Revised Common Lectionary (Complementary)
ਸ਼ੀਨ
161 ਸ਼ਕਤੀਸ਼ਾਲੀ ਆਗੂਆ ਨੇ ਮੇਰੇ ਉੱਤੇ ਅਕਾਰਣ ਹੀ ਹਮਲਾ ਕੀਤਾ।
ਪਰ ਮੈਂ ਡਰਦਾ ਅਤੇ ਸਿਰਫ਼ ਤੁਹਾਡੇ ਹੀ ਨੇਮ ਦਾ ਆਦਰ ਕਰਦਾ ਹਾਂ।
162 ਯਹੋਵਾਹ, ਤੁਹਾਡਾ ਸ਼ਬਦ ਮੈਨੂੰ ਖੁਸ਼ੀ ਦਿੰਦਾ ਹੈ, ਉਸ ਬੰਦੇ ਜਿੰਨਾ ਖੁਸ਼,
ਜਿਸ ਨੂੰ ਹੁਣੇ-ਹੁਣ ਵੱਡਾ ਖਜ਼ਾਨਾ ਮਿਲ ਗਿਆ ਹੋਵੇ।
163 ਮੈਂ ਝੂਠ ਨੂੰ ਨਫ਼ਰਤ ਕਰਦਾ ਹਾਂ, ਮੈਂ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ।
ਪਰ ਹੇ ਯਹੋਵਾਹ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ।
164 ਮੈਂ ਦਿਨ ਵਿੱਚ ਸੱਤ ਵਾਰੀ ਤੁਹਾਡੇ ਚੰਗੇ ਨੇਮਾਂ ਲਈ
ਤੁਹਾਡੀ ਉਸਤਤਿ ਕਰਦਾ ਹਾਂ।
165 ਉਹ ਲੋਕ ਜਿਹੜੇ ਤੁਹਾਡੇ ਉਪਦੇਸ਼ਾ ਨੂੰ ਪਿਆਰ ਕਰਦੇ ਹਨ ਅਸਲੀ ਸ਼ਾਂਤੀ ਪ੍ਰਾਪਤ ਕਰਨਗੇ।
ਅਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਡੇਗ ਸੱਕੇਗਾ।
166 ਯਹੋਵਾਹ, ਮੈਂ ਤੁਹਾਡੇ ਵੱਲੋਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਿਹਾ ਹਾਂ।
ਮੈਂ ਤੁਹਾਡੇ ਆਦੇਸ਼ ਮੰਨੇ ਸਨ।
167 ਮੈਂ ਤੁਹਾਡੇ ਕਰਾਰ ਅਨੁਸਾਰ ਚੱਲਿਆ ਸਾਂ।
ਯਹੋਵਾਹ, ਮੈਂ ਤੁਹਾਡੇ ਨੇਮਾਂ ਨੂੰ ਬਹੁਤ ਪਿਆਰ ਕਰਦਾ ਹਾਂ।
168 ਮੈਂ ਤੁਹਾਡੇ ਕਰਾਰ ਅਤੇ ਆਦੇਸ਼ਾ ਨੂੰ ਮੰਨਿਆ ਹੈ।
ਯਹੋਵਾਹ, ਤੁਸੀਂ ਉਸ ਸਭ ਕੁਝ ਬਾਰੇ ਜਾਣਦੇ ਹੋ ਜੋ ਮੈਂ ਕੀਤਾ ਹੈ।
17 ਤਦ ਯਹੋਵਾਹ ਦਾ ਵਚਨ ਏਲੀਯਾਹ ਤਿਸ਼ਬੀ ਨੂੰ ਅਇਆ। ਏਲੀਯਾਹ ਤਿਸ਼ਬੀ ਦਾ ਨਬੀ ਸੀ। ਯਹੋਵਾਹ ਨੇ ਫ਼ਰਮਾਇਆ, 18 “ਸਾਮਰਿਯਾ ਦੇ ਅਹਾਬ ਪਾਤਸ਼ਾਹ ਕੋਲ ਜਾ, ਉਹ ਨਾਬੋਥ ਦੇ ਅੰਗੂਰੀ ਬਾਗ਼ ਵਿੱਚ ਇਸ ਵੇਲੇ ਹੋਵੇਗਾ। ਇਸ ਵਕਤ ਉਹ ਇਸ ਬਾਗ਼ ਨੂੰ ਹਥਿਆਉਣ ਦੇ ਚਕਰ ਵਿੱਚ ਉੱਥੇ ਹੋਵੇਗਾ। 19 ਉਸ ਨੂੰ ਆਖੀਂ ਕਿ ਮੈਂ, ਯਹੋਵਾਹ ਨੇ ਉਸ ਨੂੰ ਆਖਿਆ ਹੈ, ‘ਅਹਾਬ! ਤੂੰ ਨਾਬੋਥ ਨੂੰ ਮਾਰਿਆ ਹੈ ਤੇ ਹੁਣ ਤੂੰ ਉਸਦੀ ਜ਼ਮੀਨ ਹਥਿਆ ਰਿਹਾ ਹੈਂ। ਇਸ ਲਈ ਮੈਂ ਤੈਨੂੰ ਇਹ ਦੱਸ ਦੇਵਾਂ ਕਿ ਜਿਸ ਜਗ੍ਹਾ ਨਾਬੋਥ ਦੀ ਮੌਤ ਹੋਈ ਹੈ, ਠੀਕ ਉਸੇ ਥਾਵੇਂ ਤੇਰੀ ਵੀ ਮੌਤ ਹੋਵੇਗੀ।’”
20 ਤਾਂ ਏਲੀਯਾਹ ਅਹਾਬ ਕੋਲ ਗਿਆ ਤਾਂ ਅਹਾਬ ਨੇ ਉਸ ਨੂੰ ਵੇਖਕੇ ਆਖਿਆ, “ਹੇ ਮੇਰੇ ਵੈਰੀਆਂ! ਤੂੰ ਮੈਨੂੰ ਫ਼ਿਰ ਤੋਂ ਲੱਭ ਲਿਆ!”
ਏਲੀਯਾਹ ਨੇ ਜਵਾਬ ’ਚ ਕਿਹਾ, “ਹਾਂ, ਮੈਂ ਤੈਨੂੰ ਮੁੜ ਤੋਂ ਲੱਭ ਲਿਆ। ਤੂੰ ਹਮੇਸ਼ਾ ਆਪਣਾ ਜੀਵਨ ਯਹੋਵਾਹ ਦੇ ਵਿਰੁੱਧ ਪਾਪ ਕਰਨ ਵਿੱਚ ਹੀ ਗੁਜ਼ਾਰਿਆ। 21 ਇਸ ਲਈ ਯਹੋਵਾਹ ਤੈਨੂੰ ਆਖਦਾ ਹੈ, ‘ਮੈਂ ਤੈਨੂੰ ਤਬਾਹ ਕਰਾਂਗਾ! ਮੈਂ ਤੈਨੂੰ ਅਤੇ ਤੇਰੇ ਪਰਿਵਾਰ ਦੇ ਹਰ ਮਰਦ ਨੂੰ ਵੱਢ ਸੁੱਟਾਂਗਾ। 22 ਮੈਂ ਤੇਰੇ ਘਰਾਣੇ ਨੂੰ ਨਾਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਾਂਗ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰਾਣੇ ਵਾਂਗ ਕਰ ਦੇਵਾਂਗਾ। ਇਹ ਸਭ ਮੈਂ ਉਸ ਚਿੜ ਦੇ ਕਾਰਣ ਕਰਾਂਗਾ ਕਿਉਂ ਕਿ ਤੂੰ ਮੈਨੂੰ ਕ੍ਰੋਧਿਤ ਕੀਤਾ ਅਤੇ ਇਸਰਾਏਲ ਦੇ ਲੋਕਾਂ ਤੋਂ ਪਾਪ ਕਰਵਾਇਆ।’ 23 ਤੇ ਯਹੋਵਾਹ ਨੇ ਇਹ ਵੀ ਆਖਿਆ ਹੈ, ‘ਈਜ਼ਬਲ ਨੂੰ ਯਿਜ਼ਰਏਲ ਦੀ ਸਫੀਲ ਕੋਲ ਕੁੱਤੇ ਖਾਣਗੇ। 24 ਤੇਰੇ ਘਰਾਣੇ ਦਾ ਕੋਈ ਵੀ ਜੀਅ ਜੋ ਸ਼ਹਿਰ ਵਿੱਚ ਮਰੇਗਾ ਉਸ ਨੂੰ ਕੁੱਤੇ ਖਾਣਗੇ ਅਤੇ ਜਿਹੜਾ ਖੇਤਾਂ ’ਚ ਮਰੇਗਾ ਉਸ ਨੂੰ ਪਰਿੰਦੇ ਖਾਣਗੇ।’”
25 ਅਹਾਬ ਵਰਗਾ ਕੋਈ ਮਨੁੱਖ ਨਹੀਂ ਹੋਇਆ ਜਿਸਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਹੋਵੇ ਅਤੇ ਜਿਸ ਨੂੰ ਉਸਦੀ ਰਾਣੀ ਈਜ਼ਬਲ ਨੇ ਪਰੇਰਿਆ। 26 ਅੰਤ ਵਿੱਚ, ਆਹਾਬ ਨੇ ਪਾਪ ਕੀਤਾ ਅਤੇ ਫ਼ੇਰ ਤੋਂ ਅਮੋਰੀਆਂ ਵਾਂਗ ਬੁੱਤ ਪੂਜਣ ਲੱਗ ਪਿਆ। ਯਹੋਵਾਹ ਨੇ ਅਮੋਰੀਆਂ ਦੀ ਜ਼ਮੀਨ ਲੈ ਕੇ ਇਸਰਾਏਲੀਆਂ ਨੂੰ ਦਿੱਤੀ ਸੀ।
27 ਜਦੋਂ ਏਲੀਯਾਹ ਬੋਲ ਹਟਿਆ ਤਾਂ ਅਹਾਬ ਬੜਾ ਉਦਾਸ ਹੋਇਆ। ਉਸ ਨੇ ਇਹ ਪ੍ਰਗਟਾਉਣ ਲਈ ਕਿ ਉਹ ਬੜਾ ਦੁੱਖੀ ਹੈ, ਆਪਣੇ ਕੱਪੜੇ ਫ਼ਾੜ ਲੇ। ਤੇ ਫ਼ਿਰ ਉਸ ਨੇ ਖਾਸ ਉਦਾਸੀ ਵਾਲੇ ਕੱਪੜੇ ਪਾ ਲਏ ਤੇ ਖਾਣ ਤੋਂ ਇਨਕਾਰ ਕੀਤਾ ਤੇ ਉਨ੍ਹਾਂ ਕੱਪੜਿਆਂ ਦੇ ਨਾਲ ਹੀ ਸੁੱਤਾ ਕਿਉਂ ਕਿ ਉਹ ਬੜਾ ਉਦਾਸ ਅਤੇ ਪਰੇਸ਼ਾਨ ਸੀ।
28 ਯਹੋਵਾਹ ਨੇ ਏਲੀਯਾਹ ਨਬੀ ਨੂੰ ਆਖਿਆ, 29 “ਮੈਂ ਵੇਖਦਾ ਹਾਂ ਕਿ ਅਹਾਬ ਨੇ ਮੇਰੇ ਸਾਹਮਣੇ ਆਪਣੇ-ਆਪਨੂੰ ਬੜਾ ਨਿਮਾਣਾ ਦਰਸਾਇਆ ਹੈ, ਇਸ ਲਈ ਮੈਂ ਉਸ ਦੇ ਜੀਵਨ ਵਿੱਚ ਉਸ ਉੱਪਰ ਇਹ ਮੁਸੀਬਤ ਨਾ ਲਿਆਵਾਂਗਾ। ਮੈਂ ਉਸ ਦੇ ਪੁੱਤਰ ਦੇ ਪਾਤਸ਼ਾਹ ਬਨਣ ਦਾ ਇੰਤਜ਼ਾਰ ਕਰਾਂਗਾ। ਤਦ ਫ਼ਿਰ ਉਸ ਦੇ ਪੁੱਤਰ ਦੇ ਸਮੇਂ ਉਸ ਦੇ ਘਰਾਣੇ ਉੱਪਰ ਇਹ ਬੁਰਿਆਈ ਲਿਆਵਾਂਗਾ।”
ਝੂਠੇ ਪ੍ਰਚਾਰਕਾਂ ਤੋਂ ਸਾਵੱਧਾਨ ਰਹੋ
4 ਮੇਰੇ ਪਿਆਰੇ ਮਿੱਤਰੋ, ਇੱਥੇ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਨਬੀ ਹਨ। ਇਸ ਲਈ ਹਰੇਕ ਤੇ ਵਿਸ਼ਵਾਸ ਨਾ ਕਰੋ ਜਿਹੜਾ ਆਖਦਾ ਹੈ ਕਿ ਉਸ ਕੋਲ ਪਰਮੇਸ਼ੁਰ ਦਾ ਆਤਮਾ ਹੈ। ਇਸਦੀ ਜਗ਼੍ਹਾ, ਇਹ ਵੇਖਣ ਲਈ ਉਨ੍ਹਾਂ ਨੂੰ ਪਰਤਾਓ ਕਿ ਜਿਹੜਾ ਆਤਮਾ ਉਨ੍ਹਾਂ ਕੋਲ ਹੈ ਸੱਚਮੁੱਚ ਪਰਮੇਸ਼ੁਰ ਵੱਲੋਂ ਹੈ। 2 ਇਸ ਤਰੀਕੇ ਨਾਲ, ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਪਛਾਣ ਸੱਕਦੇ ਹੋ। ਇੱਕ ਆਤਮਾ ਆਖਦਾ ਹੈ, “ਮੈਨੂੰ ਵਿਸ਼ਵਾਸ ਹੈ ਕਿ ਯਿਸੂ ਹੀ ਮਸੀਹ ਹੈ ਜਿਹੜਾ ਧਰਤੀ ਤੇ ਮਨੁੱਖੀ ਰੂਪ ਵਿੱਚ ਆਇਆ।” ਅਜਿਹਾ ਆਤਮਾ ਪਰਮੇਸ਼ੁਰ ਵੱਲੋਂ ਹੈ। 3 ਅਤੇ ਦੂਜਾ ਆਤਮਾ ਜਿਹੜਾ ਯਿਸੂ ਬਾਰੇ ਇਹ ਸੱਚ ਨਹੀਂ ਸਵਿਕਾਰਦਾ ਪਰਮੇਸ਼ੁਰ ਵੱਲੋਂ ਨਹੀਂ ਹੈ। ਇਹ ਆਤਮਾ ਮਸੀਹ ਦੇ ਦੁਸ਼ਮਣ ਦਾ ਹੈ। ਤੁਸੀਂ ਸੁਣਿਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ। ਅਸਲ ਵਿੱਚ ਉਹ ਪਹਿਲਾਂ ਹੀ ਦੁਨੀਆਂ ਵਿੱਚ ਆ ਚੁੱਕਿਆ ਹੈ।
4 ਮੇਰੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। ਇਸ ਲਈ ਤੁਸੀਂ ਇਨ੍ਹਾਂ ਝੂਠੇ ਉਪਦੇਸ਼ਕਾਂ ਨੂੰ ਹਰਾ ਦਿੱਤਾ ਹੈ। ਕਿਉਂਕਿ ਇੱਕ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਇੱਕ ਨਾਲੋਂ ਵਡੇਰਾ ਹੈ ਜੋ ਦੁਨੀਆਂ ਵਿੱਚ ਹੈ। 5 ਇਹ ਝੂਠੇ ਉਪਦੇਸ਼ਕ ਦੁਨੀਆਂ ਨਾਲ ਸੰਬੰਧਿਤ ਹਨ। ਇਸ ਲਈ ਜੋ ਉਹ ਆਖਦੇ ਹਨ ਦੁਨੀਆਂ ਵੱਲੋਂ ਹੈ, ਅਤੇ ਦੁਨੀਆਂ ਉਹ ਸੁਣਦੀ ਹੈ ਜੋ ਉਹ ਆਖਦੇ ਹਨ। 6 ਪਰ ਅਸੀਂ ਪਰਮੇਸ਼ੁਰ ਵੱਲੋਂ ਹਾਂ। ਇਸ ਲਈ ਜੋ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਸਾਨੂੰ ਸੁਣਦੇ ਹਨ, ਪਰ ਜਿਹੜੇ ਲੋਕ ਪਰਮੇਸ਼ੁਰ ਵੱਲੋਂ ਨਹੀਂ ਹਨ ਸਾਨੂੰ ਨਹੀਂ ਸੁਣਦੇ। ਇਵੇਂ ਹੀ ਅਸੀਂ ਸੱਚੇ ਆਤਮਾ ਅਤੇ ਫ਼ਰੇਬੀ ਆਤਮਾ ਨੂੰ ਜਾਣਦੇ ਹਾਂ।
2010 by World Bible Translation Center