Revised Common Lectionary (Complementary)
ਨਿਰਦੇਸ਼ਕ ਲਈ: ਗਿੱਟੀਥ ਦੇ ਸਾਜ਼ ਨਾਲ [a]। ਦਾਊਦ ਦਾ ਇੱਕ ਗੀਤ।
8 ਯਹੋਵਾਹ ਸਾਡੇ ਮਾਲਕ, ਸਾਰੀ ਧਰਤੀ ਵਿੱਚ ਤੇਰਾ ਨਾਂ ਵੱਧੇਰੇ ਅਦਭੁਤ ਹੈ।
ਤੇਰੇ ਨਾਮ ਨੂੰ ਸਵਰਗ ਵਿੱਚ ਹਰ ਥਾਂ ਉਸਤਤਿ ਮਿਲਦੀ ਹੈ।
2 ਬੱਚੇ ਤੇ ਨਿਆਣੇ ਤੇਰੀਆਂ ਉਸਤਤਾਂ ਦੇ ਗੀਤ ਗਾਉਂਦੇ ਹਨ।
ਤੂੰ ਉਨ੍ਹਾਂ ਨੂੰ ਇਹ ਗੀਤ ਆਪਣੇ ਸਾਰੇ ਦੁਸ਼ਮਣਾਂ ਦੇ ਮੂੰਹ ਬੰਦ ਕਰਨ ਲਈ ਦਿੱਤੇ ਹਨ।
3 ਯਹੋਵਾਹ, ਮੈਂ ਉਸ ਸਵਰਗ ਵੱਲ ਵੇਖਦਾ ਹਾਂ, ਜਿਹੜਾ ਤੂੰ ਆਪਣੇ ਖੁਦ ਦੇ ਹੱਥੀਂ ਸਾਜਿਆ ਹੈ।
ਜਦ ਮੈਂ ਤੇਰੇ ਸਾਜੇ ਚੰਨ ਤੇ ਤਾਰਿਆਂ ਨੂੰ ਵੇਖਦਾ ਹਾਂ, ਮੈਂ ਅਚੰਭਿਤ ਹੁੰਦਾ ਹਾਂ;
4 “ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
ਤੁਸੀਂ ਉਨ੍ਹਾਂ ਨੂੰ ਯਾਦ ਚੇਤੇ ਕਿਉਂ ਰੱਖਦੇ ਹੋ?
ਲੋਕੀਂ ਤੇਰੇ ਲਈ ਇੰਨੇ ਮਹੱਤਵਪੂਰਣ ਕਿਉਂ ਹਨ?
ਤੁਸੀਂ ਉਨ੍ਹਾਂ ਵੱਲ ਧਿਆਨ ਕਿਉਂ ਦਿੰਦੇ ਹੋਂ?”
5 ਪਰ ਲੋਕੀਂ ਤੇਰੇ ਲਈ ਮਹੱਤਵਪੂਰਣ ਹਨ।
ਤੁਸੀਂ ਲੋਕਾਂ ਨੂੰ ਦੇਵਤਿਆਂ ਤੋਂ ਬੱਸ ਥੋੜਾ ਜਿਹਾ ਹੀ ਘੱਟ ਬਣਾਇਆ ਹੈ।
ਤੁਸੀਂ ਉਨ੍ਹਾਂ ਨੂੰ ਮਹਿਮਾ ਅਤੇ ਸਤਿਕਾਰ ਦਾ ਤਾਜ ਪੁਆਇਆ ਹੈ।
6 ਤੁਸੀਂ ਲੋਕਾਂ ਨੂੰ ਆਪਣੀਆਂ ਸਾਜੀਆਂ ਸਾਰੀਆਂ ਚੀਜ਼ਾਂ ਉੱਤੇ ਅਧਿਕਾਰ ਦੇ ਦਿੱਤਾ।
ਤੁਸੀਂ ਸਭ ਕੁਝ ਉਨ੍ਹਾਂ ਦੇ ਨਿਯੰਤ੍ਰਣ ਅਧੀਨ ਪਾ ਦਿੱਤਾ।
7 ਲੋਕੀਂ ਭੇਡਾਂ, ਜਾਨਵਰਾਂ ਅਤੇ ਜੰਗਲ ਦੇ ਸਾਰੇ ਜਾਨਵਰਾਂ ਉੱਪਰ ਹਕੂਮਤ ਕਰਦੇ ਹਨ।
8 ਉਹ ਅਕਾਸ਼ ਵਿੱਚਲੇ ਪੰਛੀਆਂ ਉੱਤੇ
ਅਤੇ ਸਮੁੰਦਰ ਵਿੱਚ ਤੈਰਦੀਆਂ ਮੱਛੀਆਂ ਉੱਤੇ ਰਾਜ ਕਰਦੇ ਹਨ।
9 ਹੇ ਪਰਮੇਸ਼ੁਰ ਸਾਡੇ ਯਹੋਵਾਹ, ਸਾਰੀ ਧਰਤੀ ਉੱਪਰ ਤੇਰਾ ਨਾਂ ਵੱਧੇਰੇ ਅਦਭੁਤ ਹੈ।
ਅਬਰਾਹਾਮ ਦਾ ਗਰਾਰ ਨੂੰ ਜਾਣਾ
20 ਅਬਰਾਹਾਮ ਨੇ ਉਹ ਥਾਂ ਛੱਡ ਦਿੱਤੀ ਅਤੇ ਨੇਗੇਵ ਵੱਲ ਚੱਲਾ ਗਿਆ। ਉਹ ਕਾਦੇਸ਼ ਅਤੇ ਸੂਰ ਦੇ ਵਿੱਚਕਾਰ ਗਰਾਰ ਵਿੱਚ ਠਹਿਰ ਗਿਆ। 2 ਅਬਰਾਹਾਮ ਨੇ ਲੋਕਾਂ ਨੂੰ ਆਖਿਆ ਕਿ ਸਾਰਾਹ ਉਸਦੀ ਭੈਣ ਸੀ। ਇਸ ਲਈ ਅਬੀਮਲਕ ਗਰਾਰ ਦੇ ਰਾਜੇ ਨੇ ਸਾਰਾਹ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਲਿਆ। 3 ਪਰ ਉਸ ਰਾਤ, ਪਰਮੇਸ਼ੁਰ ਨੇ ਅਬੀਮਲਕ ਨਾਲ ਸੁਪਨੇ ਵਿੱਚ ਗੱਲ ਕੀਤੀ, ਅਤੇ ਆਖਿਆ, “ਤੈਨੂੰ ਮਰ ਜਾਣਾ ਚਾਹੀਦਾ। ਜਿਸ ਔਰਤ ਨੂੰ ਤੂੰ ਵਿਆਹਿਆ, ਉਹ ਕਿਸੇ ਹੋਰ ਆਦਮੀ ਦੀ ਪਤਨੀ ਹੈ।”
4 ਪਰ ਅਬੀਮਲਕ ਹਾਲੇ ਸਾਰਾਹ ਨਾਲ ਸੁੱਤਾ ਨਹੀਂ ਸੀ। ਇਸ ਲਈ ਅਬੀਮਲਕ ਨੇ ਆਖਿਆ, “ਯਹੋਵਾਹ, ਮੈਂ ਦੋਸ਼ੀ ਨਹੀਂ ਹਾਂ। ਕੀ ਤੂੰ ਇੱਕ ਨਿਰਦੋਸ਼ ਕੌਮ ਨੂੰ ਤਬਾਹ ਕਰ ਦੇਵੇਂਗਾ? 5 ਅਬਰਾਹਾਮ ਨੇ ਖੁਦ ਮੈਨੂੰ ਆਖਿਆ ਸੀ, ‘ਇਹ ਔਰਤ ਮੇਰੀ ਭੈਣ ਹੈ।’ ਅਤੇ ਔਰਤ ਨੇ ਵੀ ਆਖਿਆ ਸੀ, ‘ਇਹ ਆਦਮੀ ਮੇਰਾ ਭਰਾ ਹੈ।’ ਮੈਂ ਨਿਰਦੋਸ਼ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਸਾਂ।”
6 ਤਾਂ ਪਰਮੇਸ਼ੁਰ ਨੇ ਅਬੀਮਲਕ ਨੂੰ ਸੁਪਨੇ ਵਿੱਚ ਆਖਿਆ, “ਹਾਂ, ਮੈਂ ਜਾਣਦਾ ਹਾਂ ਕਿ ਤੂੰ ਨਿਰਦੋਸ਼ ਹੈਂ। ਅਤੇ ਮੈਂ ਇਹ ਵੀ ਜਾਣਦਾ ਹਾਂ ਤੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਤੂੰ ਕੀ ਕਰ ਰਿਹਾ ਸੀ। ਮੈਂ ਤੈਨੂੰ ਬਚਾ ਲਿਆ। ਮੈਂ ਤੈਨੂੰ ਪਾਪ ਨਹੀਂ ਕਰਨ ਦਿੱਤਾ। ਇਹ ਮੈਂ ਹੀ ਸੀ ਜਿਸਨੇ ਤੈਨੂੰ ਉਸ ਦੇ ਨਾਲ ਸੌਣ ਨਹੀਂ ਦਿੱਤਾ। 7 ਇਸ ਲਈ ਅਬਰਾਹਾਮ ਨੂੰ ਉਸਦੀ ਪਤਨੀ ਮੋੜ ਦੇ। ਅਬਰਾਹਾਮ ਇੱਕ ਨਬੀ ਹੈ। ਉਹ ਤੇਰੇ ਲਈ ਪ੍ਰਾਰਥਨਾ ਕਰੇਗਾ, ਅਤੇ ਤੂੰ ਜੀਵੇਂਗਾ। ਪਰ ਜੇ ਤੂੰ ਅਬਰਾਹਾਮ ਨੂੰ ਸਾਰਾਹ ਨਾ ਮੋੜੀ ਤਾਂ ਮੈਂ ਤੈਨੂੰ ਬਚਨ ਦਿੰਦਾ ਹਾਂ ਕਿ ਤੂੰ ਮਾਰਿਆ ਜਾਵੇਂਗਾ। ਅਤੇ ਤੇਰੇ ਨਾਲ ਤੇਰਾ ਸਾਰਾ ਪਰਿਵਾਰ ਵੀ ਮਾਰਿਆ ਜਾਵੇਗਾ।”
8 ਇਸ ਲਈ ਅਗਲੀ ਸਵੇਰ ਨੂੰ ਤੜਕੇ-ਤੜਕੇ ਅਬੀਮਲਕ ਨੇ ਆਪਣੇ ਸਾਰੇ ਨੌਕਰਾਂ ਨੂੰ ਬੁਲਾਇਆ ਅਤੇ ਸੁਪਨੇ ਬਾਰੇ ਦੱਸਿਆ। ਨੌਕਰ ਡਰ ਗਏ। 9 ਤਾਂ ਅਬੀਮਲਕ ਨੇ ਅਬਰਾਹਾਮ ਨੂੰ ਸੱਦਿਆ ਅਤੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ? ਮੈਂ ਤੇਰਾ ਕੀ ਵਿਗਾੜਿਆ ਸੀ? ਤੂੰ ਝੂਠ ਕਿਉਂ ਬੋਲਿਆ ਅਤੇ ਇਹ ਆਖਿਆ ਕਿ ਉਹ ਤੇਰੀ ਭੈਣ ਹੈ? ਤੂੰ ਮੇਰੇ ਰਾਜ ਨੂੰ ਬਹੁਤ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਤੈਨੂੰ ਮੇਰੇ ਨਾਲ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਨ। 10 ਤੂੰ ਡਰਦਾ ਕਿਹੜੀ ਗੱਲੋਂ ਸੀ? ਤੂੰ ਮੇਰੇ ਨਾਲ ਇਹ ਸਲੂਕ ਕਿਉਂ ਕੀਤਾ?”
11 ਤਾਂ ਅਬਰਾਹਾਮ ਨੇ ਆਖਿਆ, “ਮੈਂ ਡਰਦਾ ਸਾਂ। ਮੈਂ ਸੋਚਿਆ ਸੀ ਕਿ ਇਸ ਥਾਂ ਕੋਈ ਬੰਦਾ ਵੀ ਪਰਮੇਸ਼ੁਰ ਦਾ ਆਦਰ ਨਹੀਂ ਕਰਦਾ। ਮੈਂ ਸੋਚਿਆ ਕਿ ਕੋਈ ਬੰਦਾ ਸਾਰਾਹ ਦੀ ਖਾਤਰ ਮੈਨੂੰ ਮਾਰ ਦੇਵੇਗਾ। 12 ਉਹ ਮੇਰੀ ਪਤਨੀ ਹੈ, ਪਰ ਉਹ ਮੇਰੀ ਭੈਣ ਵੀ ਹੈ। ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਂ ਦੀ ਧੀ ਨਹੀਂ। 13 ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦੇ ਘਰੋਂ ਦੂਰ ਕਰ ਦਿੱਤਾ। ਪਰਮੇਸ਼ੁਰ ਨੇ ਮੈਨੂੰ ਥਾਂ-ਥਾਂ ਭਟਕਾਇਆ। ਜਦੋਂ ਅਜਿਹਾ ਵਾਪਰਿਆ, ਮੈਂ ਸਾਰਾਹ ਨੂੰ ਆਖਿਆ, ‘ਮੇਰੇ ਲਈ ਕੁਝ ਕਰ; ਜਿੱਥੇ ਵੀ ਅਸੀਂ ਜਾਈਏ, ਲੋਕਾਂ ਨੂੰ ਇਹੀ ਆਖੀਂ ਕਿ ਤੂੰ ਮੇਰੀ ਭੈਣ ਹੈਂ।’”
14 ਇਸ ਲਈ ਅਬੀਮਲਕ ਨੇ ਅਬਰਾਹਾਮ ਨੂੰ ਕੁਝ ਭੇਡਾਂ, ਬੱਕਰੀਆਂ ਅਤੇ ਦਾਸ ਦਾਸੀਆਂ ਦਿੱਤੇ। ਉਸ ਨੇ ਸਾਰਾਹ ਵੀ ਅਬਰਾਹਾਮ ਨੂੰ ਵਾਪਸ ਦੇ ਦਿੱਤੀ। 15 ਅਤੇ ਅਬੀਮਲਕ ਨੇ ਆਖਿਆ, “ਆਪਣੇ ਆਲੇ-ਦੁਆਲੇ ਦੇਖ। ਇਹ ਮੇਰੀ ਧਰਤੀ ਹੈ। ਤੂੰ ਜਿੱਥੇ ਚਾਹੇਂ ਰਹਿ ਸੱਕਦਾ ਹੈਂ।”
16 ਅਬੀਮਲਕ ਨੇ ਸਾਰਾਹ ਨੂੰ ਆਖਿਆ, “ਮੈਂ ਤੇਰੇ ਭਰਾ ਅਬਰਾਹਾਮ ਨੂੰ ਚਾਂਦੀ ਦੇ 1,000 ਸਿੱਕੇ ਦਿੱਤੇ ਹਨ। ਮੈਂ ਅਜਿਹਾ ਇਹ ਦਰਸਾਉਣ ਲਈ ਕੀਤਾ ਹੈ ਕਿ ਮੈਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਅਫ਼ਸੋਸ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਦੇਖ ਲਵੇ ਕਿ ਮੈਂ ਠੀਕ ਗੱਲ ਕੀਤੀ ਹੈ।”
17-18 ਯਹੋਵਾਹ ਨੇ ਅਬੀਮਲਕ ਦੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਨੂੰ ਬਾਂਝ ਬਣਾ ਦਿੱਤਾ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਅਬੀਮਲਕ ਨੇ ਅਬਰਾਹਾਮ ਦੀ ਪਤਨੀ ਸਾਰਾਹ ਨੂੰ ਚੁੱਕ ਲਿਆ ਸੀ। ਪਰ ਅਬਰਾਹਾਮ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਅਬੀਮਲਕ, ਉਸਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਰਾਜ਼ੀ ਕਰ ਦਿੱਤਾ।
23 ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਸਾਰੇ ਨੇਮ ਦੇ ਕੈਦੀ ਬਣੇ ਹੋਏ ਸਾਂ ਅਤੇ ਨੇਮ ਦੀ ਨਿਗਰਾਨੀ ਹੇਠ ਸਾਂ। ਸਾਨੂੰ ਉਦੋਂ ਤੱਕ ਕੋਈ ਅਜ਼ਾਦੀ ਨਹੀਂ ਸੀ ਜਦੋਂ ਤੱਕ ਪਰਮੇਸ਼ੁਰ ਨੇ ਸਾਡੇ ਤੇ ਵਿਸ਼ਵਾਸ ਦਾ ਉਹ ਮਾਰਗ, ਪਰਗਟ ਨਹੀਂ ਕੀਤਾ, ਜਿਹੜਾ ਆ ਰਿਹਾ ਸੀ। 24 ਇਸੇ ਲਈ ਮਸੀਹ ਦੇ ਆਉਣ ਤੱਕ ਨੇਮ ਸਾਡਾ ਨਿਗਹਬਾਨ ਸੀ। ਮਸੀਹ ਦੇ ਆਉਣ ਤੋਂ ਮਗਰੋਂ ਅਸੀਂ ਵਿਸ਼ਵਾਸ ਰਾਹੀਂ ਪਰਮੇਸ਼ੁਰ ਨਾਲ ਧਰਮੀ ਬਣਾਏ ਜਾ ਸੱਕਾਂਗੇ। 25 ਹੁਣ ਵਿਸ਼ਵਾਸ ਦਾ ਮਾਰਗ ਆ ਚੁੱਕਿਆ ਹੈ। ਇਸੇ ਲਈ, ਅਸੀਂ ਹੁਣ ਨੇਮ ਦੇ ਨਿਯੰਤ੍ਰਣ ਹੇਠਾਂ ਨਹੀਂ ਜਿਉਂਦੇ।
26 ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇਸ ਨਿਹਚਾ ਦੁਆਰਾ ਪਰਮੇਸ਼ੁਰ ਦੇ ਬੱਚੇ ਹੋ। 27 ਕਿਉਂ ਕਿ ਤੁਹਾਨੂੰ ਸਾਰਿਆਂ ਨੂੰ ਮਸੀਹ ਅੰਦਰ ਬਪਤਿਸਮਾ ਦਿੱਤਾ ਗਿਆ ਹੈ ਅਤੇ ਤੁਸੀਂ ਆਪਣੇ ਆਪ ਨੂੰ ਮਸੀਹ ਨਾਲ ਢੱਕ ਲਿਆ ਹੈ। 28 ਹੁਣ, ਮਸੀਹ ਯਿਸੂ ਵਿੱਚ, ਯਹੂਦੀਆਂ ਅਤੇ ਯੂਨਾਨੀਆਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਇੱਥੇ ਗੁਲਾਮਾਂ ਅਤੇ ਆਜ਼ਾਦਾਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਨਰ ਅਤੇ ਮਾਦਾ ਵਿੱਚ ਕੋਈ ਫ਼ਰਕ ਨਹੀਂ ਹੈ। ਕਿਉਂ ਕਿ ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇੱਕ ਹੋ। 29 ਤੁਸੀਂ ਮਸੀਹ ਦੇ ਹੋ ਇਸ ਲਈ ਤੁਸੀਂ ਅਬਰਾਹਾਮ ਦੀ ਔਲਾਦ ਹੋ। ਤੁਸੀਂ ਸਾਰੇ ਪਰਮੇਸ਼ੁਰ ਦੇ ਅਬਰਾਹਾਮ ਨੂੰ ਵਾਇਦੇ ਕਾਰਣ ਪਰਮੇਸ਼ੁਰ ਦੀਆਂ ਅਸੀਸਾਂ ਪ੍ਰਾਪਤ ਕਰਦੇ ਹੋ।
2010 by World Bible Translation Center