Revised Common Lectionary (Complementary)
ਨਿਰਦੇਸ਼ਕ ਲਈ: ਸਾਜ਼ਾਂ ਨਾਲ। ਦਾਊਦ ਦਾ ਮਸੱਕੀਲ, ਉਦੋਂ ਦੀ ਲਿਖੀ ਹੋਈ, ਜਦੋਂ ਜ਼ਿਫ਼ੀਆਂ ਸ਼ਾਊਲ ਕੋਲ ਆਇਆ ਅਤੇ ਆਖਿਆ, “ਸਾਡਾ ਖਿਆਲ ਹੈ ਕਿ ਦਾਊਦ ਆਪਣੇ-ਆਪ ਨੂੰ ਸਾਡੇ ਲੋਕਾਂ ਦਰਮਿਆਨ ਲੁਕੋ ਰਿਹਾ ਹੈ।”
54 ਹੇ ਪਰਮੇਸ਼ੁਰ, ਆਪਣੀ ਤਾਕਤ ਵਰਤੋਂ ਅਤੇ ਮੈਨੂੰ ਬਚਾਵੋ।
ਆਪਣੀ ਅਸੀਸ ਦੀ ਸ਼ਕਤੀ ਦੀ ਵਰਤੋਂ ਕਰਕੇ ਮੈਨੂੰ ਮੁਕਤ ਕਰੋ।
2 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣੋ,
ਉਹ ਗੱਲਾਂ ਸੁਣੋ ਜੋ ਮੈਂ ਆਖਦਾ ਹਾਂ।
3 ਉਹ ਅਜਨਬੀ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਵੀ ਨਹੀਂ ਕਰਦੇ ਮੇਰੇ ਖਿਲਾਫ਼ ਹੋ ਗਏ ਹਨ।
ਉਹ ਤਕੜੇ ਆਦਮੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।
4 ਦੇਖੋ, ਮੇਰਾ ਪਰਮੇਸ਼ੁਰ ਮੇਰੀ ਸਹਾਇਤਾ ਕਰੇਗਾ।
ਮੇਰਾ ਮਾਲਕ ਮੈਨੂੰ ਸਹਾਰਾ ਦੇਣ ਵਾਲਿਆਂ ਵਿੱਚੋਂ ਇੱਕ ਹੈ।
5 ਮੇਰਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜਿਹੜੇ ਮੇਰੇ ਖਿਲਾਫ਼ ਹੋ ਗਏ ਹਨ।
ਪਰਮੇਸ਼ੁਰ ਮੇਰੇ ਨਾਲ ਵਫ਼ਾ ਕਰੇਗਾ, ਅਤੇ ਉਹ ਉਨ੍ਹਾਂ ਲੋਕਾਂ ਨੂੰ ਬਰਬਾਦ ਕਰ ਦੇਵੇਗਾ।
6 ਹੇ ਪਰਮੇਸ਼ੁਰ, ਮੈਂ ਤੁਹਾਨੂੰ ਆਪਣੀ ਮਰਜ਼ੀ ਨਾਲ ਸੁਗਾਤਾਂ ਭੇਟ ਕਰਾਂਗਾ।
ਹੇ ਯਹੋਵਾਹ, ਮੈਂ ਤੇਰੇ ਚੰਗੇ ਨਾਮ ਦੀ ਉਸਤਤਿ ਕਰਾਂਗਾ।
7 ਕਿਉਂਕਿ ਤੁਸੀਂ ਹੀ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
ਮੈਂ ਆਪਣਿਆ ਵੈਰੀਆਂ ਨੂੰ ਹਾਰਦਿਆਂ ਦੇਖਿਆ।
ਮਿਦਯਾਨੀਆਂ ਦੀ ਇਸਰਾਏਲ ਨਾਲ ਲੜਾਈ
6 ਇੱਕ ਵਾਰ ਫ਼ੇਰ ਇਸਰਾਏਲ ਦੇ ਲੋਕ ਉਹੀ ਗੱਲਾਂ ਕਰਨ ਲੱਗੇ ਜਿਨ੍ਹਾਂ ਨੂੰ ਯਹੋਵਾਹ ਨੇ ਮੰਦਾ ਆਖਿਆ ਸੀ। ਇਸ ਲਈ ਸੱਤਾਂ ਸਾਲਾਂ ਤੱਕ ਯਹੋਵਾਹ ਨੇ ਮਿਦਯਾਨ ਦੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ।
2 ਮਿਦਯਾਨ ਦੇ ਲੋਕ ਬਹੁਤ ਤਾਕਤਵਰ ਅਤੇ ਇਸਰਾਏਲ ਦੇ ਲੋਕਾਂ ਵਾਸਤੇ ਬਹੁਤ ਜ਼ਾਲਮ ਸਨ। ਇਸ ਲਈ ਇਸਰਾਏਲ ਦੇ ਲੋਕਾਂ ਨੇ ਪਹਾੜਾਂ ਦੀਆਂ ਤਰੇੜਾਂ, ਗੁਫ਼ਾਵਾਂ ਵਿੱਚ ਬਹੁਤ ਸਾਰੀਆਂ ਛੁਪਣਗਾਹਾਂ ਅਤੇ ਗੜ੍ਹੀਆਂ ਬਣਾ ਲਈਆਂ, ਅਤੇ ਉਹ ਉੱਥੇ ਲੁਕ ਗਏ। 3 ਉਹ ਅਜਿਹਾ ਇਸ ਲਈ ਕਰਦੇ ਸਨ ਕਿਉਂਕਿ ਮਿਦਯਾਨੀ, ਅਮਾਲੇਕੀ ਅਤੇ ਪੂਰਬ ਵੱਲੋਂ ਹੋਰ ਲੋਕ ਆਕੇ ਉਨ੍ਹਾਂ ਉੱਤੇ ਹਮਲਾ ਕਰ ਦਿੰਦੇ ਸਨ। 4 ਉਹ ਲੋਕ ਧਰਤੀ ਉੱਤੇ ਡੇਰੇ ਲਾ ਲੈਂਦੇ ਸਨ ਅਤੇ ਇਸਰਾਏਲ ਦੇ ਲੋਕਾਂ ਦੀਆਂ ਬੀਜੀਆਂ ਹੋਈਆਂ ਫ਼ਸਲਾਂ ਨੂੰ ਨਸ਼ਟ ਕਰ ਦਿੰਦੇ ਸਨ। ਉਹ ਗਾਜ਼ਾ ਜਿੰਨੀ ਦੂਰ ਤਾਈਂ ਫ਼ਸਲਾਂ ਨੂੰ ਨਸ਼ਟ ਕਰ ਦਿੰਦੇ ਸਨ। ਉਹ ਇਸਰਾਏਲ ਦੇ ਲੋਕਾਂ ਲਈ ਖਾਣ ਵਾਸਤੇ ਕੁਝ ਵੀ ਅਨਾਜ ਨਹੀਂ ਛੱਡਦੇ ਸਨ। ਉਹ ਉਨ੍ਹਾਂ ਲਈ ਭੇਡਾਂ, ਬਲਦ ਜਾਂ ਖੋਤੇ ਵੀ ਨਹੀਂ ਛੱਡਦੇ ਸਨ। 5 ਮਿਦਯਾਨ ਦੇ ਲੋਕ ਆਉਂਦੇ ਅਤੇ ਧਰਤੀ ਉੱਤੇ ਡੇਰਾ ਲਾਉਂਦੇ ਉਹ ਆਪਣੇ ਪਰਿਵਾਰਾਂ ਅਤੇ ਜਾਨਵਰਾਂ ਨੂੰ ਵੀ ਨਾਲ ਲਿਆਉਂਦੇ। ਉਹ ਟਿੱਡੀ ਦਲ ਵਾਂਗ ਹੁੰਦੇ। ਉਨ੍ਹਾਂ ਦੇ ਬੰਦੇ ਅਤੇ ਊਠ ਇੰਨੇ ਜ਼ਿਆਦਾ ਹੁੰਦੇ ਕਿ ਗਿਣਨੇ ਵੀ ਮੁਸ਼ਕਿਲ ਹੁੰਦੇ। ਇਹ ਸਾਰੇ ਲੋਕ ਇਸ ਧਰਤੀ ਉੱਤੇ ਆਉਂਦੇ ਅਤੇ ਇਸ ਨੂੰ ਤਬਾਹ ਕਰ ਦਿੰਦੇ। 6 ਇਨ੍ਹਾਂ ਮਿਦਯਾਨ ਲੋਕਾਂ ਕਾਰਣ ਇਸਰਾਏਲ ਦੇ ਲੋਕ ਬਹੁਤ ਗਰੀਬ ਹੋ ਗਏ। ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ।
7 ਮਿਦਯਾਨ ਦੇ ਲੋਕਾਂ ਨੇ ਇਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ। ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਅੱਗੇ ਮਦਦ ਲਈ ਪੁਕਾਰ ਕੀਤੀ। 8 ਇਸ ਲਈ ਯਹੋਵਾਹ ਨੇ ਉਨ੍ਹਾਂ ਵੱਲ ਇੱਕ ਨਬੀ ਭੇਜਿਆ। ਨਬੀ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਤੁਸੀਂ ਮਿਸਰ ਦੀ ਧਰਤੀ ਉੱਤੇ ਗੁਲਾਮ ਸੀ। ਮੈਂ ਤੁਹਾਨੂੰ ਆਜ਼ਾਦ ਕਰਾਇਆ ਅਤੇ ਉਸ ਧਰਤੀ ਵਿੱਚੋਂ ਬਾਹਰ ਲੈ ਆਇਆ। 9 ਮੈਂ ਤੁਹਾਨੂੰ ਮਿਸਰ ਦੇ ਤਾਕਤਵਰ ਲੋਕਾਂ ਤੋਂ ਬਚਾਇਆ। ਫ਼ੇਰ ਕਨਾਨ ਦੀ ਧਰਤੀ ਦੇ ਲੋਕਾਂ ਨੇ ਤੁਹਾਨੂੰ ਨੁਕਸਾਨ ਪਹੁੰਚਾਇਆ। ਇਸ ਲਈ ਮੈਂ ਤੁਹਾਨੂੰ ਫ਼ੇਰ ਬਚਾਇਆ। ਮੈਂ ਉਨ੍ਹਾਂ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਅਤੇ ਮੈਂ ਉਨ੍ਹਾਂ ਦੀ ਧਰਤੀ ਤੁਹਾਨੂੰ ਦੇ ਦਿੱਤੀ।’ 10 ਫ਼ੇਰ ਮੈਂ ਤੁਹਾਨੂੰ ਆਖਿਆ, ‘ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਤੁਸੀਂ ਅਮੋਰੀ ਲੋਕਾਂ ਦੀ ਧਰਤੀ ਉੱਤੇ ਰਹੋਂਗੇ, ਪਰ ਤੁਹਾਨੂੰ ਉਨ੍ਹਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਬਿਲਕੁਲ ਨਹੀਂ ਕਰਨੀ ਚਾਹੀਦੀ’ ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ।”
ਸਲੀਬ ਉੱਤੇ ਮਸੀਹ ਬਾਰੇ ਸੰਦੇਸ਼
2 ਪਿਆਰੇ ਭਰਾਵੋ ਅਤੇ ਭੈਣੋ ਮੈਂ ਜਦੋਂ ਤੁਹਾਡੇ ਕੋਲ ਆਇਆ ਸੀ ਤਾਂ ਮੈਂ ਤੁਹਾਨੂੰ ਪਰਮੇਸ਼ੁਰ ਦੇ ਸੱਚ ਬਾਰੇ ਦੱਸਿਆ ਸੀ। ਪਰ ਉਸ ਲਈ ਮੈਂ ਨਾ ਤਾਂ ਚੰਗੇ ਵਕਤਾਂ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਨਾ ਹੀ ਮਹਾਨ ਸੂਝ ਦੀ ਵਰਤੋਂ ਕੀਤੀ ਹੈ। 2 ਮੈਂ ਇਹ ਫ਼ੈਸਲਾ ਕਰ ਲਿਆ ਸੀ। ਕਿ ਜਦੋਂ ਤੱਕ ਮੈਂ ਤੁਹਾਡੇ ਨਾਲ ਹਾਂ ਤਾਂ ਮੈ ਯਿਸੂ ਮਸੀਹ ਅਤੇ ਉਸਦੀ ਸਲੀਬ ਉੱਤੇ ਮ੍ਰਿਤੂ ਤੋਂ ਅਲਾਵਾ ਹਰ ਗੱਲ ਭੁੱਲ ਜਾਵਾਂਗਾ। 3 ਜਦੋਂ ਮੈਂ ਤੁਹਾਡੇ ਕੋਲ ਆਇਆ ਸਾਂ, ਮੈਂ ਨਿਰਬਲ ਸਾਂ ਅਤੇ ਡਰ ਨਾਲ ਕੰਬ ਰਿਹਾ ਸਾਂ। 4 ਮੇਰੀਆਂ ਗੱਲਾਂ ਅਤੇ ਮੇਰਾ ਪ੍ਰਚਾਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸੂਝ ਦੇ ਸ਼ਬਦ ਨਹੀਂ ਸਨ। ਪਰ ਮੇਰੀ ਸਿੱਖਿਆ ਦਾ ਪ੍ਰਮਾਣ ਉਹ ਸ਼ਕਤੀ ਹੈ ਜੋ ਪਵਿੱਤਰ ਆਤਮਾ ਤੋਂ ਪ੍ਰਾਪਤ ਕੀਤੀ ਗਈ ਹੈ। 5 ਮੈਂ ਅਜਿਹਾ ਇਸ ਲਈ ਕੀਤਾ ਤਾਂ ਕਿ ਜੋ ਤੁਹਾਡਾ ਕਿਸੇ ਮਨੁੱਖ ਦੀ ਸੂਝ ਵਿੱਚ ਨਹੀਂ ਸਗੋਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਸ਼ਚਾ ਹੋਵੇ।
2010 by World Bible Translation Center