Revised Common Lectionary (Complementary)
9 ਕਿਉਂ? ਕਿਉਂਕਿ ਤੁਸੀਂ ਯਹੋਵਾਹ ਉੱਤੇ ਵਿਸ਼ਵਾਸ ਕਰਦੇ ਹੋ,
ਤੁਸੀਂ ਸਰਬ ਉੱਚ ਪਰਮੇਸ਼ੁਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾਇਆ ਹੈ।
10 ਕੋਈ ਮੰਦੀ ਗੱਲ ਤੁਹਾਡੇ ਨਾਲ ਨਹੀਂ ਵਾਪਰੇਗੀ।
ਤੁਹਾਡੇ ਘਰ ਅੰਦਰ ਬਿਮਾਰੀਆਂ ਨਹੀਂ ਹੋਣਗੀਆਂ।
11 ਪਰਮੇਸ਼ੁਰ ਤੁਹਾਡੇ ਲਈ ਆਪਣੇ ਦੂਤਾਂ ਨੂੰ ਆਦੇਸ਼ ਕਰੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਉਹ ਤੁਹਾਡੀ ਹਰ ਥਾਂ ਰੱਖਿਆ ਕਰਨਗੇ।
12 ਉਨ੍ਹਾਂ ਦੇ ਹੱਥ ਤੁਹਾਨੂੰ ਫ਼ੜ ਲੈਣਗੇ,
ਤਾਂ ਜੋ ਤੁਹਾਡਾ ਪੈਰ ਪੱਥਰਾਂ ਉੱਤੇ ਨਾ ਵਜੇ।
13 ਤੁਹਾਡੇ ਕੋਲ ਸ਼ੇਰਾਂ ਅਤੇ ਜ਼ਹਿਰੀਲੇ ਸੱਪਾਂ ਉੱਪਰ
ਤੁਰਨ ਦੀ ਸ਼ਕਤੀ ਹੋਵੇਗੀ।
14 ਯਹੋਵਾਹ ਆਖਦੇ ਹਨ, “ਜੇ ਕੋਈ ਮੇਰੇ ਉੱਪਰ ਭਰੋਸਾ ਕਰਦਾ ਹੈ ਮੈਂ ਉਸ ਨੂੰ ਬਚਾ ਲਵਾਂਗਾ।
ਮੈਂ ਆਪਣੇ ਪੈਰੋਕਾਰਾਂ ਨੂੰ ਬਚਾਵਾਂਗਾ ਜਿਹੜੇ ਮੇਰੇ ਨਾਮ ਦੀ ਉਪਾਸਨਾ ਕਰਦੇ ਹਨ।
15 ਮੇਰੇ ਪੈਰੋਕਾਰ ਮੈਨੂੰ ਸਹਾਇਤਾ ਲਈ ਪੁਕਾਰਨਗੇ, ਅਤੇ ਮੈਂ ਉਨ੍ਹਾਂ ਦੀ ਪੁਕਾਰ ਸੁਣਾਂਗਾ।
ਜਦੋਂ ਵੀ ਉਨ੍ਹਾਂ ਉੱਤੇ ਮੁਸੀਬਤ ਆਵੇਗੀ ਮੈਂ ਉਨ੍ਹਾਂ ਦੇ ਅੰਗ-ਸੰਗ ਹੋਵਾਂਗਾ।
ਮੈਂ ਉਨ੍ਹਾਂ ਨੂੰ ਬਚਾ ਲਵਾਂਗਾ ਅਤੇ ਉਨ੍ਹਾਂ ਨੂੰ ਮਾਨ ਦੇਵਾਂਗਾ।
16 ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ।
ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”
17 ਫ਼ੇਰ ਅਬਰਾਮ ਕਦਾਰਲਾਓਮਰ ਅਤੇ ਉਸ ਦੇ ਨਾਲ ਜੁੜੇ ਰਾਜਿਆਂ ਨੂੰ ਹਰਾਉਣ ਤੋਂ ਬਾਦ ਘਰ ਪਰਤ ਆਇਆ। ਜਦੋਂ ਉਹ ਘਰ ਵਾਪਸ ਚੱਲਾ ਗਿਆ, ਸਦੂਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਵਾਦੀ (ਇਸ ਨੂੰ ਹੁਣ ਰਾਜੇ ਦੀ ਵਾਦੀ ਆਖਿਆ ਜਾਂਦਾ ਹੈ।) ਵਿੱਚ ਮਿਲਣ ਆਇਆ।
ਮਲਕਿ-ਸਿਦਕ
18 ਸਾਲੇਮ ਦਾ ਰਾਜਾ, ਮਲਕਿ-ਸਿਦਕ ਵੀ ਅਬਰਾਮ ਨੂੰ ਮਿਲਣ ਲਈ ਗਿਆ। ਮਲਕਿ-ਸਿਦਕ ਸਰਬ ਉੱਚ ਪਰਮੇਸ਼ੁਰ ਦਾ ਜਾਜਕ ਸੀ। ਮਲਕਿ-ਸਿਦਕ ਰੋਟੀ ਤੇ ਮੈਅ ਲੈ ਕੇ ਆਇਆ। 19 ਮਲਕਿ-ਸਿਦਕ ਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਆਖਿਆ,
“ਅਬਰਾਮ, ਸਰਬ ਉੱਚ ਪਰਮੇਸ਼ੁਰ ਤੈਨੂੰ ਅਸੀਸ ਦੇਵੇ।
ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ।
20 ਅਤੇ ਅਸੀਂ ਸਰਬ ਉੱਚ ਪਰਮੇਸ਼ੁਰ ਦੀ ਉਸਤਤ ਕਰਦੇ ਹਾਂ।
ਪਰਮੇਸ਼ੁਰ ਨੇ ਤੇਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੇਰੀ ਸਹਾਇਤਾ ਕੀਤੀ।”
ਫ਼ੇਰ ਅਬਰਾਮ ਨੇ ਮਲਕਿ-ਸਿਦਕ ਨੂੰ ਜੰਗ ਵਿੱਚ ਜਿੱਤੀ ਹੋਈ ਹਰ ਚੀਜ਼ ਦਾ ਦਸਵੰਧ ਕੱਢ ਕੇ ਦਿੱਤਾ। 21 ਸਦੂਮ ਦੇ ਰਾਜੇ ਨੇ ਅਬਰਾਮ ਨੂੰ ਆਖਿਆ, “ਤੂੰ ਇਹ ਸਾਰੀਂ ਚੀਜ਼ਾਂ ਆਪਣੇ ਲਈ ਰੱਖ ਸੱਕਦਾ ਹੈਂ। ਮੈਨੂੰ ਸਿਰਫ਼ ਮੇਰੇ ਉਹ ਲੋਕ ਵਾਪਸ ਕਰ ਦੇ ਜਿਨ੍ਹਾਂ ਨੂੰ ਦੁਸ਼ਮਣ ਫ਼ੜ ਕੇ ਲੈ ਗਏ ਸੀ।”
22 ਪਰ ਅਬਰਾਮ ਨੇ ਸਦੂਮ ਦੇ ਰਾਜੇ ਨੂੰ ਆਖਿਆ, “ਮੈਂ ਯਹੋਵਾਹ ਸਰਬ ਉੱਚ ਪਰਮੇਸ਼ੁਰ ਅੱਗੇ ਇਕਰਾਰ ਕਰਦਾ ਹਾਂ, ਜਿਸਨੇ ਧਰਤੀ ਤੇ ਅਕਾਸ਼ ਨੂੰ ਸਾਜਿਆ 23 ਮੈਂ ਇਕਰਾਰ ਕਰਦਾ ਹਾਂ ਕਿ ਮੈਂ ਕੋਈ ਵੀ ਉਹ ਚੀਜ਼ ਨਹੀਂ ਰੱਖਾਂਗਾ ਜਿਹੜੀ ਤੇਰੀ ਹੈ-ਕੋਈ ਧਾਗਾ ਜਾਂ ਤਸਮਾ ਵੀ ਨਹੀਂ। ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਆਖੇਂ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ।’ 24 ਸਿਰਫ਼ ਇੱਕੋ ਚੀਜ਼ ਜਿਹੜੀ ਮੈਂ ਪ੍ਰਵਾਨ ਕਰਾਂਗਾ ਉਹ ਭੋਜਨ ਹੈ ਜਿਹੜਾ ਮੇਰੇ ਜਵਾਨਾਂ ਨੇ ਖਾਧਾ ਹੈ। ਪਰ ਤੈਨੂੰ ਚਾਹੀਦਾ ਹੈ ਕਿ ਹੋਰਨਾਂ ਆਦਮੀਆਂ ਨੂੰ ਉਨ੍ਹਾਂ ਦਾ ਹਿੱਸਾ ਦੇ ਦੇਵੇ। ਉਹ ਚੀਜ਼ਾਂ ਲੈ ਲਵੋ ਜਿਹੜੀਆਂ ਅਸੀਂ ਜੰਗ ਵਿੱਚ ਜਿੱਤੀਆਂ ਹਨ ਅਤੇ ਕੁਝ ਆਨੇਰ, ਅਸ਼ਕੋਲ ਅਤੇ ਮਮਰੇ ਨੂੰ ਦੇ ਦੇਵੋ। ਇਨ੍ਹਾਂ ਆਦਮੀਆਂ ਨੇ ਮੇਰੀ ਜੰਗ ਵਿੱਚ ਸਹਾਇਤਾ ਕੀਤੀ ਸੀ।”
7 ਮਸੀਹ ਨੇ ਤੁਹਾਨੂੰ ਸਵਿਕਾਰਿਆ, ਤਾਂ ਤੁਹਾਨੂੰ ਵੀ ਇੱਕ ਦੂਜੇ ਨੂੰ ਕਬੂਲਣਾ ਚਾਹੀਦਾ ਹੈ। ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ। 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਯਿਸੂ ਇਹ ਵਿਖਾਉਣ ਲਈ ਯਹੂਦੀਆਂ ਦਾ ਸੇਵਕ ਬਣਿਆ, ਕਿ ਪਰਮੇਸ਼ੁਰ ਆਪਣੇ ਵਚਨ ਪੂਰੇ ਕਰਦਾ ਹੈ। ਮਸੀਹ ਨੇ ਅਜਿਹਾ ਇਹ ਸਾਬਿਤ ਕਰਨ ਲਈ ਕੀਤਾ ਕਿ ਜਿਹੜਾ ਵਚਨ ਪਰਮੇਸ਼ੁਰ ਨੇ ਯਹੂਦੀਆਂ ਦੇ ਪਿਉਵਾਂ ਨਾਲ ਕੀਤਾ ਸੀ ਉਹ ਪੂਰਾ ਕਰੇਗਾ। 9 ਮਸੀਹ ਨੇ ਵੀ ਇਉਂ ਕੀਤਾ ਤਾਂ ਜੋ ਗੈਰ ਯਹੂਦੀ, ਪਰਮੇਸ਼ੁਰ ਨੂੰ ਉਸ ਮਿਹਰ ਲਈ ਮਹਿਮਾ ਦੇ ਸੱਕਣ ਜੋ ਉਹ ਉਨ੍ਹਾਂ ਨੂੰ ਦਿੰਦਾ ਹੈ। ਪੋਥੀਆਂ ਵਿੱਚ ਇਹ ਵੀ ਲਿਖਿਆ ਹੋਇਆ ਹੈ,
“ਇਸ ਕਾਰਣ ਮੈਂ ਗੈਰ ਯਹੂਦੀਆਂ ਵਿੱਚੋਂ ਤੇਰੀ ਉਸਤਤਿ ਕਰਾਂਗਾ
ਅਤੇ ਤੇਰੇ ਨਾਮ ਦਾ ਯਸ਼ ਗਾਵਾਂਗਾ।” (A)
10 ਪੋਥੀ ਇਹ ਵੀ ਆਖਦੀ ਹੈ,
“ਹੇ ਗੈਰ ਯਹੂਦੀਓ, ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਮਿੱਲਕੇ ਖੁਸ਼ ਹੋਣਾ ਚਾਹੀਦਾ ਹੈ।” (B)
11 ਪੋਥੀ ਇਹ ਵੀ ਆਖਦੀ ਹੈ,
“ਤੁਸੀਂ ਸਾਰੇ ਗੈਰ-ਯਹੂਦੀਓ, ਪ੍ਰਭੂ ਦੀ ਉਸਤਤਿ ਕਰੋ;
ਅਤੇ ਸਭ ਕੌਮੋਂ, ਉਸਦੀ ਉਸਤਤਿ ਕਰੋ।” (C)
12 ਅਤੇ ਯਸਾਯਾਹ ਆਖਦਾ ਹੈ,
“ਕੋਈ ਯੱਸੀ ਦੇ ਪਰਿਵਾਰ ਵਿੱਚੋਂ ਉੱਠੇਗਾ
ਅਤੇ ਗੈਰ ਯਹੂਦੀਆਂ ਤੇ ਰਾਜ ਕਰਨ ਲਈ ਆਵੇਗਾ।
ਅਤੇ ਗੈਰ ਯਹੂਦੀ ਉਸ ਵਿੱਚ ਆਸ ਰੱਖਣਗੇ।” (D)
13 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ, ਜੋ ਕਿ ਆਸ ਦਾ ਸਰੋਤ ਹੈ। ਤੁਹਾਨੂੰ ਆਸ ਅਤੇ ਸ਼ਾਂਤੀ ਨਾਲ ਭਰਪੂਰ ਕਰੇ। ਤੁਸੀਂ ਉਸ ਵਿੱਚ ਯਕੀਨ ਰੱਖੋ। ਤਾਂ ਜੋ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਤੁਹਾਡੇ ਵਿੱਚ ਆਸ ਭਰਪੂਰ ਹੋਕੇ ਬਾਹਰ ਡੁੱਲ੍ਹੇ।
2010 by World Bible Translation Center