Revised Common Lectionary (Complementary)
12 “ਦਰਸ਼ਨ ਵਿੱਚਲੇ ਆਦਮੀ ਨੇ ਆਖਿਆ, ‘ਦਾਨੀਏਲ, ਉਸ ਸਮੇਂ, ਮਹਾਨ ਸ਼ਹਿਜ਼ਾਦਾ (ਦੂਤ) ਮੀਕਾਏਲ ਉੱਠ ਖਲੋਵੇਗਾ। ਮੀਕਾਏਲ ਤੁਹਾਡੇ ਯਹੂਦੀ ਲੋਕਾਂ ਦਾ ਅਧਿਕਾਰੀ ਹੈ। ਉੱਥੇ ਬਹੁਤ ਮੁਸੀਬਤ ਦਾ ਸਮਾਂ ਆਵੇਗਾ, ਉਸਤੋਂ ਬਦਤਰ, ਜਦੋਂ ਤੋਂ ਕੌਮਾਂ ਧਰਤੀ ਉੱਤੇ ਆਈਆਂ ਹਨ। ਪਰ ਦਾਨੀਏਲ, ਉਸ ਵੇਲੇ ਤੁਹਾਡੇ ਲੋਕਾਂ ਵਿੱਚੋਂ ਹਰ ਕੋਈ, ਜਿਸਦਾ ਨਾਮ ਜੀਵਨ ਦੀ ਪਵਿੱਤਰ ਪੁਸਤਕ ਵਿੱਚ ਲਿਖਿਆ ਹੋਇਆ ਹੈ ਬਚ ਜਾਵੇਗਾ। 2 ਉਹ ਬਹੁਤ ਸਾਰੇ ਲੋਕ ਜਿਹੜੇ ਜਿਹੜੇ ਮਰ ਚੁੱਕੇ ਹਨ ਅਤੇ ਦਫ਼ਨਾਏ ਜਾ ਚੁੱਕੇ ਹਨ, ਜਾਗ ਉੱਠਣਗੇ। ਉਨ੍ਹਾਂ ਵਿੱਚੋਂ ਕੁਝ ਲੋਕ ਸਦੀਵੀ ਜੀਵਨ ਲਈ ਜਾਗ ਉੱਠਣਗੇ। ਪਰ ਉਨ੍ਹਾਂ ਵਿੱਚੋਂ ਕੁਝ ਸਦਾ ਲਈ ਸ਼ਰਮ ਅਤੇ ਨਿਰਾਦਰ ਹਾਸਿਲ ਕਰਨ ਲਈ ਜਾਗ ਉੱਠਣਗੇ। 3 ਸਿਆਣੇ ਲੋਕ ਅਕਾਸ਼ ਵਾਂਗ ਚਮਕਣਗੇ। ਉਹ ਸਿਆਣੇ ਲੋਕ ਜਿਨ੍ਹਾਂ ਨੇ ਹੋਰਨਾਂ ਨੂੰ ਸਹੀ ਜੀਵਨ ਢੰਗ ਸਿੱਖਾਇਆ ਸੀ ਸਦਾ ਲਈ ਤਾਰਿਆਂ ਵਾਂਗ ਚਮਕਦੇ ਰਹਿਣਗੇ।
ਦਾਊਦ ਦਾ ਮਿਕਤਾਮ।
16 ਮੇਰੀ ਰੱਖਿਆ ਕਰੋ, ਪਰਮੇਸ਼ੁਰ, ਕਿਉਂਕਿ ਮੈਂ ਤੁਸਾਂ ਉੱਤੇ ਨਿਰਭਰ ਹਾਂ।
2 ਮੈਂ ਆਪਣੇ ਯਹੋਵਾਹ ਨੂੰ ਆਖਿਆ,
“ਹੇ ਪਰਮੇਸ਼ੁਰ, ਤੂੰ ਮੇਰਾ ਯਹੋਵਾਹ ਹੈਂ।
ਮੇਰੇ ਕੋਲ ਜੋ ਕੁਝ ਵੀ ਚੰਗਾ ਹੈ ਇਹ ਤੁਸਾਂ ਤੋਂ ਪ੍ਰਾਪਤ ਹੋਇਆ ਹੈ।”
3 ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ।
ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
4 ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ।
ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ।
ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
5 ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ।
ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ [a] ਦਿੱਤਾ ਹੈ।
6 ਮੇਰੀ ਹਿੱਸੇ ਦੀ ਜ਼ਮੀਨ ਬਹੁਤ ਮਨਭਾਵਨੀ ਹੈ,
ਮੇਰਾ ਵਿਰਸਾ ਬਹੁਤ ਖੂਬਸੂਰਤ ਹੈ।
7 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਾ ਹਾਂ ਕਿਉਂਕਿ ਉਸ ਨੇ ਮੈਨੂੰ ਵੱਧੀਆ ਸਮਝਾਇਆ ਹੈ।
ਰਾਤ ਵੇਲੇ ਵੀ ਉਹ ਮੈਨੂੰ ਉਪਦੇਸ਼ ਦਿੰਦਾ ਹੈ ਅਤੇ ਮੇਰੇ ਮਨ ਦੇ ਧੁਰ ਅੰਦਰ ਚੰਗੀਆਂ ਸਾਲ੍ਹਾਵਾਂ ਰੱਖਦਾ ਹੈ।
8 ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ।
9 ਇਸੇ ਲਈ ਮੇਰੀ ਰੂਹ ਤੇ ਮੇਰਾ ਮਨ ਆਨੰਦ ਮਈ ਹੋਵਣਗੇ।
ਅਤੇ ਮੇਰਾ ਸ਼ਰੀਰ ਵੀ ਸੁਰੱਖਿਅਤ ਰਹੇਗਾ।
10 ਕਿਉਂਕਿ ਹੇ ਯਹੋਵਾਹ, ਤੂੰ ਮੇਰੀ ਰੂਹ ਨੂੰ ਮ੍ਰਿਤ ਲੋਕ ਵਿੱਚ ਦਾਖਲ ਨਹੀਂ ਹੋਣ ਦੇਵੇਂਗਾ।
ਅਤੇ ਤੂੰ ਆਪਣੇ ਇੱਕ ਵਫ਼ਾਦਾਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਂਗਾ।
11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
11 ਹਰ ਰੋਜ਼, ਜਾਜਕ ਖਲੋ ਕੇ ਆਪਣੀ ਧਾਰਮਿਕ ਸੇਵਾ ਅਦਾ ਕਰਦੇ ਹਨ ਅਤੇ ਉਹੀ ਬਲੀਆਂ ਬਾਰ-ਬਾਰ ਭੇਂਟ ਕਰਦੇ ਹਨ। ਪਰ ਉਹ ਬਲੀਆਂ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਕਰ ਸੱਕਦੀਆਂ। 12 ਪਰ ਮਸੀਹ ਨੇ ਪਾਪਾਂ ਲਈ ਸਿਰਫ਼ ਇੱਕ ਹੀ ਬਲੀ ਚੜ੍ਹਾਈ ਅਤੇ ਉਹ ਸਰਬ ਸਮੇਂ ਲਈ ਕਾਫ਼ੀ ਹੈ। ਫ਼ੇਰ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਗਿਆ। 13 ਅਤੇ ਹੁਣ ਮਸੀਹ ਆਪਣੇ ਦੁਸ਼ਮਣਾਂ ਨੂੰ ਆਪਣੀ ਸ਼ਕਤੀ ਦੇ ਅਧਿਕਾਰ ਹੇਠਾਂ ਲਿਆਏ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ। 14 ਸਿਰਫ਼ ਇੱਕ ਹੀ ਬਲੀ ਰਾਹੀਂ ਮਸੀਹ ਨੇ ਸਦਾ ਲਈ ਆਪਣੇ ਲੋਕਾਂ ਨੂੰ ਪੂਰਨ ਕਰ ਦਿੱਤਾ। ਉਹ ਉਹੀ ਲੋਕ ਹਨ ਜਿਹੜੇ ਪਵਿੱਤਰ ਬਣਾਏ ਜਾ ਰਹੇ ਹਨ।
15 ਪਵਿੱਤਰ ਆਤਮਾ ਨੇ ਵੀ ਸਾਨੂੰ ਇਸ ਬਾਰੇ ਦੱਸਿਆ ਹੈ। ਪਹਿਲਾਂ ਉਹ ਕਹਿੰਦਾ ਹੈ:
16 “ਇਹੀ ਹੈ ਕਰਾਰ ਜਿਹੜਾ ਮੈਂ ਆਪਣੇ ਲੋਕਾਂ ਨਾਲ ਭਵਿੱਖ ਵਿੱਚ ਕਰਾਂਗਾ, ਪ੍ਰਭੂ ਆਖਦਾ ਹੈ।
ਮੈਂ ਆਪਣੇ ਨੇਮ ਉਨ੍ਹਾਂ ਦੇ ਦਿਲਾਂ ਵਿੱਚ ਪਾਵਾਂਗਾ।
ਮੈਂ ਇਨ੍ਹਾਂ ਨੂੰ ਉਨ੍ਹਾਂ ਦੇ ਮਨਾਂ ਵਿੱਚ ਲਿਖ ਦਿਆਂਗਾ।” (A)
17 ਫ਼ੇਰ ਉਹ ਆਖਦਾ ਹੈ:
“ਮੈਂ ਉਨ੍ਹਾਂ ਦੇ ਪਾਪ ਮਾਫ਼ ਕਰ ਦਿਆਂਗਾ
ਅਤੇ ਉਹ ਮੰਦੇ ਕੰਮ ਵੀ ਜਿਹੜੇ ਉਹ ਕਰਦੇ ਹਨ – ਮੈਂ ਉਹ ਗੱਲਾਂ ਕਦੇ ਦੁਬਾਰਾ ਚੇਤੇ ਨਹੀਂ ਕਰਾਂਗਾ।” (B)
18 ਅਤੇ ਜਦੋਂ ਇਹ ਸਾਰੇ ਪਾਪ ਮੁਆਫ਼ ਹੋ ਜਾਂਦੇ ਹਨ, ਪਾਪਾਂ ਲਈ ਹੋਰ ਵੱਧੇਰੇ ਬਲੀ ਚੜ੍ਹਾਉਣ ਦੀ ਕੋਈ ਲੋੜ ਨਹੀਂ ਹੈ।
ਪਰਮੇਸ਼ੁਰ ਦੇ ਨਜ਼ਦੀਕ ਆਓ
19 ਅਤੇ ਇਸ ਲਈ ਭਰਾਵੋ ਅਤੇ ਭੈਣੋ ਅਸੀਂ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਾਂ। ਅਸੀਂ ਮਸੀਹ ਦੇ ਲਹੂ ਦੇ ਕਾਰਣ ਇਹ ਬਿਨਾ ਡਰ ਕਰ ਸੱਕਦੇ ਹਾਂ। 20 ਅਸੀਂ ਉਸ ਨਵੇਂ ਰਾਹ ਰਾਹੀਂ ਪ੍ਰਵੇਸ਼ ਕਰ ਸੱਕਦੇ ਹਾਂ ਜਿਹੜਾ ਸਾਡੇ ਲਈ ਮਸੀਹ ਨੇ ਖੋਲ੍ਹਿਆ ਹੈ। ਇਹ ਇੱਕ ਸਜੀਵ ਰਾਹ ਹੈ। ਇਹ ਨਵਾਂ ਰਾਹ ਪਰਦੇ ਰਾਹੀਂ ਅਗਵਾਈ ਕਰਦਾ ਹੈ ਜਿਹੜਾ ਮਸੀਹ ਦਾ ਸਰੀਰ ਹੈ। 21 ਅਤੇ ਸਾਡੇ ਕੋਲ ਇੱਕ ਮਹਾਨ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਉੱਪਰ ਹਕੂਮਤ ਕਰਦਾ ਹੈ। 22 ਅਸੀਂ ਦੋਸ਼ੀ ਭਾਵਨਾਵਾਂ ਤੋਂ ਸ਼ੁੱਧ ਅਤੇ ਸੁਤੰਤਰ ਬਣਾਏ ਗਏ ਹਾਂ। ਅਤੇ ਸਾਡੇ ਸਰੀਰਾਂ ਨੂੰ ਸ਼ੁੱਧ ਪਾਣੀ ਨਾਲ ਧੋ ਦਿੱਤਾ ਗਿਆ ਹੈ। ਇਸ ਲਈ ਸ਼ੁੱਧ ਦਿਲੀ ਨਾਲ ਅਤੇ ਤੁਹਾਡੇ ਵਿਸ਼ਵਾਸ ਦੇ ਭਰੋਸੇ ਪਰਮੇਸ਼ੁਰ ਦੇ ਨਜ਼ਦੀਕ ਆਓ। 23 ਸਾਨੂੰ ਉਸ ਉਮੀਦ ਨੂੰ ਕਸ ਕੇ ਫ਼ੜ ਲੈਣਾ ਚਾਹੀਦਾ ਹੈ ਜਿਹੜੀ ਸਾਨੂੰ ਮਿਲੀ ਹੋਈ ਹੈ। ਅਤੇ ਸਾਨੂੰ ਕਦੇ ਵੀ ਆਪਣੀ ਉਮੀਦ ਬਾਰੇ ਲੋਕਾਂ ਨੂੰ ਦੱਸਣ ਤੋਂ ਖੁੰਝਣਾ ਨਹੀਂ ਚਾਹੀਦਾ। ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਹ ਕਰੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਹੈ।
ਮਜ਼ਬੂਤ ਬਣਨ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰੋ
24 ਸਾਨੂੰ ਇੱਕ ਦੂਸਰੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਇੱਕ ਦੂਸਰੇ ਨੂੰ ਪ੍ਰੇਮ ਦਰਸ਼ਾਉਣ ਅਤੇ ਚੰਗੇ ਕੰਮ ਕਰਨ ਲਈ ਉਤਸਾਹਤ ਕਰਨਾ ਚਾਹੀਦਾ ਹੈ। 25 ਸਾਨੂੰ ਇੱਕ ਦੂਸਰੇ ਨਾਲ ਮਿਲਣਾ ਨਹੀਂ ਛੱਡਣਾ ਚਾਹੀਦਾ। ਇਹੀ ਗੱਲ ਹੈ ਜਿਹੜੀ ਕੁਝ ਲੋਕ ਕਰ ਰਹੇ ਹਨ। ਪਰ ਸਾਨੂੰ ਇੱਕ ਦੂਸਰੇ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਹੋਰ ਵੱਧੇਰੇ ਕਰੋ ਕਿਉਂਕਿ ਦਿਹਾੜਾ [a] ਨੇੜੇ ਆ ਰਿਹਾ ਹੈ।
ਮੰਦਰ ਦਾ ਭਵਿੱਖ ਵਿੱਚ ਹੋਣ ਵਾਲਾ ਵਿਨਾਸ਼(A)
13 ਜਦੋਂ ਯਿਸੂ ਮੰਦਰ ਵਾਲੀ ਥਾਂ ਛੱਡ ਕੇ ਜਾ ਰਿਹਾ ਸੀ ਤਾਂ ਉਸ ਦੇ ਇੱਕ ਚੇਲੇ ਨੇ ਕਿਹਾ, “ਗੁਰੂ ਜੀ ਵੇਖੋ! ਇਸ ਮੰਦਰ ਦੀਆਂ ਇਮਾਰਤਾਂ ਕਿੰਨੀਆਂ ਖੂਬਸੂਰਤ ਹਨ ਤੇ ਕਿੰਨੇ ਵੱਡੇ-ਵੱਡੇ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ!”
2 ਉਸ ਨੇ ਕਿਹਾ, “ਇਹ ਵੱਡੀਆਂ ਇਮਾਰਤਾਂ, ਜੋ ਤੂੰ ਵੇਖ ਰਿਹਾ ਹੈ, ਸਾਰੀਆਂ ਨਸ਼ਟ ਹੋ ਜਾਣਗੀਆਂ। ਇੱਕ-ਇੱਕ ਪੱਥਰ ਜ਼ਮੀਨ ਤੇ ਡਿੱਗ ਪਵੇਗਾ। ਇੱਕ ਵੀ ਪੱਥਰ ਦੂਜੇ ਉੱਤੇ ਖੜ੍ਹਾ ਨਹੀਂ ਰਹੇਗਾ।”
3 ਬਾਦ ਵਿੱਚ ਉਹ ਜੈਤੂਨ ਦੇ ਪਹਾੜ ਉੱਤੇ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨਾਲ ਇੱਕਲਾ ਬੈਠਾ ਸੀ। ਉਥੋ ਉਹ ਮੰਦਰ ਵੇਖ ਸੱਕਦੇ ਸਨ। ਤਾਂ ਉਨ੍ਹਾਂ ਚੇਲਿਆਂ ਨੇ ਉਸ ਨੂੰ ਪੁੱਛਿਆ। 4 “ਸਾਨੂੰ ਇਹ ਦੱਸ ਕਿ ਇਹ ਸਭ ਕਦੋਂ ਵਾਪਰੇਗਾ? ਅਤੇ ਇਸਦਾ ਕੀ ਸਬੂਤ ਹੈ ਕਿ ਇਹ ਸਭ ਵਾਪਰਣ ਵਾਲਾ ਹੈ?”
5 ਯਿਸੂ ਚੇਲਿਆਂ ਨੂੰ ਆਖਣ ਲੱਗਾ, “ਹੋਸ਼ਿਆਰ ਰਹੋ! ਕਿਸੇ ਨੂੰ ਵੀ ਆਪਣੇ-ਆਪ ਨੂੰ ਗੁਮਰਾਹ ਨਾ ਕਰਨ ਦਿਓ। 6 ਬਹੁਤ ਸਾਰੇ ਲੋਕ ਮੇਰੇ ਨਾਂ ਵਿੱਚ ਆਖਣਗੇ, ‘ਮੈਂ ਓਹੋ ਹਾਂ’ ਇਉ ਉਹ ਬਹੁਤ ਸਾਰੇ ਲੋਕਾਂ ਨੂੰ ਮੂਰਖ ਬਨਾਉਣਗੇ। 7 ਤੁਸੀਂ ਬਹੁਤ ਸਾਰੀਆਂ ਜੰਗਾਂ, ਜਿਹੜੀਆਂ ਕਿ ਹੋਣਗੀਆਂ, ਉਨ੍ਹਾਂ ਦੀਆਂ ਕਹਾਣੀਆਂ ਬਾਰੇ ਸੁਣੋਂਗੇ। ਪਰ ਤੁਸੀਂ ਘਬਰਾਉਣਾ ਨਾ। ਅੰਤ ਆਉਣ ਤੋਂ ਪਹਿਲਾਂ ਇਹ ਸਭ ਘਟਨਾਵਾਂ ਵਾਪਰਨੀਆਂ ਚਾਹੀਦੀਆਂ ਹਨ ਪਰ ਅੰਤ ਹਾਲੇ ਆਉਣ ਵਾਲਾ ਹੈ। 8 ਕਿਉਂਕਿ ਇੱਕ ਕੌਮ ਦੂਜੀ ਕੌਮ ਦੇ ਵਿਰੁੱਧ ਲੜੇਗੀ, ਇੱਕ ਰਾਜ ਇੱਕ ਰਾਜ ਦੂਜੇ ਰਾਜ ਦੇ ਵਿਰੁੱਧ ਲੜੇਗਾ। ਅਤੇ ਇੱਕ ਵਕਤ ਆਵੇਗਾ ਜਦੋਂ ਲੋਕਾਂ ਕੋਲ ਖਾਣ ਲਈ ਕੁਝ ਵੀ ਨਹੀਂ ਹੋਵੇਗਾ। ਧਰਤੀ ਦੇ ਵੱਖ-ਵੱਖ ਭਾਗਾਂ ਵਿੱਚ ਭੂਚਾਲ ਆਉਣਗੇ। ਇਹ ਗੱਲਾਂ ਸੂਤਕ ਦੇ ਦਰਦ ਵਰਗੀਆਂ ਹੋਣਗੀਆਂ।
2010 by World Bible Translation Center