Revised Common Lectionary (Complementary)
ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।
5 ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
2 ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
ਮੇਰੀ ਪ੍ਰਾਰਥਨਾ ਨੂੰ ਸੁਣ।
3 ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।
4 ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
5 ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
6 ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।
7 ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
8 ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
9 ਉਹ ਲੋਕ ਸੱਚ ਨਹੀਂ ਆਖਦੇ।
ਉਹ ਲੋਕ ਝੂਠੇ ਹਨ ਜਿਹੜੇ ਸੱਚ ਨੂੰ ਮਰੋੜਦੇ ਹਨ।
ਉਨ੍ਹਾਂ ਦੇ ਮੂੰਹ ਖਾਲੀ ਕਬਰਾਂ ਵਰਗੇ ਹਨ।
ਭਾਵੇਂ ਉਹ ਹੋਰਨਾਂ ਨੂੰ ਮਿੱਠੇ ਸ਼ਬਦ ਬੋਲਦੇ ਹਨ,
ਉਹ ਸਿਰਫ਼ ਉਨ੍ਹਾਂ ਨੂੰ ਫ਼ਸਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਹੀ ਵਿਉਂਤਾ ਬਣਾਉਂਦੇ ਹਨ।
10 ਉਨ੍ਹਾਂ ਨੂੰ ਸਜ਼ਾ ਦਿਉ, ਪਰਮੇਸ਼ੁਰ!
ਉਨ੍ਹਾਂ ਨੂੰ ਖੁਦ ਆਪਣੇ ਹੀ ਜਾਲ ਵਿੱਚ ਫ਼ਸ ਜਾਣ ਦਿਉ।
ਉਹ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ।
ਉਨ੍ਹਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਦਿਉ।
11 ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ।
ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ।
ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
12 ਹੇ ਯਹੋਵਾਹ, ਜਦੋਂ ਤੁਸੀਂ ਚੰਗੇ ਲੋਕਾਂ ਦਾ ਭਲਾ ਕਰਦੇ ਹੋਂ।
ਤੁਸੀਂ ਇੱਕ ਢਾਲ ਦੀ ਤਰ੍ਹਾਂ ਉਨ੍ਹਾਂ ਦੀ ਰੱਖਿਆ ਕਰਦੇ ਹੋ।
18 ਮੈਨੂੰ ਇਹ ਸੰਦੇਸ਼ ਯਹੋਵਾਹ ਸਰਬ ਸ਼ਕਤੀਮਾਨ ਨੇ ਦਿੱਤਾ। 19 ਉਸ ਆਖਿਆ ਹੈ, “ਉਦਾਸੀ ਸੋਗ ਅਤੇ ਵਰਤ ਦੇ ਖਾਸ ਦਿਨ, ਵਰ੍ਹੇ ਦਾ ਚੌਬਾ, ਪੰਜਵਾਂ, ਸੱਤਵਾਂ ਅਤੇ ਦਸਵਾਂ ਮਹੀਨਾ ਤੁਸੀਂ ਚੁਣਿਆ। ਹੁਣ ਉਹ ਸੋਗੀ ਦਿਨ ਅਵੱਸ਼ ਹੀ ਖੁਸ਼ੀਆਂ ਵਿੱਚ ਤਬਦੀਲ ਹੋਣੇ ਚਾਹੀਦੇ ਹਨ। ਹੁਣ ਉਹ ਖੁਸ਼ੀਆਂ ਵਾਲੀਆਂ ਛੁੱਟੀਆਂ ਹੋਣਗੀਆਂ। ਤੁਸੀਂ ਸੱਚ, ਵਫ਼ਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ।”
20 ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ,
“ਭਵਿੱਖ ਵਿੱਚ ਬਹੁਤ ਸਾਰੇ ਸ਼ਹਿਰਾਂ ਵਿੱਚੋਂ ਲੋਕੀਂ ਯਰੂਸ਼ਲਮ ਨੂੰ ਆਉਣਗੇ।
21 ਅਲੱਗ-ਅਲੱਗ ਸ਼ਹਿਰਾਂ ਤੋਂ ਲੋਕ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਦੇਣਗੇ।
ਉਨ੍ਹਾਂ ਵਿੱਚੋਂ ਕੁਝ ਕਹਿਣਗੇ: ‘ਅਸੀਂ ਯਹੋਵਾਹ ਸਰਬ ਸ਼ਕਤੀਮਾਨ ਦੀ’
ਉਪਾਸਨਾ ਕਰਨ ਲਈ ਜਾ ਰਹੇ ਹਾਂ ਅਤੇ ਦੂਜੇ ਆਖਣਗੇ,
‘ਅਸੀਂ ਤੁਹਾਡੇ ਨਾਲ ਜਾਵਾਂਗੇ।’”
22 ਬਹੁਤ ਸਾਰੇ ਲੋਕ ਅਤੇ ਬਹੁਤ ਸਾਰੀਆਂ ਤਕੜੀਆਂ ਕੌਮਾਂ ਅਤੇ ਰਾਜ ਯਹੋਵਾਹ ਸਰਬ-ਸ਼ਕਤੀਮਾਨ ਦੀ ਖੋਜ ਵਿੱਚ ਅਤੇ ਉਸਦੀ ਪੂਜਾ ਕਰਨ ਲਈ ਯਰੂਸ਼ਲਮ ਨੂੰ ਆਉਣਗੇ। 23 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਨ੍ਹਾਂ ਦਿਨਾਂ ਵਿੱਚ ਵੱਖੋ-ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਬਹੁਤ ਸਾਰੇ ਮਨੁੱਖ ਇੱਕ ਯਹੂਦੀ ਮਨੁੱਖ ਦਾ ਪੱਲਾ ਫ਼ੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚਲਾਂਗੇ ਕਿਉਂ ਕਿ ਅਸੀਂ ਸੁਣਿਆ ਹੈ ਕਿ ‘ਪਰਮੇਸ਼ੁਰ ਤੁਹਾਡੇ ਨਾਲ ਹੈ। ਕੀ ਅਸੀਂ ਤੁਹਾਡੇ ਨਾਲ ਉਸਦੀ ਉਪਾਸਨਾ ਲਈ ਚੱਲ ਸੱਕਦੇ ਹਾਂ?’”
ਮਸੀਹ ਦੇ ਦੁਸ਼ਮਣਾਂ ਦੇ ਪਿੱਛੇ ਨਾ ਲੱਗੋ
18 ਮੇਰੇ ਪਿਆਰੇ ਬੱਚਿਓ, ਅੰਤ ਨੇੜੇ ਆ ਚੁੱਕਿਆ ਹੈ। ਤੁਸੀਂ ਸੁਣਿਆ ਹੋਇਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ, ਅਤੇ ਹੁਣ ਮਸੀਹ ਦੇ ਇੰਨੇ ਦੁਸ਼ਮਣ ਪਹਿਲਾਂ ਹੀ ਇੱਥੇ ਹਨ। ਇਸ ਲਈ ਅਸੀਂ ਜਾਣਦੇ ਹਾਂ ਕਿ ਅੰਤ ਨੇੜੇ ਹੈ। 19 ਮਸੀਹ ਦੇ ਉਹ ਦੁਸ਼ਮਣ ਸਾਡੇ ਸਮੂਹ ਵਿੱਚ ਸਨ, ਪਰ ਉਨ੍ਹਾਂ ਨੇ ਸਾਨੂੰ ਛੱਡ ਦਿੱਤਾ। ਉਹ ਸੱਚਮੁੱਚ ਸਾਡੇ ਨਹੀਂ ਸਨ। ਜੇ ਉਹ ਸਾਡੀ ਸੰਗਤ ਦਾ ਹਿੱਸਾ ਹੁੰਦੇ ਤਾਂ ਉਹ ਸਾਡੇ ਨਾਲ ਹੀ ਰਹਿੰਦੇ। ਪਰ ਕਿਉਂ ਜੋ ਉਹ ਸਾਨੂੰ ਛੱਡ ਗਏ, ਇਹ ਦਰਸ਼ਾਉਂਦਾ ਹੈ ਕਿ ਉਨ੍ਹਾਂ ਵਿੱਚੋ ਕੋਈ ਵੀ ਸਾਡੇ ਵਿੱਚਲਾ ਨਹੀਂ ਸੀ।
20 ਪਰ ਤੁਹਾਡੇ ਕੋਲ ਉਸ ਪਵਿੱਤਰ [a] ਵੱਲੋਂ ਦਿੱਤੀ ਗਈ ਦਾਤ ਹੈ, ਇਸ ਲਈ ਤੁਸੀਂ ਸਾਰੇ ਸੱਚ ਨੂੰ ਜਾਣਦੇ ਹੋ। 21 ਮੈਂ ਤੁਹਾਨੂੰ ਇਹ ਕਿਉਂ ਲਿਖ ਰਿਹਾ ਹਾਂ? ਕੀ ਮੈਂ ਇਸ ਲਈ ਲਿਖਦਾ ਹਾਂ ਕਿਉਂ ਕਿ ਤੁਸੀਂ ਸੱਚ ਬਾਰੇ ਨਹੀਂ ਜਾਣਦੇ? ਨਹੀਂ? ਮੈਂ ਇਹ ਖਤ ਇਸ ਲਈ ਲਿਖ ਰਿਹਾ ਹਾਂ ਕਿਉਂ ਕਿ ਤੁਸੀਂ ਸੱਚ ਬਾਰੇ ਜਾਣਦੇ ਹੋ। ਅਤੇ ਤੁਸੀਂ ਜਾਣਦੇ ਹੋ ਕਿ ਕੋਈ ਵੀ ਝੂਠ ਸੱਚ ਵਿੱਚੋਂ ਪੈਦਾ ਨਹੀਂ ਹੁੰਦਾ।
22 ਇਸ ਲਈ ਝੂਠਾ ਕੌਣ ਹੈ? ਇਹ ਉਹੀ ਵਿਅਕਤੀ ਹੈ ਜਿਹੜਾ ਆਖਦਾ ਹੈ ਕਿ ਯਿਸੂ ਮਸੀਹ ਨਹੀਂ ਹੈ। ਉਹ ਮਸੀਹ ਦਾ ਦੁਸ਼ਮਣ ਹੈ। ਉਹ ਵਿਅਕਤੀ ਪਿਤਾ ਵਿੱਚ ਜਾਂ ਉਸ ਦੇ ਪੁੱਤਰ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ। 23 ਜਿਹੜਾ ਕੋਈ ਪੁੱਤਰ ਵਿੱਚ ਨਿਹਚਾ ਰੱਖਣ ਤੋਂ ਇਨਕਾਰ ਕਰਦਾ ਹੈ ਪਿਤਾ ਵੀ ਉਸਦਾ ਨਹੀਂ ਹੈ। ਪਰ ਜਿਹੜਾ ਵਿਅਕਤੀ ਪੁੱਤਰ ਨੂੰ ਪ੍ਰਵਾਨ ਕਰਦਾ ਹੈ ਤਾਂ ਪਿਤਾ ਵੀ ਉਸਦਾ ਹੈ।
24 ਇਸ ਗੱਲੋਂ ਯਕੀਨੀ ਹੋਵੋ ਕਿ ਤੁਸੀਂ ਉਸੇ ਉਪਦੇਸ਼ ਦਾ ਅਨੁਸਰਣ ਕਰਦੇ ਹੋ ਜਿਹੜਾ ਤੁਸੀਂ ਮੁੱਢ ਤੋਂ ਹੀ ਸੁਣਦੇ ਆ ਰਹੇ ਹੋਂ। ਜੇ ਤੁਸੀਂ ਇਸ ਉਪਦੇਸ਼ ਤੇ ਅਮਲ ਕਰੋਂਗੇ ਤਾਂ ਤੁਸੀਂ ਪੁੱਤਰ ਅਤੇ ਪਿਤਾ ਦੋਹਾਂ ਵਿੱਚ ਸਥਿਰ ਰਹੋਂਗੇ। 25 ਇਹੀ ਹੈ ਜਿਸਦਾ ਪੁੱਤਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ। ਇਹ ਸਦੀਪਕ ਜੀਵਨ ਹੈ।
2010 by World Bible Translation Center