Revised Common Lectionary (Complementary)
94 ਯਹੋਵਾਹ, ਤੁਸੀਂ ਪਰਮੇਸ਼ੁਰ ਹੋ, ਜਿਹੜਾ ਲੋਕਾਂ ਨੂੰ ਦੰਡ ਦਿੰਦਾ ਹੈ
ਤੁਸੀਂ ਪਰਮੇਸ਼ੁਰ ਹੋ ਜਿਹੜਾ ਆਉਂਦਾ ਹੈ ਅਤੇ ਲੋਕਾਂ ਲਈ ਦੰਡ ਲਿਆਉਂਦਾ ਹੈ।
2 ਤੁਸੀਂ ਸਾਰੀ ਧਰਤੀ ਦੇ ਮੁਨਸਫ਼ ਹੋ।
ਗੁਮਾਨੀ ਲੋਕਾਂ ਨੂੰ ਸਜ਼ਾ ਦਿਉ, ਜਿਸਦੇ ਉਹ ਅਧਿਕਾਰੀ ਹਨ।
3 ਯਹੋਵਾਹ, ਮੰਦੇ ਲੋਕ ਕਿੰਨਾ ਕੁ ਚਿਰ ਖੁਸ਼ੀ ਮਨਾਉਣਗੇ?
ਹੋਰ ਕਿੰਨਾ ਕੁ ਚਿਰ, ਯਹੋਵਾਹ।
4 ਉਹ ਦੋਸ਼ੀ ਹੋਰ ਕਿੰਨਾ ਕੁ ਚਿਰ,
ਆਪਣੇ ਮੰਦੇ ਕਾਰਿਆਂ ਦੀਆਂ ਫ਼ੜਾਂ ਮਾਰਨਗੇ?
5 ਯਹੋਵਾਹ, ਉਹ ਤੁਹਾਡੇ ਬੰਦਿਆਂ ਨੂੰ ਦੁੱਖ ਦਿੰਦੇ ਹਨ,
ਉਨ੍ਹਾਂ ਤੁਹਾਡੇ ਬੰਦਿਆਂ ਨੂੰ ਦੰਡ ਦਿੱਤਾ ਹੈ।
6 ਉਹ ਮੰਦੇ ਲੋਕ ਵਿਧਵਾਵਾਂ ਨੂੰ ਅਤੇ ਸਾਡੇ ਦੇਸ਼ ਵਿੱਚ ਰਹਿੰਦੇ ਪਰਦੇਸੀਆਂ ਨੂੰ ਮਾਰਦੇ ਹਨ।
ਉਹ ਯਤੀਮ ਬੱਚਿਆਂ ਨੂੰ ਮਾਰਦੇ ਹਨ।
7 ਅਤੇ ਉਹ ਆਖਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਇਹ ਮੰਦੇ ਕਾਰੇ ਕਰਦਿਆਂ ਨਹੀਂ ਦੇਖਦਾ।
ਉਹ ਆਖਦੇ ਹਨ ਕਿ ਇਸਰਾਏਲ ਦੇ ਪਰਮੇਸ਼ੁਰ ਨੂੰ ਪਤਾ ਹੀ ਨਹੀਂ ਕਿ ਕੀ ਵਾਪਰ ਰਿਹਾ ਹੈ।
8 ਮੰਦੇ ਲੋਕੋ ਤੁਸੀਂ ਬਹੁਤ ਮੂਰਖ ਹੋ,
ਤੁਸੀਂ ਆਪਣਾ ਸਬਕ ਕਦੋਂ ਸਿਖੋਂਗੇ?
ਤੁਸੀਂ, ਮੰਦੇ ਲੋਕੋ ਕਿੰਨੇ ਬੁੱਧੂ ਹੋ।
ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
9 ਪਰਮੇਸ਼ੁਰ ਨੇ ਸਾਡੇ ਕੰਨ ਬਣਾਏ, ਇਸ ਲਈ ਉਸ ਦੇ ਕੰਨ ਵੀ ਜ਼ਰੂਰ ਹੋਣਗੇ।
ਉਹ ਸੁਣ ਸੱਕਦਾ ਕਿ ਕੀ ਹੋ ਰਿਹਾ ਹੈ।
ਪਰਮੇਸ਼ੁਰ ਨੇ ਸਾਡੀਆਂ ਅੱਖਾਂ ਬਣਾਈਆਂ, ਇਸ ਲਈ ਉਸ ਦੀਆਂ ਅੱਖਾਂ ਵੀ ਜ਼ਰੂਰ ਹੋਣਗੀਆਂ,
ਉਹ ਜੋ ਵੀ ਹੋ ਰਿਹਾ ਦੇਖ ਸੱਕਦਾ ਹੈ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖੇਗਾ।
ਪਰਮੇਸ਼ੁਰ ਉਨ੍ਹਾਂ ਨੂੰ ਸਿੱਖਾਏਗਾ ਕਿ ਉਨ੍ਹਾ ਨੂੰ ਕੀ ਕਰਨਾ ਚਾਹੀਦਾ ਹੈ।
11 ਪਰਮੇਸ਼ੁਰ ਲੋਕਾਂ ਦੀਆਂ ਸੋਚਾਂ ਨੂੰ ਜਾਣਦਾ ਹੈ।
ਪਰਮੇਸ਼ੁਰ ਜਾਣਦਾ ਹੈ ਕਿ ਲੋਕ ਹਵਾ ਦੇ ਬੁੱਲੇ ਵਾਂਗੂ ਹਨ।
12 ਜਿਸ ਬੰਦੇ ਨੂੰ ਯਹੋਵਾਹ ਅਨੁਸ਼ਾਸਨ ਵਿੱਚ ਰੱਖਦਾ ਹੈ।
ਉਹ ਬਹੁਤ ਖੁਸ਼ ਹੋਵੇਗਾ।
ਪਰਮੇਸ਼ੁਰ ਉਸ ਬੰਦੇ ਨੂੰ ਸਹੀ ਜੀਵਨ ਜਾਂਚ ਸਿੱਖਾਵੇਗਾ।
13 ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਦੀ ਸ਼ਾਂਤ ਰਹਿਣ ਵਿੱਚ ਸਹਾਇਤਾ ਕਰੋਂਗੇ ਜਦੋਂ ਉਸ ਉੱਤੇ ਮੁਸੀਬਤ ਆਵੇਗੀ।
ਤੁਸੀਂ ਸ਼ਾਂਤ ਰਹਿਣ ਵਿੱਚ ਉਦੋਂ ਤੱਕ ਉਸਦੀ ਮਦਦ ਕਰੋਂਗੇ ਜਦੋਂ ਤੱਕ ਕਿ ਮੰਦੇ ਲੋਕ ਆਪਣੀਆਂ ਕਬਰਾਂ ਵਿੱਚ ਨਹੀਂ ਚੱਲੇ ਜਾਂਦੇ।
14 ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ।
ਉਹ ਉਨ੍ਹਾਂ ਨੂੰ ਸਹਾਇਤਾ ਤੋਂ ਬਿਨਾ ਨਹੀਂ ਛੱਡੇਗਾ।
15 ਫ਼ੇਰ ਇਨਸਾਫ਼ ਹੋਵੇਗਾ, ਅਤੇ ਇਸ ਨਾਲ ਨਿਰਪੱਖਤਾ ਆਵੇਗੀ,
ਅਤੇ ਫ਼ਿਰ ਇੱਥੇ ਚੰਗੇ ਅਤੇ ਇਮਾਨਦਾਰ ਲੋਕ ਹੋਣਗੇ।
16 ਕਿਸੇ ਵੀ ਬੰਦੇ ਨੇ ਮੰਦੇ ਲੋਕਾਂ ਦੇ ਖਿਲਾਫ਼ ਲੜਨ ਵਿੱਚ ਮੇਰੀ ਸਹਾਇਤਾ ਨਹੀਂ ਕੀਤੀ।
ਕੋਈ ਵੀ ਬੰਦਾ ਮੇਰੇ ਨਾਲ ਉਨ੍ਹਾਂ ਦੇ ਖਿਲਾਫ਼ ਲੜਨ ਲਈ ਨਹੀਂ ਖਲੋਤਾ ਜਿਹੜੇ ਮੰਦੇ ਕੰਮ ਕਰਦੇ ਹਨ।
17 ਅਤੇ ਜੇ ਯਹੋਵਾਹ ਨੇ ਮੇਰੀ ਸਹਾਇਤਾ ਨਾ ਕੀਤੀ ਹੁੰਦੀ,
ਮੈਨੂੰ ਮੌਤ ਨੇ ਖਾਮੋਸ਼ ਕਰ ਦਿੱਤਾ ਹੋਣਾ ਸੀ।
18 ਮੈਂ ਜਾਣਦਾ ਹਾਂ ਕਿ ਮੈਂ ਡਿੱਗਣ ਵਾਲਾ ਸਾਂ,
ਪਰ ਯਹੋਵਾਹ ਨੇ ਆਪਣੇ ਪੈਰੋਕਾਰਾਂ ਨੂੰ ਸਹਾਰਾ ਦਿੱਤਾ।
19 ਮੈਂ ਬਹੁਤ ਫ਼ਿਕਰਮੰਦ ਅਤੇ ਬੇਚੈਨ ਸਾਂ।
ਪਰ ਹੇ ਯਹੋਵਾਹ, ਤੁਸੀਂ ਮੈਨੂੰ ਸੁਕੂਨ ਪਹੁੰਚਾਇਆ ਅਤੇ ਮੈਨੂੰ ਪ੍ਰਸੰਨ ਕਰ ਦਿੱਤਾ।
20 ਹੇ ਪਰਮੇਸ਼ੁਰ, ਤੁਸੀਂ ਭ੍ਰਿਸ਼ਟ ਨਿਆਕਾਰਾਂ ਦੀ ਸਹਾਇਤਾ ਨਹੀਂ ਕਰਦੇ।
ਉਹ ਮੰਦੇ ਨਿਆਂਕਾਰ ਲੋਕਾਂ ਦਾ ਜੀਣਾ ਦੁਭਰ ਕਰਨ ਲਈ ਕਾਨੂੰਨ ਦਾ ਇਸਤੇਮਾਲ ਕਰਦੇ ਹਨ।
21 ਉਹ ਨਿਆਂਕਾਰ ਨੇਕ ਬੰਦਿਆਂ ਉੱਤੇ ਹਮਲਾ ਕਰਦੇ ਹਨ।
ਉਹ ਮਾਸੂਮ ਲੋਕਾਂ ਨੂੰ ਦੋਸ਼ੀ ਆਖਦੇ ਹਨ ਅਤੇ ਉਨ੍ਹਾਂ ਨੂੰ ਮਾਰਦੇ ਹਨ।
22 ਪਰ ਉੱਚੇ ਪਰਬਤ ਉੱਤੇ ਪਰਮੇਸ਼ੁਰ ਹੀ ਮੇਰੀ ਸੁਰੱਖਿਆ ਦਾ ਸਥਾਨ ਹੈ।
ਪਰਮੇਸ਼ੁਰ, ਮੇਰੀ ਚੱਟਾਨ ਹੈ, ਉਹ ਮੇਰੀ ਰੱਖਿਆ ਦਾ ਸਥਾਨ ਹੈ।
23 ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਦੰਡ ਦੇਵੇਗਾ।
ਪਰਮੇਸ਼ੁਰ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ ਕਿਉਂਕਿ ਉਨ੍ਹਾਂ ਨੇ ਗੁਨਾਹ ਕੀਤਾ ਸੀ।
ਯਹੋਵਾਹ, ਸਾਡਾ ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਦਾ ਨਾਸ਼ ਕਰੇਗਾ।
ਯਹੂਦਾਹ ਵਿੱਚ ਅਕਾਲ
1 ਬਹੁਤ ਸਮਾਂ ਪਹਿਲਾਂ, ਨਿਆਂਕਾਰਾਂ ਦੇ ਸਮੇਂ ਵਿੱਚ, ਇੱਕ ਅਜਿਹਾ ਸਮਾਂ ਆਇਆ ਜਦੋਂ ਧਰਤੀ ਉੱਤੇ ਅਕਾਲ ਪੈ ਗਿਆ। ਇੱਕ ਆਦਮੀ ਯਹੂਦਾਹ ਵਿੱਚੋਂ ਬੈਤਲਹਮ ਤੋਂ ਆਪਣੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਮੋਆਬ ਦੀ ਧਰਤੀ ਉੱਤੇ ਰਹਿਣ ਲਈ ਗਿਆ। 2 ਆਦਮੀ ਦਾ ਨਾਮ ਅਲੀਮਲਕ ਸੀ। ਉਸਦੀ ਪਤਨੀ ਦਾ ਨਾਮ ਨਾਓਮੀ ਸੀ ਅਤੇ ਉਸ ਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਉਨ ਸਨ। ਉਹ ਯਹੂਦਾਹ ਵਿੱਚ ਬੈਤਲਹਮ ਤੋਂ ਇਫ਼ਰਾਥੀ ਦੇ ਪਰਿਵਾਰ ਵਿੱਚੋਂ ਸਨ। ਉਹ ਮੋਆਬ ਦੀ ਧਰਤੀ ਵਿੱਚ ਜਾਕੇ ਵੱਸ ਗਏ।
3 ਬਾਦ ਵਿੱਚ ਨਾਓਮੀ ਦਾ ਪਤੀ ਅਲੀਮਲਕ ਮਰ ਗਿਆ। ਇਸ ਲਈ ਸਿਰਫ਼ ਨਾਓਮੀ ਅਤੇ ਉਸ ਦੇ ਦੋ ਪੁੱਤਰ ਪਿੱਛੇ ਰਹਿ ਗਏ। 4 ਉਸ ਦੇ ਪੁੱਤਰਾਂ ਨੇ ਮੋਆਬ ਦੇ ਦੇਸ਼ ਦੀਆਂ ਔਰਤਾਂ ਨਾਲ ਸ਼ਾਦੀ ਕਰ ਲਈ। ਇੱਕ ਪਤਨੀ ਦਾ ਨਾਮ ਆਰਪਾਹ ਸੀ ਅਤੇ ਦੂਸਰੀ ਪਤਨੀ ਦਾ ਨਾਮ ਰੂਥ ਸੀ। ਉਹ ਮੋਆਬ ਵਿੱਚ 10 ਵਰ੍ਹੇ ਰਹੇ, ਤਕਰੀਬਨ 5 ਅਤੇ ਮਹਿਲੋਨ ਅਤੇ ਕਿਲਉਨ ਵੀ ਮਰ ਗਏ। ਇਸ ਲਈ ਨਾਓਮੀ ਆਪਣੇ ਪਤੀ ਅਤੇ ਦੋ ਪੁੱਤਰਾਂ ਤੋਂ ਬਿਨਾ ਇਕੱਲੀ ਰਹਿ ਗਈ।
ਨਾਓਮੀ ਘਰ ਜਾਂਦੀ ਹੈ
6 ਜਦੋਂ ਨਾਓਮੀ ਮੋਆਬ ਦੀ ਧਰਤੀ ਵਿੱਚ ਸੀ, ਉਸ ਨੇ ਸੁਣਿਆ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਸਹਾਇਤਾ ਕੀਤੀ ਸੀ ਅਤੇ ਉਨ੍ਹਾਂ ਨੂੰ ਯਹੂਦਾਹ ਵਿੱਚ ਭੋਜਨ ਦਿੱਤਾ ਸੀ। ਇਸ ਲਈ ਨਾਓਮੀ ਨੇ ਮੋਆਬ ਨੂੰ ਛੱਡ ਕੇ ਯਹੂਦਾਹ ਵਿੱਚ ਖੁਦ ਦੇ ਘਰ ਵਾਪਸ ਜਾਣ ਦਾ ਫ਼ੈਸਲਾ ਕੀਤਾ। ਉਸ ਦੀਆਂ ਨੂਹਾਂ ਨੇ ਵੀ ਉਸ ਦੇ ਨਾਲ ਹੀ ਜਾਣ ਦਾ ਫ਼ੈਸਲਾ ਕੀਤਾ। 7 ਉਨ੍ਹਾਂ ਨੇ ਉਹ ਥਾਂ ਛੱਡ ਦਿੱਤੀ ਜਿੱਥੇ ਉਹ ਰਹਿ ਰਹੇ ਸਨ, ਅਤੇ ਯਹੂਦਾਹ ਦੀ ਧਰਤੀ ਉੱਤੇ ਪੈਦਲ ਵਾਪਸ ਜਾਣਾ ਸ਼ੁਰੂ ਕਰ ਦਿੱਤਾ।
8 ਫ਼ੇਰ ਨਾਓਮੀ ਨੇ ਆਪਣੀਆਂ ਨੂਹਾਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਨੂੰ ਆਪਣੀ ਮਾਂ ਦੇ ਘਰ ਆਪਸ ਜਾਣਾ ਚਾਹੀਦਾ ਹੈ। ਤੁਸੀਂ ਮੇਰੇ ਅਤੇ ਮੇਰੇ ਸਵਰਗਵਾਸੀ ਪੁੱਤਰਾਂ ਨਾਲ ਬਹੁਤ ਚੰਗੀਆਂ ਰਹੀਆਂ ਹੋ। ਇਸ ਲਈ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਯਹੋਵਾਹ ਤੁਹਾਡੇ ਨਾਲ ਇਨਸਾਫ਼ ਕਰੇਗਾ ਅਤੇ ਤੁਹਾਡੇ ਉੱਤੇ ਮਿਹਰ ਕਰੇਗਾ। 9 ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਹ ਤੁਹਾਨੂੰ ਇੱਕ ਚੰਗੇ ਪਤੀ ਨਾਲ ਇੱਕ ਘਰ ਵਿੱਚ ਅਰਾਮ ਲੱਭਣ ਵਿੱਚ ਮਦਦ ਕਰੇ।” ਨਾਓਮੀ ਨੇ ਆਪਣੀਆਂ ਨੂਹਾਂ ਨੂੰ ਚੁੰਮਿਆ ਅਤੇ ਉਹ ਸਾਰੀਆਂ ਰੋਣ ਲੱਗ ਪਈਆਂ।
10 ਫ਼ੇਰ ਨੂਹਾਂ ਨੇ ਆਖਿਆ, “ਪਰ ਅਸੀਂ ਤਾਂ ਤੁਹਾਡੇ ਨਾਲ ਆਉਣਾ ਚਾਹੁੰਦੀਆਂ ਹਾਂ ਅਤੇ ਤੁਹਾਡੇ ਪਰਿਵਾਰ ਵਿੱਚ ਜਾਣਾ ਚਾਹੁੰਦੀਆਂ ਹਾਂ।”
11 ਪਰ ਨਾਓਮੀ ਨੇ ਆਖਿਆ, “ਨਹੀਂ, ਧੀਓ, ਆਪੋ-ਆਪਣੇ ਘਰਾਂ ਨੂੰ ਵਾਪਸ ਜਾਓ। ਮੇਰੇ ਨਾਲ ਤੁਸੀਂ ਕਿਉਂ ਜਾਂਦੀਆਂ ਹੋ? ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸੱਕਦੀ। ਮੇਰੇ ਅੰਦਰ ਹੋਰ ਕੋਈ ਪੁੱਤਰ ਨਹੀਂ ਹਨ ਜਿਹੜੇ ਤੁਹਾਡੇ ਪਤੀ ਬਣ ਸੱਕਣ। 12 ਮੇਰੀਓ ਧੀਓ, ਘਰ ਵਾਪਸ ਚਲੀਆਂ ਜਾਵੋ! ਮੈਂ ਇੰਨੀ ਬੁੱਢੀ ਹਾਂ ਕਿ ਹੋਰ ਨਵਾਂ ਪਤੀ ਨਹੀਂ ਕਰ ਸੱਕਦੀ। ਜੇ ਮੈਂ ਦੋਬਰਾ ਸ਼ਾਦੀ ਕਰਾਉਣ ਦੀ ਵੀ ਸੋਚਾਂ, ਤਾਂ ਵੀ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸੱਕਦੀ। ਜੇ ਮੈਂ ਅੱਜ ਰਾਤ ਨੂੰ ਹੀ ਗਰਭਵਤੀ ਹੋ ਜਾਵਾਂ ਅਤੇ ਦੋ ਪੁੱਤਰ ਜਣਾ ਇਸ ਨਾਲ ਤੁਹਾਡੀ ਕੋਈ ਸਹਾਇਤਾ ਨਹੀਂ ਹੋਵੇਗੀ। 13 ਕੀ ਤੁਸੀਂ ਉਨ੍ਹਾਂ ਦੇ ਵੱਡੇ ਹੋਣ ਤੱਕ ਲੰਮੇ ਸਮੇਂ ਲਈ ਇੰਤਜ਼ਾਰ ਕਰੋਂਗੀਆਂ? ਕੀ ਤੁਸੀਂ ਉਨ੍ਹਾਂ ਦੇ ਇੰਤਜ਼ਾਰ ਵਿੱਚ ਅਣਵਿਆਹੀਆਂ ਰਹੋਂਗੀਆਂ? ਨਹੀਂ, ਮੇਰੀਓ ਧੀਓ, ਇਹ ਮੈਨੂੰ ਤੁਹਾਡੇ ਹੋਣ ਨਾਲੋਂ ਵੀ ਵੱਧੇਰੇ ਉਦਾਸ ਕਰ ਦੇਵੇਗਾ। ਯਹੋਵਾਹ ਮੇਰੇ ਖਿਲਾਫ਼ ਪਰਤ ਗਿਆ ਹੈ।”
14 ਇਸ ਲਈ ਉਹ ਔਰਤਾਂ ਫ਼ੇਰ ਬਹੁਤ ਰੋਈਆਂ। ਫ਼ੇਰ ਆਰਪਾਹ ਨੇ ਨਾਓਮੀ ਨੂੰ ਚੁੰਮਿਆ ਅਤੇ ਚਲੀ ਗਈ। ਪਰ ਰੂਥ ਨੇ ਉਸ ਨੂੰ ਜਫ਼ੀ ਪਾ ਲਈ ਅਤੇ ਠਹਿਰ ਗਈ।
15 ਨਾਓਮੀ ਨੇ ਆਖਿਆ, “ਦੇਖ ਤੇਰੀ ਜਿਠਾਣੀ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਵਾਪਸ ਚਲੀ ਗਈ ਹੈ। ਇਸ ਲਈ ਤੈਨੂੰ ਵੀ ਇਵੇਂ ਹੀ ਕਰਨਾ ਚਾਹੀਦਾ ਹੈ।”
16 ਪਰ ਰੂਥ ਨੇ ਆਖਿਆ, “ਮੈਨੂੰ ਤੈਨੂੰ ਛੱਡ ਕੇ ਜਾਣ ਲਈ ਮਜ਼ਬੂਰ ਨਾ ਕਰ! ਮੈਨੂੰ ਆਪਣੇ ਲੋਕਾਂ ਕੋਲ ਵਾਪਸ ਜਾਣ ਲਈ ਮਜ਼ਬੂਰ ਨਾ ਕਰੀਂ। ਮੈਨੂੰ ਆਪਣੇ ਨਾਲ ਆਉਣ ਦੇ। ਜਿੱਥੇ ਤੂੰ ਜਾਵੇਂਗੀ ਮੈਂ ਵੀ ਉੱਥੇ ਹੀਜਾਵਾਂਗੀ। ਜਿੱਥੇ ਤੂੰ ਰਹੇਂਗੀ ਮੈਂ ਵੀ ਉੱਥੇ ਹੀ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ, ਮੇਰਾ ਪਰਮੇਸ਼ੁਰ ਹੋਵੇਗਾ। 17 ਜਿੱਥੇ ਤੁਸੀਂ ਮਰੋਂਗੇ ਉੱਥੇ ਹੀ ਮੈਂ ਮਰਾਂਗੀ। ਅਤੇ ਉੱਥੇ ਹੀ ਮੈਨੂੰ ਦਫ਼ਨਾਇਆ ਜਾਵੇਗਾ। ਮੈਂ ਯਹੋਵਾਹ ਪਾਸੋਂ ਇਹ ਮੰਗ ਕਰਦੀ ਹਾਂ ਕਿ ਮੈਂ ਇਸ ਇਕਰਾਰ ਨੂੰ ਨਾ ਨਿਭਾਵਾਂ ਤਾਂ ਉਹ ਮੈਨੂੰ ਸਜ਼ਾ ਦੇਵੇ: ਸਿਰਫ਼ ਮੌਤ ਹੀ ਸਾਨੂੰ ਵੱਖ ਕਰੇਗੀ।” [a]
ਘਰ ਵਾਪਸੀ
18 ਨਾਓਮੀ ਨੇ ਦੇਖਿਆ ਕਿ ਰੂਥ ਉਸ ਦੇ ਨਾਲ ਜਾਣਾ ਬਹੁਤ ਚਾਹੁੰਦੀ ਸੀ। ਇਸ ਲਈ ਨਾਓਮੀ ਨੇ ਉਸ ਦੇ ਨਾਲ ਦਲੀਲਬਾਜ਼ੀ ਕਰਨੀ ਛੱਡ ਦਿੱਤੀ। 19 ਨਾਓਮੀ ਅਤੇ ਰੂਥ ਸਫ਼ਰ ਕਰਦੀਆਂ ਰਹੀਆਂ ਜਦੋਂ ਤੱਕ ਕਿ ਉਹ ਬੈਤਲਹਮ ਦੇ ਕਸਬੇ ਵਿੱਚ ਨਹੀਂ ਪਹੁੰਚ ਗਈਆਂ। ਜਦੋਂ ਦੋਹਾਂ ਔਰਤਾਂ ਨੇ ਬੈਤਲਹਮ ਵਿੱਚ ਪ੍ਰਵੇਸ਼ ਕੀਤਾ ਸਾਰੇ ਲੋਕ ਬਹੁਤ ਉਤਸੁਕ ਸਨ। ਉਨ੍ਹਾਂ ਆਖਿਆ, “ਇਹ ਤਾਂ ਨਾਓਮੀ ਹੈ?”
20 ਪਰ ਨਾਓਮੀ ਨੇ ਲੋਕਾਂ ਨੂੰ ਆਖਿਆ, “ਮੈਨੂੰ ਨਾਓਮੀ ਨਾ ਬੁਲਾਓ, ਮੈਨੂੰ ਮਾਰਾ ਬੁਲਾਓ। ਇਸੇ ਨਾਮ ਦੀ ਵਰਤੋਂ ਕਰੋ, ਕਿਉਂਕਿ ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਉਦਾਸ ਬਣਾ ਦਿੱਤਾ ਹੈ। 21 ਜਦੋਂ ਮੈਂ ਗਈ ਸੀ ਮੇਰੇ ਕੋਲ ਲੋੜੀਂਦੀਆਂ ਸਾਰੀਆਂ ਚੀਜ਼ਾਂ ਸਨ। ਪਰ ਹੁਣ, ਯਹੋਵਾਹ ਮੈਨੂੰ ਖਾਲੀ ਹਥੀ ਘਰ ਵਾਪਸ ਲਿਆਇਆ ਹੈ। ਉਸ ਨੇ ਮੈਨੂੰ ਉਦਾਸੀ ਦਿੱਤੀ ਹੈ, ਤਾਂ ਤੁਸੀਂ ਮੈਨੂੰ ‘ਖੁਸ਼’ ਕਿਉਂ ਬੁਲਾਉਂਦੇ ਹੋ? ਪਰਮੇਸ਼ੁਰ ਸਰਬ-ਸ਼ਕਤੀਮਾਨ ਨੇ ਮੈਨੂੰ ਬਹੁਤ ਸਾਰੀਆਂ ਮੁਸੀਬਤਾਂ ਦਿੱਤੀਆਂ ਹਨ।”
22 ਇਸ ਤਰ੍ਹਾਂ ਨਾਓਮੀ ਅਤੇ ਉਸਦੀ ਨੂੰਹ ਰੂਥ, ਮੋਆਬੀ ਔਰਤ, ਮੋਆਬ ਦੀ ਧਰਤੀ ਤੋਂ ਯਹੁਦਾਹ ਵਿੱਚ ਬੈਤਲਹਮ ਨੂੰ ਜੌਆਂ ਦੀ ਵਾਢੀ ਦੇ ਸ਼ੁਰੂ ਵਿੱਚ ਵਾਪਸ ਆ ਗਈਆਂ।
5 ਕਿਸੇ ਬਜ਼ੁਰਗ ਨਾਲ ਗੁੱਸੇ ਨਾਲ ਨਾ ਬੋਲੋ ਸਗੋਂ ਉਸ ਨਾਲ ਇੰਝ ਗੱਲ ਕਰੋ ਜਿਵੇਂ ਉਹ ਤੁਹਾਡਾ ਪਿਤਾ ਹੋਵੇ। ਛੋਟਿਆਂ ਨਾਲ ਭਰਾਵਾਂ ਦੀ ਤਰ੍ਹਾਂ ਵਰਤਾਉ ਕਰੋ। 2 ਵੱਡੀ ਉਮਰ ਦੀਆਂ ਔਰਤਾਂ ਨਾਲ ਮਾਵਾਂ ਵਰਗਾ ਵਿਹਾਰ ਕਰੋ। ਛੋਟੀਆਂ ਔਰਤਾਂ ਨਾਲ ਭੈਣਾਂ ਵਰਗਾ ਵਿਹਾਰ ਕਰੋ। ਹਮੇਸ਼ਾ ਉਨ੍ਹਾਂ ਨਾਲ ਪੂਰੀ ਸ਼ੁੱਧਤਾ ਨਾਲ ਵਿਹਾਰ ਕਰੋ।
ਵਿਧਵਾਵਾਂ ਦਾ ਖਿਆਲ ਰੱਖਣਾ
3 ਕਲੀਸਿਯਾ ਨੂੰ ਉਨ੍ਹਾਂ ਵਿਧਵਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੋ ਸੱਚਮੁੱਚ ਇੱਕਲੀਆਂ ਹਨ। 4 ਪਰ ਜੇ ਕਿਸੇ ਵਿਧਵਾ ਦੇ ਬੱਚੇ ਹਨ ਜਾਂ ਪੋਤਰੇ-ਪੋਤਰੀਆਂ ਹਨ, ਤਾਂ ਜਿਹੜੀ ਗੱਲ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਿਖਣੀ ਚਾਹੀਦੀ ਹੈ ਉਹ ਇਹ ਹੈ; ਉਨ੍ਹਾਂ ਨੂੰ ਆਪਣੇ ਖੁਦ ਦੇ ਪਰਿਵਾਰ ਦੇ ਜੀਆਂ ਦਾ ਧਿਆਨ ਰੱਖਕੇ ਪਰਮੇਸ਼ੁਰ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜਦੋਂ ਉਹ ਇਵੇਂ ਕਰਨਗੀਆਂ, ਤਾਂ ਉਹ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਉੱਤੇ ਉਪਕਾਰ ਕਰ ਰਹੀਆਂ ਹੋਣਗੀਆਂ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। 5 ਜੇਕਰ ਇੱਕ ਵਿਧਵਾ ਸੱਚਮੁੱਚ ਬਿਨਾ ਕਿਸੇ ਦੇ ਸਹਾਰਿਉਂ ਇੱਕਲੀ ਹੈ, ਤਾਂ ਉਹ ਆਸ ਰੱਖਦੀ ਹੈ ਕਿ ਪਰਮੇਸ਼ੁਰ ਇੱਕਲਾ ਉਸਦੀ ਸਹਾਇਤਾ ਕਰੇਗਾ। ਉਹ ਪਰਮੇਸ਼ੁਰ ਨੂੰ ਸਹਾਇਤਾ ਲਈ ਦਿਨ ਰਾਤ ਪ੍ਰਾਰਥਨਾ ਕਰਨੀ ਜਾਰੀ ਰੱਖਦੀ ਹੈ। 6 ਪਰ ਜਿਹੜੀ ਵਿਧਵਾ ਆਪਣੇ ਜੀਵਨ ਨੂੰ ਕੇਵਲ ਆਪਣੀ ਖੁਸ਼ੀ ਲਈ ਬਿਤਾਉਂਦੀ ਹੈ ਉਹ ਜਿਉਂਦੀ ਹੋਈ ਵੀ ਮੁਰਦਾ ਹੈ। 7 ਉੱਥੋਂ ਦੇ ਨਿਹਚਾਵਾਨਾਂ ਨੂੰ ਇਹ ਕਰਨ ਲਈ ਆਖੋ ਤਾਂ ਜੋ ਕੋਈ ਵੀ ਵਿਅਕਤੀ ਇਹ ਨਾ ਕਹਿ ਸੱਕੇ ਕਿ ਉਹ ਗਲਤ ਕੰਮ ਕਰ ਰਹੇ ਹਨ। 8 ਇੱਕ ਵਿਅਕਤੀ ਨੂੰ ਆਪਣੇ ਸਾਰੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਸੱਕਰ, ਉਸ ਨੂੰ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਕੋਈ ਅਜਿਹਾ ਨਹੀਂ ਕਰਦਾ, ਤਾਂ ਉਹ ਸੱਚੇ ਵਿਸ਼ਵਾਸ ਨੂੰ ਨਹੀਂ ਮੰਨਦਾ। ਉਹ ਵਿਅਕਤੀ ਇੱਕ ਅਵਿਸ਼ਵਾਸੀ ਨਾਲੋਂ ਵੀ ਭੈੜਾ ਹੈ।
2010 by World Bible Translation Center