Revised Common Lectionary (Complementary)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
13 ਕਿੰਨਾ ਕੁ ਚਿਰ ਤੁਸੀਂ ਮੈਥੋਂ ਆਪਣਾ ਮੂੰਹ ਲੁਕੋਵੋਂਗੇ?
ਕੀ ਤੁਸੀਂ ਮੈਨੂੰ ਸਦਾ ਲਈ ਭੁੱਲ ਜਾਵੋਂਗੇ?
ਤੁਸੀਂ ਕਿੰਨਾ ਕੁ ਚਿਰ ਮੈਨੂੰ ਪ੍ਰਵਾਨ ਨਹੀਂ ਕਰੋਂਗੇ?
2 ਕਿੰਨਾ ਕੁ ਚਿਰ ਮੈਂ ਉਦਾਸੀ ਵਿੱਚ ਸੋਚਾਂਗਾ ਕਿ ਸ਼ਾਇਦ ਤੁਸੀਂ ਮੈਨੂੰ ਭੁੱਲ ਗਏ ਹੋਂ?
ਕਿੰਨਾ ਕੁ ਚਿਰ ਮੈਂ ਇਹ ਉਦਾਸੀ ਆਪਣੇ ਦਿਲ ਅੰਦਰ ਜਰਾਂਗਾ?
ਕਿੰਨੇ ਕੁ ਚਿਰ ਤੱਕ ਮੇਰਾ ਦੁਸ਼ਮਣ ਮੇਰੇ ਉੱਤੋਂ ਜਿੱਤ ਪ੍ਰਾਪਤ ਕਰਦਾ ਰਹੇਗਾ?
3 ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਵੱਲ ਤੱਕੋ। ਮੇਰੇ ਪ੍ਰਸ਼ਨ ਦਾ ਉੱਤਰ ਦੇਵੋ।
ਮੈਨੂੰ ਜਵਾਬ ਦੇਵੋ ਨਹੀਂ ਤਾਂ ਮੈਂ ਮਰ ਜਾਵਾਂਗਾ।
4 ਜੇਕਰ ਇਹ ਵਾਪਰੇ ਮੇਰਾ ਵੈਰੀ ਆਖੇਗਾ, “ਮੈਂ ਉਸ ਨੂੰ ਹਰਾ ਦਿੱਤਾ ਹੈ।”
ਜੇਕਰ ਮੇਰਾ ਦੁਸ਼ਮਣ ਮੈਨੂੰ ਹਰਾ ਦੇਵੇਗਾ।
ਉਹ ਖੁਸ਼ ਹੋਵੇਗਾ।
5 ਯਹੋਵਾਹ, ਮੈਂ ਸਹਾਇਤਾ ਲਈ ਤੁਹਾਡੇ ਪ੍ਰੇਮ ਵਿੱਚ ਆਸਥਾ ਰੱਖੀ,
ਤੁਸੀਂ ਮੈਨੂੰ ਬਚਾਇਆ ਅਤੇ ਖੁਸ਼ੀ ਬਖਸ਼ੀ।
6 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਇੱਕ ਖੁਸ਼ੀ ਦਾ ਗੀਤ ਗਾਵਾਂਗਾ,
ਕਿਉਂਕਿ ਉਸ ਨੇ ਮੇਰੇ ਲਈ ਚੰਗਾ ਕੀਤਾ ਹੈ।
ਯਹੂਦਾਹ ਦੇ ਦੁਆਲੇ ਦੀਆਂ ਕੌਮਾਂ ਦਾ ਦਰਸ਼ਨ
12 ਇਸਰਾਏਲ ਦੇ ਵਿਖੇ ਯਹੋਵਾਹ ਦਾ ਸ਼ੋਕ ਸਮਾਚਾਰ। ਯਹੋਵਾਹ ਨੇ ਧਰਤੀ ਅਤੇ ਆਕਾਸ਼ ਸਿਰਜੇ। ਉਸ ਨੇ ਮਨੁੱਖ ਦਾ ਆਤਮਾ ਉਸ ਦੇ ਵਿੱਚ ਪਾਇਆ ਅਤੇ ਯਹੋਵਾਹ ਨੇ ਇਹ ਗੱਲਾਂ ਆਖੀਆਂ। 2 “ਵੇਖ, ਮੈਂ ਯਰੂਸ਼ਲਮ ਨੂੰ ਉਸ ਦੇ ਆਸ-ਪਾਸ ਦੇ ਰਾਜਾਂ ਲਈ ਜ਼ਹਿਰ ਦੇ ਪਿਆਲੇ ਵਾਂਗ ਬਣਾਵਾਂਗਾ। ਕੌਮਾਂ ਆਉਣਗੀਆਂ ਅਤੇ ਉਸ ਸ਼ਹਿਰ ਤੇ ਹਮਲਾ ਕਰਨਗੀਆਂ ਅਤੇ ਸਾਰੇ ਦਾ ਸਾਰਾ ਯਹੂਦਾਹ ਇਹ ਫਾਹੀ ਵਿੱਚ ਆ ਜਾਵੇਗਾ। 3 ਪਰ ਮੈਂ ਯਰੂਸ਼ਲਮ ਨੂੰ ਇੱਕ ਭਾਰੀ ਚੱਟਾਨ ਵਾਂਗ ਬਣਾਵਾਂਗਾ-ਤਾਂ ਜੋ ਜਿਹੜਾ ਵੀ ਇਸ ਨੂੰ ਲਿਜਾਣ ਦੀ ਕੋਸ਼ਿਸ਼ ਕਰੇਗਾ ਖੁਦ ਹੀ ਜ਼ਖਮੀ ਹੋਵੇਗਾ। ਸਾਰੇ ਉਸ ਦੇ ਚੁੱਕਣ ਵਾਲੇ ਫ਼ੱਟੜ ਕੀਤੇ ਜਾਣਗੇ। ਪਰ ਧਰਤੀ ਦੀਆਂ ਸਾਰੀਆਂ ਕੌਮਾਂ ਯਰੂਸ਼ਲਮ ਦੇ ਵਿਰੁੱਧ ਲਢ਼ਨ ਲਈ ਇਕੱਠੀਆਂ ਹੋਣਗੀਆਂ। 4 ਪਰ ਉਸ ਵਕਤ, ਮੈਂ ਹਰ ਸਿਪਾਹੀ ਦੇ ਘੋੜੇ ਨੂੰ ਘਬਰਾਹਟ ਨਾਲ ਅਤੇ ਉਸ ਦੇ ਸਵਾਰ ਨੂੰ ਖਤਰੇ ਨਾਲ ਮਾਰਾਂਗਾ। ਮੈਂ ਸਾਰੇ ਵੈਰੀਆਂ ਦੇ ਘੋੜਿਆਂ ਨੂੰ ਅੰਨ੍ਹਿਆਂ ਕਰ ਦੇਵਾਂਗਾ ਪਰ ਮੇਰੀਆਂ ਅੱਖਾਂ ਖੁਲ੍ਹੀਆਂ ਰਹਿਣਗੀਆਂ ਅਤੇ ਮੈਂ ਯਹੂਦਾਹ ਦੇ ਘਰਾਣੇ ਤੇ ਨਜ਼ਰ ਰੱਖਾਂਗਾ। 5 ਯਹੂਦਾਹ ਦੇ ਆਗੂ ਦੂਜਿਆਂ ਨੂੰ ਇਹ ਆਖਕੇ ਹੌਸਲਾ ਦੇਣਗੇ, ‘ਯਹੋਵਾਹ ਸਰਬ ਸ਼ਕਤੀਮਾਨ ਤੁਹਾਡਾ ਪਰਮੇਸ਼ੁਰ ਹੈ। ਉਹ ਸਾਨੂੰ ਤਾਕਤ ਦਿੰਦਾ ਹੈ।’ 6 ਉਸ ਵਕਤ, ਮੈਂ ਯਹੂਦਾਹ ਘਰਾਣੇ ਦੇ ਆਗੂਆਂ ਨੂੰ ਜੰਗਲ ਵਿੱਚ ਬਲਦੀ ਅੱਗ ਵਾਂਗ ਠਹਿਰਾਵਾਂਗਾ ਅਤੇ ਉਹ ਆਪਣੇ ਦੁਸ਼ਮਣਾਂ ਨੂੰ ਜਿਵੇਂ ਅੱਗ ਤੂੜੀ ਨੂੰ ਸਾੜਦੀ ਹੈ ਤਬਾਹ ਕਰ ਦੇਣਗੇ। ਉਹ ਆਪਣੇ ਦੁਆਲੇ ਦੇ ਦੁਸ਼ਮਣਾਂ ਨੂੰ ਖਤਮ ਕਰ ਦੇਣਗੇ। ਅਤੇ ਯਰੂਸ਼ਲਮ ਵਿੱਚ, ਲੋਕ ਚੈਨ ਨਾਲ ਬੈਠ ਕੇ ਸੁੱਖ ਦਾ ਸਾਹ ਲੈਣਗੇ।”
7 ਯਹੋਵਾਹ ਪਹਿਲਾਂ ਯਹੂਦਾਹ ਦੀ ਕੌਮ ਨੂੰ ਬਚਾਏਗਾ। ਇਸ ਲਈ ਯਰੂਸ਼ਲਮ ਦੇ ਲੋਕ ਢੀਁਗਾਂ ਮਾਰਨ ਵਿੱਚ ਨਾਕਾਮਯਾਬ ਰਹਿਣਗੇ। ਦਾਊਦ ਦਾ ਘਰਾਣਾ ਅਤੇ ਹੋਰ ਯਰੂਸ਼ਲਮ ਵਿੱਚ ਵੱਸਦੇ ਲੋਕ ਇਹ ਫ਼ੜਾਂ ਨਾ ਮਾਰ ਸੱਕਣਗੇ ਕਿ ਉਹ ਯਹੂਦਾਹ ਦੇ ਲੋਕਾਂ ਤੋਂ ਵੱਧ ਚੰਗੇ ਹਨ। 8 ਪਰ ਯਹੋਵਾਹ ਯਰੂਸ਼ਲਮ ਵਿੱਚ ਲੋਕਾਂ ਨੂੰ ਬਚਾਵੇਗਾ। ਉਨ੍ਹਾਂ ਦਾ ਸਭ ਤੋਂ ਕਮਜ਼ੋਰ ਆਦਮੀ ਵੀ ਦਾਊਦ ਵਾਂਗ ਮਜ਼ਬੂਤ ਹੋਵੇਗਾ ਅਤੇ ਦਾਊਦ ਦੇ ਘਰਾਣੇ ਦੇ ਲੋਕ ਪਰਮੇਸ਼ੁਰ ਵਾਂਗ ਹੋਣਗੇ ਉਹ ਯਹੋਵਾਹ ਦੇ ਦੂਤ ਵਰਗੇ ਹੋਣਗੇ ਜਿਹੜਾ ਲੋਕਾਂ ਦੀ ਅਗਵਾਹੀ ਕਰਦਾ ਹੈ।
9 ਯਹੋਵਾਹ ਆਖਦਾ ਹੈ, “ਉਸ ਵਕਤ, ਜਿਹੜੀਆਂ ਕੌਮਾਂ ਯਰੂਸ਼ਲਮ ਦੇ ਵਿਰੁੱਧ ਯੁੱਧ ਕਰਨਗੀਆਂ, ਮੈਂ ਉਨ੍ਹਾਂ ਨੂੰ ਤਬਾਹ ਕਰਾਂਗਾ। 10 ਮੈਂ ਦਾਊਦ ਦੇ ਘਰਾਣਿਆਂ ਉੱਪਰ ਅਤੇ ਯਰੂਸ਼ਲਮ ਦੇ ਲੋਕਾਂ ਉੱਪਰ ਕਿਰਪਾ ਅਤੇ ਬੇਨਤੀ ਦਾ ਆਤਮਾ ਵਰਸਾਵਾਂਗਾ ਅਤੇ ਉਹ ਮੇਰੇ ਵੱਲ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਵਿਂਨ੍ਹਿਆ ਸੀ ਅਤੇ ਉਹ ਬੜੇ ਦੁੱਖੀ ਹੋਣਗੇ। ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕੋਈ ਮਨੁੱਖ ਆਪਣੇ ਇੱਕ ਲੌਤੇ ਪੁੱਤਰ ਦੀ ਮੌਤ ਤੇ ਹੁੰਦਾ ਹੈ ਅਤੇ ਵੈਣ ਪਾਉਂਦਾ ਹੈ। ਜਾਂ ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕਿ ਕੋਈ ਆਪਣੇ ਪਹਿਲੋਠੇ ਪੁੱਤਰ ਦੀ ਮੌਤ ਤੇ। 11 ਯਰੂਸ਼ਲਮ ਵਿੱਚ ਮਹਾਂ ਸ਼ੋਕ ਉਦਾਸੀ ਅਤੇ ਰੋਣ-ਪਿੱਟਣ ਦਾ ਸਮਾਂ ਹੋਵੇਗਾ। ਇਹ ਉਹੋ ਜਿਹਾ ਸਮਾਂ ਹੋਵੇਗਾ ਜਿਵੇਂ ਮਗਿੱਦੋ ਦੀ ਵਾਦੀ ਵਿੱਚ ਹਦਦ-ਰਮੋਨ ਦੇ ਸੋਗ ਵਿੱਚ ਹੋਇਆ ਸੀ। ਜਿਵੇਂ ਲੋਕਾਂ ਨੇ ਉਸ ਦੀ ਮੌਤ ਤੇ ਕੀਰਨੇ ਪਾਏ ਸਨ ਅਜਿਹਾ ਸਮਾਂ ਹੀ ਯਰੂਸ਼ਲਮ ਤੇ ਹੋਵੇਗਾ। 12 ਹਰੇਕ ਘਰਾਣਾ ਆਪਣੇ-ਆਪ ਵਿੱਚ ਪਿੱਟੇਗਾ। ਦਾਊਦ ਦੇ ਘਰਾਣੇ ਦੇ ਲੋਕ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ-ਆਪ ਵਿੱਚ ਕੀਰਨੇ ਪਾਉਣਗੀਆਂ। ਨਾਥਾਨ ਦੇ ਘਰਾਣੇ ਦਾ ਟੱਬਰ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ ਆਪ ਵਿੱਚ ਰੋਣਗੇ-ਪਿੱਟਣਗੇ। 13 ਲੇਵੀ ਦੇ ਘਰਾਣੇ ਦਾ ਟੱਬਰ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਸ਼ਿਮਈ ਦਾ ਪਰਿਵਾਰ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ-ਆਪ ਵਿੱਚ ਰੋਣ-ਪਿੱਟਣਗੇ। 14 ਹੋਰ ਪਰਿਵਾਰ-ਸਮੂਹਾਂ ਨਾਲ ਵੀ ਅਜਿਹਾ ਹੀ ਵਾਪਰੇਗਾ ਕਿ ਹਰ ਆਦਮੀ ਅਤੇ ਔਰਤ ਕੀਰਨੇ।”
13 ਪਰ ਉਸ ਵਕਤ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਹੋਰ ਲੋਕਾਂ ਵਾਸਤੇ ਪਾਣੀ ਦਾ ਇੱਕ ਨਵਾਂ ਚਸ਼ਮਾ ਫ਼ੁੱਟੇਗਾ। ਉਸ ਝਰਨੇ ਵਿੱਚ ਉਨ੍ਹਾਂ ਦੇ ਸਾਰੇ ਪਾਪ ਧੋਤੇ ਜਾਣਗੇ ਤੇ ਉਹ ਲੋਕਾਂ ਨੂੰ ਪਵਿੱਤਰ ਕਰਨਗੇ।
9 “ਪਰ ਤੁਸੀਂ ਚੌਕਸ ਰਹਿਣਾ ਕਿਉਂਕਿ ਲੋਕ ਤੁਹਾਨੂੰ ਕਚਿਹਰੀਆਂ ਦੇ ਹਵਾਲੇ ਕਰਣਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਲਿਜਾਕੇ ਕੁੱਟਣਗੇ। ਤੁਹਾਨੂੰ ਰਾਜਿਆਂ ਅਤੇ ਹਾਕਮਾਂ ਦੇ ਅੱਗੇ ਮੇਰੇ ਕਾਰਣ ਖੜ੍ਹੇ ਕਰਨਗੇ ਅਤੇ ਤੁਸੀਂ ਮੇਰੇ ਬਾਰੇ ਗਵਾਹੀ ਦੇਵੋਂਗੇ। ਇਹ ਸਭ ਉਹ ਇਸ ਲਈ ਕਰਨਗੇ ਕਿਉਂਕਿ ਤੁਸੀਂ ਮੇਰਾ ਅਨੁਸਰਣ ਕਰਦੇ ਹੋ। 10 ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇੰਜੀਲ ਦਾ ਪ੍ਰਚਾਰ ਸਾਰੀਆਂ ਕੌਮਾਂ ਨੂੰ ਕੀਤਾ ਜਾਵੇ। 11 ਜਦੋਂ ਉਹ ਤੁਹਾਨੂੰ ਗਿਰਫ਼ਤਾਰ ਕਰਨ ਅਤੇ ਕਚਿਹਰੀਆਂ ਦੇ ਹਵਾਲੇ ਕਰਨ ਤਾਂ ਤੁਸੀਂ ਅੱਗੋ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਕਹੀਏ। ਤੁਸੀਂ ਉਹੀ ਆਖਣਾ ਜੋ ਉਸ ਵਕਤ ਤੁਹਾਨੂੰ ਪਰਮੇਸ਼ੁਰ ਦੁਆਰਾ ਦੱਸਿਆ ਜਾਵੇਗਾ। ਇਹ ਤੁਸੀਂ ਨਹੀਂ ਬੋਲ ਰਹੇ ਹੋਵੋਂਗੇ, ਇਹ ਤੁਹਾਡੇ ਵਿੱਚੋਂ ਪਵਿੱਤਰ ਆਤਮਾ ਖੁਦ ਬੋਲੇਗਾ।
12 “ਭਰਾ-ਭਰਾ ਦੇ ਵਿਰੁੱਧ ਹੋਵੇਗਾ ਅਤੇ ਉਹ ਇੱਕ ਦੂਜੇ ਨੂੰ ਮਾਰਨ ਲਈ ਫ਼ੜਵਾਉਨਗੇ। ਪਿਓ ਆਪਣੇ ਬੱਚਿਆਂ ਦੇ ਖਿਲਾਫ਼ ਹੋਵੇਗਾ ਅਤੇ ਉਨ੍ਹਾਂ ਨੂੰ ਮਾਰਨ ਲਈ ਫ਼ੜਵਾਏਗਾ। ਇੰਝ ਹੀ, ਬੱਚੇ ਆਪਣੇ ਮਾਂ-ਬਾਪ ਦੇ ਵਿਰੁੱਧ ਹੋਣਗੇ ਅਤੇ ਉਨ੍ਹਾਂ ਨੂੰ ਮਾਰਨ ਲਈ ਫ਼ੜਵਾਉਣਗੇ। 13 ਮੇਰੇ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਪਰ ਜਿਹੜਾ ਅੰਤ ਤੱਕ ਸਬਰ ਨਾਲ ਇਹ ਸਭ ਸਹੇਗਾ ਉਹੀ ਬਚਾਇਆ ਜਾਵੇਗਾ।
14 “ਤੁਸੀਂ ਉਸ ‘ਭਿਆਨਕ ਚੀਜ਼ ਨੂੰ ਵੇਖੋਂਗੇ ਜਿਹੜੀ ਤਬਾਹੀ ਲਿਆਉਂਦੀ ਹੈ।’ [a] ਤੁਸੀਂ ਇਸ ਨੂੰ ਉਸ ਜਗ੍ਹਾ ਵੇਖੋਂਗੇ ਜਿੱਥੇ ਇਸ ਨੂੰ ਨਹੀਂ ਆਉਣਾ ਚਾਹੀਦਾ ਹੈ।” (ਤੁਸੀਂ ਜਿਹੜਾ ਇਸ ਨੂੰ ਪੜ੍ਹਦਾ ਸਮਝਣਾ ਚਾਹੀਦਾ ਕਿ ਇਸਦਾ ਕੀ ਅਰਥ ਹੈ।) “ਉਸ ਸਮੇਂ, ਯਹੂਦਿਯਾ ਵਿੱਚਲੇ ਲੋਕਾਂ ਨੂੰ ਪਹਾੜਾਂ ਵੱਲ ਨੂੰ ਭੱਜ ਜਾਣਾ ਚਾਹੀਦਾ ਹੈ। 15 ਲੋਕਾਂ ਨੂੰ ਬਿਨਾ ਕਿਸੇ ਦੇਰੀ ਦੇ ਭੱਜ ਜਾਣਾ ਚਾਹੀਦਾ ਹੈ। ਜੇਕਰ ਕੋਈ ਮਨੁੱਖ ਘਰ ਦੀ ਛੱਤ ਤੇ ਹੈ ਉਸ ਨੂੰ ਥੱਲਿਉਂ ਆਪਣੇ ਘਰੋਂ ਕੁਝ ਲੈਣ ਲਈ ਨਹੀਂ ਜਾਣਾ ਚਾਹੀਦਾ। 16 ਜੇਕਰ ਕੋਈ ਮਨੁੱਖ ਖੇਤ ਵਿੱਚ ਹੈ, ਉਸ ਨੂੰ ਆਪਣਾ ਕੁੜਤਾ ਲੈਣ ਵਾਪਸ ਨਹੀਂ ਆਉਣਾ ਚਾਹੀਦਾ।
17 “ਉਹ ਵਕਤ ਗਰਭਵਤੀ ਔਰਤਾਂ ਲਈ ਅਤੇ ਉਨ੍ਹਾਂ ਲਈ ਬਹੁਤ ਮਾੜਾ ਹੋਵੇਗਾ ਜਿਹੜੀਆਂ ਦੁੱਧ ਪੀਂਦੇ ਨਿਆਣਿਆਂ ਦੀਆਂ ਮਾਵਾਂ ਹਨ। 18 ਪ੍ਰਾਰਥਨਾ ਕਰਨਾ ਕਿ ਇਹ ਸਭ ਸਰਦੀਆਂ ਵਿੱਚ ਨਾ ਵਾਪਰੇ। 19 ਭਲਾ ਕਿਉਂ? ਓਨ੍ਹੀ ਦਿਨੀ, ਜਿਹੜੀਆਂ ਮੁਸੀਬਤਾਂ ਆਉਣਗੀਆਂ ਉਹ ਸ਼ੁਰੂ ਤੋਂ ਲੈ ਕੇ ਉਦੋਂ ਤੱਕ ਦੀਆਂ ਸਭ ਤੋਂ ਭਿਆਨਕ ਮੁਸੀਬਤਾਂ ਹੋਣਗੀਆਂ ਜਦੋਂ ਪਰਮੇਸ਼ੁਰ ਨੇ ਇਹ ਦੁਨੀਆਂ ਸਾਜੀ ਸੀ, ਇੱਥੇ ਭਵਿੱਖ ਵਿੱਚ ਆਉਣ ਵਾਲੀਆਂ ਤਕਲੀਫ਼ਾਂ ਨਾਲੋਂ ਵੀ ਵੱਧ ਮੁਸ਼ਕਿਲਾਂ ਹੋਣਗੀਆਂ। 20 ਅਤੇ ਜੇਕਰ ਪਰਮੇਸ਼ੁਰ ਉਨ੍ਹਾਂ ਦਿਨਾਂ ਨੂੰ ਘੱਟ ਨਾ ਕਰਦਾ ਤਾਂ ਕੋਈ ਮਨੁੱਖ ਜਿਉਂਦਾ ਨਾ ਬਚਦਾ। ਪ੍ਰਭੂ ਨੇ ਉਨ੍ਹਾਂ ਦਿਨਾਂ ਨੂੰ ਉਨ੍ਹਾਂ ਲਈ ਘਟਾਇਆ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੋਇਆ ਹੈ।
21 “ਉਸ ਵਕਤ ਕੁਝ ਲੋਕ ਤੁਹਾਨੂੰ ਇਹ ਵੀ ਆਖਣਗੇ, ‘ਵੇਖੋ! ਮਸੀਹ ਇੱਥੇ ਹੈ’ ਕੁਝ ਹੋਰ ਲੋਕ ਸ਼ਾਇਦ ਇਹ ਵੀ ਆਖਣ, ‘ਉਹ ਉੱਥੇ ਹੈ!’ ਪਰ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ। 22 ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਆਉਣਗੇ ਅਤੇ ਕਰਿਸ਼ਮੇ ਅਤੇ ਅਚੰਭੇ ਵਿਖਾਉਣਗੇ ਅਤੇ ਹਰ ਸੰਭਵ ਤਰ੍ਹਾਂ ਨਾਲ ਉਸ ਦੇ ਚੁਣੇ ਹੋਏ ਲੋਕਾਂ ਨੂੰ ਵੀ ਗੁਮਰਾਹ ਕਰਣਗੇ। 23 ਇਸ ਲਈ ਪੂਰੇ ਚੌਕਸ ਰਹਿਣਾ। ਇਸੇ ਲਈ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਚੌਕਸ ਕਰ ਦਿੱਤਾ ਹੈ।
2010 by World Bible Translation Center