Revised Common Lectionary (Complementary)
146 ਯਹੋਵਾਹ ਦੀ ਉਸਤਤਿ ਕਰੋ।
ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
2 ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
3 ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
4 ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
5 ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
6 ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
7 ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
8 ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
9 ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
ਸਲਾਫ਼ਹਾਦ ਦੀਆਂ ਧੀਆਂ
36 ਮਨੱਸ਼ੀ ਯੂਸੁਫ਼ ਦਾ ਪੁੱਤਰ ਸੀ। ਮਾਕੀਰ ਮਨੱਸ਼ੀ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਗਿਲਆਦ ਦੇ ਪਰਿਵਾਰ ਦੇ ਆਗੂ ਮੂਸਾ ਅਤੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕਰਨ ਗਏ। 2 ਉਨ੍ਹਾਂ ਨੇ ਆਖਿਆ, “ਸ਼੍ਰੀ ਮਾਨ ਜੀ, ਯਹੋਵਾਹ ਨੇ ਸਾਨੂੰ ਆਦੇਸ਼ ਦਿੱਤਾ ਸੀ ਕਿ ਸਲਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ। ਸਲਾਫ਼ਹਾਦ, ਸਾਡਾ ਭਰਾ ਸੀ। 3 ਇਹ ਹੋ ਸੱਕਦਾ ਕਿ ਸ਼ਾਇਦ ਇਸਰਾਏਲ ਦੇ ਕਿਸੇ ਹੋਰ ਪਰਿਵਰ-ਸਮੂਹ ਵਿੱਚੋਂ ਕੋਈ ਹੋਰ ਆਦਮੀ ਸਲਾਫ਼ਹਾਦ ਦੀਆਂ ਧੀਆਂ ਵਿੱਚੋਂ ਕਿਸੇ ਇੱਕ ਨਾਲ ਵਿਆਹ ਕਰਾ ਲਵੇ। ਕੀ ਉਹ ਜ਼ਮੀਨ ਸਾਡੇ ਪਰਿਵਾਰ ਵਿੱਚੋਂ ਚਲੀ ਜਾਵੇਗੀ? ਕੀ ਦੂਸਰੇ ਪਰਿਵਾਰ-ਸਮੂਹ ਦੇ ਲੋਕ ਉਸ ਜ਼ਮੀਨ ਦੇ ਮਾਲਕ ਬਣ ਜਾਣਗੇ? ਕੀ ਅਸੀਂ ਉਹ ਜ਼ਮੀਨ ਗਵਾ ਲਵਾਂਗੀਆਂ ਜਿਹੜੀ ਅਸੀਂ ਗੁਣੇ ਪਾਕੇ ਹਾਸਿਲ ਕੀਤੀ ਸੀ? 4 ਲੋਕ ਸ਼ਾਇਦ ਆਪਣੀ ਜ਼ਮੀਨ ਵੇਚ ਦੇਣ। ਪਰ ਜੁਬਲੀ ਵਰ੍ਹੇ ਵਿੱਚ ਸਾਰੀ ਜ਼ਮੀਨ ਉਸੇ ਪਰਿਵਾਰ-ਸਮੂਹ ਕੋਲ ਵਾਪਸ ਆ ਜਾਂਦੀ ਹੈ ਜਿਹੜਾ ਇਸਦਾ ਅਸਲੀ ਮਾਲਿਕ ਹੁੰਦਾ ਹੈ। ਉਸ ਸਮੇਂ ਉਸ ਜ਼ਮੀਨ ਦਾ ਮਾਲਿਕ ਕੌਣ ਹੋਵੇਗਾ ਜਿਹੜਾ ਸਲਾਫ਼ਹਾਦ ਦੀਆਂ ਧੀਆਂ ਦੀ ਹੈ? ਕੀ ਸਾਡਾ ਪਰਿਵਾਰ ਸਦਾ ਲਈ ਉਸ ਜ਼ਮੀਨ ਨੂੰ ਗਵਾ ਲਵੇਗਾ?”
5 ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦਿੱਤਾ। ਇਹ ਆਦੇਸ਼ ਯਹੋਵਾਹ ਵੱਲੋਂ ਸੀ। “ਯੂਸੁਫ਼ ਦੇ ਪਰਿਵਾਰ-ਸਮੂਹ ਦੇ ਇਹ ਆਦਮੀ ਠੀਕ ਆਖਦੇ ਹਨ! 6 ਯਹੋਵਾਹ ਦਾ ਸਲਾਫ਼ਹਾਦ ਦੀਆਂ ਧੀਆਂ ਨੂੰ ਇਹ ਆਦੇਸ਼ ਹੈ: ਜੇ ਤੁਸੀਂ ਕਿਸੇ ਨਾਲ ਸ਼ਾਦੀ ਕਰਾਉਣੀ ਚਾਹੋਂ ਤਾਂ ਤੁਹਾਨੂੰ ਸਿਰਫ਼ ਆਪਣੇ ਹੀ ਪਰਿਵਾਰ-ਸਮੂਹ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ। 7 ਇਸ ਤਰ੍ਹਾਂ ਜ਼ਮੀਨ ਇਸਰਾਏਲ ਦੇ ਲੋਕਾਂ ਵਿੱਚ ਇੱਕ ਪਰਿਵਾਰ-ਸਮੂਹ ਵਿੱਚੋਂ ਦੂਸਰੇ ਪਰਿਵਾਰ-ਸਮੂਹ ਦੇ ਹੱਥਾਂ ਵਿੱਚ ਨਹੀਂ ਜਾਵੇਗੀ। ਹਰ ਇਸਰਾਏਲੀ, ਉਸੇ ਜ਼ਮੀਨ ਨੂੰ ਰੱਖੇਗਾ ਜਿਹੜੀ ਉਸ ਦੇ ਪੁਰਖਿਆਂ ਨੂੰ ਮਿਲੀ ਸੀ। 8 ਅਤੇ ਜੇ ਕੋਈ ਔਰਤ ਆਪਣੇ ਪਿਤਾ ਦੀ ਜ਼ਮੀਨ ਪ੍ਰਾਪਤ ਕਰਦੀ ਹੈ ਤਾਂ ਉਸ ਨੂੰ ਸਿਰਫ਼ ਆਪਣੇ ਹੀ ਪਰਿਵਾਰ-ਸਮੂਹ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਨਾਲ, ਹਰ ਬੰਦਾ ਉਸ ਜ਼ਮੀਨ ਨੂੰ ਰੱਖ ਸੱਕੇਗਾ ਜਿਹੜੀ ਉਸ ਦੇ ਪੁਰਖਿਆਂ ਨੂੰ ਮਿਲੀ ਸੀ। 9 ਇਸ ਲਈ, ਇਸਰਾਏਲ ਦੇ ਲੋਕਾਂ ਅੰਦਰ ਜ਼ਮੀਨ ਇੱਕ ਪਰਿਵਾਰ-ਸਮੂਹ ਵਿੱਚੋਂ ਦੂਸਰੇ ਪਰਿਵਾਰ-ਸਮੂਹ ਵਿੱਚ ਨਹੀਂ ਜਾਣੀ ਚਾਹੀਦੀ। ਹਰੇਕ ਇਸਰਾਏਲੀ ਉਹੀ ਜ਼ਮੀਨ ਰੱਖੇਗਾ ਜਿਹੜੀ ਉਸ ਦੇ ਪੁਰਖਿਆਂ ਨੂੰ ਮਿਲੀ ਸੀ।”
10 ਸਲਾਫ਼ਹਾਦ ਦੀਆਂ ਧੀਆਂ ਨੇ ਯਹੋਵਾਹ ਦਾ ਮੂਸਾ ਨੂੰ ਦਿੱਤਾ ਹੋਇਆ ਆਦੇਸ਼ ਪ੍ਰਵਾਨ ਕਰ ਲਿਆ। 11 ਇਸ ਲਈ ਸਲਾਫ਼ਹਾਦ ਦੀਆਂ ਧੀਆਂ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ ਅਤੇ ਨੋਆਹ-ਨੇ ਆਪਣੇ ਪਿਤਾ ਵਾਲੇ ਪਾਸੇ ਦੇ ਚਚੇਰੇ ਭਰਾਵਾਂ ਨਾਲ ਸ਼ਾਦੀ ਕੀਤੀ। 12 ਉਨ੍ਹਾਂ ਦੇ ਪਤੀ ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਸਨ, ਇਸ ਲਈ ਉਨ੍ਹਾਂ ਦੀ ਜ਼ਮੀਨ ਉਨ੍ਹਾ ਦੇ ਪਿਤਾ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਕੋਲ ਹੀ ਰਹੀ।
13 ਇਸ ਲਈ ਇਹ ਬਿਧੀਆਂ ਅਤੇ ਹੁਕਮ ਹਨ ਜਿਹੜੇ ਯਹੋਵਾਹ ਨੇ ਮੂਸਾ ਰਾਹੀਂ ਇਸਰਾਏਲੀਆਂ ਨੂੰ ਮੋਆਬ ਵਿੱਚ ਯਰਦਨ ਵਾਦੀ ਵਿੱਚ, ਯਰੀਹੋ ਤੋਂ ਪਾਰ ਯਰਦਨ ਨਦੀ ਦੇ ਦੂਜੇ ਪਾਸੇ ਦਿੱਤੇ।
6 ਸਹੀ ਸਮੇਂ ਤੇ ਮਸੀਹ ਸਾਡੇ ਲਈ ਮਰਿਆ, ਜਦੋਂ ਅਜੇ ਅਸੀਂ ਕਮਜ਼ੋਰ ਅਤੇ ਪਰਮੇਸ਼ੁਰ ਦੇ ਖਿਲਾਫ਼ ਜਿਉਂ ਰਹੇ ਸਾਂ। 7 ਕੋਈ ਵੀ ਭਲੇ ਵਿਅਕਤੀ ਲਈ ਮਰਨ ਦਾ ਇੱਛੁਕ ਨਹੀਂ ਹੋਵੇਗਾ। ਜੇਕਰ ਇੱਕ ਵਿਅਕਤੀ ਬੜਾ ਹੀ ਭਲਾ ਹੈ ਤਾਂ ਫ਼ੇਰ ਕੋਈ ਵੀ ਉਸ ਲਈ ਮਰਨ ਦਾ ਇੱਛੁਕ ਹੋ ਸੱਕਦਾ। 8 ਪਰ ਮਸੀਹ ਸਾਡੇ ਲਈ ਮਰਿਆ ਜਦੋਂ ਹਾਲੇ ਅਸੀਂ ਪਾਪੀ ਸਾਂ। ਇੰਝ ਪਰਮੇਸ਼ੁਰ ਨੇ ਸਾਡੇ ਪ੍ਰਤੀ ਆਪਣਾ ਭਰਪੂਰ ਪਿਆਰ ਦਰਸਾਇਆ ਹੈ।
9 ਅਸੀਂ ਮਸੀਹ ਦੇ ਲਹੂ ਕਾਰਣ ਧਰਮੀ ਹੋਏ। ਤਾਂ ਫ਼ਿਰ ਅਸੀਂ ਮਸੀਹ ਦੁਆਰਾ ਜ਼ਰੂਰ ਪਰਮੇਸ਼ੁਰ ਦੀ ਕਰੋਪੀ ਤੋਂ ਬਚਾਏ ਜਾਵਾਂਗੇ। 10 ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਪਰਮੇਸ਼ੁਰ ਦੇ ਵੈਰੀ ਸੀ ਤਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਮੌਤ ਰਾਹੀਂ ਸਾਨੂੰ ਆਪਣੇ ਮਿੱਤਰ ਬਣਾਇਆ। ਇਸੇ ਲਈ ਹੁਣ ਅਸੀਂ ਪਰਮੇਸ਼ੁਰ ਦੇ ਮਿੱਤਰ ਹਾਂ। ਨਿਸ਼ਚਿਤ ਤੌਰ ਤੇ ਪਰਮੇਸ਼ੁਰ ਸਾਨੂੰ ਆਪਣੇ ਪੁੱਤਰ ਦੀ ਜ਼ਿੰਦਗੀ ਰਾਹੀਂ ਬਚਾਵੇਗਾ। 11 ਸਿਰਫ਼ ਇਹੀ ਨਹੀਂ ਸਗੋਂ ਅਸੀਂ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਵਿੱਚ ਅਨੰਦ ਮਾਣਦੇ ਹਾਂ। ਯਿਸੂ ਜਿਸਨੇ ਸਾਨੂੰ ਪਰਮੇਸ਼ੁਰ ਦੇ ਦੋਸਤ ਬਣਾਇਆ।
2010 by World Bible Translation Center