Revised Common Lectionary (Complementary)
70 ਵਡੇਰੇ ਆਗੂ
4 ਉਹ ਵਿਦੇਸ਼ੀ ਜਿਹੜੇ ਇਸਰਾਏਲ ਦੇ ਲੋਕਾਂ ਨਾਲ ਰਲ ਗਏ ਸਨ, ਉਨ੍ਹਾਂ ਨੇ ਖਾਣ ਲਈ ਹੋਰਨਾਂ ਚੀਜ਼ਾਂ ਦੀ ਆਪਣੀ ਇੱਛਾ ਦਰਸਾਈ। ਛੇਤੀ ਹੀ ਇਸਰਾਏਲ ਦੇ ਸਮੂਹ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ ਅਤੇ ਆਖਿਆ, “ਸਾਨੂੰ ਖਾਣ ਲਈ ਮਾਸ ਕੌਣ ਦੇਵੇਗਾ? 5 ਸਾਨੂੰ ਉਹ ਮੱਛੀ ਚੇਤੇ ਆਉਂਦੀ ਹੈ ਜਿਹੜੀ ਅਸੀਂ ਮਿਸਰ ਵਿੱਚ ਖਾਧੀ ਸੀ। ਇਸਦੀ ਸਾਡੇ ਲਈ ਕੋਈ ਕੀਮਤ ਨਹੀਂ ਸੀ, ਅਤੇ ਸਾਡੇ ਕੋਲ ਕੁਝ ਚੰਗੀਆਂ ਸਬਜ਼ੀਆਂ ਜਿਵੇਂ ਕੱਕੜੀਆਂ, ਖਰਬੂਜੇ, ਲੀਕਸ, ਪਿਆਜ਼ ਅਤੇ ਲਸਣ ਸਨ। 6 ਪਰ ਹੁਣ ਸਾਡੀ ਤਾਕਤ ਖਤਮ ਹੋ ਗਈ ਹੈ। ਅਸੀਂ ਇਸ ਮੰਨ ਤੋਂ ਇਲਾਵਾ ਕਦੇ ਵੀ ਹੋਰ ਕੁਝ ਨਹੀਂ ਖਾਂਦੇ!”
10 ਮੂਸਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਹਰ ਪਰਿਵਾਰ ਦੇ ਲੋਕ ਆਪਣੇ ਤੰਬੂਆਂ ਕੋਲ ਬੈਠੇ ਸ਼ਿਕਾਇਤਾ ਕਰ ਰਹੇ ਸਨ। ਯਹੋਵਾਹ ਬਹੁਤ ਕ੍ਰੋਧਵਾਨ ਹੋ ਗਿਆ, ਅਤੇ ਇਸਨੇ ਮੂਸਾ ਨੂੰ ਬਹੁਤ ਬੇਚੈਨ ਕਰ ਦਿੱਤਾ। 11 ਮੂਸਾ ਨੇ ਯਹੋਵਾਹ ਨੂੰ ਪੁੱਛਿਆ, “ਯਹੋਵਾਹ ਜੀ ਤੁਸੀਂ ਮੇਰੇ ਉੱਤੇ ਇਹ ਮੁਸੀਬਤ ਕਿਉਂ ਪਾ ਦਿੱਤੀ ਹੈ? ਮੈਂ ਤੁਹਾਡਾ ਸੇਵਕ ਹਾਂ। ਮੈਂ ਕੀ ਕਸੂਰ ਕੀਤਾ ਹੈ? ਮੈਂ ਤੁਹਾਨੂੰ ਬੇਚੈਨ ਕਰਨ ਵਾਲੀ ਕਿਹੜੀ ਗੱਲ ਕੀਤੀ ਹੈ? ਤੁਸੀਂ ਮੈਨੂੰ ਇਨ੍ਹਾਂ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਕਿਉਂ ਸੌਂਪੀ ਹੈ? 12 ਤੁਸੀਂ ਜਾਣਦੇ ਹੋ ਕਿ ਮੈਂ ਇਨ੍ਹਾਂ ਸਮੂਹ ਲੋਕਾਂ ਦਾ ਪਿਤਾ ਨਹੀਂ ਹਾਂ। ਤੁਸੀਂ ਜਾਣਦੇ ਹੋ ਕਿ ਮੈਂ ਇਨ੍ਹਾਂ ਨੂੰ ਜਨਮ ਨਹੀਂ ਦਿੱਤਾ। ਪਰ ਮੈਨੂੰ ਇਨ੍ਹਾਂ ਦੀ ਦੇਖ-ਭਾਲ ਕਰਨੀ ਪੈਂਦੀ ਹੈ ਜਿਵੇਂ ਕੋਈ ਦਾਈ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਦੀ ਹੈ। ਤੁਸੀਂ ਮੈਨੂੰ ਅਜਿਹਾ ਕਰਨ ਲਈ ਕਿਉਂ ਮਜ਼ਬੂਰ ਕਰਦੇ ਹੋ? ਤੁਸੀਂ ਮੈਨੂੰ ਇਨ੍ਹਾਂ ਨੂੰ ਉਸ ਧਰਤੀ ਉੱਤੇ ਲੈ ਜਾਣ ਲਈ ਕਿਉਂ ਮਜ਼ਬੂਰ ਕਰਦੇ ਹੋ ਜਿਸਦਾ ਤੁਸੀਂ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ? 13 ਮੇਰੇ ਕੋਲ ਇਨ੍ਹਾਂ ਲੋਕਾਂ ਲਈ ਕਾਫ਼ੀ ਮਾਸ ਨਹੀਂ ਹੈ। ਅਤੇ ਇਹ ਮੇਰੇ ਕੋਲ ਸ਼ਿਕਾਇਤਾਂ ਕਰੀ ਜਾ ਰਹੇ ਹਨ। ਇਹ ਆਖਦੇ ਹਨ, ਸਾਨੂੰ ਖਾਣ ਵਾਸਤੇ ਮਾਸ ਦਿਉ। 14 ਮੈਂ ਇੱਕਲਾ ਇਨ੍ਹਾਂ ਸਾਰੇ ਲੋਕਾਂ ਦਾ ਧਿਆਨ ਨਹੀਂ ਰੱਖ ਸੱਕਦਾ। ਇਹ ਭਾਰ ਮੇਰੇ ਲਈ ਬਹੁਤ ਜ਼ਿਆਦਾ ਹੈ। 15 ਜੇ ਤੁਸੀਂ ਮੈਨੂੰ ਮੁਸੀਬਤਾਂ ਦਿੰਦੇ ਰਹਿਣ ਦੀ ਯੋਜਨਾ ਬਣਾਈ ਹੈ, ਤਾਂ ਮੈਨੂੰ ਹੁਣੇ ਮਰ ਜਾਣ ਦਿਉ। ਜੇ ਤੁਸੀਂ ਮੈਨੂੰ ਆਪਣਾ ਸੇਵਕ ਪ੍ਰਵਾਨ ਕਰਦੇ ਹੋ, ਮੈਨੂੰ ਹੁਣੇ ਮਾਰ ਦਿਓ। ਮੈਨੂੰ ਮੇਰੀ ਬਦਕਿਸਮਤੀ ਨੂੰ ਨਾ ਵੇਖਣ ਦਿਉ।”
16 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਇਸਰਾਏਲ ਦੇ 70 ਬਜ਼ੁਰਗਾਂ ਨੂੰ ਲਿਆ। ਇਹ ਆਦਮੀ ਲੋਕਾਂ ਦੇ ਆਗੂ ਹਨ। ਉਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਕੋਲ ਲਿਆ। ਉਨ੍ਹਾਂ ਨੂੰ ਆਪਣੇ ਨਾਲ ਉੱਥੇ ਖੜ੍ਹੇ ਕਰੋ।
24 ਇਸ ਲਈ ਮੂਸਾ ਲੋਕਾਂ ਨਾਲ ਗੱਲ ਕਰਨ ਲਈ ਗਿਆ। ਮੂਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਯਹੋਵਾਹ ਨੇ ਕੀ ਆਖਿਆ ਸੀ। ਫ਼ੇਰ ਮੂਸਾ ਨੇ 70 ਬਜ਼ੁਰਗਾਂ ਨੂੰ ਇਕੱਠਿਆ ਕੀਤਾ। ਮੂਸਾ ਨੇ ਉਨ੍ਹਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਹੋਣ ਲਈ ਆਖਿਆ। 25 ਫ਼ੇਰ ਯਹੋਵਾਹ ਬੱਦਲ ਵਿੱਚੋਂ ਹੇਠਾਂ ਉਤਰਿਆ ਅਤੇ ਮੂਸਾ ਨਾਲ ਗੱਲ ਕੀਤੀ। ਆਤਮਾ ਮੂਸਾ ਦੇ ਉੱਪਰ ਸੀ। ਯਹੋਵਾਹ ਨੇ ਉਹੀ ਆਤਮਾ 70 ਬਜ਼ੁਰਗਾਂ ਦੇ ਉੱਪਰ ਰੱਖ ਦਿੱਤਾ ਜਦੋਂ ਆਤਮਾ ਉਨ੍ਹਾਂ ਦੇ ਉੱਪਰ ਉਤਰਿਆ, ਉਨ੍ਹਾਂ ਨੇ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ। ਪਰ ਇਹੀ ਇੱਕ ਮੌਕਾ ਸੀ ਜਦੋਂ ਇਨ੍ਹਾਂ ਲੋਕਾਂ ਨੇ ਅਜਿਹਾ ਕੀਤਾ।
26 ਬਜ਼ੁਰਗਾਂ ਵਿੱਚੋਂ ਦੋ ਅਲਦਾਦ ਅਤੇ ਮੇਦਾਦ ਤੰਬੂ ਕੋਲ ਨਹੀਂ ਗਏ ਉਨ੍ਹਾਂ ਦੇ ਨਾਮ ਬਜ਼ੁਰਗਾ ਦੀ ਸੂਚੀ ਵਿੱਚ ਸਨ। ਪਰ ਉਹ ਡੇਰੇ ਵਿੱਚ ਹੀ ਰੁਕੇ ਰਹੇ ਪਰ ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਉਨ੍ਹਾਂ ਨੇ ਡੇਰੇ ਵਿੱਚ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ। 27 ਇੱਕ ਨੌਜਵਾਨ ਭੱਜਕੇ ਮੂਸਾ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀ ਕਰ ਰਹੇ ਹਨ।”
28 ਨੂਨ ਦੇ ਪੁੱਤਰ ਯਹੋਸ਼ੁਆ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਮੂਸਾ ਜੀ ਤੁਹਾਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ!” (ਯਹੋਸ਼ੁਆ ਉਦੋਂ ਤੋਂ ਹੀ ਮੂਸਾ ਦਾ ਸਹਾਇਕ ਸੀ। ਜਦੋਂ ਉਹ ਹਾਲੇ ਮੁੰਡਾ ਹੀ ਸੀ।)
29 ਪਰ ਮੂਸਾ ਨੇ ਜਵਾਬ ਦਿੱਤਾ, “ਕੀ ਤੂੰ ਇਸ ਗੱਲੋਂ ਡਰਦਾ ਹੈਂ ਕਿ ਲੋਕ ਸੋਚਣਗੇ ਕਿ ਹੁਣ ਮੈਂ ਆਗੂ ਨਹੀਂ ਹਾਂ? ਮੈਂ ਚਾਹੁੰਦਾ ਹਾਂ ਕਿ ਯਹੋਵਾਹ ਦੇ ਸਾਰੇ ਲੋਕ ਭਵਿੱਖਬਾਣੀ ਕਰਨ ਦੇ ਯੋਗ ਹੋਣ। ਮੈਂ ਚਾਹੁੰਦਾ ਹਾਂ ਕਿ ਯਹੋਵਾਹ ਉਨ੍ਹਾਂ ਸਾਰਿਆਂ ਉੱਪਰ ਆਪਣਾ ਆਤਮਾ ਪਾਵੇ!”
7 ਯਹੋਵਾਹ ਦੇ ਉਪਦੇਸ਼ ਸੰਪੂਰਣਤਾ ਸ਼ੁੱਧ ਹਨ।
ਇਹ ਪਰਮੇਸ਼ੁਰ ਦੇ ਲੋਕਾਂ ਨੂੰ ਨਵੀਂ ਤਾਕਤ ਬਖਸ਼ਦੇ ਹਨ।
ਯਹੋਵਾਹ ਦਾ ਕਰਾਰ ਭਰੋਸੇਯੋਗ ਹੈ।
ਅਤੇ ਇਹ ਆਮ ਲੋਕਾਂ ਨੂੰ ਸਿਆਣੇ ਬਣਾਉਂਦਾ ਹੈ।
8 ਯਹੋਵਾਹ ਦੇ ਨੇਮ ਸਹੀ ਹਨ।
ਉਹ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਦੇ ਹਨ।
ਯਹੋਵਾਹ ਦੇ ਹੁਕਮ ਚੰਗੇ ਹਨ।
ਉਹ ਲੋਕਾਂ ਨੂੰ ਜਿਉਣ ਦਾ ਸਹੀ ਰਾਸਤਾ ਵਿਖਾਉਂਦੇ ਹਨ।
9 ਯਹੋਵਾਹ ਦੀ ਉਪਾਸਨਾ ਕਰਨੀ ਰੌਸ਼ਨੀ ਵਾਂਗ ਹੈ
ਜਿਹੜੀ ਸਦਾ ਲਈ ਲਿਸ਼ਕਦੀ ਹੈ।
ਯਹੋਵਾਹ ਦੇ ਨਿਆਂੇ ਚੰਗੇ ਤੇ ਨਿਰਪੱਖ ਹਨ।
ਉਹ ਸੰਪੂਰਣਤਾ ਸਹੀ ਹਨ।
10 ਯਹੋਵਾਹ ਦੇ ਉਪਦੇਸ਼ ਹਾਲੇ ਵੀ ਸਭ ਤੋਂ ਚੰਗੇ ਸੋਨੇ ਨਾਲੋਂ ਮਹਿੰਗੇ ਹਨ
ਅਤੇ ਉਹ ਸਭ ਨਾਲੋਂ ਵੱਧੀਆਂ ਸ਼ਹਿਦ ਤੋਂ ਵੀ ਮਿੱਠੇ ਹਨ ਜਿਹੜਾ ਸਿੱਧਾ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਿੱਚੋਂ ਪ੍ਰਾਪਤ ਕੀਤਾ ਗਿਆ ਹੈ।
11 ਯਹੋਵਾਹ ਦੇ ਉਪਦੇਸ਼ ਉਸ ਦੇ ਸੇਵਕ ਨੂੰ ਚਿਤਾਵਨੀ ਦਿੰਦੇ ਹਨ,
ਅਤੇ ਉਨ੍ਹਾਂ ਨੂੰ ਮੰਨਣ ਤੇ ਚੰਗ਼ਿਆਂ ਪ੍ਰਾਪਤੀਆਂ ਹੁੰਦੀਆਂ ਹਨ।
12 ਯਹੋਵਾਹ, ਕੋਈ ਵੀ ਆਦਮੀ ਆਪਣੀਆਂ ਸਾਰੀਆਂ ਗਲਤੀਆਂ ਨੂੰ ਨਹੀਂ ਵੇਖ ਸੱਕਦਾ।
ਇਸ ਲਈ ਮੈਨੂੰ ਲੁਕਵੇਂ ਪਾਪ ਨਾ ਕਰਨ ਦੇਵੋ।
13 ਮੇਰੇ ਪਾਸੋਂ ਉਹ ਪਾਪ ਨਾ ਕਰਾਉ ਜਿਨ੍ਹਾਂ ਨੂੰ ਮੇਰਾ ਮਨ ਕਰਨਾ ਲੋਚਦਾ।
ਉਨ੍ਹਾਂ ਪਾਪਾਂ ਨੂੰ ਮੇਰੇ ਉੱਤੇ ਹਾਵੀ ਨਾ ਹੋਣ ਦਿਉ।
ਜੇ ਤੁਸੀਂ ਮੇਰੇ ਸਹਾਈ ਹੋਵੋਂ ਫ਼ੇਰ ਮੈਂ ਪਵਿੱਤਰ ਅਤੇ ਆਪਣੇ ਪਾਪਾਂ ਤੋਂ ਮੁਕਤ ਹੋ ਸੱਕਦਾ ਹਾਂ।
14 ਮੇਰੇ ਸ਼ਬਦਾਂ ਤੇ ਸੋਚਾਂ ਨੂੰ ਤੁਹਾਨੂੰ ਪ੍ਰਸੰਨ ਕਰਨ ਦਿਉ।
ਯਹੋਵਾਹ, ਤੁਸੀਂ ਮੇਰੀ ਓਟ ਹੋ ਇਹ ਤੂੰ ਹੀ ਹੈ ਜਿਸਨੇ ਮੈਨੂੰ ਬਚਾਇਆ।
ਪ੍ਰਾਰਥਨਾ ਦੀ ਸ਼ਕਤੀ
13 ਜੇ ਤੁਹਾਡੇ ਵਿੱਚੋਂ ਕੋਈ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ ਤਾਂ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇ ਤੁਹਾਡੇ ਵਿੱਚੋਂ ਕੋਈ ਖੁਸ਼ ਹੈ ਤਾਂ ਉਸ ਨੂੰ ਗਾਉਣਾ ਚਾਹੀਦਾ ਹੈ। 14 ਜੇ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ ਤਾਂ ਉਸ ਨੂੰ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਉਣਾ ਚਾਹੀਦਾ ਹੈ। ਅਤੇ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਭੂ ਦੇ ਨਾਮ ਤੇ ਉਸ ਉੱਪਰ ਤੇਲ ਮਲਣ ਅਤੇ ਉਸ ਲਈ ਪ੍ਰਾਰਥਨਾ ਕਰਨ। 15 ਅਤੇ ਜੇਕਰ ਉਹ ਪ੍ਰਾਰਥਨਾ ਵਿਸ਼ਵਾਸ ਵਿੱਚ ਆਖੀ ਗਈ ਹੈ, ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਚੰਗਾ ਕਰੇਗਾ। ਅਤੇ ਜੇ ਉਸ ਵਿਅਕਤੀ ਨੇ ਪਾਪ ਕੀਤਾ ਹੈ ਤਾਂ ਪਰਮੇਸ਼ੁਰ ਉਸ ਨੂੰ ਮਾਫ਼ ਕਰ ਦੇਵੇਗਾ।
16 ਹਮੇਸ਼ਾ ਇੱਕ ਦੂਸਰੇ ਨੂੰ ਉਨ੍ਹਾਂ ਗਲਤ ਗੱਲਾਂ ਬਾਰੇ ਦੱਸੋ ਜਿਹੜੀਆਂ ਤੁਹਾਡੇ ਪਾਸੋਂ ਹੋਈਆਂ ਹਨ। ਫ਼ੇਰ ਇੱਕ ਦੂਸਰੇ ਲਈ ਪ੍ਰਾਰਥਨਾ ਕਰੋ ਅਜਿਹਾ ਹੀ ਕਰੋ ਤਾਂ ਜੋ ਪਰਮੇਸ਼ੁਰ ਤੁਹਾਨੂੰ ਰਾਜੀ ਕਰ ਸੱਕੇ। ਜਦੋਂ ਕੋਈ ਨੇਕ ਆਦਮੀ ਨਿਹਚਾ ਨਾਲ ਪ੍ਰਾਰਥਨਾ ਕਰਦਾ ਹੈ ਤਾਂ ਮਹਾਨ ਗੱਲਾਂ ਵਾਪਰਦੀਆਂ ਹਨ। 17 ਏਲੀਯਾਹ ਸਾਡੇ ਵਰਗਾ ਹੀ ਇੱਕ ਵਿਅਕਤੀ ਸੀ। ਉਸ ਨੇ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਾਵੇ। ਅਤੇ ਸਾਢੇ ਤਿੰਨ ਵਰ੍ਹਿਆਂ ਤੱਕ ਉਸ ਧਰਤੀ ਤੇ ਮੀਂਹ ਨਹੀਂ ਪਿਆ। 18 ਫ਼ੇਰ ਏਲੀਯਾਹ ਨੇ ਪ੍ਰਾਰਥਨਾ ਕੀਤੀ ਕਿ ਮੀਂਹ ਪਵੇ। ਅਤੇ ਅਕਾਸ਼ ਤੋਂ ਵਰੱਖਾ ਹੋਣ ਲੱਗੀ ਅਤੇ ਧਰਤੀ ਤੇ ਫ਼ਸਲਾਂ ਫ਼ੇਰ ਉੱਗ ਪਈਆਂ।
ਪਾਪੀਆਂ ਨੂੰ ਪਾਪ ਤੋਂ ਵਾਪਸ ਲਿਆਓ
19 ਮੇਰੇ ਭਰਾਵੋ ਅਤੇ ਭੈਣੋ, ਤੁਹਾਡੇ ਵਿੱਚੋਂ ਕੋਈ ਸ਼ਾਇਦ ਸੱਚ ਦੇ ਰਾਹ ਤੋਂ ਭਟਕ ਜਾਵੇ। ਅਤੇ ਦੂਸਰਾ ਵਿਅਕਤੀ ਸ਼ਾਇਦ ਉਸ ਨੂੰ ਸੱਚ ਵੱਲ ਵਾਪਸ ਲਿਆਉਣ ਵਿੱਚ ਮਦਦ ਕਰੇ। 20 ਇਸ ਨੂੰ ਯਾਦ ਰੱਖਿਓ। ਕੋਈ ਵੀ ਵਿਅਕਤੀ ਜਿਹੜਾ ਕਿਸੇ ਪਾਪੀ ਨੂੰ ਗਲਤ ਰਾਹ ਤੋਂ ਮੋੜਦਾ ਹੈ, ਉਹ ਉਸ ਪਾਪੀ ਨੂੰ ਮੌਤ ਤੋਂ ਬਚਾਉਂਦਾ ਹੈ। ਅਜਿਹਾ ਕਰਕੇ, ਉਹ ਵਿਅਕਤੀ ਆਪਣੇ ਬਹੁਤ ਸਾਰੇ ਪਾਪਾਂ ਦੀ ਮੁਆਫ਼ੀ ਦਾ ਕਾਰਣ ਬਣੇਗਾ।
ਜੋ ਸਾਡੇ ਵਿਰੁੱਧ ਨਹੀਂ ਉਹ ਸਾਡੇ ਨਾਲ ਹੈ(A)
38 ਫ਼ਿਰ ਯੂਹੰਨਾ ਨੇ ਆਖਿਆ, “ਗੁਰੂ! ਅਸੀਂ ਇੱਕ ਬੰਦੇ ਨੂੰ ਤੇਰੇ ਨਾਂ ਉੱਤੇ ਭੂਤ ਕੱਢਦਿਆਂ ਵੇਖਿਆ ਹੈ, ਪਰ ਉਸ ਨੂੰ ਅਸੀਂ ਇਹ ਸਭ ਕਰਨ ਤੋਂ ਰੋਕਿਆ, ਕਿਉਂਕਿ ਉਹ ਸਾਡੇ ਧੜੇ ਵਿੱਚੋਂ ਨਹੀਂ ਸੀ।”
39 ਯਿਸੂ ਨੇ ਆਖਿਆ, “ਉਸ ਨੂੰ ਰੋਕੋ ਨਾ। ਕਿਉਂਕਿ ਜੇਕਰ ਕੋਈ ਮੇਰੇ ਨਾਂ ਉੱਤੇ ਕਰਿਸ਼ਮੇ ਕਰਦਾ ਹੈ ਤਾਂ ਝੱਟ ਹੀ ਉਹ ਮੇਰੇ ਬਾਰੇ ਕੋਈ ਬੁਰੀਆਂ ਗੱਲਾਂ ਨਹੀਂ ਆਖੇਗਾ। 40 ਉਹ ਵਿਅਕਤੀ ਜੋ ਸਾਡੇ ਵਿਰੁੱਧ ਨਹੀਂ ਹੈ, ਉਹ ਸਾਡੇ ਲਈ ਹੈ। 41 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਜੇਕਰ ਕੋਈ ਤੁਹਾਨੂੰ ਪਾਣੀ ਦਾ ਪਿਆਲਾ ਪੀਣ ਨੂੰ ਦਿੰਦਾ ਹੈ, ਕਿਉਂਕਿ ਤੁਸੀਂ ਮਸੀਹ ਦੇ ਹੋ, ਤਾਂ ਉਹ ਜ਼ਰੂਰ ਆਪਣਾ ਫ਼ਲ ਪਾਵੇਗਾ।
ਯਿਸੂ ਪਾਪਾਂ ਦੇ ਕਾਰਣਾ ਬਾਰੇ ਚਿਤਾਵਨੀ ਦਿੰਦਾ ਹੈ(B)
42 “ਜੇਕਰ ਕੋਈ ਮਨੁੱਖ ਇਨ੍ਹਾਂ ਛੋਟਿਆਂ ਬੱਚਿਆਂ ਤੋਂ, ਜਿਹੜੇ ਕਿ ਮੇਰੇ ਤੇ ਨਿਹਚਾ ਰੱਖਦੇ ਹਨ, ਪਾਪ ਕਰਵਾਏ ਤਾਂ ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ। ਉਸ ਮਨੁੱਖ ਲਈ ਚੰਗਾ ਹੋਵੇਗਾ ਕਿ ਉਹ ਆਪਣੇ ਗੱਲ ਵਿੱਚ ਚੱਕੀ ਦਾ ਪੁੜ ਬੰਨ੍ਹੇ ਅਤੇ ਸਮੁੰਦਰ ਵਿੱਚ ਕੁੱਦ ਜਾਵੇ। 43 ਜੇਕਰ ਤੁਹਾਡਾ ਇੱਕ ਹੱਥ ਤੁਹਾਥੋਂ ਪਾਪ ਕਰਵਾਉਂਦਾ ਹੈ, ਤਾਂ ਇਸ ਨੂੰ ਵੱਢ ਸੁੱਟੋ। ਤੁਹਾਡੇ ਲਈ ਟੁੰਡਾ ਹੁੰਦਿਆਂ ਹੋਇਆਂ ਜੀਵਨ ਵਿੱਚ ਵੜਨਾ ਚੰਗਾ ਹੈ ਨਾ ਕਿ ਦੋ ਹੱਥਾ ਨਾਲ, ਜਿਸ ਨਾਲ ਤੁਸੀਂ ਨਰਕ ਵਿੱਚ ਜਾਵੋਂਗੇ। ਜਿੱਥੇ ਅਜਿਹੀ ਅੱਗ ਹੋਵੇਗੀ ਜੋ ਬੁਝਾਈ ਨਹੀਂ ਜਾ ਸੱਕਦੀ। 44 [a] 45 ਜੇਕਰ ਤੁਹਾਡਾ ਇੱਕ ਪੈਰ ਤੁਹਾਥੋਂ ਪਾਪ ਕਰਾਉਂਦਾ ਹੈ, ਤਾਂ ਇਸ ਨੂੰ ਵੱਢ ਸੁੱਟੋ। ਲੰਗੜਾ ਹੋਕੇ ਜਿਉਣਾ ਤੁਹਾਡੇ ਲਈ ਉਸਤੋਂ ਭਲਾ ਹੈ ਜੋ ਦੋ ਪੈਰ ਹੁੰਦਿਆਂ ਵੀ ਤੁਹਾਨੂੰ ਨਰਕ ਦੀ ਉਸ ਅੱਗ ਵਿੱਚ, ਜਿਹੜੀ ਬੁਝਣ ਵਾਲੀ ਨਹੀਂ, ਸੁੱਟਿਆ ਜਾਵੇ। 46 [b] 47 ਜੇਕਰ ਤੁਹਾਡੀ ਅੱਖ ਤੁਹਾਥੋਂ ਕੋਈ ਪਾਪ ਕਰਵਾਏ, ਇਸ ਨੂੰ ਵੀ ਬਾਹਰ ਕੱਢ ਸੁੱਟੋ। ਇੱਕ ਅੱਖ ਨਾਲ ਜੀਵਨ ਵਿੱਚ ਵੜਨਾ ਚੰਗਾ ਹੋਵੇਗਾ, ਉਸ ਕੋਲੋ ਕਿ ਤੁਹਾਨੂੰ ਦੋ ਅੱਖਾਂ ਦੇ ਹੁੰਦਿਆਂ ਹੋਇਆਂ ਨਰਕ ਵਿੱਚ ਸੁੱਟਿਆ ਜਾਵੇ। 48 ਨਰਕ ਵਿੱਚ, ਉਹ ਕੀੜੇ ਜੋ ਲੋਕਾਂ ਨੂੰ ਖਾਂਦੇ ਹਨ, ਕਦੇ ਨਹੀਂ ਮਰਦੇ, ਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਾਈ ਜਾ ਸੱਕਦੀ।
49 “ਸਭ ਨੂੰ ਅੱਗ ਦੁਆਰਾ ਸਜ਼ਾ ਦਿੱਤੀ ਜਾਵੇਗੀ।
50 “ਲੂਣ ਚੰਗਾ ਹੈ। ਜੇਕਰ ਲੂਣ ਆਪਣਾ ਲੂਣਾਪਨ ਛੱਡ ਦੇਵੇ ਤਾਂ ਉਹ ਦੋਬਾਰਾ ਨਮਕੀਨ ਨਹੀਂ ਹੋ ਸੱਕਦਾ। ਇਸ ਲਈ ਹਮੇਸ਼ਾ ਚੰਗਿਆਈ ਨਾਲ ਭਰਪੂਰ ਰਹੋ ਅਤੇ ਇੱਕ-ਦੂਜੇ ਨਾਲ ਸ਼ਾਂਤੀ ਪੂਰਵਕ ਰਹੋ।”
2010 by World Bible Translation Center