Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 94

94 ਯਹੋਵਾਹ, ਤੁਸੀਂ ਪਰਮੇਸ਼ੁਰ ਹੋ, ਜਿਹੜਾ ਲੋਕਾਂ ਨੂੰ ਦੰਡ ਦਿੰਦਾ ਹੈ
    ਤੁਸੀਂ ਪਰਮੇਸ਼ੁਰ ਹੋ ਜਿਹੜਾ ਆਉਂਦਾ ਹੈ ਅਤੇ ਲੋਕਾਂ ਲਈ ਦੰਡ ਲਿਆਉਂਦਾ ਹੈ।
ਤੁਸੀਂ ਸਾਰੀ ਧਰਤੀ ਦੇ ਮੁਨਸਫ਼ ਹੋ।
    ਗੁਮਾਨੀ ਲੋਕਾਂ ਨੂੰ ਸਜ਼ਾ ਦਿਉ, ਜਿਸਦੇ ਉਹ ਅਧਿਕਾਰੀ ਹਨ।
ਯਹੋਵਾਹ, ਮੰਦੇ ਲੋਕ ਕਿੰਨਾ ਕੁ ਚਿਰ ਖੁਸ਼ੀ ਮਨਾਉਣਗੇ?
    ਹੋਰ ਕਿੰਨਾ ਕੁ ਚਿਰ, ਯਹੋਵਾਹ।
ਉਹ ਦੋਸ਼ੀ ਹੋਰ ਕਿੰਨਾ ਕੁ ਚਿਰ,
    ਆਪਣੇ ਮੰਦੇ ਕਾਰਿਆਂ ਦੀਆਂ ਫ਼ੜਾਂ ਮਾਰਨਗੇ?
ਯਹੋਵਾਹ, ਉਹ ਤੁਹਾਡੇ ਬੰਦਿਆਂ ਨੂੰ ਦੁੱਖ ਦਿੰਦੇ ਹਨ,
    ਉਨ੍ਹਾਂ ਤੁਹਾਡੇ ਬੰਦਿਆਂ ਨੂੰ ਦੰਡ ਦਿੱਤਾ ਹੈ।
ਉਹ ਮੰਦੇ ਲੋਕ ਵਿਧਵਾਵਾਂ ਨੂੰ ਅਤੇ ਸਾਡੇ ਦੇਸ਼ ਵਿੱਚ ਰਹਿੰਦੇ ਪਰਦੇਸੀਆਂ ਨੂੰ ਮਾਰਦੇ ਹਨ।
    ਉਹ ਯਤੀਮ ਬੱਚਿਆਂ ਨੂੰ ਮਾਰਦੇ ਹਨ।
ਅਤੇ ਉਹ ਆਖਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਇਹ ਮੰਦੇ ਕਾਰੇ ਕਰਦਿਆਂ ਨਹੀਂ ਦੇਖਦਾ।
    ਉਹ ਆਖਦੇ ਹਨ ਕਿ ਇਸਰਾਏਲ ਦੇ ਪਰਮੇਸ਼ੁਰ ਨੂੰ ਪਤਾ ਹੀ ਨਹੀਂ ਕਿ ਕੀ ਵਾਪਰ ਰਿਹਾ ਹੈ।

ਮੰਦੇ ਲੋਕੋ ਤੁਸੀਂ ਬਹੁਤ ਮੂਰਖ ਹੋ,
    ਤੁਸੀਂ ਆਪਣਾ ਸਬਕ ਕਦੋਂ ਸਿਖੋਂਗੇ?
ਤੁਸੀਂ, ਮੰਦੇ ਲੋਕੋ ਕਿੰਨੇ ਬੁੱਧੂ ਹੋ।
    ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪਰਮੇਸ਼ੁਰ ਨੇ ਸਾਡੇ ਕੰਨ ਬਣਾਏ, ਇਸ ਲਈ ਉਸ ਦੇ ਕੰਨ ਵੀ ਜ਼ਰੂਰ ਹੋਣਗੇ।
    ਉਹ ਸੁਣ ਸੱਕਦਾ ਕਿ ਕੀ ਹੋ ਰਿਹਾ ਹੈ।
ਪਰਮੇਸ਼ੁਰ ਨੇ ਸਾਡੀਆਂ ਅੱਖਾਂ ਬਣਾਈਆਂ, ਇਸ ਲਈ ਉਸ ਦੀਆਂ ਅੱਖਾਂ ਵੀ ਜ਼ਰੂਰ ਹੋਣਗੀਆਂ,
    ਉਹ ਜੋ ਵੀ ਹੋ ਰਿਹਾ ਦੇਖ ਸੱਕਦਾ ਹੈ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖੇਗਾ।
    ਪਰਮੇਸ਼ੁਰ ਉਨ੍ਹਾਂ ਨੂੰ ਸਿੱਖਾਏਗਾ ਕਿ ਉਨ੍ਹਾ ਨੂੰ ਕੀ ਕਰਨਾ ਚਾਹੀਦਾ ਹੈ।
11 ਪਰਮੇਸ਼ੁਰ ਲੋਕਾਂ ਦੀਆਂ ਸੋਚਾਂ ਨੂੰ ਜਾਣਦਾ ਹੈ।
    ਪਰਮੇਸ਼ੁਰ ਜਾਣਦਾ ਹੈ ਕਿ ਲੋਕ ਹਵਾ ਦੇ ਬੁੱਲੇ ਵਾਂਗੂ ਹਨ।

12 ਜਿਸ ਬੰਦੇ ਨੂੰ ਯਹੋਵਾਹ ਅਨੁਸ਼ਾਸਨ ਵਿੱਚ ਰੱਖਦਾ ਹੈ।
    ਉਹ ਬਹੁਤ ਖੁਸ਼ ਹੋਵੇਗਾ।
    ਪਰਮੇਸ਼ੁਰ ਉਸ ਬੰਦੇ ਨੂੰ ਸਹੀ ਜੀਵਨ ਜਾਂਚ ਸਿੱਖਾਵੇਗਾ।
13 ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਦੀ ਸ਼ਾਂਤ ਰਹਿਣ ਵਿੱਚ ਸਹਾਇਤਾ ਕਰੋਂਗੇ ਜਦੋਂ ਉਸ ਉੱਤੇ ਮੁਸੀਬਤ ਆਵੇਗੀ।
    ਤੁਸੀਂ ਸ਼ਾਂਤ ਰਹਿਣ ਵਿੱਚ ਉਦੋਂ ਤੱਕ ਉਸਦੀ ਮਦਦ ਕਰੋਂਗੇ ਜਦੋਂ ਤੱਕ ਕਿ ਮੰਦੇ ਲੋਕ ਆਪਣੀਆਂ ਕਬਰਾਂ ਵਿੱਚ ਨਹੀਂ ਚੱਲੇ ਜਾਂਦੇ।
14 ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ।
    ਉਹ ਉਨ੍ਹਾਂ ਨੂੰ ਸਹਾਇਤਾ ਤੋਂ ਬਿਨਾ ਨਹੀਂ ਛੱਡੇਗਾ।
15 ਫ਼ੇਰ ਇਨਸਾਫ਼ ਹੋਵੇਗਾ, ਅਤੇ ਇਸ ਨਾਲ ਨਿਰਪੱਖਤਾ ਆਵੇਗੀ,
    ਅਤੇ ਫ਼ਿਰ ਇੱਥੇ ਚੰਗੇ ਅਤੇ ਇਮਾਨਦਾਰ ਲੋਕ ਹੋਣਗੇ।

16 ਕਿਸੇ ਵੀ ਬੰਦੇ ਨੇ ਮੰਦੇ ਲੋਕਾਂ ਦੇ ਖਿਲਾਫ਼ ਲੜਨ ਵਿੱਚ ਮੇਰੀ ਸਹਾਇਤਾ ਨਹੀਂ ਕੀਤੀ।
    ਕੋਈ ਵੀ ਬੰਦਾ ਮੇਰੇ ਨਾਲ ਉਨ੍ਹਾਂ ਦੇ ਖਿਲਾਫ਼ ਲੜਨ ਲਈ ਨਹੀਂ ਖਲੋਤਾ ਜਿਹੜੇ ਮੰਦੇ ਕੰਮ ਕਰਦੇ ਹਨ।
17 ਅਤੇ ਜੇ ਯਹੋਵਾਹ ਨੇ ਮੇਰੀ ਸਹਾਇਤਾ ਨਾ ਕੀਤੀ ਹੁੰਦੀ,
    ਮੈਨੂੰ ਮੌਤ ਨੇ ਖਾਮੋਸ਼ ਕਰ ਦਿੱਤਾ ਹੋਣਾ ਸੀ।
18 ਮੈਂ ਜਾਣਦਾ ਹਾਂ ਕਿ ਮੈਂ ਡਿੱਗਣ ਵਾਲਾ ਸਾਂ,
    ਪਰ ਯਹੋਵਾਹ ਨੇ ਆਪਣੇ ਪੈਰੋਕਾਰਾਂ ਨੂੰ ਸਹਾਰਾ ਦਿੱਤਾ।
19 ਮੈਂ ਬਹੁਤ ਫ਼ਿਕਰਮੰਦ ਅਤੇ ਬੇਚੈਨ ਸਾਂ।
    ਪਰ ਹੇ ਯਹੋਵਾਹ, ਤੁਸੀਂ ਮੈਨੂੰ ਸੁਕੂਨ ਪਹੁੰਚਾਇਆ ਅਤੇ ਮੈਨੂੰ ਪ੍ਰਸੰਨ ਕਰ ਦਿੱਤਾ।

20 ਹੇ ਪਰਮੇਸ਼ੁਰ, ਤੁਸੀਂ ਭ੍ਰਿਸ਼ਟ ਨਿਆਕਾਰਾਂ ਦੀ ਸਹਾਇਤਾ ਨਹੀਂ ਕਰਦੇ।
    ਉਹ ਮੰਦੇ ਨਿਆਂਕਾਰ ਲੋਕਾਂ ਦਾ ਜੀਣਾ ਦੁਭਰ ਕਰਨ ਲਈ ਕਾਨੂੰਨ ਦਾ ਇਸਤੇਮਾਲ ਕਰਦੇ ਹਨ।
21 ਉਹ ਨਿਆਂਕਾਰ ਨੇਕ ਬੰਦਿਆਂ ਉੱਤੇ ਹਮਲਾ ਕਰਦੇ ਹਨ।
    ਉਹ ਮਾਸੂਮ ਲੋਕਾਂ ਨੂੰ ਦੋਸ਼ੀ ਆਖਦੇ ਹਨ ਅਤੇ ਉਨ੍ਹਾਂ ਨੂੰ ਮਾਰਦੇ ਹਨ।
22 ਪਰ ਉੱਚੇ ਪਰਬਤ ਉੱਤੇ ਪਰਮੇਸ਼ੁਰ ਹੀ ਮੇਰੀ ਸੁਰੱਖਿਆ ਦਾ ਸਥਾਨ ਹੈ।
    ਪਰਮੇਸ਼ੁਰ, ਮੇਰੀ ਚੱਟਾਨ ਹੈ, ਉਹ ਮੇਰੀ ਰੱਖਿਆ ਦਾ ਸਥਾਨ ਹੈ।
23 ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਦੰਡ ਦੇਵੇਗਾ।
    ਪਰਮੇਸ਼ੁਰ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ ਕਿਉਂਕਿ ਉਨ੍ਹਾਂ ਨੇ ਗੁਨਾਹ ਕੀਤਾ ਸੀ।
    ਯਹੋਵਾਹ, ਸਾਡਾ ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਦਾ ਨਾਸ਼ ਕਰੇਗਾ।

ਰੂਥ 3:14-4:6

14 ਇਸ ਲਈ ਰੂਥ ਬੋਅਜ਼ ਦੇ ਪੈਰਾਂ ਨੇੜੇ ਸਵੇਰ ਤੱਕ ਲੇਟੀ ਰਹੀ। ਹਾਲੇ ਹਨੇਰਾ ਹੀ ਸੀ ਜਦੋਂ ਉਹ ਉੱਠ ਖਲੋਤੀ। ਇਸਤੋਂ ਪਹਿਲਾਂ ਕਿ ਇੰਨਾ ਚਾਨਣ ਹੋ ਜਾਵੇ ਕਿ ਲੋਕ ਇੱਕ ਦੂਜੇ ਨੂੰ ਪਛਾਣ ਲੈਣ।

ਬੋਅਜ਼ ਨੇ ਉਸ ਨੂੰ ਆਖਿਆ, “ਅਸੀਂ ਇਸ ਗੱਲ ਨੂੰ ਗੁਪਤ ਰੱਖਾਂਗੇ ਕਿ ਤੂੰ ਪਿੱਛਲੀ ਰਾਤ ਮੇਰੇ ਕੋਲ ਆਈ ਸੀ।” 15 ਫ਼ੇਰ ਬੋਅਜ਼ ਨੇ ਆਖਿਆ, “ਆਪਣਾ ਸ਼ੌਲ ਲਿਆ ਅਤੇ ਇਸ ਨੂੰ ਖੋਲ੍ਹ।”

ਇਸ ਲਈ ਰੂਥ ਨੇ ਆਪਣੇ ਸ਼ੌਲ ਨੂੰ ਖੋਲ੍ਹਿਆ ਅਤੇ ਬੋਅਜ਼ ਨੇ ਜੌਆਂ ਦੇ ਛੇ ਤੋਂਲ ਲਈ ਅਤੇ ਉਸਦੀ ਸੱਸ ਨਾਓਮੀ ਨੂੰ ਸੁਗਾਤ ਵਜੋਂ ਦੇ ਦਿੱਤੇ। ਫ਼ੇਰ ਉਸ ਨੇ ਇਸ ਨੂੰ ਰੂਥ ਦੇ ਸ਼ੌਲ ਵਿੱਚ ਲਪੇਟ ਕੇ ਅਤੇ ਉਸ ਦੇ ਸਿਰ ਉੱਤੇ ਰੱਖ ਦਿੱਤਾ ਫ਼ੇਰ ਉਹ ਸ਼ਹਿਰ ਨੂੰ ਵਪਸ ਚੱਲਾ ਗਿਆ।

16 ਰੂਥ ਆਪਣੀ ਸੱਸ ਨਾਓਮੀ ਦੇ ਘਰ ਚਲੀ ਗਈ। ਨਾਓਮੀ ਦਰਵਾਜ਼ੇ ਵੱਲ ਗਈ ਅਤੇ ਪੁੱਛਿਆ, “ਕੌਣ ਹੈ?”

ਰੂਥ ਘਰ ਚਲੀ ਗਈ। ਨਾਓਮੀ ਨੂੰ ਉਹ ਸਾਰੀ ਗੱਲ ਦੱਸੱਦਿਆਂ ਹੋਇਆ ਜਿਹੜੀ ਬੋਅਜ਼ ਨੇ ਉਸ ਨਾਲ ਕੀਤੀ ਸੀ। 17 ਉਸ ਨੇ ਆਖਿਆ, “ਬੋਅਜ਼ ਨੇ ਮੈਨੂੰ ਇਹ ਜੌਂ ਤੁਹਾਡੇ ਲਈ ਸੁਗਾਤ ਵਜੋਂ ਦਿੱਤੇ ਹਨ ਬੋਅਜ਼ ਨੇ ਆਖਿਆ ਸੀ ਕਿ ਮੈਂ ਤੁਹਾਡੇ ਲਈ ਸੁਗਾਤ ਲਈ ਬਿਨਾ ਘਰ ਨਾ ਜਾਵਾਂ।”

18 ਨਾਓਮੀ ਨੇ ਆਖਿਆ, “ਧੀਏ ਓਨੀ ਦੇਰ ਤੱਕ ਹੌਂਸਲਾ ਰੱਖ ਜਿੰਨੀ ਦੇਰ ਤੱਕ ਅਸੀਂ ਕੁਝ ਵਾਪਰਨ ਬਾਰੇ ਨਹੀਂ ਸੁਣਦੇ ਬੋਅਜ਼ ਨੂੰ ਓਨੀ ਦੇਰ ਤੱਕ ਚੈਨ ਨਹੀਂ ਆਵੇਗਾ ਜਦੋਂ ਤੱਕ ਕਿ ਉਹ ਗੱਲ ਨਹੀਂ ਕਰ ਲੈਂਦਾ ਜਿਹੜੀ ਉਸ ਨੂੰ ਕਰਨੀ ਚਾਹੀਦੀ ਹੈ। ਅਸੀਂ ਦਿਨ ਮੁੱਕਣ ਤੋਂ ਪਹਿਲਾਂ ਹੀ ਜਾਣ ਲਵਾਂਗੇ ਕਿ ਕੀ ਵਾਪਰੇਗਾ।”

ਬੋਅਜ਼ ਅਤੇ ਦੂਸਰਾ ਰਿਸ਼ਤੇਦਾੜ

ਬੋਅਜ਼ ਉੱਥੇ ਚੱਲਾ ਗਿਆ ਜਿੱਥੇ ਲੋਕ ਸ਼ਹਿਰ ਦੇ ਦਰਵਾਜ਼ੇ ਨੇੜੇ ਇਕੱਠੇ ਹੁੰਦੇ ਹਨ। ਬੋਅਜ਼ ਓਨਾ ਚਿਰ ਉੱਥੇ ਬੈਠਾ ਰਿਹਾ ਜਦੋਂ ਤੱਕ ਕਿ ਉਹ ਨਜ਼ਦੀਕੀ ਰਿਸ਼ਤੇਦਾਰ ਜਿਸਦਾ ਜ਼ਿਕਰ ਬੋਅਜ਼ ਨੇ ਕੀਤਾ ਸੀ ਉੱਥੋਂ ਨਹੀਂ ਗੁਜ਼ਰਿਆ। ਬੋਅਜ਼ ਨੇ ਉਸ ਨੂੰ ਅਵਾਜ਼ ਦਿੱਤੀ, “ਇਧਰ ਆਉ ਦੋਸਤ! ਇੱਥੇ ਬੈਠੋ!”

ਬੋਅਜ਼ ਨੇ ਸ਼ਹਿਰ ਦੇ ਦਸ ਬਜ਼ੁਰਗਾਂ ਨੂੰ ਇਕੱਠਿਆ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਇੱਥੇ ਬੈਠੋ!” ਤਾਂ ਉਹ ਹੇਠਾਂ ਬੈਠ ਗਏ।

ਫ਼ੇਰ ਬੋਅਜ਼ ਨੇ ਨਜ਼ਦੀਕੀ ਰਿਸ਼ਤੇਦਾਰ ਨਾਲ ਗੱਲ ਕੀਤੀ। ਉਸ ਨੇ ਆਖਿਆ, “ਨਾਓਮੀ ਮੋਆਬ ਦੇ ਪਹਾੜੀ ਪ੍ਰਦੇਸ਼ ਤੋਂ ਵਾਪਸ ਮੁੜ ਆਈ ਹੈ। ਉਹ ਜ਼ਮੀਨ ਵੇਚ ਰਹੀ ਹੈ [a] ਜਿਹੜੀ ਸਾਡੇ ਰਿਸ਼ਤੇਦਾਰ ਅਲੀਮਲਕ ਦੀ ਸੀ। ਮੈਂ ਇਹ ਗੱਲ ਇੱਥੇ ਰਹਿਣ ਵਾਲੇ ਲੋਕਾਂ ਦੇ ਸਾਹਮਣੇ ਅਤੇ ਆਪਣੇ ਬਜ਼ੁਰਗਾਂ ਦੇ ਸਾਹਮਣੇ ਤੈਨੂੰ ਆਖਣ ਦਾ ਨਿਆਂ ਕੀਤਾ ਹੈ। ਜੋ ਤੂੰ ਜ਼ਮੀਨ ਖਰੀਦਣਾ ਚਾਹੁੰਦਾ ਹੈ ਤਾਂ ਖਰੀਦ ਲੈ। ਜੇ ਤੂੰ ਜ਼ਮੀਨ ਨੂੰ ਛੁਡਾਉਣ ਨਹੀਂ ਚਾਹੁੰਦਾ ਤਾਂ ਮੈਨੂੰ ਦੱਸ ਮੈਂ ਜਾਣਦਾ ਹਾਂ ਕਿ ਤੇਰੇ ਤੋਂ ਮਗਰੋਂ ਮੈਂ ਹੀ ਉਹ ਅਗਲਾ ਬੰਦਾ ਹਾਂ ਜਿਹੜਾ ਜ਼ਮੀਨ ਛੁਡਾ ਸੱਕਦਾ ਹੈ। ਜੇ ਤੂੰ ਜ਼ਮੀਨ ਵਾਪਸ ਨਹੀਂ ਖਰੀਦੇਗਾ ਤਾਂ ਮੈਂ ਖਰੀਦ ਲਵਾਂਗਾ।”

ਫ਼ੇਰ ਬੋਅਜ਼ ਨੇ ਆਖਿਆ, “ਜੇ ਤੂੰ ਨਾਓਮੀ ਤੋਂ ਜ਼ਮੀਨ ਖਰੀਦੇਂਗਾ ਤਾਂ ਤੂੰ ਉਸ ਸਵਰਗਵਾਸੀ ਬੰਦੇ ਦੀ ਪਤਨੀ ਮੋਆਬੀ ਔਰਤ ਰੂਥ ਨੂੰ ਵੀ ਹਸਿਲ ਕਰ ਲਵੇਂਗਾ। ਜਦੋਂ ਰੂਥ ਦੇ ਬੱਚਾ ਹੋਵੇਗਾ ਤਾਂ ਜ਼ਮੀਨ ਬੱਚੇ ਨੂੰ ਮਿਲੇਗੀ। ਇਸ ਤਰ੍ਹਾਂ ਜ਼ਮੀਨ ਸਵਰਗਵਾਸੀ ਬੰਦੇ ਦੇ ਪਰਿਵਾਰ ਵਿੱਚ ਰਹੇਗੀ।”

ਨਜ਼ਦੀਕੀ ਰਿਸ਼ਤੇਦਾਰ ਨੇ ਜਵਾਬ ਦਿੱਤਾ, “ਮੈਂ ਜ਼ਮੀਨ ਵਾਪਸ ਨਹੀਂ ਖਰੀਦ ਸੱਕਦਾ। ਉਹ ਜ਼ਮੀਨ ਮੇਰੀ ਹੋਣੀ ਚਾਹੀਦੀ ਹੈ ਪਰ ਮੈਂ ਇਸ ਨੂੰ ਖਰੀਦ ਨਹੀਂ ਸੱਕਦਾ। ਜੇ ਮੈਂ ਅਜਿਹਾ ਕਰਦਾ ਹਾਂ ਤਾਂ ਸ਼ਾਇਦ ਮੈਂ ਆਪਣੀ ਜ਼ਮੀਨ ਵੀ ਗਵਾ ਲਵਾਂਗਾ। ਇਸ ਲਈ ਤੁਸੀਂ ਜ਼ਮੀਨ ਖਰੀਦ ਸੱਕਦੇ ਹੋ।”

1 ਤਿਮੋਥਿਉਸ ਨੂੰ 5:9-16

ਵਿਧਵਾਵਾਂ ਦੀ ਤੁਹਾਡੀ ਸੂਚੀ ਵਿੱਚ ਜੁੜਨ ਲਈ ਉਹ ਸੱਠਾਂ ਵਰ੍ਹਿਆਂ ਦੀ ਜਾਂ ਇਸਤੋਂ ਵਡੇਰੀ ਹੋਣੀ ਚਾਹੀਦੀ ਹੈ। ਉਹ ਆਪਣੇ ਪਤੀ ਦੀ ਵਫ਼ਾਦਾਰ ਰਹੀ ਹੋਣੀ ਚਾਹੀਦੀ ਹੈ। 10 ਉਹ ਅਜਿਹੀ ਔਰਤ ਵਜੋਂ ਜਾਣੀ ਜਾਂਦੀ ਹੋਣੀ ਚਾਹੀਦੀ ਹੈ ਜਿਸਨੇ ਚੰਗੇ ਕੰਮ ਕੀਤੇ ਹੋਣ। ਮੇਰਾ ਭਾਵ ਚੰਗੀਆਂ ਗੱਲਾਂ ਹਨ, ਜਿਵੇਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ, ਆਪਣੇ ਘਰ ਆਏ ਓਪਰਿਆਂ ਦੀ ਮਹਿਮਾਨ-ਨਵਾਜ਼ੀ ਕਰਨੀ, ਪਰਮੇਸ਼ੁਰ ਦੇ ਲੋਕਾਂ ਦੇ ਪੈਰ ਧੋਣੇ, ਉਨ੍ਹਾਂ ਦੀ ਸਹਾਇਤਾ ਕਰਨੀ ਜਿਹੜੇ ਮੁਸੀਬਤਾਂ ਵਿੱਚ ਹਨ ਅਤੇ ਆਪਣੇ ਜੀਵਨ ਨੂੰ ਹਰ ਤਰ੍ਹਾਂ ਦੇ ਚੰਗੇ ਕੰਮ ਕਰਨ ਲਈ ਵਰਤਣਾ।

11 ਪਰ ਉਸ ਪੱਤ੍ਰੀ ਵਿੱਚ ਜਵਾਨ ਵਿਧਵਾਵਾਂ ਨੂੰ ਸ਼ਾਮਿਲ ਨਾ ਕਰੋ। ਜਦੋਂ ਉਹ ਆਪਣੇ ਆਪ ਨੂੰ ਮਸੀਹ ਦੇ ਨਮਿੱਤ ਅਰਪਣ ਕਰ ਦਿੰਦੀਆਂ ਹਨ, ਤਾਂ ਬਹੁਤ ਵਾਰੀ ਉਹ ਆਪਣੀਆਂ ਤਕੜੀਆਂ ਸਰੀਰਕ ਲੋੜਾਂ ਕਾਰਣ ਉਸ ਕੋਲੋਂ ਦੂਰ ਹੋ ਜਾਂਦੀਆਂ ਹਨ। ਤਾਂ ਫ਼ੇਰ ਉਹ ਦੁਬਾਰਾ ਸ਼ਾਦੀ ਕਰਨਾ ਚਾਹੁੰਦੀਆਂ ਹਨ। 12 ਇਸ ਵਾਸਤੇ ਉਨ੍ਹਾਂ ਦਾ ਨਿਰਨਾ ਹੋਵੇਗਾ। ਕਿਉਂ ਕਿ ਉਨ੍ਹਾਂ ਨੇ ਆਪਣਾ ਪਹਿਲਾ ਵਾਇਦਾ ਨਹੀਂ ਨਿਭਾਇਆ। 13 ਇਹ ਵੀ, ਕਿ ਇਹ ਵਿਧਵਾਵਾਂ ਜਲਦੀ ਹੀ ਇੱਕ ਘਰ ਤੋਂ ਦੂਜੇ ਘਰ ਜਾਕੇ ਆਪਣਾ ਸਮਾਂ ਨਸ਼ਟ ਕਰਨ ਦੀਆਂ ਆਦੀ ਹੋ ਜਾਂਦੀਆਂ ਹਨ। ਉਹ ਦੂਸਰਿਆਂ ਬਾਰੇ ਗੱਲਾਂ ਕਰਦੀਆਂ ਹਨ ਅਤੇ ਦੂਸਰਿਆਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਉਹ ਅਜਿਹੀਆਂ ਗੱਲਾਂ ਆਖਦੀਆਂ ਹਨ ਜਿਹੜੀਆਂ ਉਨ੍ਹਾਂ ਨੂੰ ਨਹੀਂ ਆਖਣੀਆਂ ਚਾਹੀਦੀਆਂ। 14 ਇਸ ਲਈ ਮੈਂ ਚਾਹੁੰਦਾ ਕਿ ਜਵਾਨ ਵਿਧਵਾਵਾਂ ਫ਼ਿਰ ਤੋਂ ਵਿਆਹ ਕਰਵਾ ਲੈਣ ਅਤੇ ਬੱਚੇ ਨੂੰ ਜਨਮ ਦੇਣ ਅਤੇ ਆਪਣੇ ਘਰਾਂ ਦਾ ਧਿਆਨ ਰੱਖਣ। ਜੇ ਉਹ ਅਜਿਹਾ ਕਰਦੀਆਂ ਹਨ ਤਾਂ ਸਾਡੇ ਦੁਸ਼ਮਣ ਨੂੰ ਉਨ੍ਹਾਂ ਦੀ ਆਲੋਚਨਾ ਕਰਨ ਦਾ ਮੌਕਾ ਨਹੀਂ ਮਿਲੇਗਾ। 15 ਅਸਲ ਵਿੱਚ, ਕੁਝ ਜਵਾਨ ਵਿਧਵਾਵਾਂ ਪਹਿਲਾਂ ਹੀ ਸ਼ੈਤਾਨ ਦਾ ਅਨੁਸਰਣ ਕਰਨ ਲਈ ਮੁੜ ਚੁੱਕੀਆਂ ਹਨ।

16 ਜੇ ਕਿਸੇ ਨਿਹਚਾਵਾਨ ਔਰਤ ਦੇ ਪਰਿਵਾਰ ਵਿੱਚ ਵਿਧਵਾਵਾਂ ਹਨ, ਤਾਂ ਉਸ ਨੂੰ ਖੁਦ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। [a] ਤਾਂ ਜੋ ਕਲੀਸਿਯਾ ਦੇ ਉਪਰ ਬੋਝ ਨਾ ਹੋਵੇ। ਫ਼ੇਰ ਕਲੀਸਿਯਾ ਉਨ੍ਹਾਂ ਵਿਧਵਾਵਾਂ ਦਾ ਧਿਆਨ ਰੱਖ ਸੱਕੇਗੀ ਜਿਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀ ਹੈ।

Punjabi Bible: Easy-to-Read Version (ERV-PA)

2010 by World Bible Translation Center