Revised Common Lectionary (Complementary)
ਸਾਰੇ ਲੋਕ ਪਰਮੇਸ਼ੁਰ ਬਾਰੇ ਜਾਨਣਗੇ
65 ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਵੀ ਕੀਤੀ ਜਿਹੜੇ ਮੇਰੇ ਕੋਲ ਸਲਾਹ ਲੈਣ ਨਹੀਂ ਆਏ ਸਨ। ਉਹ ਲੋਕ ਜਿਨ੍ਹਾਂ ਮੈਨੂੰ ਲੱਭਿਆ ਉਹ ਮੇਰੀ ਤਲਾਸ਼ ਨਹੀਂ ਕਰ ਰਹੇ ਸਨ। ਮੈਂ ਉਸ ਕੌਮ ਨਾਲ ਗੱਲ ਕੀਤੀ ਜਿਹੜੀ ਮੇਰੇ ਨਾਮ ਦੀ ਧਾਰਣੀ ਨਹੀਂ ਹੈ। ਮੈਂ ਆਖਿਆ, ‘ਮੈਂ ਇੱਥੇ ਹਾਂ! ਮੈਂ ਇੱਥੇ ਹਾਂ!’
2 “ਮੈਂ ਉਨ੍ਹਾਂ ਲੋਕਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਖੜ੍ਹਾ ਸਾਂ ਜਿਹੜੇ ਮੇਰੇ ਖਿਲਾਫ਼ ਹੋ ਗਏ ਸਨ। ਮੈਂ ਉਨ੍ਹਾਂ ਲੋਕਾਂ ਦੀ ਉਡੀਕ ਕਰ ਰਿਹਾ ਸਾਂ ਕਿ ਉਹ ਮੇਰੇ ਵੱਲ ਆਉਣ। ਪਰ ਉਨ੍ਹਾਂ ਨੇ ਅਜਿਹੇ ਢੰਗ ਨਾਲ ਜਿਉਣਾ ਜਾਰੀ ਰੱਖਿਆ ਜਿਹ੍ਹੜਾ ਠੀਕ ਨਹੀਂ। ਉਨ੍ਹਾਂ ਨੇ ਹਰ ਉਹ ਗੱਲ ਕੀਤੀ ਜਿਹੜੀ ਉਨ੍ਹਾਂ ਦਾ ਦਿਲ ਚਾਹੁੰਦਾ ਸੀ। 3 ਉਹ ਲੋਕ ਮੇਰੇ ਸਾਹਮਣੇ ਹਨ ਤੇ ਮੈਨੂੰ ਹਮੇਸ਼ਾ ਗੁੱਸਾ ਦਿਵਾਉਂਦੇ ਰਹਿੰਦੇ ਹਨ। ਉਹ ਲੋਕ ਬਲੀਆਂ ਚੜ੍ਹਾਉਂਦੇ ਹਨ ਅਤੇ ਆਪਣੇ ਖਾਸ ਬਾਗਾਂ ਅੰਦਰ ਧੂਫ਼ਾਂ ਬੁਖਾਉਂਦੇ ਹਨ। 4 ਉਹ ਲੋਕ ਕਬਰਾਂ ਦੇ ਦਰਮਿਆਨ ਬੈਠਦੇ ਹਨ। ਉਹ ਮੁਰਦਾ ਲੋਕਾਂ ਪਾਸੋਂ ਸੰਦੇਸ਼ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਉਹ ਮੁਰਦਾ ਲਾਸ਼ਾਂ ਨਾਲ ਰਹਿੰਦੇ ਵੀ ਹਨ। ਉਹ ਸੂਰ ਦਾ ਮਾਸ ਖਾਂਦੇ ਹਨ। ਉਨ੍ਹਾਂ ਦੇ ਛੁਰੀ ਕਾਂਟੇ ਸੜੇ ਹੋਏ ਮਾਸ ਨਾਲ ਲਿਬੜੇ ਹੁੰਦੇ ਹਨ। 5 ਪਰ ਉਹ ਲੋਕ ਹੋਰਨਾਂ ਨੂੰ ਆਖਦੇ ਹਨ, ‘ਮੇਰੇ ਨੇੜੇ ਨਾ ਆਉਣਾ! ਜਿੰਨਾ ਚਿਰ ਮੈਂ ਤੁਹਾਨੂੰ ਸ਼ੁੱਧ ਨਹੀਂ ਕਰ ਲੈਂਦਾ, ਮੈਨੂੰ ਛੁਹਣਾ ਨਹੀਂ!’ ਉਹ ਮੇਰੇ ਨੱਕ ਵਿੱਚ ਧੂਏਂ ਵਾਂਗ ਹਨ। ਅਤੇ ਉਨ੍ਹਾਂ ਦੀ ਅੱਗ ਹਰ ਸਮੇਂ ਬਲਦੀ ਰਹਿੰਦੀ ਹੈ।”
ਇਸਰਾਏਲ ਨੂੰ ਅਵੱਸ਼ ਸਜ਼ਾ ਮਿਲੇਗੀ
6 “ਦੇਖੋ, ਇੱਥੇ ਇੱਕ ਬਿੱਲ ਹੈ ਜਿਸ ਨੂੰ ਅਦਾ ਕਰਨਾ ਜ਼ਰੂਰੀ ਹੈ। ਇਹ ਬਿੱਲ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਪਾਪ ਲਈ ਦੋਸ਼ੀ ਹੋ। ਮੈਂ ਉਦੋਂ ਤੀਕ ਸ਼ਾਂਤ ਨਹੀਂ ਹੋਵਾਂਗਾ ਜਿੰਨਾ ਚਿਰ ਮੈਂ ਇਹ ਬਿੱਲ ਅਦਾ ਨਹੀਂ ਕਰਦਾ, ਅਤੇ ਮੈਂ ਇਸ ਬਿੱਲ ਨੂੰ ਤੁਹਾਨੂੰ ਸਜ਼ਾ ਦੇ ਕੇ ਅਦਾ ਕਰਾਂਗਾ। 7 ਤੁਹਾਡੇ ਅਤੇ ਤੁਹਾਡੇ ਪੁਰਖਿਆਂ ਦੇ ਪਾਪ ਇੱਕੋ ਜਿਹੇ ਹਨ।” ਯਹੋਵਾਹ ਨੇ ਇਹ ਆਖਿਆ, “ਤੁਹਾਡੇ ਪੁਰਖਿਆਂ ਨੇ ਉਦੋਂ ਪਾਪ ਕੀਤਾ ਜਦੋਂ ਉਨ੍ਹਾਂ ਨੇ ਪਰਬਤ ਵਿੱਚ ਧੂਫ਼ਾਂ ਧੁਖਾਈਆਂ। ਉਨ੍ਹਾਂ ਨੇ ਉਨ੍ਹਾਂ ਪਹਾੜੀਆਂ ਉੱਤੇ ਮੈਨੂੰ ਅਪਮਾਨਿਤ ਕੀਤਾ ਅਤੇ ਮੈਂ ਉਨ੍ਹਾਂ ਨੂੰ ਪਹਿਲਾਂ ਸਜ਼ਾ ਦਿੱਤੀ। ਜਿਸਦੇ ਉਹ ਅਧਿਕਾਰੀ ਸਨ।”
8 ਯਹੋਵਾਹ ਆਖਦਾ ਹੈ, “ਜਦੋਂ ਅੰਗੂਰਾਂ ਵਿੱਚ ਨਵੀਂ ਸ਼ਰਾਬ ਹੁੰਦੀ ਹੈ, ਲੋਕ ਨਚੋੜ ਕੇ ਸ਼ਰਾਬ ਕੱਢ ਲੈਂਦੇ ਹਨ। ਪਰ ਉਹ ਅੰਗੂਰਾਂ ਨੂੰ ਪੂਰੀ ਤਰ੍ਹਾਂ ਬਰਬਾਦ ਨਹੀਂ ਕਰਦੇ। ਉਹ ਅਜਿਹਾ ਕਰਦੇ ਹਨ ਕਿਉਂਕਿ ਅੰਗੂਰਾਂ ਨੂੰ ਫ਼ੇਰ ਵੀ ਇਸਤੇਮਾਲ ਕੀਤਾ ਜਾ ਸੱਕਦਾ ਹੈ। ਇਹੀ ਗੱਲ ਮੈਂ ਆਪਣੇ ਸੇਵਕਾਂ ਨਾਲ ਕਰਾਂਗਾ। ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ। 9 ਮੈਂ ਯਾਕੂਬ (ਇਸਰਾਏਲ) ਦੇ ਕੁਝ ਬੰਦਿਆਂ ਨੂੰ ਰੱਖ ਲਵਾਂਗਾ। ਯਹੂਦਾਹ ਦੇ ਕੁਝ ਬੰਦੇ ਮੇਰੇ ਪਰਬਤ ਦੇ ਮਾਲਕ ਹੋਣਗੇ। ਮੇਰੇ ਸੇਵਕ ਓੱਥੇ ਰਹਿਣਗੇ। ਮੈਂ ਉਨ੍ਹਾਂ ਲੋਕਾਂ ਦੀ ਚੋਣ ਕਰਾਂਗਾ ਜਿਹੜੇ ਓੱਥੇ ਰਹਿਣਗੇ।
19 ਯਹੋਵਾਹ, ਮੈਨੂੰ ਛੱਡ ਕੇ ਨਾ ਜਾਵੋ।
ਤੁਸੀਂ ਮੇਰੀ ਸ਼ਕਤੀ ਹੋ।
ਛੇਤੀ ਬਹੁੜੋ ਮੇਰੀ ਮਦਦ ਕਰੋ।
20 ਯਹੋਵਾਹ, ਮੇਰੀ ਜਿੰਦ ਨੂੰ ਤਲਵਾਰ ਕੋਲੋਂ ਬਚਾ ਲਵੋ।
ਮੇਰੀ ਕੀਮਤੀ ਜਿੰਦ ਉਨ੍ਹਾਂ ਕੁਤਿਆਂ ਕੋਲੋਂ ਬਚਾ ਲਵੋ।
21 ਮੈਨੂੰ ਬੱਬਰ ਸ਼ੇਰਾਂ ਦੇ ਜਬਾੜਿਆਂ ਵਿੱਚੋਂ ਕੱਢ ਲਵੋ,
ਮੈਨੂੰ ਸਾਨ੍ਹ ਦੇ ਸਿੰਗਾ ਤੋਂ ਬਚਾਉ।
22 ਯਹੋਵਾਹ, ਮੈਂ ਆਪਣੇ ਭਰਾਵਾਂ ਨੂੰ ਤੁਹਾਡੇ ਬਾਰੇ ਦੱਸਾਂਗਾ।
ਮੈਂ ਵੱਡੀ ਸੰਗਤ ਵਿੱਚ ਤੁਹਾਡੀ ਉਸਤਤਿ ਕਰਾਂਗਾ।
23 ਯਹੋਵਾਹ, ਦੀ ਉਸਤਤਿ ਕਰੋ, ਸਮੂਹ ਲੋਕੋ ਤੁਸੀਂ ਜਿਹੜੇ ਉਸਦੀ ਉਪਾਸਨਾ ਕਰਦੇ ਹੋਂ।
ਤੁਸੀਂ ਇਸਰਾਏਲ ਦੀਉ ਔਲਾਦੋ, ਯਹੋਵਾਹ ਦੀ ਇੱਜ਼ਤ ਕਰੋ।
ਤੁਸੀਂ ਯਹੋਵਾਹ ਤੋਂ ਡਰੋ ਇਸਰਾਏਲ ਦੇ ਸਮੂਹ ਲੋਕੋ ਤੁਸੀਂ ਯਹੋਵਾਹ ਦੀ ਇੱਜ਼ਤ ਕਰੋ।
24 ਕਿਉਂ? ਕਿਉਂਕਿ ਯਹੋਵਾਹ ਉਨ੍ਹਾਂ ਗਰੀਬਾਂ ਦੀ ਮਦਦ ਕਰਦਾ ਹੈ ਜਿਹੜੇ ਸੰਕਟ ਵਿੱਚ ਹਨ।
ਯਹੋਵਾਹ ਉਨ੍ਹਾਂ ਤੋਂ ਸ਼ਰਮਸਾਰ ਨਹੀਂ ਹੈ, ਤੇ ਨਾ ਹੀ ਉਹ ਉਨ੍ਹਾਂ ਨੂੰ ਨਫ਼ਰਤ ਕਰਦਾ ਹੈ।
ਜੇ ਲੋਕੀ ਯਹੋਵਾਹ ਵਲੋ ਮਦਦ ਲਈ ਪੁਕਾਰ ਕਰਨਗੇ
ਉਹ ਆਪਣੇ-ਆਪ ਨੂੰ ਲੋਕਾਂ ਤੋਂ ਨਹੀਂ ਛੁੱਪੇਗਾ।
25 ਯਹੋਵਾਹ, ਵੱਡੀ ਸਭਾ ਵਿੱਚ ਮੇਰੀ ਉਸਤਤਿ ਤੁਹਾਡੇ ਵੱਲੋਂ ਆਉਂਦੀ ਹੈ।
ਪਰਮੇਸ਼ੁਰ ਦੇ ਇਨ੍ਹਾਂ ਸਭ ਉਪਾਸੱਕਾਂ ਦੇ ਸਾਹਮਣੇ, ਮੈਂ ਬਲੀਆਂ ਭੇਟ ਕਰਾਂਗਾ ਜਿਹੜੀਆਂ ਮੈਂ ਦੇਣ ਦਾ ਵਾਅਦਾ ਕੀਤਾ ਸੀ।
26 ਗਰੀਬ ਲੋਕੋ, ਆਉ ਭੋਜਨ ਕਰੋ ਤੇ ਸੰਤੁਸ਼ਟ ਹੋ ਜਾਵੋ।
ਤੁਸੀਂ ਸਾਰੇ, ਜਿਹੜੇ ਯਹੋਵਾਹ ਨੂੰ ਲੱਭਦੇ ਆਏ ਹੋ ਉਸਦੀ ਉਸਤਤਿ ਕਰੋ।
ਤੁਹਾਡੇ ਦਿਲ ਸਦਾ ਲਈ ਪ੍ਰਸੰਨ ਰਹਿਣ।
27 ਦੂਰ ਦੁਰਾਡੇ ਦੇ ਸਭ ਦੇਸ਼ਾਂ ਦੇ ਲੋਕ, ਯਹੋਵਾਹ ਨੂੰ ਚੇਤੇ ਕਰਨ, ਤੇ ਵਾਪਸ ਉਸ ਕੋਲ ਆ ਜਾਣ।
ਅਤੇ ਵਿਦੇਸ਼ਾਂ ਦੇ ਸਾਰੇ ਪਰਿਵਾਰਿਕ ਸਮੂਹ ਉਸਦੀ ਉਪਾਸਨਾ ਕਰਨ।
28 ਕਿਉਂਕਿ ਯਹੋਵਾਹ ਹੀ ਰਾਜਾ ਹੈ।
ਉਹ ਸਮੂਹ ਕੌਮਾਂ ਉੱਤੇ ਰਾਜ ਕਰਦਾ ਹੈ।
23 ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਸਾਰੇ ਨੇਮ ਦੇ ਕੈਦੀ ਬਣੇ ਹੋਏ ਸਾਂ ਅਤੇ ਨੇਮ ਦੀ ਨਿਗਰਾਨੀ ਹੇਠ ਸਾਂ। ਸਾਨੂੰ ਉਦੋਂ ਤੱਕ ਕੋਈ ਅਜ਼ਾਦੀ ਨਹੀਂ ਸੀ ਜਦੋਂ ਤੱਕ ਪਰਮੇਸ਼ੁਰ ਨੇ ਸਾਡੇ ਤੇ ਵਿਸ਼ਵਾਸ ਦਾ ਉਹ ਮਾਰਗ, ਪਰਗਟ ਨਹੀਂ ਕੀਤਾ, ਜਿਹੜਾ ਆ ਰਿਹਾ ਸੀ। 24 ਇਸੇ ਲਈ ਮਸੀਹ ਦੇ ਆਉਣ ਤੱਕ ਨੇਮ ਸਾਡਾ ਨਿਗਹਬਾਨ ਸੀ। ਮਸੀਹ ਦੇ ਆਉਣ ਤੋਂ ਮਗਰੋਂ ਅਸੀਂ ਵਿਸ਼ਵਾਸ ਰਾਹੀਂ ਪਰਮੇਸ਼ੁਰ ਨਾਲ ਧਰਮੀ ਬਣਾਏ ਜਾ ਸੱਕਾਂਗੇ। 25 ਹੁਣ ਵਿਸ਼ਵਾਸ ਦਾ ਮਾਰਗ ਆ ਚੁੱਕਿਆ ਹੈ। ਇਸੇ ਲਈ, ਅਸੀਂ ਹੁਣ ਨੇਮ ਦੇ ਨਿਯੰਤ੍ਰਣ ਹੇਠਾਂ ਨਹੀਂ ਜਿਉਂਦੇ।
26 ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇਸ ਨਿਹਚਾ ਦੁਆਰਾ ਪਰਮੇਸ਼ੁਰ ਦੇ ਬੱਚੇ ਹੋ। 27 ਕਿਉਂ ਕਿ ਤੁਹਾਨੂੰ ਸਾਰਿਆਂ ਨੂੰ ਮਸੀਹ ਅੰਦਰ ਬਪਤਿਸਮਾ ਦਿੱਤਾ ਗਿਆ ਹੈ ਅਤੇ ਤੁਸੀਂ ਆਪਣੇ ਆਪ ਨੂੰ ਮਸੀਹ ਨਾਲ ਢੱਕ ਲਿਆ ਹੈ। 28 ਹੁਣ, ਮਸੀਹ ਯਿਸੂ ਵਿੱਚ, ਯਹੂਦੀਆਂ ਅਤੇ ਯੂਨਾਨੀਆਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਇੱਥੇ ਗੁਲਾਮਾਂ ਅਤੇ ਆਜ਼ਾਦਾਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਨਰ ਅਤੇ ਮਾਦਾ ਵਿੱਚ ਕੋਈ ਫ਼ਰਕ ਨਹੀਂ ਹੈ। ਕਿਉਂ ਕਿ ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇੱਕ ਹੋ। 29 ਤੁਸੀਂ ਮਸੀਹ ਦੇ ਹੋ ਇਸ ਲਈ ਤੁਸੀਂ ਅਬਰਾਹਾਮ ਦੀ ਔਲਾਦ ਹੋ। ਤੁਸੀਂ ਸਾਰੇ ਪਰਮੇਸ਼ੁਰ ਦੇ ਅਬਰਾਹਾਮ ਨੂੰ ਵਾਇਦੇ ਕਾਰਣ ਪਰਮੇਸ਼ੁਰ ਦੀਆਂ ਅਸੀਸਾਂ ਪ੍ਰਾਪਤ ਕਰਦੇ ਹੋ।
ਇੱਕ ਮਨੁੱਖ ਅੰਦਰ ਭੂਤਾਂ ਦਾ ਵਾਸਾ(A)
26 ਫ਼ਿਰ ਯਿਸੂ ਅਤੇ ਉਸ ਦੇ ਚੇਲੇ ਝੀਲ ਦੇ ਪਰਲੇ ਪਾਰ ਗਿਰਸੇਨੀਆ ਦੇ ਦੇਸ਼ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਹੈ। 27 ਜਦੋਂ ਯਿਸੂ ਬੇੜੀ ਵਿੱਚੋਂ ਉਤਰਿਆ, ਤਾਂ ਉਸ ਸ਼ਹਿਰ ਵਿੱਚੋਂ ਇੱਕ ਮਨੁੱਖ ਯਿਸੂ ਕੋਲ ਆਇਆ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ। ਬੜੇ ਲੰਬੇ ਸਮੇਂ ਤੋਂ ਉਸ ਨੇ ਕੋਈ ਕੱਪੜੇ ਨਹੀਂ ਪਹਿਨੇ ਸਨ ਨਾ ਹੀ ਘਰ ਵਿੱਚ ਰਿਹਾ ਸੀ, ਸਗੋਂ ਉਹ ਕਬਰਸਤਾਨ ਵਿੱਚ ਰਹਿੰਦਾ ਸੀ।
28-29 ਜਦੋਂ ਉਸ ਨੇ ਯਿਸੂ ਨੂੰ ਵੇਖਿਆ ਤਾਂ ਉਸ ਨੇ ਉੱਚੀ-ਉੱਚੀ ਚੀਕਾਂ ਮਾਰੀਆਂ ਅਤੇ ਉਸ ਦੇ ਪੈਰਾਂ ਤੇ ਡਿੱਗ ਪਿਆ ਅਤੇ ਉਸ ਨੇ ਉੱਚੀ ਅਵਾਜ਼ ਵਿੱਚ ਆਖਿਆ, “ਹੇ ਯਿਸੂ! ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ, ਤੈਨੂੰ ਮੈਥੋਂ ਕੀ ਚਾਹੀਦਾ ਹੈ? ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਮੈਨੂੰ ਦੁੱਖ ਨਾ ਦੇ!” ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਯਿਸੂ ਨੇ ਉਸ ਭਰਿਸ਼ਟ ਆਤਮਾ ਨੂੰ ਉਸ ਬੰਦੇ ਦਾ ਸਰੀਰ ਛੱਡਣ ਲਈ ਹੁਕਮ ਦਿੱਤਾ। ਭੂਤ ਕਈ ਵਾਰੀ ਉਸ ਬੰਦੇ ਨੂੰ ਚਿੰਬੜਿਆ ਸੀ। ਅਜਿਹੇ ਅਵਸਰਾਂ ਤੇ, ਹਾਲਾਂ ਕਿ ਉਸ ਦੇ ਪੈਰਾਂ ਅਤੇ ਹੱਥਾਂ ਵਿੱਚ ਜੰਜੀਰਾਂ ਪਾਈਆਂ ਹੋਈਆਂ ਸਨ ਅਤੇ ਜੇਲ੍ਹ ਵਿੱਚ ਰੱਖਿਆ ਗਿਆ ਸੀ, ਉਹ ਜੰਜੀਰਾਂ ਨੂੰ ਤੋੜ ਸੁੱਟਦਾ ਅਤੇ ਭੂਤ ਉਸ ਨੂੰ ਸੁੰਨਸਾਨ ਥਾਵਾਂ ਉੱਤੇ ਜਾਣ ਲਈ ਮਜਬੂਰ ਕਰਦਾ।
30 ਯਿਸੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?”
ਮਨੁੱਖ ਨੇ ਜਵਾਬ ਦਿੱਤਾ, “ਲਸ਼ਕਰ।” ਕਿਉਂਕਿ ਉਸ ਵਿੱਚ ਬਹੁਤ ਸਾਰੇ ਭੂਤਾਂ ਦਾ ਵਾਸਾ ਸੀ। 31 ਭੂਤਾਂ ਨੇ ਯਿਸੂ ਅੱਗੇ ਅਰਜੋਈ ਕੀਤੀ ਕਿ ਉਹ ਉਨ੍ਹਾਂ ਨੂੰ ਅਥਾਹ ਹਨੇਰੇ ਵਿੱਚ ਨਾ ਭੇਜੇ। 32 ਉਸ ਪਹਾੜੀ ਤੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ ਤਾਂ ਭੂਤਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਸੂਰਾਂ ਵਿੱਚ ਪ੍ਰਵੇਸ਼ ਕਰਨ ਦੇਵੇ। ਤਾਂ ਯਿਸੂ ਨੇ ਉਨ੍ਹਾਂ ਨੂੰ ਆਗਿਆ ਦੇ ਦਿੱਤੀ। 33 ਉਹ ਭੂਤ ਉਸ ਆਦਮੀ ਵਿੱਚੋਂ ਬਾਹਰ ਨਿਕਲੇ ਅਤੇ ਉਨ੍ਹਾਂ ਸੂਰਾਂ ਵਿੱਚ ਜਾ ਵੜੇ। ਫ਼ਿਰ ਸੂਰਾਂ ਦਾ ਪੂਰਾ ਇੱਜੜ ਪਹਾੜੀ ਦੇ ਸਿਰੇ ਤੋਂ ਢਲਵੀ ਥਾਂ ਨੂੰ ਭਜਿਆ ਅਤੇ ਝੀਲ ਵਿੱਚ ਡਿੱਗ ਪਿਆ। ਸਾਰੇ ਸੂਰ ਡੁੱਬ ਗਏ।
34 ਜਦੋਂ ਸੂਰ ਚਰਾਉਣ ਵਾਲਿਆਂ ਨੇ ਇਹ ਸਭ ਵੇਖਿਆ ਤਾਂ ਉਹ ਉੱਥੋਂ ਭੱਜ ਗਏ ਅਤੇ ਉਨ੍ਹਾਂ ਨੇ ਇਸ ਖਬਰ ਦਾ ਵਰਨਣ ਸਾਰੇ ਲੋਕਾਂ ਨੂੰ ਕੀਤਾ ਜੋ ਖੇਤਾਂ ਤੇ ਸ਼ਹਿਰਾਂ ਵਿੱਚ ਸਨ। 35 ਅਤੇ ਲੋਕ ਇਹ ਸਭ ਵੇਖਣ ਲਈ ਬਾਹਰ ਨਿਕਲੇ ਤਾਂ ਲੋਕ ਯਿਸੂ ਕੋਲ ਆਏ ਅਤੇ ਉਸ ਆਦਮੀ ਨੂੰ ਯਿਸੂ ਦੇ ਚਰਣਾ ਵਿੱਚ ਬੈਠਾ ਪਾਇਆ। ਹੁਣ ਉਹ ਬੰਦਾ ਸਜਿਆ ਹੋਇਆ ਸੀ ਅਤੇ ਉਸਦਾ ਦਿਮਾਗ ਵੀ ਸਹੀ ਸੀ ਕਿਉਂਕਿ ਭੂਤਾਂ ਨੇ ਉਸ ਨੂੰ ਛੱਡ ਦਿੱਤਾ ਸੀ। 36 ਇਹ ਸਭ ਵੇਖ ਲੋਕੀ ਭੈਭੀਤ ਹੋ ਗਏ। ਜਿਨ੍ਹਾਂ ਲੋਕਾਂ ਨੇ ਵੇਖਿਆ ਸੀ ਕਿ ਕਿਵੇਂ ਯਿਸੂ ਨੇ ਉਸ ਨੂੰ ਰਾਜੀ ਕੀਤਾ ਸੀ ਉਨ੍ਹਾਂ ਨੇ ਇਸਦੀ ਵਿਆਖਿਆ ਬਾਕੀ ਲੋਕਾਂ ਨੂੰ ਵੀ ਕੀਤੀ ਕਿ ਯਿਸੂ ਨੇ ਕਿਵੇਂ ਉਸ ਵਿਅਕਤੀ ਨੂੰ ਚੰਗਾ ਕੀਤਾ ਸੀ। 37 ਤਾਂ ਗਿਰਸੇਨੀਆ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉੱਥੋਂ ਦੂਰ ਚੱਲਾ ਜਾਵੇ ਕਿਉਂਕਿ ਉਹ ਸਭ ਬਹੁਤ ਡਰ ਗਏ ਸਨ।
ਤਾਂ ਯਿਸੂ ਬੇੜੀ ਤੇ ਚੜ੍ਹ੍ਹ ਕੇ ਮੁੜ ਗਲੀਲ ਵੱਲ ਨੂੰ ਮੁੜਿਆ। 38 ਜਿਸ ਮਨੁੱਖ ਨੂੰ ਉਸ ਨੇ ਠੀਕ ਕੀਤਾ ਸੀ ਉਸ ਨੇ ਯਿਸੂ ਦੇ ਨਾਲ ਜਾਣ ਦੀ ਬੇਨਤੀ ਕੀਤੀ। 39 ਪਰ ਯਿਸੂ ਨੇ ਇਹ ਕਹਿ ਕਿ ਉਸ ਆਦਮੀ ਨੂੰ ਭੇਜ ਦਿੱਤਾ ਕਿ, “ਉਹ ਆਪਣੇ ਘਰ ਵਾਪਸ ਜਾਕੇ ਲੋਕਾਂ ਨੂੰ ਦੱਸੇ ਕਿ ਪਰਮੇਸ਼ੁਰ ਨੇ ਤੇਰੇ ਲਈ ਕੀ ਕੀਤਾ ਹੈ?”
ਤਾਂ ਉਸ ਆਦਮੀ ਨੇ ਸਾਰੇ ਸ਼ਹਿਰ ਵਿੱਚ ਜਾਕੇ ਦੱਸਿਆ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ।
2010 by World Bible Translation Center