Revised Common Lectionary (Complementary)
ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।
5 ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
2 ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
ਮੇਰੀ ਪ੍ਰਾਰਥਨਾ ਨੂੰ ਸੁਣ।
3 ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।
4 ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
5 ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
6 ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।
7 ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
8 ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
9 ਉਹ ਲੋਕ ਸੱਚ ਨਹੀਂ ਆਖਦੇ।
ਉਹ ਲੋਕ ਝੂਠੇ ਹਨ ਜਿਹੜੇ ਸੱਚ ਨੂੰ ਮਰੋੜਦੇ ਹਨ।
ਉਨ੍ਹਾਂ ਦੇ ਮੂੰਹ ਖਾਲੀ ਕਬਰਾਂ ਵਰਗੇ ਹਨ।
ਭਾਵੇਂ ਉਹ ਹੋਰਨਾਂ ਨੂੰ ਮਿੱਠੇ ਸ਼ਬਦ ਬੋਲਦੇ ਹਨ,
ਉਹ ਸਿਰਫ਼ ਉਨ੍ਹਾਂ ਨੂੰ ਫ਼ਸਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਹੀ ਵਿਉਂਤਾ ਬਣਾਉਂਦੇ ਹਨ।
10 ਉਨ੍ਹਾਂ ਨੂੰ ਸਜ਼ਾ ਦਿਉ, ਪਰਮੇਸ਼ੁਰ!
ਉਨ੍ਹਾਂ ਨੂੰ ਖੁਦ ਆਪਣੇ ਹੀ ਜਾਲ ਵਿੱਚ ਫ਼ਸ ਜਾਣ ਦਿਉ।
ਉਹ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ।
ਉਨ੍ਹਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਦਿਉ।
11 ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ।
ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ।
ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
12 ਹੇ ਯਹੋਵਾਹ, ਜਦੋਂ ਤੁਸੀਂ ਚੰਗੇ ਲੋਕਾਂ ਦਾ ਭਲਾ ਕਰਦੇ ਹੋਂ।
ਤੁਸੀਂ ਇੱਕ ਢਾਲ ਦੀ ਤਰ੍ਹਾਂ ਉਨ੍ਹਾਂ ਦੀ ਰੱਖਿਆ ਕਰਦੇ ਹੋ।
ਯਹੋਸ਼ੁਆ ਜਾਜਕ ਨੂੰ ਤਾਜ ਮਿਲਣਾ
9 ਫ਼ਿਰ ਮੈਨੂੰ ਯਹੋਵਾਹ ਵੱਲੋਂ ਹੋਰ ਇੱਕ ਵਾਕ ਹੋਇਆ। ਉਸ ਨੇ ਕਿਹਾ, 10 “ਹੇਲਦੀ, ਟੋਬੀਯਾਹ, ਅਤੇ ਯਦਅਯਾਹ, ਕੈਦੀਆਂ ਤੋਂ ਸੋਨਾ ਅਤੇ ਚਾਂਦੀ ਲੈ ਜੋ ਕਿ ਬੇਬੀਲੋਨ ਤੋਂ ਪਰਤੇ ਹਨ। ਅਤੇ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਦੇ ਘਰ ਨੂੰ ਜਾਹ। 11 ਉਹ ਸੋਨਾ ਅਤੇ ਚਾਂਦੀ ਵਰਤ ਕੇ ਤਾਜ ਬਣਾ ਅਤੇ ਉਸ ਤਾਜ ਨੂੰ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੇ ਸਿਰ ਤੇ ਰੱਖ, ਜੋ ਕਿ ਪਰਧਾਨ ਜਾਜਕ ਹੈ। 12 ਫ਼ਿਰ ਯਹੋਸ਼ੂਆ ਨੂੰ ਇਹ ਗੱਲਾਂ ਆਖ:
‘ਸਰਬ ਸ਼ਕਤੀਮਾਨ ਯਹੋਵਾਹ ਇਉਂ ਆਖਦਾ ਸੀ।
ਇੱਕ ਮਨੁੱਖ ਹੈ ਜਿਸਦਾ ਨਾਂ ਸ਼ਾਖ ਹੈ ਉਹ ਤਾਕਤਵਰ ਹੋਵੇਗਾ
ਅਤੇ ਉਹ ਯਹੋਵਾਹ ਦਾ ਮੰਦਰ ਬਣਾਵੇਗਾ।
13 ਉਹ ਯਹੋਵਾਹ ਦਾ ਮੰਦਰ ਬਣਾਵੇਗਾ
ਅਤੇ ਪ੍ਰਤਾਪ ਪ੍ਰਾਪਤ ਕਰੇਗਾ।
ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ
ਅਤੇ ਰਾਜ ਕਰੇਗਾ।
ਅਤੇ ਜਾਜਕ ਉਸ ਦੇ ਸਿੰਘਾਸਣ ਦੇ ਪਾਸੇ ਖੜੋਵੇਗਾ
ਅਤੇ ਦੋਨੋ ਮਨੁੱਖ ਸ਼ਾਂਤੀ ਵਿੱਚ ਕੰਮ ਕਰਨਗੇ।’
14 ਅਤੇ ਉਹ ਤਾਜ ਮੰਦਰ ਵਿੱਚ ਰੱਖਿਆ ਜਾਵੇਗਾ ਅਤੇ ਇਹ ਹੇਲਦੀ, ਟੋਬੀਯਾਹ, ਯਦਅਯਾਹ ਅਤੇ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਲਈ ਯਹੋਵਾਹ ਦੇ ਮੰਦਰ ਵਿੱਚ ਯਾਦਗਾਰੀ ਲਈ ਹੋਵੇਗਾ।”
15 ਦੂਰ-ਦੁਰਾਡਿਓਁ ਲੋਕੀਂ ਆਕੇ ਇਸ ਮੰਦਰ ਨੂੰ ਬਨਾਉਣਗੇ ਤਦ ਤੁਸੀਂ ਅਵੱਸ਼ ਜਾਣ ਜਾਵੋਂਗੇ ਕਿ ਯਹੋਵਾਹ ਨੇ ਮੈਨੂੰ ਤੁਹਾਡੇ ਲਈ ਭੇਜਿਆ ਹੈ। ਇਹ ਸਭ ਕੁਝ ਤਾਂ ਹੋਵੇਗਾ ਜੇਕਰ ਤੁਸੀਂ ਯਹੋਵਾਹ ਦੇ ਕਹੇ ਮੁਤਾਬਕ ਕਰੋਂਗੇ।
ਜਿਉਂਦੀ ਆਸ
3 ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਦੀ ਉਸਤਤਿ ਹੋਵੇ। ਪਰਮੇਸ਼ੁਰ ਬਹੁਤ ਮਿਹਰਬਾਨ ਹੈ ਅਤੇ ਉਸਦੀ ਮਿਹਰ ਕਾਰਣ ਹੀ ਸਾਨੂੰ ਨਵਾਂ ਜੀਵਨ ਮਿਲਿਆ ਹੈ। ਇਹ ਨਵੀਂ ਜ਼ਿੰਦਗੀ ਸਾਡੇ ਲਈ ਯਿਸੂ ਮਸੀਹ ਦੇ ਮੌਤ ਤੋਂ ਜਿਵਾਲਣ ਰਾਹੀਂ ਜਿਉਂਦੀ ਆਸ ਲੈ ਕੇ ਆਈ ਹੈ। 4 ਹੁਣ ਅਸੀਂ ਪਰਮੇਸ਼ੁਰ ਦੀਆਂ ਅਸੀਸਾਂ ਦੀ ਉਮੀਦ ਰੱਖ ਸੱਕਦੇ ਹਾਂ ਜਿਹੜੀਆਂ ਉਸ ਨੇ ਉਸ ਦੇ ਬੱਚਿਆਂ ਲਈ ਰੱਖੀਆਂ ਹਨ। ਇਹ ਅਸੀਸਾਂ ਤੁਹਾਡੇ ਲਈ ਸਵਰਗ ਵਿੱਚ ਰੱਖੀਆਂ ਹੋਈਆਂ ਹਨ। ਉਹ ਨਾਂ ਹੀ ਬਰਬਾਦ ਤੇ ਨਾਂ ਹੀ ਨਾਸ਼ ਹੋ ਸੱਕਦੀਆਂ, ਨਾ ਹੀ ਉਹ ਆਪਣੀ ਸੁੰਦਰਤਾ ਗੁਆ ਸੱਕਦੀਆਂ ਹਨ।
5 ਪਰਮੇਸ਼ੁਰ ਦੀ ਸ਼ਕਤੀ ਤੁਹਾਨੂੰ ਤੁਹਾਡੀ ਨਿਹਚਾ ਰਾਹੀਂ ਉਦੋਂ ਤੱਕ ਸੁਰੱਖਿਅਤ ਰੱਖੇਗੀ ਜਦੋਂ ਤੱਕ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਲੈਂਦੇ। ਇਹ ਮੁਕਤੀ ਜੋ ਤਿਆਰ ਹੈ, ਤੁਹਾਨੂੰ ਅੰਤਲੇ ਸਮੇਂ ਵਿੱਚ ਦਿੱਤੀ ਜਾਵੇਗੀ। 6 ਇਸ ਨਾਲ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ। ਪਰ ਹੁਣ, ਬਸ ਥੋੜੇ ਹੀ ਸਮੇਂ ਲਈ, ਤੁਹਾਨੂੰ ਉਦਾਸ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਹੋ ਸੱਕਦੀਆਂ ਹਨ। 7 ਅਜਿਹੀਆਂ ਮੁਸ਼ਕਿਲਾਂ ਕਿਉਂ ਆਉਂਦੀਆਂ ਹਨ? ਇਹ ਸਾਬਤ ਕਰਨ ਲਈ ਕਿ ਤੁਹਾਡੀ ਨਿਹਚਾ ਸੱਚੀ ਹੈ। ਤੁਹਾਡੀ ਨਿਹਚਾ ਦੀ ਇਹ ਸ਼ੁੱਧਤਾ ਉਸ ਸੋਨੇ ਨਾਲੋਂ ਵੀ ਵੱਧ ਮੁੱਲਵਾਨ ਹੈ ਜਿਹੜਾ ਕਿ ਅੱਗ ਰਾਹੀਂ ਸ਼ੁੱਧ ਕਰਨ ਦੇ ਬਾਵਜ਼ੂਦ ਵੀ ਖੇਹ ਹੋ ਜਾਂਦਾ ਹੈ। ਤੁਹਾਡੀ ਨਿਹਚਾ ਦੀ ਸ਼ੁੱਧਤਾ ਤੁਹਾਨੂੰ ਉਦੋਂ ਉਸਤਤਿ ਮਹਿਮਾ ਅਤੇ ਸਤਿਕਾਰ ਦੇਵੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ।
8 ਤੁਸੀਂ ਮਸੀਹ ਨੂੰ ਨਹੀਂ ਦੇਖਿਆ ਪਰ ਫ਼ਿਰ ਵੀ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਹੁਣ ਵੀ ਤੁਸੀਂ ਉਸ ਨੂੰ ਦੇਖ ਨਹੀਂ ਸੱਕਦੇ ਪਰ ਤੁਸੀਂ ਉਸ ਵਿੱਚ ਵਿਸ਼ਵਾਸ ਰੱਖਦੇ ਹੋ। ਤੁਸੀਂ ਇੰਨੇ ਖੁਸ਼ ਹੋ ਜਿਹੜੀ ਬਿਆਨ ਨਹੀਂ ਕੀਤੀ ਜਾ ਸੱਕਦੀ ਅਤੇ ਉਹ ਖੁਸ਼ੀ ਮਹਿਮਾ ਨਾਲ ਭਰੀ ਹੋਈ ਹੈ। 9 ਤੁਹਾਡੀ ਨਿਹਚਾ ਦਾ ਇੱਕ ਟੀਚਾ ਹੈ ਅਤੇ ਤੁਸੀਂ ਉਹ ਟੀਚਾ ਪ੍ਰਾਪਤ ਕਰ ਰਹੇ ਹੋਂ, ਜੋ ਕਿ ਤੁਹਾਡੀ ਮੁਕਤੀ ਹੈ।
2010 by World Bible Translation Center