Revised Common Lectionary (Complementary)
23 ਯਹੋਵਾਹ ਇੱਕ ਸਿਪਾਹੀ ਦੀ ਧਿਆਨ ਨਾਲ ਤੁਰਨ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਸ ਨੂੰ ਡਿੱਗਣ ਤੋਂ ਬਚਾਉਂਦਾ ਹੈ।
24 ਜੇ ਉਹ ਆਦਮੀ ਭੱਜਦਾ ਅਤੇ ਆਪਣੇ ਦੁਸ਼ਮਣ ਉੱਤੇ ਵਾਰ ਕਰਦਾ ਹੈ।
ਤਾਂ ਯਹੋਵਾਹ ਸਿਪਾਹੀ ਦਾ ਹੱਥ ਫ਼ੜ ਲੈਂਦਾ ਹੈ, ਅਤੇ ਉਸ ਨੂੰ ਡਿੱਗਣ ਤੋਂ ਬਚਾਉਂਦਾ ਹੈ।
25 ਮੈਂ ਜਵਾਨ ਸਾਂ ਅਤੇ ਹੁਣ ਬੁੱਢਾ ਹਾਂ
ਅਤੇ ਮੈਂ ਕਦੇ ਵੀ ਪਰਮੇਸ਼ੁਰ ਨੂੰ ਨੇਕ ਬੰਦਿਆਂ ਦਾ ਸਾਥ ਛੱਡਦਿਆਂ ਨਹੀਂ ਦੇਖਿਆ।
ਮੈਂ ਕਦੇ ਵੀ ਨੇਕ ਬੰਦਿਆਂ ਦੇ ਬੱਚਿਆਂ ਨੂੰ ਭੁੱਖਿਆਂ ਮਰਦਿਆਂ ਨਹੀਂ ਵੇਖਿਆ।
26 ਇੱਕ ਚੰਗਾ ਆਦਮੀ ਹੋਰਾਂ ਨੂੰ ਖੁਲ੍ਹ ਦਿਲੀ ਨਾਲ ਦਾਨ ਕਰਦਾ ਹੈ
ਅਤੇ ਉਸ ਦੇ ਬੱਚੇ ਇੱਕ ਅਸੀਸ ਹਨ।
27 ਜੇ ਤੁਸੀਂ ਮੰਦੀਆਂ ਗੱਲਾਂ ਕਰਨ ਤੋਂ ਇਨਕਾਰ ਕਰਦੇ ਹੋਂ, ਅਤੇ ਜੇ ਤੁਸੀਂ ਚੰਗੀਆਂ ਗੱਲਾਂ ਕਰਦੇ ਹੋਂ।
ਤਾਂ ਤੁਸੀਂ ਸਦਾ ਲਈ ਜਿਉਂਦੇ ਰਹੋਂਗੇ।
28 ਯਹੋਵਾਹ ਨਿਰਪੱਖਤਾ ਨੂੰ ਪਿਆਰ ਕਰਦਾ ਹੈ।
ਉਹ ਆਪਣੇ ਚੇਲਿਆਂ ਨੂੰ ਨਿਆਸਰਾ ਨਹੀਂ ਛੱਡੇਗਾ।
ਯਹੋਵਾਹ ਹਮੇਸ਼ਾ ਆਪਣੇ ਆਸਥਾਵਾਨਾਂ ਦੀ ਰੱਖਿਆ ਕਰੇਗਾ,
ਪਰ ਉਹ ਬਦਚਲਣ ਲੋਕਾਂ ਨੂੰ ਤਬਾਹ ਕਰ ਦੇਵੇਗਾ।
29 ਨੇਕ ਬੰਦੇ ਉਹ ਭੂਮੀ ਹਾਸਲ ਕਰਨਗੇ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ
ਉਹ ਸਦਾ ਲਈ ਇਸ ਉੱਤੇ ਰਹਿਣਗੇ।
30 ਇੱਕ ਚੰਗਾ ਬੰਦਾ ਇੱਕ ਚੰਗਾ ਮਸ਼ਵਰਾ ਦਿੰਦਾ ਹੈ।
ਉਸ ਦੇ ਨਿਆਂੇ ਹਰ ਇੱਕ ਵਾਸਤੇ ਬੇਲਾਗ ਹੁੰਦੇ ਹਨ।
31 ਉਸ ਨੇ ਯਹੋਵਾਹ ਦੇ ਉਪਦੇਸ਼ਾਂ ਨੂੰ ਸਿਖ ਲਿਆ ਹੈ,
ਅਤੇ ਉਹ ਜ਼ਿੰਦਗੀ ਦੇ ਸਹੀ ਢੰਗ ਤੋਂ ਵੱਖਰਾ ਨਹੀਂ ਹੋਵੇਗਾ।
32 ਦੁਸ਼ਟ ਲੋਕ ਹਮੇਸ਼ਾ ਚੰਗੇ ਲੋਕਾਂ ਨੂੰ ਮਾਰਨ ਦਾ ਅਵਸਰ ਲੱਭਦੇ ਹਨ।
33 ਪਰਮੇਸ਼ੁਰ ਚੰਗੇ ਲੋਕਾਂ ਤੋਂ ਬੇਮੁੱਖ ਨਹੀਂ ਹੋਵੇਗਾ ਜਦੋਂ ਉਹ ਦੁਸ਼ਟ ਲੋਕਾਂ ਦੁਆਰਾ ਅਦਾਲਤ ਵਿੱਚ ਲਿਜਾਏ ਜਾਂਦੇ ਹਨ।
ਉਹ ਉਨ੍ਹਾਂ ਨੂੰ ਨਿੰਦੇ ਨਹੀਂ ਜਾਣ ਦੇਵੇਗਾ।
34 ਉਹੀ ਕਰੋ ਜੋ ਯਹੋਵਾਹ ਆਖਦਾ ਹੈ ਤੇ ਉਸਦੀ ਸਹਾਇਤਾ ਦਾ ਇੰਤਜ਼ਾਰ ਕਰੋ।
ਯਹੋਵਾਹ ਤੁਹਾਨੂੰ ਜੇਤੂ ਬਣਾਵੇਗਾ, ਅਤੇ ਉਹ ਤੁਹਾਨੂੰ ਉਹ ਧਰਤੀ ਦੇਵੇਗਾ ਜਿਸਦਾ ਉਸ ਨੇ ਇਕਰਾਰ ਕੀਤਾ ਸੀ,
ਜਦੋਂ ਉਹ ਮੰਦੇ ਲੋਕਾਂ ਨੂੰ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ।
35 ਮੈਂ ਇੱਕ ਦੁਸ਼ਟ ਬੰਦੇ ਨੂੰ ਵੇਖਿਆ ਜੋ ਸ਼ਕਤੀਸ਼ਾਲੀ ਸੀ।
ਉਹ ਇੱਕ ਤਕੜੇ ਰੁੱਖ ਵਰਗਾ ਸੀ।
36 ਪਰ ਜਦੋਂ ਉਹ ਚੱਲਿਆ ਗਿਆ
ਮੈਂ ਉਸਦੀ ਤਲਾਸ਼ ਕੀਤੀ ਪਰ ਉਹ ਮੈਨੂੰ ਨਹੀਂ ਮਿਲਿਆ।
37 ਪਵਿੱਤਰ ਅਤੇ ਇਮਾਨਦਾਰ ਬਣੋ।
ਅਮਨ ਪਸੰਦ ਲੋਕਾਂ ਦੇ ਬਹੁਤ ਵਾਰਸ ਹੋਣਗੇ।
38 ਪਰ ਉਹ ਲੋਕ ਜਿਹੜੇ ਨੇਮ ਤੋਂੜਦੇ ਹਨ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।
ਅਤੇ ਉਨ੍ਹਾਂ ਦੀ ਔਲਾਦ ਧਰਤੀ ਛੱਡਣ ਲਈ ਮਜ਼ਬੂਰ ਹੋ ਜਾਵੇਗੀ।
39 ਯਹੋਵਾਹ ਨੇਕ ਬੰਦਿਆਂ ਨੂੰ ਬਚਾਉਂਦਾ ਹੈ।
ਜਦੋਂ ਨੇਕ ਬੰਦੇ ਮੁਸੀਬਤਾਂ ਵਿੱਚ ਹੁੰਦੇ ਹਨ ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਬਣਦਾ ਹੈ।
40 ਯਹੋਵਾਹ ਨੇਕ ਬੰਦਿਆਂ ਦੀ ਸਹਾਇਤਾ ਕਰਦਾ ਹੈ, ਅਤੇ ਉਨ੍ਹਾਂ ਨੂੰ ਬਚਾਉਂਦਾ ਹੈ।
ਨੇਕ ਬੰਦੇ ਯਹੋਵਾਹ ਤੇ ਨਿਰਭਰ ਕਰਦੇ ਹਨ। ਅਤੇ ਉਹ ਉਨ੍ਹਾਂ ਲੋਕਾਂ ਨੂੰ ਮੰਦੇ ਲੋਕਾਂ ਤੋਂ ਬਚਾਉਂਦਾ ਹੈ।
ਸਮੂਏਲ ਦਾ ਸ਼ਾਊਲ ਨੂੰ ਪਾਤਸ਼ਾਹ ਘੋਸ਼ਿਤ ਕਰਨਾ
17 ਇਸਤੋਂ ਪਿੱਛੋਂ ਸਮੂਏਲ ਨੇ ਮਿਸਫ਼ਾਹ ਵਿੱਚ ਲੋਕਾਂ ਨੂੰ ਸਦ੍ਦਕੇ ਯਹੋਵਾਹ ਦੇ ਸਾਹਮਣੇ ਇਕੱਠਿਆਂ ਕੀਤਾ। 18 ਸਮੂਏਲ ਨੇ ਇਸਰਾਏਲੀਆਂ ਨੂੰ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਤੁਹਾਨੂੰ ਮਿਸਰੀਆਂ ਕੋਲੋਂ ਬਚਾਇਆ ਅਤੇ ਉਨ੍ਹਾਂ ਸਭ ਰਾਜਾਂ-ਰਜਵਾੜਿਆਂ ਦੇ ਹੱਥੋਂ ਬਚਾਇਆ ਜਿਹੜੇ ਕਿ ਤੁਹਾਨੂੰ ਕਸ਼ਟ ਦਿੰਦੇ ਸਨ ਅਤੇ ਤੁਹਾਡੇ ਉੱਤੇ ਜ਼ੁਲਮ ਕਰਦੇ ਸਨ।’ 19 ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਜਿਸਨੇ ਤੁਹਾਡੀਆਂ ਸਾਰੀਆਂ ਬੁਰਾਈਆਂ ਅਤੇ ਦੁੱਖਾਂ ਤੋਂ ਤੁਹਾਡਾ ਛੁਟਾਕਾਰਾ ਕੀਤਾ। ਪਰ ਤੁਸੀਂ ਕਿਹਾ, ‘ਸਾਡੇ ਲਈ ਨਵਾਂ ਪਾਤਸ਼ਾਹ ਠਹਿਰਾਵੋ ਜੋ ਸਾਡੇ ਉੱਤੇ ਰਾਜ ਕਰੇ।’ ਹੁਣ ਆਓ, ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਵਿੱਚ ਯਹੋਵਾਹ ਦੇ ਸਾਹਮਣੇ ਖਲੋਵੋ।”
20 ਤਾਂ ਸਮੂਏਲ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਇੱਕਤਰ ਕੀਤਾ। ਤਦ ਸਮੂਏਲ ਨੇ ਨਵਾਂ ਪਾਤਸ਼ਾਹ ਚੁਨਣਾ ਸ਼ੁਰੂ ਕੀਤਾ। ਪਹਿਲਾਂ ਬਿਨਯਾਮੀਨ ਦਾ ਪਰਿਵਾਰ-ਸਮੂਹ ਸਭ ਤੋਂ ਪਹਿਲਾਂ ਚੁਣਿਆ ਗਿਆ। 21 ਤਾਂ ਸਮੂਏਲ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਨੂੰ ਉਸ ਦੇ ਪਰਿਵਾਰਾਂ ਅਨੁਸਾਰ ਨੇੜੇ ਸੱਦਿਆ ਤਾਂ ਮਟਰੀ ਦੇ ਪਰਿਵਾਰ ਦਾ ਨਾਉਂ ਨਿਕਲਿਆ। ਫ਼ਿਰ ਸਮੂਏਲ ਨੇ ਸਾਰੇ ਮਟਰੀ ਦੇ ਪਰਿਵਾਰ ਦੇ ਮਨੁੱਖਾਂ ਨੂੰ ਸੱਦਿਆ, ਉੱਨ੍ਹਾਂ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਦਾ ਨਾਉਂ ਨਿਕਲਿਆ ਅਤੇ ਉਹ ਚੁਣਿਆ ਗਿਆ।
ਪਰ ਜਦੋਂ ਲੋਕ ਸ਼ਾਊਲ ਨੂੰ ਲੱਭਣ ਲੱਗੇ ਤਾਂ ਉਹ ਕਿਤੇ ਵੀ ਨਾ ਲੱਭਿਆ। 22 ਤਾਂ ਉਨ੍ਹਾਂ ਨੇ ਯਹੋਵਾਹ ਨੂੰ ਪੁੱਛਿਆ, “ਕੀ ਸ਼ਾਊਲ ਅਜੇ ਤੀ ਇੱਥੇ ਨਹੀਂ ਆਇਆ?”
ਯਹੋਵਾਹ ਨੇ ਆਖਿਆ, “ਸ਼ਾਊਲ ਸਾਮਗਰੀ ਦੇ ਪਿੱਛੇ ਲੁਕ ਰਿਹਾ ਹੈ?”
23 ਲੋਕੀਂ ਗਏ ਅਤੇ ਉਸ ਨੂੰ ਭੱਜਕੇ ਉੱਥੋਂ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿੱਚਕਾਰ ਖਲੋਤਾ ਤਾਂ ਉਹ ਸਾਰਿਆਂ ਵਿੱਚੋਂ ਸਿਰ ਕੱਢਦਾ ਸੀ।
24 ਸਮੂਏਲ ਨੇ ਸਭਨਾਂ ਨੂੰ ਕਿਹਾ, “ਵੇਖੋ! ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਇਹ ਹੈ। ਲੋਕਾਂ ਵਿੱਚ ਸ਼ਾਊਲ ਵਰਗਾ ਕੋਈ ਹੋਰ ਦੂਜਾ ਮਨੁੱਖ ਨਹੀਂ ਹੈ।” ਤਦ ਸਭਨਾਂ ਲੋਕਾਂ ਨੇ ਜੈਕਾਰਾ ਬੁਲਾਕੇ ਆਖਿਆ, “ਪਾਤਸ਼ਾਹ ਜਿਉਂਦਾ ਰਹੇ।”
25 ਫ਼ੇਰ ਸਮੂਏਲ ਨੇ ਲੋਕਾਂ ਨੂੰ ਰਾਜ ਦੇ ਤੌਰ ਤਰੀਕੇ ਦੱਸੇ। ਉਸ ਨੇ ਇਹ ਨੇਮ ਇੱਕ ਪੁਸਤਕ ਵਿੱਚ ਲਿਖ ਦਿੱਤੇ ਅਤੇ ਇਹ ਪੋਥੀ ਯਹੋਵਾਹ ਦੇ ਅੱਗੇ ਰੱਖੀ ਅਤੇ ਸਮੂਏਲ ਨੇ ਫ਼ਿਰ ਲੋਕਾਂ ਨੂੰ ਘਰ ਵਾਪਸ ਜਾਣ ਲਈ ਕਿਹਾ।
13 ਪਰਮੇਸ਼ੁਰ ਨੇ ਅਬਰਾਹਾਮ ਨਾਲ ਇੱਕ ਵਾਇਦਾ ਕੀਤਾ। ਜਿਵੇਂ ਕਿ ਉੱਥੇ ਪਰਮੇਸ਼ੁਰ ਨਾਲੋਂ ਵਡੇਰਾ ਕੋਈ ਨਹੀਂ ਸੀ, ਉਸ ਨੇ ਸੌਂਹ ਖਾਣ ਲਈ ਆਪਣਾ ਹੀ ਨਾਂ ਇਸਤੇਮਾਲ ਕੀਤਾ ਕਿ ਉਹ ਉਹੀ ਕਰੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਸੀ। 14 ਪਰਮੇਸ਼ੁਰ ਨੇ ਆਖਿਆ, “ਮੈਂ ਸੱਚਮੁੱਚ ਤੈਨੂੰ ਅਸੀਸਾਂ ਦਿੰਦਾ ਹਾਂ। ਮੈਂ ਤੈਨੂੰ ਬਹੁਤ ਬਹੁਤ ਉਲਾਦਾਂ ਦੇਵਾਂਗਾ।” [a] 15 ਅਬਰਾਹਾਮ ਨੇ ਸਬਰ ਨਾਲ ਇਸਦਾ ਇੰਤਜ਼ਾਰ ਕੀਤਾ ਅਤੇ ਬਾਦ ਵਿੱਚ ਅਬਰਾਹਾਮ ਨੇ ਉਹ ਪ੍ਰਾਪਤ ਕੀਤਾ ਜਿਸਦਾ ਪਰਮੇਸ਼ੁਰ ਨੇ ਉਸ ਨਾਲ ਵਾਇਦਾ ਕੀਤਾ ਸੀ।
16 ਜਦੋਂ ਲੋਕ ਸੌਂਹ ਖਾਂਦੇ ਹਨ, ਉਹ ਹਮੇਸ਼ਾ ਆਪਣੇ ਆਪ ਤੋਂ ਮਹਾਨ ਵਿਅਕਤੀ ਨੂੰ ਵਰਤਦੇ ਹਨ। ਇਹ ਸੌਂਹ ਇਸ ਤਥ ਦਾ ਸਬੂਤ ਹੈ ਕਿ ਜੋ ਕੁਝ ਵੀ ਉਹ ਆਖਦੇ ਹਨ ਸੱਚ ਹੈ ਅਤੇ ਸਾਰੀਆਂ ਦਲੀਲਾਂ ਲਈ ਵੀ ਅੰਤ ਹੈ। 17 ਪਰਮੇਸ਼ੁਰ ਇਹ ਚਾਹੁੰਦਾ ਸੀ ਕਿ ਉਸਦਾ ਵਾਇਦਾ ਸੱਚਾ ਹੈ। ਪਰਮੇਸ਼ੁਰ ਇਹ ਸਬੂਤ ਉਨ੍ਹਾਂ ਲੋਕਾਂ ਲਈ ਚਾਹੁੰਦਾ ਸੀ ਜੋ ਉਸ ਦੇ ਵਾਇਦੇ ਨੂੰ ਪ੍ਰਾਪਤ ਕਰਨ ਵਾਲੇ ਸਨ। ਉਹ ਚਾਹੁੰਦਾ ਸੀ ਕਿ ਉਹ ਲੋਕ ਸਪੱਸ਼ਟਤਾ ਨਾਲ ਸਮਝ ਲੈਣ ਕਿ ਉਹ ਆਪਣੀਆਂ ਯੋਜਨਾਵਾਂ ਤਬਦੀਲ ਨਹੀਂ ਕਰੇਗਾ। ਇਸ ਲਈ ਜੋ ਪਰਮੇਸ਼ੁਰ ਨੇ ਆਖਿਆ ਵਾਪਰੇਗਾ, ਉਸ ਨੇ ਇਹ ਇੱਕ ਸੌਂਹ ਖਾਕੇ ਸਾਬਤ ਕਰ ਦਿੱਤਾ। 18 ਇਹ ਦੋ ਗੱਲਾਂ ਕਦੇ ਵੀ ਨਹੀਂ ਬਦਲਣਗੀਆਂ। ਜਦੋਂ ਵੀ ਪਰਮੇਸ਼ੁਰ ਕੁਝ ਆਖਦਾ ਹੈ, ਉਹ ਝੂਠ ਨਹੀਂ ਬੋਲਦਾ ਅਤੇ ਜਦੋਂ ਉਹ ਕੌਲ ਕਰਦਾ ਹੈ, ਉਹ ਕਦੀ ਵੀ ਝੂਠ ਨਹੀਂ ਬੋਲੇਗਾ।
ਇਸ ਲਈ ਅਸੀਂ ਸੁਰੱਖਿਆ ਲਈ ਪਰਮੇਸ਼ੁਰ ਕੋਲ ਭੱਜ ਪਏ ਹਾਂ, ਇਸ ਗੱਲ ਨੇ ਸਾਨੂੰ ਬਹੁਤ ਦਿਲਾਸਾ ਦਿੱਤਾ ਹੈ। ਇਹ ਦੋਵੇ ਗੱਲਾਂ ਸਾਨੂੰ ਦਿਲਾਸਾ ਅਤੇ ਤਾਕਤ ਦਿੰਦੀਆਂ ਹਨ, ਤਾਂ ਜੋ ਅਸੀਂ ਉਸ ਉਮੀਦ ਨੂੰ ਜਾਰੀ ਰੱਖੀਏ ਜਿਹੜੀ ਸਾਨੂੰ ਪਰਮੇਸ਼ੁਰ ਦੁਆਰਾ ਦਿੱਤੀ ਗਈ ਸੀ 19 ਸਾਨੂੰ ਇਸ ਉਮੀਦ ਦਾ ਅਧਿਕਾਰ ਹੈ। ਅਤੇ ਇਹ ਲੰਗਰ ਦੀ ਤਰ੍ਹਾਂ ਹੈ। ਇਹ ਮਜ਼ਬੂਤ ਅਤੇ ਭਰੋਸੇਯੋਗ ਹੈ ਅਤੇ ਸਾਡੇ ਆਤਮਾ ਲਈ ਸੁਰੱਖਿਆ ਹੈ। ਇਹ ਪਰਦੇ ਪਿੱਛੇ ਸਭ ਤੋਂ ਪਵਿੱਤਰ ਥਾਂ ਸਵਰਗੀ ਮੰਦਰ ਵਿੱਚ ਜਾਂਦੀ ਹੈ। 20 ਯਿਸੂ ਪਹਿਲਾਂ ਹੀ ਉੱਥੇ ਪ੍ਰਵੇਸ਼ ਪਾ ਚੁੱਕਿਆ ਹੈ ਅਤੇ ਉਸ ਨੇ ਸਾਡੇ ਲਈ ਰਾਹ ਖੋਲ੍ਹ ਦਿੱਤਾ ਹੈ। ਯਿਸੂ ਹਮੇਸ਼ਾ ਲਈ ਮਲਕਿਸਿਦਕ ਵਾਂਗ ਇੱਕ ਸਰਦਾਰ ਜਾਜਕ ਬਣ ਗਿਆ ਹੈ।
2010 by World Bible Translation Center