Revised Common Lectionary (Complementary)
93 ਯਹੋਵਾਹ ਰਾਜਾ ਹੈ।
ਉਹ ਮਹਿਮਾ ਅਤੇ ਸ਼ਕਤੀ ਨੂੰ ਵਸਤਰਾਂ ਵਾਂਗ ਪਹਿਨਦਾ ਹੈ।
ਉਹ ਤਿਆਰ ਹੈ, ਇਸ ਲਈ ਸਾਰੀ ਦੁਨੀਆਂ ਸੁਰੱਖਿਅਤ ਹੈ।
ਇਹ ਨਹੀਂ ਹਿੱਲਣਗੇ ਅਤੇ ਇਹ ਬਰਬਾਦ ਨਹੀਂ ਹੋਵੇਗੀ।
2 ਹੇ ਪਰਮੇਸ਼ੁਰ ਤੁਹਾਡਾ ਰਾਜ ਸਦੀਵੀ ਰਿਹਾ ਹੈ।
ਹੇ ਪਰਮੇਸ਼ੁਰ, ਤੁਸੀਂ ਸਦੀਵੀ ਤੌਰ ਤੇ ਜੀਵਿਤ ਰਹੇ ਹੋ।
3 ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ।
ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
4 ਸਾਗਰ ਦੀਆਂ ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਪਰ ਉੱਚਾ ਯਹੋਵਾਹ ਹੋਰ ਵੀ ਵੱਧ ਸ਼ਕਤੀਸ਼ਾਲੀ ਹੈ।
5 ਯਹੋਵਾਹ, ਤੁਹਾਡੇ ਨੇਮ ਸਦਾ ਲਈ ਬਣੇ ਰਹਿਣਗੇ।
ਤੁਹਾਡਾ ਪਵਿੱਤਰ ਮੰਦਰ ਸਦਾ ਲਈ ਖਲੋਤਾ ਰਹੇਗਾ।
ਸੈਦਾ ਦੇ ਵਿਰੁੱਧ ਸੰਦੇਸ਼
20 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 21 “ਆਦਮੀ ਦੇ ਪੁੱਤਰ, ਸੈਦਾ ਵੱਲ ਦੇਖ ਅਤੇ ਉਸ ਥਾਂ ਦੇ ਖਿਲਾਫ਼ ਮੇਰੇ ਲਈ ਬੋਲ। 22 ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
“‘ਮੈਂ ਹਾਂ ਤੇਰੇ ਵਿਰੁੱਧ, ਸੈਦਾ!
ਤੇਰੇ ਲੋਕ ਸਿੱਖ ਲੈਣਗੇ ਮੇਰਾ ਆਦਰ ਕਰਨਾ!
ਸਜ਼ਾ ਦੇਵਾਂਗਾ ਮੈਂ ਸੈਦਾ ਨੂੰ।
ਫ਼ੇਰ ਪਤਾ ਲੱਗੇਗਾ ਲੋਕਾਂ ਨੂੰ ਕਿ ਮੈਂ ਹਾਂ ਯਹੋਵਾਹ।
ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਪਵਿੱਤਰ ਹਾਂ,
ਅਤੇ ਵਿਹਾਰ ਕਰਨਗੇ ਉਹ ਮੇਰੇ ਨਾਲ ਓਹੋ ਜਿਹਾ।
23 ਭੇਜਾਂਗਾ ਮੈਂ ਬੀਮਾਰੀ ਅਤੇ ਮੌਤ ਸੈਦਾ ਵੱਲ
ਅਤੇ ਬਹੁਤ ਲੋਕ ਸ਼ਹਿਰ ਅੰਦਰ ਮਰ ਜਾਣਗੇ।
ਤਲਵਾਰ (ਦੁਸ਼ਮਣ ਸਿਪਾਹੀ) ਸ਼ਹਿਰੋ ਅੰਦਰ ਮਾਰ ਦੇਵੇਗੀ ਬਹੁਤ ਲੋਕਾਂ ਨੂੰ।
ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਹਾਂ ਯਹੋਵਾਹ।’”
ਕੌਮਾਂ ਇਸਰਾਏਲ ਉੱਤੇ ਹੱਸਣੋ ਹਟ ਜਾਣਗੀਆਂ
24 “‘ਇਸਰਾਏਲ ਦੇ ਆਲੇ-ਦੁਆਲੇ ਦੇ ਦੇਸ ਉਸ ਨੂੰ ਨਫ਼ਰਤ ਕਰਦੇ ਸਨ। ਪਰ ਉਨ੍ਹਾਂ ਦੇਸਾਂ ਨਾਲ ਮਾੜੀਆਂ ਘਟਨਾਵਾਂ ਵਾਪਰਨਗੀਆਂ। ਫ਼ੇਰ ਓੱਥੇ ਇਸਰਾਏਲ ਦੇ ਪਰਿਵਾਰ ਨੂੰ ਦੁੱਖ ਦੇਣ ਵਾਲੇ ਨਸ਼ਤਰ ਜਾਂ ਕੰਡਿਆਲੀਆਂ ਝਾੜੀਆਂ ਨਹੀਂ ਹੋਣਗੀਆਂ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪ੍ਰਭੂ ਯਹੋਵਾਹ ਹਾਂ।’”
25 ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, “ਮੈਂ ਇਸਰਾਏਲ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਦਰਮਿਆਨ ਖਿੰਡਾ ਦਿੱਤਾ ਸੀ। ਪਰ ਮੈਂ ਇਸਰਾਏਲ ਦੇ ਪਰਿਵਾਰ ਨੂੰ ਇੱਕ ਵਾਰੀ ਫ਼ੇਰ ਇਕੱਠਿਆਂ ਕਰਾਂਗਾ। ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗੇਗਾ ਕਿ ਮੈਂ ਪਵਿੱਤਰ ਹਾਂ ਅਤੇ ਉਹ ਮੇਰੇ ਨਾਲ ਓਸੇ ਤਰ੍ਹਾਂ ਦਾ ਵਿਹਾਰ ਕਰਨਗੀਆਂ। ਓਸ ਸਮੇਂ, ਇਸਰਾਏਲ ਦੇ ਲੋਕ ਆਪਣੀ ਧਰਤੀ ਉੱਤੇ ਰਹਿਣਗੇ ਮੈਂ ਉਹ ਧਰਤੀ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ। 26 ਉਹ ਉਸ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਉਹ ਮਕਾਨ ਉਸਾਰਨਗੇ ਅਤੇ ਅੰਗੂਰਾਂ ਦੇ ਬਗੀਚੇ ਲਾਉਣਗੇ। ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਸੀ। ਫ਼ੇਰ ਇਸਰਾਏਲ ਦੇ ਲੋਕ ਸੁਰੱਖਿਅਤ ਰਹਿਣਗੇ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ, ਹਾਂ।”
20 ਪਰ ਇਹ ਸੱਚ ਹੈ ਕਿ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ; ਉਹ ਉਨ੍ਹਾਂ ਸਾਰੇ ਨਿਹਚਾਵਾਨਾਂ ਨਾਲੋਂ ਪਹਿਲਾਂ ਜਿਵਾਲਿਆ ਗਿਆ, ਜਿਹੜੇ ਮਰ ਚੁੱਕੇ ਹਨ। 21 ਉਵੇਂ ਹੀ ਜਿਵੇਂ ਲੋਕੀਂ ਇੱਕ ਆਦਮੀ ਦੇ ਪਾਪਾਂ ਕਾਰਣ ਮਰਦੇ ਹਨ, ਮੁਰਦੇ ਵੀ ਜ਼ਿੰਦਗੀ ਵੱਲ ਸਿਰਫ਼ ਇੱਕ ਆਦਮੀ ਦੇ ਕਾਰਣ ਜੀ ਉੱਠਦੇ ਹਨ। 22 ਆਦਮ ਦੇ ਕਾਰਣ ਅਸੀਂ ਸਾਰੇ ਮਰਦੇ ਹਾਂ। ਇਸੇ ਤਰ੍ਹਾਂ ਹੀ ਮਸੀਹ ਦੇ ਕਾਰਣ ਅਸੀਂ ਸਾਰੇ ਫ਼ੇਰ ਜਿਉਂਦੇ ਹੋਵਾਂਗੇ। 23 ਪਰ ਹਰੇਕ ਬੰਦਾ ਜੀਵਨ ਵੱਲ ਢੁਕਵੀਂ ਬਿਵਸਥਾ ਵਿੱਚ ਜੀ ਉੱਠੇਗਾ। ਸਭ ਤੋਂ ਪਹਿਲਾਂ ਜੀ ਉੱਠਣ ਵਾਲਾ ਮਸੀਹ ਸੀ। ਫ਼ੇਰ ਜਦੋਂ ਮਸੀਹ ਦੋਬਾਰਾ ਆਵੇਗਾ ਤਾਂ ਉਹ ਲੋਕ ਜਿਹੜੇ ਮਸੀਹ ਦੇ ਹਨ, ਪੁਨਰ ਜੀਵਨ ਪ੍ਰਾਪਤ ਕਰਨਗੇ। 24 ਫ਼ੇਰ ਅੰਤ ਆਵੇਗਾ। ਮਸੀਹ ਸਾਰੇ ਸ਼ਾਸਕਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਤਬਾਹ ਕਰ ਦੇਵੇਗਾ। ਫ਼ੇਰ ਮਸੀਹ ਪਰਮੇਸ਼ੁਰ ਪਿਤਾ ਨੂੰ ਰਾਜ ਸੌਂਪ ਦੇਵੇਗਾ।
25 ਮਸੀਹ ਨੇ ਉਦੋਂ ਤੱਕ ਰਾਜੇ ਵਾਂਗ ਰਾਜ ਕਰਨਾ ਹੈ ਜਦੋਂ ਤੱਕ ਪਰਮੇਸ਼ੁਰ ਸਾਰੇ ਦੁਸ਼ਮਣਾ ਨੂੰ ਮਸੀਹ ਦੇ ਸ਼ਾਸਨ ਹੇਠ ਨਹੀਂ ਲੈ ਆਉਂਦਾ। 26 ਤਬਾਹ ਕੀਤੇ ਜਾਣ ਵਾਲਾ ਆਖਰੀ ਦੁਸ਼ਮਣ, ਮੌਤ ਹੋਵੇਗੀ। 27 ਇਹ ਪੋਥੀਆਂ ਵਿੱਚ ਲਿਖਿਆ ਹੈ: “ਪਰਮੇਸ਼ੁਰ ਸਾਰੀਆਂ ਚੀਜ਼ਾਂ ਆਪਣੇ ਨਿਯੰਤ੍ਰਣ ਹੇਠਾਂ ਕਰ ਲੈਂਦਾ ਹੈ।” [a] ਜਦੋਂ ਉਹ ਆਖਦਾ ਹੈ, “ਸਾਰੀਆਂ ਚੀਜ਼ਾਂ” ਉਸ ਦੇ ਨਿਯੰਤ੍ਰਣ ਹੇਠਾਂ ਲਿਆ ਦਿੱਤੀਆਂ ਗਈਆਂ ਹਨ, ਤਾਂ ਇਹ ਸਪੱਸ਼ਟ ਹੈ ਕਿ ਪਰਮੇਸ਼ੁਰ ਇਨ੍ਹਾਂ ਵਿੱਚ ਸ਼ਾਮਿਲ ਨਹੀਂ ਹੈ। ਪਰਮੇਸ਼ੁਰ ਹੀ ਹੈ ਜਿਹੜਾ ਸਾਰੀਆਂ ਚੀਜ਼ਾਂ ਨੂੰ ਮਸੀਹ ਦੇ ਨਿਯੰਤ੍ਰਣ ਹੇਠਾਂ ਪਾਉਂਦਾ ਹੈ। 28 ਜਦੋਂ ਹਰ ਚੀਜ਼ ਮਸੀਹ ਦੇ ਹੇਠਾਂ ਕੀਤੀ ਜਾ ਚੁੱਕੀ ਹੋਵੇਗੀ ਤਾਂ ਪੁੱਤਰ ਖੁਦ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧਿਕਾਰ ਹੇਠਾਂ ਕਰ ਦੇਵੇਗਾ। ਪਰਮੇਸ਼ੁਰ ਹੀ ਹੈ ਜਿਹੜਾ ਸਾਰੀਆਂ ਚੀਜ਼ਾਂ ਮਸੀਹ ਦੇ ਨਿਯੰਤ੍ਰਣ ਹੇਠਾਂ ਲਿਆਉਂਦਾ ਹੈ। ਮਸੀਹ ਨੂੰ ਵੀ ਪਰਮੇਸ਼ੁਰ ਦੇ ਅਧੀਨ ਕਰ ਦਿੱਤਾ ਜਾਵੇਗਾ ਤਾਂ ਜੋ ਪਰਮੇਸ਼ੁਰ ਹਰ ਚੀਜ਼ ਉੱਤੇ ਪੂਰੀ ਤਰ੍ਹਾਂ ਹਕੂਮਤ ਕਰੇਗਾ।
2010 by World Bible Translation Center