Revised Common Lectionary (Complementary)
ਦਾਊਦ ਦਾ ਇੱਕ ਭੱਗਤੀ ਗੀਤ।
32 ਬੰਦਾ ਬਹੁਤ ਪ੍ਰਸੰਨ ਹੁੰਦਾ ਹੈ,
ਜਦੋਂ ਉਸ ਦੇ ਪਾਪ ਬਖਸ਼ੇ ਜਾਂਦੇ ਹਨ। ਉਹ ਬੰਦਾ ਬਹੁਤ ਸੁਭਾਗਾ ਹੈ
ਜਦੋਂ ਉਸ ਦੇ ਪਾਪ ਮਿਟਾਏ ਜਾਂਦੇ ਹਨ।
2 ਉਹ ਵਿਅਕਤੀ ਵੜਭਾਗਾ ਹੈ
ਜਿਹੜਾ ਪਰਮੇਸ਼ੁਰ ਦੁਆਰਾ ਨਿਰਦੋਸ਼ ਘੋਸ਼ਿਤ ਕੀਤਾ ਜਾਵੇਗਾ।
ਉਹ ਆਦਮੀ ਬਹੁਤ ਸੁਭਾਗਾ ਹੈ ਜਿਸਨੇ ਆਪਣੇ ਗੁਪਤ ਪਾਪ ਵੀ ਨਹੀਂ ਛੁਪਾਏ।
3 ਹੇ ਪਰਮੇਸ਼ੁਰ, ਮੈਂ ਬਾਰ-ਬਾਰ ਤੁਹਾਨੂੰ ਪ੍ਰਾਰਥਨਾ ਕੀਤੀ,
ਪਰ ਮੈਂ ਆਪਣੇ ਗੁਪਤ ਗੁਨਾਹਾਂ ਬਾਰੇ ਨਹੀਂ ਦੱਸਿਆ।
ਮੈਂ ਹਰ ਸਮੇਂ ਕਮਜ਼ੋਰ ਬਣ ਗਿਆ ਜਦੋਂ ਵੀ ਮੈਂ ਪ੍ਰਾਰਥਨਾ ਕੀਤੀ।
4 ਹੇ ਪਰਮੇਸ਼ੁਰ, ਤੂੰ ਮੇਰੀ ਜ਼ਿੰਦਗੀ ਦਿਨ ਅਤੇ ਰਾਤ, ਸਖਤ ਤੋਂ ਸਖਤਰ ਬਣਾ ਦਿੱਤੀ ਹੈ।
ਮੈਂ ਗਰਮੀ ਦੀ ਝੁਲਸੀ ਤਪਸ਼ ਵਿੱਚ ਸੁੱਕੀ ਜ਼ਮੀਨ ਵਰਗਾ ਬਣ ਗਿਆ ਹਾਂ।
5 ਪਰ ਫ਼ੇਰ ਮੈਂ ਆਪਣੇ ਸਾਰੇ ਗੁਨਾਹਾਂ ਦਾ ਯਹੋਵਾਹ ਸਾਹਮਣੇ ਇਕਰਾਰ ਕਰਨ ਦਾ ਫ਼ੈਸਲਾ ਕੀਤਾ।
ਯਹੋਵਾਹ, ਮੈਂ ਤੁਹਾਨੂੰ ਆਪਣੇ ਗੁਨਾਹਾਂ ਬਾਰੇ ਦੱਸਿਆ।
ਮੈਂ ਤੁਹਾਡੇ ਕੋਲੋਂ ਕੋਈ ਵੀ ਦੋਸ਼ ਨਹੀਂ ਛੁਪਾਇਆ।
ਅਤੇ ਤੁਸੀਂ ਮੈਨੂੰ ਮੇਰੇ ਸਾਰੇ ਗੁਨਾਹਾਂ ਲਈ ਮੁਆਫ਼ ਕਰ ਦਿੱਤਾ।
6 ਇਸੇ ਕਾਰਣ ਹੇ ਪਰਮੇਸ਼ੁਰ, ਤੁਹਾਡੇ ਸਮੂਹ ਅਨੁਯਾਈਆਂ ਨੂੰ ਚਾਹੀਦਾ ਹੈ ਕਿ ਉਹ ਤੁਹਾਡੇ ਅੱਗੇ ਪ੍ਰਾਰਥਨਾ ਕਰਨ।
ਤੁਹਾਡੇ ਅਨੁਯਾਈਆਂ ਨੂੰ ਉਦੋਂ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਮੁਸੀਬਤਾਂ ਹੜ੍ਹ ਵਾਂਗਰਾਂ ਭਿਆਨਕ ਹੋਣ।
7 ਹੇ ਪਰਮੇਸ਼ੁਰ, ਤੁਸੀਂ ਮੇਰੀ ਸ਼ਰਨ ਹੋ।
ਤੁਸੀਂ ਮੇਰੀਆਂ ਮੁਸੀਬਤਾਂ ਵਿੱਚ ਮੇਰੀ ਰੱਖਿਆ ਕਰਦੇ ਹੋ।
ਤੂੰ ਮੈਨੂੰ ਘੇਰ ਅਤੇ ਮੇਰੀ ਰੱਖਿਆ ਕਰ।
ਇਸ ਲਈ ਮੈਂ ਉਸ ਬਾਰੇ ਗਾਉਂਦਾ ਜਿਵੇਂ ਤੁਸੀਂ ਮੈਨੂੰ ਬਚਾਇਆ।
8 ਯਹੋਵਾਹ ਆਖਦਾ ਹੈ, “ਮੈਂ ਤੈਨੂੰ ਸਿੱਖਿਆ ਦੇਵਾਂਗਾ
ਅਤੇ ਤੇਰੀ ਰਾਹਨੁਮਾਈ ਉਸ ਤਰ੍ਹਾਂ ਕਰਾਂਗਾ ਜਿਵੇਂ ਤੈਨੂੰ ਜਿਉਣਾ ਚਾਹੀਦਾ ਹੈ।
ਮੈਂ ਤੈਨੂੰ ਬਚਾਵਾਂਗਾ ਅਤੇ ਤੇਰਾ ਰਹਿਨੁਮਾ ਬਣਾਂਗਾ।
9 ਇਸ ਲਈ ਕਿਸੇ ਘੋੜੇ ਜਾਂ ਖੋਤੇ ਵਾਂਗਰਾਂ ਮੂਰਖ ਨਾ ਬਣੋ।
ਲੋਕਾਂ ਨੂੰ ਉਨ੍ਹਾਂ ਜਾਨਵਰਾਂ ਤੇ ਕਾਬੂ ਕਰਨ ਲਈ ਵਾਂਗਾ ਅਤੇ ਲਗਾਮਾਂ ਇਸਤੇਮਾਲ ਕਰਨੇ ਚਾਹੀਦੇ ਹਨ।
ਉਨ੍ਹਾਂ ਚੀਜ਼ਾਂ ਤੋਂ ਬਿਨਾ ਉਹ ਜਾਨਵਰ ਤੁਹਾਡੇ ਨੇੜੇ ਨਹੀਂ ਆਉਣਗੇ।”
10 ਬੁਰੇ ਲੋਕ ਬਹੁਤ ਸਾਰੇ ਦਰਦਾਂ ਦਾ ਸਾਹਮਣਾ ਕਰਨਗੇ।
ਪਰ ਪਰਮੇਸ਼ੁਰ ਦਾ ਸੱਚਾ ਪਿਆਰ ਉਨ੍ਹਾਂ ਲੋਕਾਂ ਨੂੰ ਘੇਰ ਲਵੇਗਾ ਜਿਹੜੇ ਯਹੋਵਾਹ ਵਿੱਚ ਯਕੀਨ ਰੱਖਦੇ ਹਨ।
11 ਹੇ ਸੱਜਨੋ, ਆਨੰਦ ਮਾਣੋ ਅਤੇ ਯਹੋਵਾਹ ਵਿੱਚ ਬਹੁਤ ਖੁਸ਼ ਹੋਵੋ।
ਤੁਸੀਂ ਪਵਿੱਤਰ ਹਿਰਦਿਆਂ ਵਾਲੇ ਸਮੂਹ ਲੋਕੋ, ਖੁਸ਼ੀ ਮਨਾਉ।
ਅਬਸ਼ਾਲੋਮ ਦਾ ਬਦਲਾ ਲੈਣਾ
23 ਦੋ ਸਾਲ ਬਾਅਦ ਅਬਸ਼ਾਲੋਮ ਦੇ ਉੱਨ ਕਤਰਨ ਵਾਲੇ ਬਆਲ-ਹਸੋਰ ਵਿੱਚੋਂ ਜੋ ਇਫ਼ਰਾਈਮ ਦੇ ਕੋਲ ਹੈ, ਉੱਥੇ ਸਨ। ਅਬਸ਼ਾਲੋਮ ਨੇ ਪਾਤਸ਼ਾਹ ਦੇ ਸਭਨਾਂ ਪੁੱਤਰਾਂ ਨੂੰ ਉੱਥੇ ਬੁਲਾਇਆ ਅਤੇ ਆਖਿਆ ਕਿ ਉਹ ਸਭ ਇਹ ਵਾਚਣ। 24 ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਕਿਹਾ, “ਵੇਖ! ਤੇਰੇ ਸੇਵਕ ਭੇਡਾਂ ਦੀ ਉੱਨ ਕਤਰਨ ਵਾਲੇ ਹਨ, ਸੋ ਹੁਣ ਮੈਂ ਬੇਨਤੀ ਕਰਦਾ ਹਾਂ ਜੋ ਪਾਤਸ਼ਾਹ ਅਤੇ ਉਸ ਦੇ ਸੇਵਕ ਉੱਥੇ ਚੱਲਣ।”
25 ਪਾਤਸ਼ਾਹ ਦਾਊਦ ਨੇ ਅਬਸ਼ਾਲੋਮ ਨੂੰ ਕਿਹਾ, “ਨਹੀਂ ਪੁੱਤਰ। ਅਸੀਂ ਸਾਰੇ ਇਸ ਵੇਲੇ ਜਾਈਏ ਤਾਂ ਚੰਗਾ ਨਹੀਂ ਹੋਵੇਗਾ। ਕਿਤੇ ਐਸਾ ਨਾ ਹੋਵੇ ਕਿ ਤੇਰੇ ਤੇ ਭਾਰੂ ਹੋ ਜਾਈਏ।”
ਅਬਸ਼ਾਲੋਮ ਨੇ ਦਾਊਦ ਨੂੰ ਨਾਲ ਚੱਲਣ ਦੀ ਬੜੀ ਮਿੰਨਤ ਕੀਤੀ ਪਰ ਦਾਊਦ ਨਾ ਗਿਆ ਪਰ ਉਸ ਨੇ ਅਬਸ਼ਾਲੋਮ ਨੂੰ ਅਸੀਸ ਦਿੱਤੀ, ਆਪਣੀ ਬਖਸ਼ੀਸ਼ ਦਿੱਤੀ।
26 ਅਬਸ਼ਾਲੋਮ ਨੇ ਦਾਊਦ ਨੂੰ ਆਖਿਆ, “ਜੇਕਰ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਕਿਰਪਾ ਕਰਕੇ ਮੇਰੇ ਭਰਾ ਅਮਨੋਨ ਨੂੰ ਮੇਰੇ ਨਾਲ ਭੇਜ ਦੇਵੋ।”
ਤਾਂ ਪਾਤਸ਼ਾਹ ਦਾਊਦ ਨੇ ਆਖਿਆ, “ਭਲਾ, ਉਹ ਤੇਰੇ ਨਾਲ ਕਿਉਂ ਜਾਵੇ?”
27 ਅਬਸ਼ਾਲੋਮ ਦਾਊਦ ਦੀਆਂ ਮਿੰਨਤਾਂ ਕਰਦਾ ਰਿਹਾ ਤਾਂ ਅਖੀਰ ਵਿੱਚ ਦਾਊਦ ਨੇ ਆਪਣੇ ਹੋਰ ਵੀ ਬਾਕੀ ਦੇ ਪੁੱਤਰਾਂ ਨੂੰ ਅਬਸ਼ਾਲੋਮ ਦੇ ਨਾਲ ਜਾਣ ਦਿੱਤਾ।
ਅਮਨੋਨ ਦਾ ਕਤਲ
28 ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਅਮਨੋਨ ਵੱਲ ਨਜ਼ਰ ਰੱਖੋ! ਜਦੋਂ ਉਹ ਖੂਬ ਸ਼ਰਾਬ ਪੀ ਲਵੇ ਅਤੇ ਉਸ ਨੂੰ ਸ਼ਰਾਬ ਦਾ ਨਸ਼ਾ ਚੜ੍ਹ ਜਾਵੇ ਤਾਂ ਮੈਂ ਤੁਹਾਨੂੰ ਹੁਕਮ ਦੇਵਾਂਗਾ। ਤਾਂ ਤੁਸੀਂ ਉਸ ਉੱਪਰ ਹਮਲਾ ਕਰਕੇ ਉਸ ਨੂੰ ਖਤਮ ਕਰ ਦੇਣਾ। ਕਿਤੇ ਤੁਹਾਨੂੰ ਸਜ਼ਾ ਨਾ ਮਿਲੇ ਇਸ ਡਰ ਤੋਂ ਘਬਰਾਉਣਾ ਨਹੀਂ ਕਿਉਂ ਕਿ ਆਖਿਰ ਕਰ ਤੁਸੀਂ ਤਾਂ ਮੇਰਾ ਹੁਕਮ ਹੀ ਮੰਨ ਰਹੇ ਹੋ ਨਾ। ਇਸ ਲਈ ਬਹਾਦਰ ਬਣੋ, ਅਤੇ ਤਕੜੇ ਹੋ ਜਾਵੋ।”
29 ਇਉਂ ਅਬਸ਼ਾਲੋਮ ਦੇ ਜਵਾਨ ਸੇਵਕਾਂ ਨੇ ਉਹੀ ਕੀਤਾ ਜਿਵੇਂ ਉਸ ਨੇ ਹੁਕਮ ਕੀਤਾ ਉਨ੍ਹਾਂ ਨੇ ਅਮਨੋਨ ਦਾ ਕਤਲ ਕਰ ਦਿੱਤਾ ਪਰ ਦਾਊਦ ਦੇ ਬਾਕੀ ਸਾਰੇ ਪੁੱਤਰ ਬਚ ਕੇ ਭੱਜ ਗਏ। ਦਾਊਦ ਦੇ ਬਾਕੀ ਸਾਰੇ ਪੁੱਤਰ ਆਪੋ-ਆਪਣੀਆਂ ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।
ਦਾਊਦ ਨੂੰ ਅਮਨੋਨ ਦੀ ਮੌਤ ਦਾ ਪਤਾ ਲੱਗਣਾ
30 ਪਾਤਸ਼ਾਹ ਦੇ ਪੁੱਤਰ ਅਜੇ ਰਾਹ ਵਿੱਚ ਹੀ ਸਨ ਪਰ ਦਾਊਦ ਪਾਤਸ਼ਾਹ ਨੂੰ ਪਹਿਲਾਂ ਹੀ ਇਹ ਖਬਰ ਮਿਲੀ, “ਅਬਸ਼ਾਲੋਮ ਨੇ ਸਾਰੇ ਰਾਜ ਪੁੱਤਰਾਂ ਨੂੰ ਵੱਢ ਦਿੱਤਾ ਹੈ ਅਤੇ ਉਸਦਾ ਕੋਈ ਵੀ ਪੁੱਤਰ ਬਾਕੀ ਜਿਉਂਦਾ ਨਹੀਂ ਬਚਿਆ।”
31 ਦਾਊਦ ਪਾਤਸ਼ਾਹ ਨੇ ਆਪਣੇ ਕੱਪੜੇ ਪਾੜ ਸੁੱਟੇ ਅਤੇ ਭੌਂ ਉੱਤੇ ਲੰਮਾ ਪੈ ਗਿਆ ਤਾਂ ਉਸ ਦੇ ਸਾਰੇ ਸੇਵਕ ਵੀ ਆਪੋ-ਆਪਣੇ ਵਸਤਰ ਪਾੜ ਕੇ ਉਸ ਦੇ ਅੱਗੇ ਖਲੋ ਗਏ।
32 ਪਰ ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਇਉਂ ਆਖਕੇ ਬੋਲਿਆ, “ਇਹ ਨਾ ਸੋਚੋ, ਪਾਤਸ਼ਾਹ ਦੇ ਸਾਰੇ ਹੀ ਰਾਜ ਪੁੱਤਰ ਮਾਰੇ ਗਏ ਸਨ, ਸਿਰਫ਼ ਅਮਨੋਨ ਦਾ ਕਤਲ ਹੋਇਆ ਹੈ। ਅਬਸ਼ਾਲੋਮ ਅਮਨੋਨ ਨੂੰ ਕਤਲ ਕਰਨ ਦੀ ਉਸ ਦਿਨ ਤੋਂ ਹੀ ਵਿਉਂਤ ਕਰ ਰਿਹਾ ਸੀ ਜਿਸ ਦਿਨ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ। 33 ਸੋ ਮੇਰਾ ਮਹਾਰਾਜ ਪਾਤਸ਼ਾਹ ਮਨ ਵਿੱਚ ਇਹ ਨਾ ਸਮਝੇ ਕਿ ਸਾਰੇ ਰਾਜ-ਪੁੱਤਰ ਮਾਰੇ ਗਏ ਹਨ, ਕਿਉਂ ਕਿ ਸਿਰਫ਼ ਅਮਨੋਨ ਹੀ ਮਾਰਿਆ ਗਿਆ ਹੈ।”
34 ਅਬਸ਼ਾਲੋਮ ਨੱਠ ਗਿਆ।
ਸ਼ਹਿਰ ਦੀ ਦੀਵਾਰ ਉੱਪਰ ਰੱਖਿਅਕ ਖੜ੍ਹਾ ਸੀ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪਹਾੜ ਦੀ ਪਰਲੀ ਤਰਫ਼ੋਂ ਆਉਂਦਿਆਂ ਵੇਖਿਆ। 35 ਤਾਂ ਯੋਨਾਦਾਬ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਵੇਖ! ਮੈਂ ਠੀਕ ਕਿਹਾ ਸੀ। ਕਿ ਪਾਤਸ਼ਾਹ ਦੇ ਰਾਜ-ਪੁੱਤਰ ਆ ਰਹੇ ਹਨ।”
36 ਜਦੋਂ ਯੋਨਾਦਾਬ ਨੇ ਇਹ ਆਖਿਆ ਹੀ ਸੀ ਤਾਂ ਰਾਜ ਪੁੱਤਰ ਉੱਥੇ ਆਣ ਪਹੁੰਚੇ। ਉਹ ਉੱਚੀ-ਉੱਚੀ ਰੋ ਰਹੇ ਸਨ। ਦਾਊਦ ਅਤੇ ਉਸ ਦੇ ਸਾਰੇ ਅਫ਼ਸਰਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਉਹ ਸਾਰੇ ਬੜਾ ਰੋਏ-ਪਿੱਟੇ। 37 ਦਾਊਦ ਹਰ ਰੋਜ਼ ਆਪਣੇ ਪੁੱਤਰ ਅਮਨੋਨ ਲਈ ਬੜਾ ਰੋਂਦਾ ਰਿਹਾ।
ਅਬਸ਼ਾਲੋਮ ਦਾ ਗਸ਼ੂਰ ਵਿੱਚ ਭੱਜ ਜਾਣਾ
ਅਬਸ਼ਾਲੋਮ ਗਸ਼ੂਰ ਦੇ ਰਾਜੇ ਅਮੀਹੂਰ ਦੇ ਪੁੱਤਰ ਤਲਮੀ [a] ਕੋਲ ਭੱਜ ਗਿਆ। 38 ਜਦੋਂ ਅਬਸ਼ਾਲੋਮ ਗਸ਼ੂਰ ਵਿੱਚ ਭੱਜਕੇ ਛੁਪ ਗਿਆ ਤਾਂ ਉਹ ਉੱਥੇ ਤਿੰਨ ਸਾਲ ਰਿਹਾ। 39 ਪਾਤਸ਼ਾਹ ਦਾਊਦ ਨੂੰ ਅਬਸ਼ਾਲੋਨ ਦੀ ਕਮੀ ਮਹਿਸੂਸ ਹੋਈ ਅਤੇ ਉਸ ਨੇ ਉਸ ਨੂੰ ਜਾਕੇ ਵੇਖਣ ਦੀ ਤਾਂਘ ਕੀਤੀ ਕਿਉਂ ਕਿ ਪਾਤਸ਼ਾਹ ਨੇ ਅਮਨੋਨ ਦੀ ਮੌਤ ਤੇ ਧੀਰਜ ਧਰ ਲਿਆ ਸੀ।
ਆਪਣੇ ਆਪ ਨੂੰ ਪਰਮੇਸੁਰ ਨੂੰ ਸੌਂਪ ਦਿਓ
4 ਤੁਹਾਡੇ ਆਪਣੇ ਵਿੱਚਕਾਰ, ਲੜਾਈਆਂ ਅਤੇ ਝਗੜ੍ਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਗੱਲਾਂ ਕਿੱਥੋਂ ਆਉਂਦੀਆਂ ਹਨ? ਇਹ ਉਨ੍ਹਾਂ ਖੁਦਗਰਜ਼ ਇੱਛਾਵਾਂ ਤੋਂ ਆਉਂਦੀਆਂ ਹਨ ਜਿਹੜੀਆਂ ਤੁਹਾਡੇ ਅੰਦਰ ਲੜਦੀਆਂ ਹਨ। 2 ਤੁਸੀਂ ਵਸਤਾਂ ਦੀ ਕਾਮਨਾ ਕਰਦੇ ਹੋ, ਪਰ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਨਹੀਂ ਕਰਦੇ। ਇਸ ਲਈ ਤੁਸੀਂ ਕਤਲ ਕਰਦੇ ਹੋ ਅਤੇ ਦੂਸਰੇ ਲੋਕਾਂ ਨਾਲ ਈਰਖਾ ਕਰਦੇ ਹੋ। ਪਰ ਤੁਸੀਂ ਫ਼ੇਰ ਵੀ ਉਹ ਚੀਜ਼ਾਂ ਪ੍ਰਾਪਤ ਨਹੀਂ ਕਰਦੇ ਜਿਨ੍ਹਾਂ ਦੀ ਤੁਸੀਂ ਕਾਮਨਾ ਕਰਦੇ ਹੋ। ਇਸ ਕਰਕੇ ਤੁਸੀਂ ਲੜਦੇ ਅਤੇ ਝਗੜਦੇ ਹੋ। ਤੁਸੀਂ ਆਪਣੀਆਂ ਮਨ ਇਛਿੱਤ ਚੀਜ਼ਾਂ ਇਸ ਲਈ ਪ੍ਰਾਪਤ ਨਹੀਂ ਕਰਦੇ ਕਿਉਂ ਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਮੰਗਦੇ। 3 ਪਰ ਜਦੋਂ ਤੁਸੀਂ ਮੰਗਦੇ ਹੋ ਤਾਂ ਵੀ ਤੁਹਾਨੂੰ ਨਹੀਂ ਮਿਲਦੀਆਂ। ਕਿਉਂ ਕਿ ਜਿਸ ਲਈ ਤੁਸੀਂ ਮੰਗਦੇ ਹੋ ਉਹ ਗਲਤ ਹੈ। ਤੁਸੀਂ ਇਹ ਚੀਜ਼ਾਂ ਇਸ ਕਰਕੇ ਮੰਗਦੇ ਹੋ ਤਾਂ ਜੋ ਤੁਸੀਂ ਉਨ੍ਹਾਂ ਨੂੰ ਕੇਵਲ ਆਪਣੀ ਪ੍ਰਸੰਨਤਾ ਲਈ ਹੀ ਵਰਤ ਸੱਕੋਂ।
4 ਇਸ ਲਈ ਤੁਸੀਂ ਲੋਕ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਨੂੰ ਪਿਆਰ ਕਰਨ ਦਾ ਅਰਥ ਹੈ ਪਰਮੇਸ਼ੁਰ ਨੂੰ ਨਫ਼ਰਤ ਕਰਨਾ। ਇਸ ਲਈ ਜੋ ਵਿਅਕਤੀ ਇਸ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲੈਂਦਾ ਹੈ। 5 ਕੀ ਤੁਹਾਡਾ ਖਿਆਲ ਹੈ ਕਿ ਪੋਥੀ ਅਰਥਹੀਣ ਹੈ? ਪੋਥੀ ਆਖਦੀ ਹੈ, “ਉਹ ਆਤਮਾ ਜਿਹੜਾ ਪਰਮੇਸ਼ੁਰ ਨੇ ਸਾਡੇ ਅੰਦਰ ਰਹਿਣ ਲਈ ਬਣਾਇਆ ਉਹ ਸਾਨੂੰ ਸਿਰਫ਼ ਆਪਣੇ ਲਈ ਹੀ ਚਾਹੁੰਦਾ ਹੈ।” [a] 6 ਪਰ ਜਿਹੜੀ ਕਿਰਪਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ ਇਸ ਤੋਂ ਵਡੇਰੀ ਹੈ। ਜਿਵੇਂ ਪੋਥੀ ਆਖਦੀ ਹੈ, “ਪਰਮੇਸ਼ੁਰ ਹੰਕਾਰੀ ਲੋਕਾਂ ਦੇ ਵਿਰੁੱਧ ਹੈ, ਪਰ ਉਹ ਆਪਣੀ ਕਿਰਪਾ ਨਿਮ੍ਰ ਲੋਕਾਂ ਉੱਤੇ ਕਰਦਾ ਹੈ।” [b]
7 ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਅਰਪਨ ਕਰ ਦਿਓ। ਸ਼ੈਤਾਨ ਦਾ ਵਿਰੋਧ ਕਰੋ ਅਤੇ ਸ਼ੈਤਾਨ ਤੁਹਾਡੇ ਕੋਲੋਂ ਦੂਰ ਭੱਜ ਜਾਵੇਗਾ।
2010 by World Bible Translation Center