Revised Common Lectionary (Complementary)
23 ਯਹੋਵਾਹ ਇੱਕ ਸਿਪਾਹੀ ਦੀ ਧਿਆਨ ਨਾਲ ਤੁਰਨ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਸ ਨੂੰ ਡਿੱਗਣ ਤੋਂ ਬਚਾਉਂਦਾ ਹੈ।
24 ਜੇ ਉਹ ਆਦਮੀ ਭੱਜਦਾ ਅਤੇ ਆਪਣੇ ਦੁਸ਼ਮਣ ਉੱਤੇ ਵਾਰ ਕਰਦਾ ਹੈ।
ਤਾਂ ਯਹੋਵਾਹ ਸਿਪਾਹੀ ਦਾ ਹੱਥ ਫ਼ੜ ਲੈਂਦਾ ਹੈ, ਅਤੇ ਉਸ ਨੂੰ ਡਿੱਗਣ ਤੋਂ ਬਚਾਉਂਦਾ ਹੈ।
25 ਮੈਂ ਜਵਾਨ ਸਾਂ ਅਤੇ ਹੁਣ ਬੁੱਢਾ ਹਾਂ
ਅਤੇ ਮੈਂ ਕਦੇ ਵੀ ਪਰਮੇਸ਼ੁਰ ਨੂੰ ਨੇਕ ਬੰਦਿਆਂ ਦਾ ਸਾਥ ਛੱਡਦਿਆਂ ਨਹੀਂ ਦੇਖਿਆ।
ਮੈਂ ਕਦੇ ਵੀ ਨੇਕ ਬੰਦਿਆਂ ਦੇ ਬੱਚਿਆਂ ਨੂੰ ਭੁੱਖਿਆਂ ਮਰਦਿਆਂ ਨਹੀਂ ਵੇਖਿਆ।
26 ਇੱਕ ਚੰਗਾ ਆਦਮੀ ਹੋਰਾਂ ਨੂੰ ਖੁਲ੍ਹ ਦਿਲੀ ਨਾਲ ਦਾਨ ਕਰਦਾ ਹੈ
ਅਤੇ ਉਸ ਦੇ ਬੱਚੇ ਇੱਕ ਅਸੀਸ ਹਨ।
27 ਜੇ ਤੁਸੀਂ ਮੰਦੀਆਂ ਗੱਲਾਂ ਕਰਨ ਤੋਂ ਇਨਕਾਰ ਕਰਦੇ ਹੋਂ, ਅਤੇ ਜੇ ਤੁਸੀਂ ਚੰਗੀਆਂ ਗੱਲਾਂ ਕਰਦੇ ਹੋਂ।
ਤਾਂ ਤੁਸੀਂ ਸਦਾ ਲਈ ਜਿਉਂਦੇ ਰਹੋਂਗੇ।
28 ਯਹੋਵਾਹ ਨਿਰਪੱਖਤਾ ਨੂੰ ਪਿਆਰ ਕਰਦਾ ਹੈ।
ਉਹ ਆਪਣੇ ਚੇਲਿਆਂ ਨੂੰ ਨਿਆਸਰਾ ਨਹੀਂ ਛੱਡੇਗਾ।
ਯਹੋਵਾਹ ਹਮੇਸ਼ਾ ਆਪਣੇ ਆਸਥਾਵਾਨਾਂ ਦੀ ਰੱਖਿਆ ਕਰੇਗਾ,
ਪਰ ਉਹ ਬਦਚਲਣ ਲੋਕਾਂ ਨੂੰ ਤਬਾਹ ਕਰ ਦੇਵੇਗਾ।
29 ਨੇਕ ਬੰਦੇ ਉਹ ਭੂਮੀ ਹਾਸਲ ਕਰਨਗੇ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ
ਉਹ ਸਦਾ ਲਈ ਇਸ ਉੱਤੇ ਰਹਿਣਗੇ।
30 ਇੱਕ ਚੰਗਾ ਬੰਦਾ ਇੱਕ ਚੰਗਾ ਮਸ਼ਵਰਾ ਦਿੰਦਾ ਹੈ।
ਉਸ ਦੇ ਨਿਆਂੇ ਹਰ ਇੱਕ ਵਾਸਤੇ ਬੇਲਾਗ ਹੁੰਦੇ ਹਨ।
31 ਉਸ ਨੇ ਯਹੋਵਾਹ ਦੇ ਉਪਦੇਸ਼ਾਂ ਨੂੰ ਸਿਖ ਲਿਆ ਹੈ,
ਅਤੇ ਉਹ ਜ਼ਿੰਦਗੀ ਦੇ ਸਹੀ ਢੰਗ ਤੋਂ ਵੱਖਰਾ ਨਹੀਂ ਹੋਵੇਗਾ।
32 ਦੁਸ਼ਟ ਲੋਕ ਹਮੇਸ਼ਾ ਚੰਗੇ ਲੋਕਾਂ ਨੂੰ ਮਾਰਨ ਦਾ ਅਵਸਰ ਲੱਭਦੇ ਹਨ।
33 ਪਰਮੇਸ਼ੁਰ ਚੰਗੇ ਲੋਕਾਂ ਤੋਂ ਬੇਮੁੱਖ ਨਹੀਂ ਹੋਵੇਗਾ ਜਦੋਂ ਉਹ ਦੁਸ਼ਟ ਲੋਕਾਂ ਦੁਆਰਾ ਅਦਾਲਤ ਵਿੱਚ ਲਿਜਾਏ ਜਾਂਦੇ ਹਨ।
ਉਹ ਉਨ੍ਹਾਂ ਨੂੰ ਨਿੰਦੇ ਨਹੀਂ ਜਾਣ ਦੇਵੇਗਾ।
34 ਉਹੀ ਕਰੋ ਜੋ ਯਹੋਵਾਹ ਆਖਦਾ ਹੈ ਤੇ ਉਸਦੀ ਸਹਾਇਤਾ ਦਾ ਇੰਤਜ਼ਾਰ ਕਰੋ।
ਯਹੋਵਾਹ ਤੁਹਾਨੂੰ ਜੇਤੂ ਬਣਾਵੇਗਾ, ਅਤੇ ਉਹ ਤੁਹਾਨੂੰ ਉਹ ਧਰਤੀ ਦੇਵੇਗਾ ਜਿਸਦਾ ਉਸ ਨੇ ਇਕਰਾਰ ਕੀਤਾ ਸੀ,
ਜਦੋਂ ਉਹ ਮੰਦੇ ਲੋਕਾਂ ਨੂੰ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ।
35 ਮੈਂ ਇੱਕ ਦੁਸ਼ਟ ਬੰਦੇ ਨੂੰ ਵੇਖਿਆ ਜੋ ਸ਼ਕਤੀਸ਼ਾਲੀ ਸੀ।
ਉਹ ਇੱਕ ਤਕੜੇ ਰੁੱਖ ਵਰਗਾ ਸੀ।
36 ਪਰ ਜਦੋਂ ਉਹ ਚੱਲਿਆ ਗਿਆ
ਮੈਂ ਉਸਦੀ ਤਲਾਸ਼ ਕੀਤੀ ਪਰ ਉਹ ਮੈਨੂੰ ਨਹੀਂ ਮਿਲਿਆ।
37 ਪਵਿੱਤਰ ਅਤੇ ਇਮਾਨਦਾਰ ਬਣੋ।
ਅਮਨ ਪਸੰਦ ਲੋਕਾਂ ਦੇ ਬਹੁਤ ਵਾਰਸ ਹੋਣਗੇ।
38 ਪਰ ਉਹ ਲੋਕ ਜਿਹੜੇ ਨੇਮ ਤੋਂੜਦੇ ਹਨ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
ਅਤੇ ਉਨ੍ਹਾਂ ਦੀ ਔਲਾਦ ਧਰਤੀ ਛੱਡਣ ਲਈ ਮਜ਼ਬੂਰ ਹੋ ਜਾਵੇਗੀ।
39 ਯਹੋਵਾਹ ਨੇਕ ਬੰਦਿਆਂ ਨੂੰ ਬਚਾਉਂਦਾ ਹੈ।
ਜਦੋਂ ਨੇਕ ਬੰਦੇ ਮੁਸੀਬਤਾਂ ਵਿੱਚ ਹੁੰਦੇ ਹਨ ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਬਣਦਾ ਹੈ।
40 ਯਹੋਵਾਹ ਨੇਕ ਬੰਦਿਆਂ ਦੀ ਸਹਾਇਤਾ ਕਰਦਾ ਹੈ, ਅਤੇ ਉਨ੍ਹਾਂ ਨੂੰ ਬਚਾਉਂਦਾ ਹੈ।
ਨੇਕ ਬੰਦੇ ਯਹੋਵਾਹ ਤੇ ਨਿਰਭਰ ਕਰਦੇ ਹਨ। ਅਤੇ ਉਹ ਉਨ੍ਹਾਂ ਲੋਕਾਂ ਨੂੰ ਮੰਦੇ ਲੋਕਾਂ ਤੋਂ ਬਚਾਉਂਦਾ ਹੈ।
ਸਮੂਏਲ ਦਾ ਪਾਤਸ਼ਾਹ ਬਾਰੇ ਬੋਲਣਾ
12 ਸਮੂਏਲ ਨੇ ਸਾਰੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਮੈਂ ਉਹ ਸਭ ਕੁਝ ਕੀਤਾ ਹੈ ਜੋ ਤੁਸੀਂ ਲੋਕਾਂ ਨੇ ਮੇਰੇ ਕੋਲੋਂ ਚਾਹਿਆ। ਮੈਂ ਤੁਹਾਡੇ ਉੱਪਰ ਪਾਤਸ਼ਾਹ ਵੀ ਠਹਿਰਾ ਦਿੱਤਾ ਹੈ। 2 ਹੁਣ ਤੁਹਾਨੂੰ ਤੁਹਾਡੇ ਅੱਗੇ-ਅੱਗੇ ਤੁਰਨ ਲਈ ਪਾਤਸ਼ਾਹ ਵੀ ਦਿੱਤਾ ਹੈ। ਮੈਂ ਹੁਣ ਬੁੱਢਾ ਹੋ ਗਿਆ ਹਾਂ ਅਤੇ ਮੇਰੇ ਵਾਲ ਚਿੱਟੇ ਹੋ ਗਏ ਹਨ, ਪਰ ਮੇਰੇ ਪੁੱਤਰ ਤੁਹਾਡੇ ਨਾਲ ਹਨ। ਜਦ ਤੋਂ ਮੈਂ ਅਜੇ ਛੋਟਾ ਜਿਹਾ ਬਾਲਕ ਸੀ ਤਦ ਤੋਂ ਮੈਂ ਤੁਹਾਡਾ ਆਗੂ ਰਿਹਾ ਹਾਂ। 3 ਵੇਖੋ, ਮੈਂ ਹਾਜ਼ਰ ਹਾਂ। ਜੇਕਰ ਮੈਂ ਕੋਈ ਗਲਤੀ ਕੀਤੀ ਹੋਵੇ ਤਾਂ ਤੁਹਾਨੂੰ ਉਹ ਜ਼ਰੂਰ ਯਹੋਵਾਹ ਅਤੇ ਉਸ ਦੇ ਚੁਣੇ ਹੋਏ ਪਾਤਸ਼ਾਹ ਨੂੰ ਦੱਸਣੀ ਚਾਹੀਦੀ ਹੈ। ਕੀ ਮੈਂ ਕਿਸੇ ਦੀ ਗਊ ਚੁਰਾਈ ਜਾਂ ਕਿਸੇ ਦਾ ਖੋਤਾ ਚੁਰਾਇਆ? ਕੀ ਮੈਂ ਕਿਸੇ ਨੂੰ ਧੋਖਾ ਦਿੱਤਾ ਜਾਂ ਕਿਸੇ ਦਾ ਕੁਝ ਚੁਰਾਇਆ? ਕੀ ਮੈਂ ਆਪਣੀਆਂ ਅੱਖਾਂ ਅੰਨ੍ਹੀਆਂ ਕਰਨ ਲਈ ਕਣੇ ਦੀ ਵੱਢੀ ਲਿੱਤੀ ਤਾਂ ਜੋ ਕਿਸੇ ਹੋਰ ਦੁਆਰਾ ਕੀਤੇ ਅਪਰਾਧ ਨੂੰ ਅਣਦੇਖਿਆਂ ਕਰਾਂ। ਜੇਕਰ ਮੈਂ ਇਨ੍ਹਾਂ ਗੱਲਾਂ ਵਿੱਚੋਂ ਕੁਝ ਵੀ ਕੀਤਾ ਹੋਵੇ ਮੈਂ ਹਾਨੀ-ਪੂਰਤੀ ਕਰਾਂਗਾ।”
4 ਤਾਂ ਇਸਰਾਏਲੀਆਂ ਨੇ ਆਖਿਆ, “ਨਹੀਂ! ਤੂੰ ਸਾਡੇ ਨਾਲ ਕਦੇ ਵੀ ਬਦਸਲੂਕੀ ਨਹੀਂ ਕੀਤੀ ਨਾ ਹੀ ਕਦੇ ਤੂੰ ਸਾਨੂੰ ਧੋਖਾ ਦਿੱਤਾ ਅਤੇ ਨਾ ਹੀ ਕੋਈ ਕਦੇ ਵੱਢੀ ਲਿੱਤੀ ਹੈ।”
5 ਸਮੂਏਲ ਨੇ ਇਸਰਾਏਲੀਆਂ ਨੂੰ ਕਿਹਾ, “ਯਹੋਵਾਹ ਤੁਹਾਡੇ ਉੱਤੇ ਗਵਾਹ ਹੈ ਅਤੇ ਉਸਦਾ ਮਸਹ ਕੀਤਾ ਹੋਇਆ ਵੀ ਅੱਜ ਦੇ ਦਿਨ ਗਵਾਹ ਹੈ ਕਿ ਤੁਸੀਂ ਮੇਰੇ ਖਿਲਾਫ਼ ਮੇਰੇ ਵਿੱਚ ਕੁਝ ਨਹੀਂ ਲੱਭਿਆ।” ਲੋਕਾਂ ਨੇ ਆਖਿਆ, “ਹਾਂ ਯਹੋਵਾਹ ਗਵਾਹ ਹੈ।”
6 ਤਦ ਸਮੂਏਲ ਨੇ ਲੋਕਾਂ ਨੂੰ ਕਿਹਾ, “ਯਹੋਵਾਹ ਨੇ ਸਭ ਅੱਖੀਂ ਡਿੱਠਾ ਹੈ ਜੋ ਕੁਝ ਵੀ ਵਾਪਰਿਆ ਹੈ। ਇਹ ਯਹੋਵਾਹ ਹੀ ਹੈ ਜਿਸਨੇ ਮੂਸਾ ਅਤੇ ਹਾਰੂਨ ਨੂੰ ਠਹਿਰਾਇਆ ਅਤੇ ਇਹ ਵੀ ਯਹੋਵਾਹ ਹੀ ਹੈ ਜੋ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ। 7 ਹੁਣ ਤੁਸੀਂ ਚੁੱਪ ਕਰਕੇ ਖੜ੍ਹੇ ਹੋ ਜਾਉ ਤਾਂ ਜੋ ਮੈਂ ਉਹ ਸਭ ਗੱਲਾਂ ਤੁਹਾਨੂੰ ਦੱਸ ਸੱਕਾਂ ਜੋ ਯਹੋਵਾਹ ਨੇ ਤੁਹਾਡੇ ਲਈ ਅਤੇ ਤੁਹਾਡੇ ਪੁਰਖਿਆਂ ਲਈ ਕੀਤੀਆਂ।
8 “ਯਾਕੂਬ ਮਿਸਰ ਨੂੰ ਗਿਆ। ਬਾਦ ਵਿੱਚ ਮਿਸਰੀਆਂ ਨੇ ਉਸ ਦੇ ਉੱਤਰਾਧਿਕਾਰੀਆਂ ਲਈ ਜਿਉਣਾ ਮੁਸ਼ਕਿਲ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ ਅਤੇ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਤੁਹਾਡੇ ਪੁਰਖਿਆਂ ਦੀ ਮਿਸਰ ਵਿੱਚੋਂ ਬਾਹਰ ਕੱਢਣ ਲਈ ਅਗਵਾਈ ਕਰਨ ਲਈ ਭੇਜਿਆ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਇਸ ਜਗ਼੍ਹਾ ਉੱਤੇ ਰਹਿਣ ਦਿੱਤਾ।
9 “ਪਰ ਤੁਹਾਡੇ ਪੁਰਖੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਕਰਨੀ ਨੂੰ ਭੁੱਲ ਗਏ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਸੀਸਰਾ ਦਾ ਗੁਲਾਮ ਬਣਾ ਦਿੱਤਾ। ਹਸੋਰ ਦੇਸ਼ ਦੀ ਸੈਨਾ ਦਾ ਸੀਸਰਾ ਸੈਨਾਪਤੀ ਸੀ। ਫ਼ਿਰ ਯਹੋਵਾਹ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਦੇ ਹੱਥ ਅਤੇ ਮੋਆਬ ਦੇ ਹੱਥ ਵੇਚ ਦਿੱਤਾ। ਉਹ ਸਭ ਤੁਹਾਡੇ ਪੁਰਖਿਆਂ ਦੇ ਖਿਲਾਫ਼ ਲੜੇ। 10 ਫ਼ਿਰ ਤੁਹਾਡੇ ਪੁਰਖਿਆਂ ਨੇ ਯਹੋਵਾਹ ਅੱਗੇ ਪੁਕਾਰ ਕੀਤੀ। ਉਨ੍ਹਾਂ ਕਿਹਾ, ‘ਅਸੀਂ ਪਾਪੀ ਹਾਂ। ਅਸੀਂ ਯਹੋਵਾਹ ਨੂੰ ਛੱਡ ਕੇ ਬਆਲੀਮ ਅਤੇ ਅਸ਼ਤਾਰੋਥ ਵਰਗੇ ਝੂਠੇ ਦੇਵੀ ਦੇਵਤਿਆਂ ਨੂੰ ਪੂਜਦੇ ਰਹੇ। ਪਰ ਜੇ ਤੂੰ ਹੁਣ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾਵੇ ਤਾਂ ਅਸੀਂ ਹੁਣ ਤੇਰੀ ਹੀ ਉਪਾਸਨਾ ਕਰਾਂਗੇ।’
11 “ਫ਼ਿਰ ਯਹੋਵਾਹ ਨੇ ਯਰੁੱਬਆਲ, ਬਦਾਨ ਯਿਫ਼ਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਤੁਹਾਡੇ ਚਾਰੋ ਤਰਫ਼ ਜਿਹੜੇ ਤੁਹਾਡੇ ਦੁਸ਼ਮਣ ਸਨ ਉਨ੍ਹਾਂ ਤੋਂ ਨਿਜਾਤ ਦਿਵਾਈ। ਤਾਂ ਫ਼ਿਰ ਤੁਸੀਂ ਸੁੱਖ ਨਾਲ ਵਸ ਗਏ। 12 ਪਰ ਜਦੋਂ ਤੁਸੀਂ ਵੇਖਿਆ ਕਿ ਅੰਮੋਨੀਆਂ ਦਾ ਪਾਤਸ਼ਾਹ ਨਾਹਾਸ਼ ਤੁਹਾਡੇ ਵਿਰੁੱਧ ਲੜਨ ਆ ਰਿਹਾ ਹੈ ਤਾਂ ਤੁਸੀਂ ਕਿਹਾ, ‘ਨਹੀਂ! ਸਾਨੂੰ ਇੱਕ ਪਾਤਸ਼ਾਹ ਚਾਹੀਦਾ ਹੈ’ ਜੋ ਸਾਡੇ ਉੱਤੇ ਰਾਜ ਕਰੇ। ਤੁਸੀਂ ਇਹ ਕਿਹਾ ਜਦ ਕਿ ਤੁਹਾਡੇ ਉੱਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਪਾਤਸ਼ਾਹ ਸੀ! 13 ਹੁਣ ਵੇਖੋ! ਇਹ ਹੈ ਤੁਹਾਡਾ ਪਾਤਸ਼ਾਹ ਜੋ ਕਿ ਤੁਸੀਂ ਚੁਣਿਆ। ਯਹੋਵਾਹ ਨੇ ਇਸ ਪਾਤਸ਼ਾਹ ਨੂੰ ਤੁਹਾਡੇ ਉੱਪਰ ਠਹਿਰਾਇਆ ਹੈ। 14 ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਸਦਾ ਕਹਿਣਾ ਮੰਨੋ ਅਤੇ ਇਸਦਾ ਆਦਰ ਕਰੋ। ਤੁਹਾਨੂੰ ਉਸਦੀ ਟਹਿਲ ਸੇਵਾ ਕਰਨੀ ਚਾਹੀਦੀ ਹੈ ਅਤੇ ਹੁਕਮ ਦਾ ਪਾਲਣ ਕਰਨਾ ਚਾਹੀਦਾ ਹੈ। ਤੁਹਾਨੂੰ ਉਸ ਦੇ ਖਿਲਾਫ਼ ਨਹੀਂ ਹੋਣਾ ਚਾਹੀਦਾ। ਤੁਸੀਂ ਅਤੇ ਤੁਹਾਡੇ ਪਾਤਸ਼ਾਹ ਨੂੰ ਜੋ ਤੁਹਾਡੇ ਉੱਪਰ ਰਾਜ ਕਰੇ ਯਹੋਆਹ ਤੁਹਾਡੇ ਪਰਮੇਸ਼ੁਰ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ ਅਤੇ ਉਸਦਾ ਕਹਿਣਾ ਮੰਨਣਾ ਚਾਹੀਦਾ ਹੈ। 15 ਪਰ ਜੇ ਤੁਸੀਂ ਯਹੋਵਾਹ ਤੋਂ ਨਾ ਡਰੇ ਰਹੋ ਅਤੇ ਉਸਦਾ ਆਦਰ ਨਾ ਕੀਤਾ ਅਤੇ ਉਸ ਦੇ ਖਿਲਾਫ਼ ਹੋ ਗਏ ਤਾਂ ਉਹ ਤੁਹਾਡੇ ਵਿਰੁੱਧ ਹੋ ਜਾਵੇਗਾ ਤਾਂ ਫ਼ਿਰ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਪਾਤਸ਼ਾਹ ਨੂੰ ਵੀ ਨਾਸ਼ ਕਰ ਦੇਵੇਗਾ।
16 “ਹੁਣ ਤੁਸੀਂ ਚੁੱਪ-ਚਾਪ ਖੜ੍ਹੇ ਹੋ ਜਾਓ ਅਤੇ ਵੇਖੋ ਤੁਹਾਡੀਆਂ ਅੱਖਾਂ ਸਾਹਮਣੇ ਯਹੋਵਾਹ ਕੀ ਨਜ਼ਾਰਾ ਵਿਖਾਉਂਦਾ ਹੈ। 17 ਇਹ ਕਣਕ ਵੱਢਣ ਦਾ ਸਮਾਂ ਹੈ। ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ। ਮੈਂ ਉਸ ਨੂੰ ਗਰਜਣ ਅਤੇ ਮੀਂਹ ਪਾਉਣ ਲਈ ਬੇਨਤੀ ਕਰਾਂਗਾ, ਇਸ ਲਈ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਯਹੋਵਾਹ ਕੋਲੋਂ ਪਾਤਸ਼ਾਹ ਮੰਗਣ ਦੀ ਇੱਕ ਵੱਡੀ ਗਲਤੀ ਕੀਤੀ ਹੈ।”
18 ਇਸ ਉਪਰੰਤ ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ। ਉਸੇ ਦਿਨ ਯਹੋਵਾਹ ਨੇ ਗਰਜ ਅਤੇ ਮੀਂਹ ਪਾ ਦਿੱਤਾ। ਤਦ ਲੋਕ ਯਹੋਵਾਹ ਅਤੇ ਸਮੂਏਲ ਕੋਲੋਂ ਬੜਾ ਡਰ ਗਏ। 19 ਸਭ ਲੋਕਾਂ ਨੇ ਸਮੂਏਲ ਨੂੰ ਕਿਹਾ, “ਆਪਣੇ ਦਾਸਾਂ ਦੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕਰ ਕਿ ਸਾਨੂੰ ਮਰਨ ਤੋਂ ਬਚਾਵੇ। ਅਸੀਂ ਬੜੇ ਪਾਪ ਕੀਤੇ ਹਨ ਅਤੇ ਬਾਰ-ਬਾਰ ਕੀਤੇ ਹਨ ਅਤੇ ਜਦੋਂ ਅਸੀਂ ਹੁਣ ਨਵੇਂ ਪਾਤਸ਼ਾਹ ਦੀ ਮੰਗ ਕੀਤੀ, ਉਨ੍ਹਾਂ ਪਾਪਾਂ ਵਿੱਚ ਇੱਕ ਹੋਰ ਇਜ਼ਾਫ਼ਾ ਕੀਤਾ ਹੈ।”
20 ਤਦ ਸਮੂਏਲ ਨੇ ਲੋਕਾਂ ਨੂੰ ਆਖਿਆ, “ਘਬਰਾਓ ਨਾ! ਇਹ ਸੱਚ ਹੈ ਕਿ ਤੁਸੀਂ ਬਹੁਤ ਸਾਰੇ ਮਾੜੇ ਕੰਮ ਕੀਤੇ ਪਰ ਯਹੋਵਾਹ ਨੂੰ ਮੰਨਣਾ ਨਾ ਛੱਡੋ। ਤੁਸੀਂ ਪੂਰੇ ਮਨ ਨਾਲ ਯਹੋਵਾਹ ਦੀ ਸੇਵਾ ਕਰੋ। 21 ਬੁੱਤ ਤਾਂ ਸਿਰਫ਼ ਪੱਥਰ ਹਨ ਦੇਵਤੇ ਨਹੀਂ। ਉਹ ਤੁਹਾਡਾ ਕੁਝ ਨਹੀਂ ਸੁਆਰ ਸੱਕਦੇ। ਇਸ ਲਈ ਉਨ੍ਹਾਂ ਦੀ ਉਪਾਸਨਾ ਵਿਅਰਥ ਹੈ। ਬੁੱਤ ਨਾ ਤੁਹਾਡੀ ਮਦਦ ਕਰ ਸੱਕਦੇ ਹਨ ਨਾ ਤੁਹਾਨੂੰ ਬਚਾ ਸੱਕਦੇ ਹਨ। ਉਹ ਕੁਝ ਵੀ ਨਹੀਂ ਹਨ।
22 “ਪਰ ਯਹੋਵਾਹ ਆਪਣੇ ਲੋਕਾਂ ਨੂੰ ਛੱਡੇਗਾ ਨਹੀਂ। ਸਗੋਂ ਯਹੋਵਾਹ ਤਾਂ ਤੁਹਾਨੂੰ ਆਪਣੀ ਪਰਜਾ ਬਣਾਕੇ ਖੁਸ਼ ਹੈ ਸੋ ਉਹ ਆਪਣੇ ਵੱਡੇ ਨਾਮ ਕਾਰਣ ਆਪਣੇ ਲੋਕਾਂ ਦਾ ਤਿਆਗ ਨਹੀਂ ਕਰੇਗਾ। 23 ਅਤੇ ਜਿੱਥੇ ਤੱਕ ਮੇਰਾ ਤਾਲੁਕ ਹੈ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਨਾ ਛੱਡਾਂਗਾ। ਜੇਕਰ ਮੈਂ ਤੁਹਾਡੇ ਲਈ ਬੇਨਤੀ ਕਰਨੀ ਛੱਡ ਦੇਵਾਂ ਇਸਦਾ ਮਤਲਬ ਹੋਵੇਗਾ ਕਿ ਮੈਂ ਯਹੋਵਾਹ ਦੇ ਵਿਰੁੱਧ ਪਾਪ ਕਰ ਰਿਹਾ ਹਾਂ। ਮੈਂ ਤੁਹਾਨੂੰ ਹਮੇਸ਼ਾ ਚੰਗਾ ਜੀਵਨ ਜਿਉਣ ਦੀ ਸੇਧ ਦਿੰਦਾ ਰਹਾਂਗਾ। 24 ਪਰ ਤੁਸੀਂ ਯਹੋਵਾਹ ਨੂੰ ਮਾਨ ਜ਼ਰੂਰ ਦੇਣਾ। ਤੁਸੀਂ ਆਪਣੇ ਪੂਰੇ ਮਨ ਨਾਲ ਉਸਦੀ ਭਗਤੀ ਕਰੋ। ਹਮੇਸ਼ਾ ਤੁਹਾਡੇ ਨਾਲ ਕੀਤੀਆਂ ਉਸ ਦੀਆਂ ਨੇਕਨਾਮੀਆਂ ਨੂੰ ਯਾਦ ਰੱਖੋ। 25 ਪਰ ਜੇ ਤੁਸੀਂ ਢੀਠ ਬਣੇ ਰਹੇ ਅਤੇ ਅੱਗੇ ਤੋਂ ਫ਼ਿਰ ਪਾਪ ਕੀਤੇ ਤਾਂ ਫ਼ਿਰ ਪਰਮੇਸ਼ੁਰ ਤੁਹਾਨੂੰ ਅਤੇ ਤੁਹਾਡੇ ਪਾਤਸ਼ਾਹ ਨੂੰ ਬਾਹਰ ਕੱਢ ਸੁੱਟੇਗਾ ਉਵੇਂ ਹੀ ਜਿਵੇਂ ਝਾੜੂ ਨਾਲ ਮਿੱਟੀ-ਘੱਟੇ ਨੂੰ।”
ਯਿਸੂ ਆਪਣੇ ਚੇਲਿਆਂ ਦੇ ਪੈਰ ਧੋਂਦਾ ਹੈ
13 ਇਹ ਸਮਾਂ ਤਕਰੀਬਨ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਲਈ ਸੀ ਅਤੇ ਯਿਸੂ ਜਾਣਦਾ ਸੀ ਕਿ ਇਹ ਉਸਦਾ ਜਗਤ ਨੂੰ ਛੱਡਣ ਦਾ ਅਤੇ ਆਪਣੇ ਪਿਤਾ ਕੋਲ ਜਾਣ ਦਾ ਸਮਾਂ ਸੀ। ਜਿਹੜੇ ਲੋਕ ਇਸ ਜਗਤ ਵਿੱਚ ਉਸ ਦੇ ਨੇੜੇ ਸਨ ਯਿਸੂ ਨੇ ਹਮੇਸ਼ਾ ਉਨ੍ਹਾਂ ਨੂੰ ਪਿਆਰ ਕੀਤਾ ਸੀ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਅੰਤ ਤੀਕ ਪਿਆਰ ਕੀਤਾ।
2 ਯਿਸੂ ਅਤੇ ਉਸ ਦੇ ਚੇਲੇ ਰਾਤ ਦਾ ਭੋਜਨ ਕਰ ਰਹੇ ਸਨ। ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸੱਕਰਿਯੋਤੀ ਨੂੰ ਯਿਸੂ ਨੂੰ ਧੋਖਾ ਦੇਣ ਲਈ ਪ੍ਰੇਰਿਤ ਕਰ ਚੁੱਕਿਆ ਸੀ। 3 ਯਿਸੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਸਭ ਕਾਸੇ ਉੱਤੇ ਅਧਿਕਾਰ ਦਿੱਤਾ ਹੋਇਆ ਸੀ। ਉਹ ਇਹ ਵੀ ਜਾਣਦਾ ਸੀ ਕਿ ਉਹ ਪਰਮੇਸ਼ੁਰ ਤੋਂ ਆਇਆ ਸੀ ਅਤੇ ਉਹ ਉਸ ਕੋਲ ਹੀ ਵਾਪਸ ਜਾਣ ਵਾਲਾ ਹੈ। 4 ਜਦੋਂ ਉਹ ਭੋਜਨ ਕਰ ਰਹੇ ਸਨ ਯਿਸੂ ਉੱਠ ਖਲੋਇਆ ਅਤੇ ਆਪਣਾ ਚੋਗਾ ਥੱਲੇ ਲੰਮਾ ਪਾ ਦਿੱਤਾ ਅਤੇ ਤੌਲੀਆ ਲਿਆ ਜਿਸ ਨੂੰ ਕਿ ਉਸ ਨੇ ਆਪਣੇ ਲੱਕ ਦੁਆਲੇ ਲਪੇਟ ਲਿਆ। 5 ਫ਼ਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਲਿਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ। ਉਸ ਦੇ ਲੱਕ ਨਾਲ ਇੱਕ ਤੌਲੀਆ ਸੀ ਜਿਸ ਨਾਲ ਉਸ ਨੇ ਉਨ੍ਹਾਂ ਦੇ ਪੈਰ ਪੂੰਝੇ।
6 ਜਦੋਂ ਯਿਸੂ ਸ਼ਮਊਨ ਪਤਰਸ ਕੋਲ ਆਇਆ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ।”
7 ਯਿਸੂ ਨੇ ਆਖਿਆ, “ਤੂੰ ਹੁਣੇ ਨਹੀਂ ਸਮਝੇਂਗਾ ਕਿ ਮੈਂ ਕੀ ਕਰ ਰਿਹਾ ਹਾਂ, ਸਗੋਂ ਤੂੰ ਬਾਦ ਵਿੱਚ ਸਮਝੇਂਗਾ।”
8 ਪਤਰਸ ਨੇ ਕਿਹਾ, “ਤੂੰ ਕਦੇ ਵੀ ਮੇਰੇ ਪੈਰ ਨਹੀਂ ਧੋਵੇਂਗਾ।”
ਯਿਸੂ ਨੇ ਆਖਿਆ, “ਜੇਕਰ ਮੈਂ ਤੇਰੇ ਪੈਰ ਨਾ ਧੋਵਾਂ ਫ਼ਿਰ ਤੂੰ ਮੇਰੇ ਲੋਕਾਂ ਵਿੱਚੋਂ ਇੱਕ ਨਹੀਂ ਹੋਵੇਂਗਾ।”
9 ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਪ੍ਰਭੂ, ਫ਼ੇਰ ਸਿਰਫ਼ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ।”
10 ਯਿਸੂ ਨੇ ਆਖਿਆ, “ਉਹ ਵਿਅਕਤੀ ਜਿਸਨੇ ਆਪਣਾ ਸਾਰਾ ਸਰੀਰ ਧੋਤਾ ਹੈ ਸਾਫ਼ ਹੈ ਅਤੇ ਸਿਰਫ਼ ਉਸ ਦੇ ਪੈਰ ਧੋਤੇ ਜਾਣੇ ਚਾਹੀਦੇ ਹਨ। ਤੁਸੀਂ ਸਾਫ਼ ਹੋ, ਪਰ ਤੁਹਾਡੇ ਵਿੱਚੋਂ ਸਾਰੇ ਸਾਫ਼ ਨਹੀਂ ਹਨ।” 11 ਯਿਸੂ ਜਾਣਦਾ ਸੀ ਕਿ ਉਸ ਦੇ ਵਿਰੁੱਧ ਕੌਣ ਹੋਵੇਗਾ ਇਸ ਲਈ ਉਸ ਨੇ ਆਖ਼ਿਆ: “ਤੁਹਾਡੇ ਵਿੱਚੋਂ ਹਰ ਕੋਈ ਸਾਫ਼ ਨਹੀਂ ਹੈ।”
12 ਜਦੋਂ ਯਿਸੂ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਉਹ ਫ਼ਿਰ ਆਪਣਾ ਚੋਗਾ ਪਾਕੇ ਮੇਜ਼ ਉੱਤੇ ਆਣ ਬੈਠਾ ਅਤੇ ਪੁੱਛਣ ਲੱਗਾ, “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਲਈ ਕੀ ਕੀਤਾ ਹੈ? 13 ਤੁਸੀਂ ਮੈਨੂੰ ‘ਗੁਰੂ’ ਅਤੇ ‘ਪ੍ਰਭੂ’ ਸੱਦਦੇ ਹੋ ਅਤੇ ਇਹ ਸਹੀ ਹੈ, ਕਿਉਂਕਿ ਮੈਂ ਉਹੀ ਹਾਂ। 14 ਮੈਂ ਤੁਹਾਡਾ ਪ੍ਰਭੂ ਵੀ ਹਾ ਅਤੇ ਗੁਰੂ ਵੀ। ਪਰ ਮੈਂ ਤੁਹਾਡੇ ਪੈਰ ਇੱਕ ਸੇਵਕ ਵਾਂਗ ਹੋਤੇ ਹਨ, ਇਸ ਲਈ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। 15 ਮੈਂ ਇਹ ਤੁਹਾਡੇ ਲਈ ਇੱਕ ਮਿਸਾਲ ਦੇਣ ਵਾਸਤੇ ਕੀਤਾ ਹੈ, ਤਾਂ ਜੋ ਤੁਸੀਂ ਵੀ ਉਵੇਂ ਕਰ ਸੱਕੋਂ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ। 16 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇੱਕ ਸੇਵਕ ਆਪਣੇ ਸੁਆਮੀ ਤੋਂ ਵੱਡਾ ਨਹੀਂ ਹੁੰਦਾ। ਅਤੇ ਉਹ ਜੋ ਕੰਮ ਕਰਨ ਲਈ ਭੇਜੇ ਗਏ ਹਨ ਉਹ ਆਪਣੇ ਭੇਜਣ ਵਾਲੇ ਤੋਂ ਵੱਡੇ ਨਹੀਂ ਹਨ। 17 ਜੇਕਰ ਤੁਸੀਂ ਇਹ ਗੱਲਾਂ ਜਾਣਦੇ ਹੋ, ਤਾਂ ਜਦੋਂ ਤੁਸੀਂ ਇਹ ਕਰੋਂਗੇ ਤਾਂ ਖੁਸ਼ ਹੋਵੋਂਗੇ।
2010 by World Bible Translation Center