।
9 ਇਸ ਲਈ ਕਿਸੇ ਘੋੜੇ ਜਾਂ ਖੋਤੇ ਵਾਂਗਰਾਂ ਮੂਰਖ ਨਾ ਬਣੋ।
ਲੋਕਾਂ ਨੂੰ ਉਨ੍ਹਾਂ ਜਾਨਵਰਾਂ ਤੇ ਕਾਬੂ ਕਰਨ ਲਈ ਵਾਂਗਾ ਅਤੇ ਲਗਾਮਾਂ ਇਸਤੇਮਾਲ ਕਰਨੇ ਚਾਹੀਦੇ ਹਨ।
ਉਨ੍ਹਾਂ ਚੀਜ਼ਾਂ ਤੋਂ ਬਿਨਾ ਉਹ ਜਾਨਵਰ ਤੁਹਾਡੇ ਨੇੜੇ ਨਹੀਂ ਆਉਣਗੇ।”
10 ਬੁਰੇ ਲੋਕ ਬਹੁਤ ਸਾਰੇ ਦਰਦਾਂ ਦਾ ਸਾਹਮਣਾ ਕਰਨਗੇ।
ਪਰ ਪਰਮੇਸ਼ੁਰ ਦਾ ਸੱਚਾ ਪਿਆਰ ਉਨ੍ਹਾਂ ਲੋਕਾਂ ਨੂੰ ਘੇਰ ਲਵੇਗਾ ਜਿਹੜੇ ਯਹੋਵਾਹ ਵਿੱਚ ਯਕੀਨ ਰੱਖਦੇ ਹਨ।
11 ਹੇ ਸੱਜਨੋ, ਆਨੰਦ ਮਾਣੋ ਅਤੇ ਯਹੋਵਾਹ ਵਿੱਚ ਬਹੁਤ ਖੁਸ਼ ਹੋਵੋ।
ਤੁਸੀਂ ਪਵਿੱਤਰ ਹਿਰਦਿਆਂ ਵਾਲੇ ਸਮੂਹ ਲੋਕੋ, ਖੁਸ਼ੀ ਮਨਾਉ।
28 ਅਹੀਮਅਸ ਨੇ ਪੁਕਾਰ ਕੇ ਹਾਕ ਮਾਰਕੇ ਪਾਤਸ਼ਾਹ ਨੂੰ ਆਖਿਆ, “ਸਭ ਠੀਕ-ਠਾਕ ਹੈ।” ਅਹੀਮਅਸ ਨੇ ਆਕੇ ਪਾਤਸ਼ਾਹ ਨੂੰ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਕਿਹਾ, “ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ। ਯਹੋਵਾਹ ਨੇ ਤੁਹਾਡੇ ਦੁਸ਼ਮਣਾਂ ਨੂੰ ਹਾਰ ਦਿੱਤੀ ਹੈ। ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ, ਤੁਹਾਡੀ ਜਿੱਤ ਹੋਈ ਹੈ।”
29 ਪਾਤਸ਼ਾਹ ਨੇ ਪੁੱਛਿਆ, “ਕੀ ਜਵਾਨ ਅਬਸ਼ਾਲੋਮ ਠੀਕ-ਠਾਕ ਹੈ।”
ਅਹੀਮਅਸ ਨੇ ਜਵਾਬ ਦਿੱਤਾ, “ਜਦੋਂ ਯੋਆਬ ਨੇ ਮੈਨੂੰ ਭੇਜਿਆ ਸੀ ਉਸ ਵੇਲੇ ਮੈਂ ਇੱਕ ਅਜ਼ਬ ਭੀੜ ਵੇਖੀ ਪਰ ਮੈਨੂੰ ਖਬਰ ਨਹੀਂ ਸੀ ਕਿ ਕੀ ਹੋਇਆ।”
30 ਤਦ ਪਾਤਸ਼ਾਹ ਨੇ ਕਿਹਾ, “ਤੂੰ ਇੱਥੇ ਅੰਦਰ ਜਾਕੇ ਜ਼ਰਾ ਕੁ ਰੁਕ ਅਤੇ ਇੰਤਜਾਰ ਕਰ।” ਤਾਂ ਅਹੀਮਅਸ ਉੱਥੇ ਜਾਕੇ ਰੁਕਿਆ ਅਤੇ ਉਡੀਕਣ ਲੱਗਾ।
31 ਤਦ ਕੂਸ਼ੀ ਉੱਥੇ ਪੁਜਿਆ। ਉਸ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਂ ਚੰਗੀ ਖਬਰ ਲਿਆਇਆ ਹਾਂ ਕਿ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਭਨਾਂ ਤੋਂ ਜੋ ਤੁਹਾਡੇ ਵਿਰੋਧ ਲਈ ਉੱਠੇ ਸਨ ਤੁਹਾਡਾ ਬਦਲਾ ਲਿਆ ਹੈ।”
32 ਪਾਤਸ਼ਾਹ ਨੇ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜਵਾਨ ਕੀ ਸੁੱਖ ਨਾਲ ਹੈ?
ਤਾਂ ਕੂਸ਼ੀ ਨੇ ਜਵਾਬ ਵਿੱਚ ਇਹ ਕਿਹਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਦੁਸ਼ਮਣ ਅਤੇ ਉਹ ਸਭ ਲੋਕ ਜੋ ਪਾਤਸ਼ਾਹ ਦੇ ਵਿਰੋਧ ਵਿੱਚ ਹਨ, ਉਹ ਸਭ ਉਸੇ ਜਵਾਨ (ਅਬਸ਼ਾਲੋਮ) ਵਰਗੇ ਹੋ ਜਾਣ।”
33 ਤਦ ਪਾਤਸ਼ਾਹ ਜਾਣ ਗਿਆ ਕਿ ਅਬਸ਼ਾਲੋਮ ਮਰ ਗਿਆ ਹੈ। ਤਾਂ ਪਾਤਸ਼ਾਹ ਬੜਾ ਬੇਚੈਨ ਹੋਇਆ, ਉਹ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਡਿਉੜੀ ਦੇ ਉੱਪਰ ਸੀ ਉਸ ਉੱਪਰ ਚੜ੍ਹ ਗਿਆ ਅਤੇ ਕੁਰਲਾਉਂਦਾ ਹੋਇਆ ਇਹ ਆਖ ਰਿਹਾ ਸੀ, “ਹਾਏ, ਮੇਰੇ ਪੁੱਤਰ ਅਬਸ਼ਾਲੋਮ! ਓ ਮੇਰੇ ਅਬਸ਼ਾਲੋਮ! ਕਾਸ਼ ਤੇਰੀ ਜਗ੍ਹਾ ਮੈਂ ਹੀ ਮਰ ਜਾਂਦਾ, ਮੈਨੂੰ ਮੌਤ ਆ ਜਾਂਦੀ ਮੇਰੇ ਪੁੱਤਰ! ਅਬਸ਼ਾਲੋਮ! ਹਾਏ ਮੇਰੇ ਪੁੱਤਰ!”
ਯੋਆਬ ਦਾ ਦਾਊਦ ਨੂੰ ਮੰਦਾ ਆਖਣਾ
19 ਲੋਕਾਂ ਨੇ ਇਹ ਖਬਰ ਯੋਆਬ ਨੂੰ ਸੁਣਾਈ। ਉਨ੍ਹਾਂ ਆਖਿਆ, “ਵੇਖ, ਪਾਤਸ਼ਾਹ ਅਬਸ਼ਾਲੋਮ ਲਈ ਕੁਰਲਾਅ ਰਿਹਾ ਹੈ ਅਤੇ ਬੜਾ ਉਦਾਸ ਹੈ।” 2 ਉਸ ਦਿਨ ਦਾਊਦ ਦੀ ਫ਼ੌਜ ਦੀ ਜਿੱਤ ਹੋਈ, ਪਰ ਉਸ ਦਿਨ ਦੀ ਇਹ ਖਬਰ ਸਭਨਾਂ ਲੋਕਾਂ ਲਈ ਦੁੱਖ ਦਾ ਦਿਹਾੜਾ ਬਣੀ। ਇਹ ਸਭਨਾਂ ਲਈ ਸ਼ੋਕ ਦਾ ਦਿਹਾੜਾ ਸੀ ਕਿਉਂ ਕਿ ਲੋਕਾਂ ਨੇ ਸੁਣਿਆ ਕਿ, “ਪਾਤਸ਼ਾਹ ਆਪਣੇ ਪੁੱਤਰ ਲਈ ਬੜਾ ਦੁੱਖੀ ਹੈ।”
3 ਲੋਕ ਚੁੱਪ-ਚੁਪੀਤਾ ਸ਼ਹਿਰ ਵਿੱਚ ਆ ਵੜੇ। ਉਹ ਇੰਝ ਪ੍ਰਵੇਸ਼ ਕੀਤੇ ਜਿਵੇਂ ਲੋਕ ਲੜਾਈ ਵਿੱਚੋਂ ਹਾਰ ਖਾਕੇ ਸ਼ਰਮ ਦੇ ਮਾਰੇ ਆਉਂਦੇ ਹਨ। 4 ਪਾਤਸ਼ਾਹ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਉੱਚੀ-ਉੱਚੀ ਕੁਰਲਾਅ ਰਿਹਾ ਸੀ, “ਹਾਏ ਮੇਰੇ ਪੁੱਤਰ ਅਬਸ਼ਾਲੋਮ, ਹਾਏ ਅਬਸ਼ਾਲੋਮ, ਮੇਰੇ ਪੁੱਤਰ, ਹਾਏ ਮੇਰੇ ਪੁੱਤਰ।”
5 ਯੋਆਬ ਦਾਊਦ ਪਾਤਸ਼ਾਹ ਦੇ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ, “ਅੱਜ ਦੇ ਦਿਨ ਤੁਸੀਂ ਆਪਣੇ ਸਾਰੇ ਅਫ਼ਸਰਾਂ ਨੂੰ ਸ਼ਰਮਿੰਦਾ ਕਰ ਰਹੇ ਹੋ! ਵੇਖੋ, ਉਨ੍ਹਾਂ ਅਫ਼ਸਰਾਂ ਨੇ ਅੱਜ ਤੁਹਾਡੀ ਜਾਨ ਬਚਾਈ ਹੈ ਅਤੇ ਉਨ੍ਹਾਂ ਨੇ ਤੁਹਾਡੇ ਇਲਾਵਾ ਤੁਹਾਡੇ ਪੁੱਤਰਾਂ, ਧੀਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਦਾਸੀਆਂ ਦੀਆਂ ਜਾਨਾਂ ਨੂੰ ਵੀ ਬਚਾਇਆ ਹੈ। 6 ਪਰ ਤੁਸੀਂ ਤਾਂ ਸਗੋਂ ਆਪਣੇ ਦੁਸ਼ਮਣਾਂ ਨਾਲ ਪ੍ਰੀਤ ਕਰ ਰਹੇ ਹੋ ਅਤੇ ਜੋ ਤੁਹਾਨੂੰ ਪ੍ਰੀਤ ਕਰਦੇ ਹਨ ਉਨ੍ਹਾਂ ਨਾਲ ਘਿਰਣਾ ਕਰ ਰਹੇ ਹੋ। ਅੱਜ ਤੁਸੀਂ ਇਹ ਸਿੱਧ ਕਰ ਦਿੱਤਾ ਹੈ ਕਿ ਤੁਹਾਡੇ ਲਈ ਤੁਹਾਡੇ ਅਫ਼ਸਰਾਂ ਅਤੇ ਲੋਕਾਂ ਦਾ ਕੋਈ ਮੁੱਲ ਨਹੀਂ। ਇਹ ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜੇਕਰ ਅਬਸ਼ਾਲੋਮ ਜਿਉਂਦਾ ਰਹਿੰਦਾ ਅਤੇ ਉਸਦੀ ਜਗ੍ਹਾ ਅੱਜ ਅਸੀਂ ਮਾਰੇ ਗਏ ਹੁੰਦੇ ਤਾਂ ਤੁਸੀਂ ਪੂਰੇ ਖੁਸ਼ ਹੋਣਾ ਸੀ। 7 ਸੋ ਹੁਣ ਉੱਠੋ ਅਤੇ ਉੱਠ ਕੇ ਆਪਣੇ ਅਫ਼ਸਰਾਂ ਨੂੰ ਧੀਰਜ ਦੇਵੋ ਕਿਉਂ ਕਿ ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਜੇ ਤੁਸੀਂ ਬਾਹਰ ਨਹੀਂ ਨਿਕਲੋਂਗੇ ਤਾਂ ਰਾਤ ਤੀਕ ਤੁਹਾਡੇ ਨਾਲ ਇੱਕ ਵੀ ਬੰਦਾ ਨਹੀਂ ਰਹੇਗਾ ਅਤੇ ਇਹ ਤੁਹਾਡੇ ਲਈ ਉਨ੍ਹਾਂ ਸਾਰੀਆਂ ਬੁਰਿਆਈਆਂ ਨਾਲੋਂ ਜੋ ਜੁਆਨੀ ਦੀ ਉਮਰ ਦੇ ਮੁੱਢ ਤੋਂ ਲੈ ਕੇ ਅੱਜ ਤੀਕ ਤੁਹਾਡੇ ਉੱਪਰ ਆਈਆਂ, ਤੋਂ ਵੱਧੀਕ ਬੁਰੀ ਹੋਵੇਗੀ।”
8 ਤਦ ਪਾਤਸ਼ਾਹ ਸ਼ਹਿਰ ਦੇ ਦੁਆਰ ਤੀਕ ਗਿਆ ਤੇ ਇਹ ਖਬਰ ਝਟ ਫ਼ੈਲ ਗਈ ਕਿ ਪਾਤਸ਼ਾਹ ਦੁਆਰ ਤੇ ਖੜ੍ਹਾ ਹੈ ਤਾਂ ਸਾਰੇ ਲੋਕ ਪਾਤਸ਼ਾਹ ਨੂੰ ਮਿਲਣ ਲਈ ਆਏ। ਕਿਉਂ ਕਿ ਸਾਰੇ ਇਸਰਾਏਲੀ ਜਿਨ੍ਹਾਂ ਅਬਸ਼ਾਲੋਮ ਨੂੰ ਚੁਣਿਆ ਸੀ ਆਪਣੇ ਘਰੋ-ਘਰੀਁ ਭੱਜ ਗਏ ਸਨ।
ਯਿਸੂ ਦਾ ਇੱਕ ਅਧਰੰਗੀ ਨੂੰ ਠੀਕ ਕਰਨਾ(A)
17 ਇੱਕ ਦਿਨ ਯਿਸੂ ਜਦੋਂ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਤਾਂ ਫ਼ਰੀਸੀ, ਅਤੇ ਕੁਝ ਨੇਮ ਦੇ ਉਪਦੇਸ਼ਕ ਵੀ ਉੱਥੇ ਬੈਠੇ ਹੋਏ ਸਨ। ਉਹ ਗਲੀਲ ਅਤੇ ਯਹੂਦਿਯਾ ਦੇ ਹਰ ਨਗਰ ਤੋਂ ਅਤੇ ਯਰੂਸ਼ਲਮ ਤੋਂ ਵੀ ਆਏ ਸਨ। ਲੋਕਾਂ ਨੂੰ ਚੰਗਾ ਕਰਨ ਲਈ, ਪ੍ਰਭੂ ਦੀ ਸ਼ਕਤੀ ਉਸ ਦੇ ਨਾਲ ਸੀ। 18 ਉੱਥੇ ਇੱਕ ਮਨੁੱਖ ਸੀ ਜਿਸ ਨੂੰ ਅਧਰੰਗ ਹੋਇਆ ਸੀ। ਕੁਝ ਲੋਕ ਉਸ ਨੂੰ ਮੰਜੀ ਤੇ ਚੁੱਕ ਕੇ ਲਿਆਏ। ਉਹ ਆਦਮੀ ਚਾਹੁੰਦੇ ਸਨ ਕਿ ਉਹ ਇਸ ਅਧਰੰਗੀ ਨੂੰ ਅੰਦਰ ਲੈਜਾਕੇ ਯਿਸੂ ਦੇ ਸਾਹਮਣੇ ਰੱਖਣ। 19 ਪਰ ਉੱਥੇ ਇੰਨੀ ਭੀੜ ਸੀ ਕਿ ਜਦ ਉਨ੍ਹਾਂ ਨੂੰ ਅੰਦਰ ਜਾਣ ਦਾ ਕੋਈ ਢੰਗ ਨਾ ਦਿਸਿਆ ਫ਼ਿਰ ਉਹ ਛੱਤ ਉੱਤੇ ਚੜ੍ਹ੍ਹੇ ਅਤੇ ਉਨ੍ਹਾਂ ਨੇ ਕੁਝ ਖਪਰੈਲਾਂ ਕੱਢੀਆਂ ਅਤੇ ਭੀੜ ਦੇ ਵਿੱਚਕਾਰ ਅਤੇ ਠੀਕ ਯਿਸੂ ਦੇ ਸਾਹਮਣੇ ਉਸ ਬਿਮਾਰ ਮਨੁੱਖ ਨੂੰ ਉਸ ਦੇ ਬਿਸਤਰੇ ਸਮੇਤ ਹੇਠਾਂ ਲਾਹ ਦਿੱਤਾ। 20 ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖਕੇ ਬਿਮਾਰ ਮਨੁੱਖ ਨੂੰ ਕਿਹਾ, “ਮਿੱਤਰ, ਤੇਰੇ ਪਾਪ ਬਖਸ਼ੇ ਗਏ ਹਨ।”
21 ਯਹੂਦੀ, ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਪਸ ਵਿੱਚ ਸੋਚਿਆ, “ਇਹ ਕੌਣ ਆਦਮੀ ਹੈ ਜੋ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹੈ? ਕਿਉਂਕਿ ਕੇਵਲ ਪਰਮੇਸ਼ੁਰ ਹੀ ਪਾਪ ਮਾਫ਼ ਕਰ ਸੱਕਦਾ ਹੈ।”
22 ਯਿਸੂ ਉਨ੍ਹਾਂ ਦੀ ਸੋਚਾਂ ਨੂੰ ਜਾਣਦਾ ਸੀ ਤਾਂ ਉਸ ਨੇ ਕਿਹਾ, “ਤੁਹਾਡੇ ਮਨ ਵਿੱਚ ਅਜਿਹੇ ਵਿੱਚਾਰ ਕਿਉਂ ਪੈਦਾ ਹੋ ਰਹੇ ਹਨ? 23 ਕਿਹੜੀ ਗੱਲ ਸੌਖੀ ਹੈ? ਇਹ ਆਖਣਾ ‘ਤੇਰੇ ਪਾਪ ਮਾਫ਼ ਹੋ ਗਏ ਹਨ’, ‘ਜਾਂ ਉੱਠ ਅਤੇ ਚੱਲ।’ 24 ਪਰ ਮੈਂ ਤੁਹਾਨੂੰ ਇਹ ਸਬੂਤ ਦਿਆਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਤਾਂ ਉਸ ਨੇ ਅਧਰੰਗੀ ਮਨੁੱਖ ਨੂੰ ਆਖਿਆ। “ਮੈਂ ਤੈਨੂੰ ਕਹਿੰਦਾ ਹਾਂ, ਖੜ੍ਹਾ ਹੋ ਆਪਣਾ ਬਿਸਤਰਾ ਚੁੱਕ ਅਤੇ ਘਰ ਨੂੰ ਜਾ।”
25 ਤਾਂ ਉਹ ਮਨੁੱਖ ਤੁਰੰਤ ਹੀ ਉਨ੍ਹਾਂ ਸਾਹਮਣੇ ਉੱਠ ਖਲੋਇਆ। ਉਸ ਨੇ ਆਪਣਾ ਬਿਸਤਰਾ ਚੁੱਕਿਆ ਅਤੇ ਪਰਮੇਸ਼ੁਰ ਦੀ ਉਸਤਤਿ ਕਰਦਾ ਹੋਇਆ ਘਰ ਨੂੰ ਚੱਲਾ ਗਿਆ। 26 ਉਹ ਹੈਰਾਨ ਸਨ ਅਤੇ ਉਨ੍ਹਾਂ ਨੇ ਪੂਰੀ ਇੱਜਤ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਆਖਿਆ, “ਅੱਜ ਅਸੀਂ ਹੈਰਾਨੀ ਭਰੀਆਂ ਗੱਲਾਂ ਵੇਖਿਆਂ ਹਨ।”
2010 by World Bible Translation Center