Revised Common Lectionary (Complementary)
ਤਾਉ
169 ਯਹੋਵਾਹ, ਮੇਰਾ ਖੁਸ਼ੀ ਭਰਿਆ ਗੀਤ ਸੁਣੋ।
ਮੈਨੂੰ ਬਚਾਉ ਜਿਵੇਂ ਤੁਸੀਂ ਸਿਆਣਾ ਇਕਰਾਰ ਕੀਤਾ ਸੀ।
170 ਯਹੋਵਾਹ, ਮੇਰੀ ਪ੍ਰਾਰਥਨਾ ਨੂੰ ਸੁਣੋ।
ਮੈਨੂੰ ਬਚਾਉ ਜਿਵੇਂ ਤੁਸੀਂ ਇਕਰਾਰ ਕੀਤਾ ਸੀ।
171 ਮੈਂ ਅਚਾਨਕ ਉਸਤਤਿ ਦੇ ਗੀਤ ਗਾਉਣ ਲੱਗਦਾ ਹਾਂ,
ਕਿਉਂ ਕਿ ਤੁਸੀਂ ਮੈਨੂੰ ਆਪਣੇ ਨੇਮ ਸਿੱਖਾਏ ਸਨ।
172 ਮੈਨੂੰ ਤੁਹਾਡੇ ਸ਼ਬਦਾ ਨੂੰ ਗਾਉਣ ਦਿਉ।
ਅਤੇ ਮੈਨੂੰ ਮੇਰਾ ਗੀਤ ਗਾਉਣ ਦਿਉ।
ਯਹੋਵਾਹ, ਤੁਹਾਡੇ ਸਮੂਹ ਨੇਮ ਚੰਗੇ ਹਨ।
173 ਮੈਂ ਤੁਹਾਡੇ ਆਦੇਸ਼ਾ ਨੂੰ ਪਾਲਣ ਦੀ ਚੋਣ ਕੀਤੀ ਸੀ।
ਇਸ ਲਈ ਮੇਰੇ ਕੋਲ ਪਹੁੰਚੇ ਅਤੇ ਮੇਰੀ ਮਦਦ ਕਰੋ।
174 ਯਹੋਵਾਹ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਬਚਾਉ।
ਪਰ ਤੁਹਾਡੀਆਂ ਸਿੱਖਿਆਵਾਂ ਮੈਨੂੰ ਖੁਸ਼ੀ ਦਿੰਦੀਆਂ ਹਨ।
175 ਮੈਨੂੰ ਜਿਉਣ ਦਿਉ ਅਤੇ ਤੁਹਾਡੀ ਉਸਤਤਿ ਕਰਨ ਦਿਉ।
ਯਹੋਵਾਹ ਤੁਹਾਡੇ ਨੇਮਾਂ ਨੂੰ ਮੇਰੀ ਮਦਦ ਕਰਨ ਦਿਉ।
176 ਮੈਂ ਗੁਆਚੀ ਭੇਡਾਂ ਵਾਂਗ ਭਟਕਿਆ ਹਾਂ।
ਮੇਰੀ ਤਲਾਸ਼ ਵਿੱਚ ਆਉ। ਯਹੋਵਾਹ,
ਮੈਂ ਤੁਹਾਡਾ ਸੇਵਕ ਹਾਂ,
ਅਤੇ ਮੈਂ ਤੁਹਾਡੇ ਆਦੇਸ਼ਾ ਨੂੰ ਭੁੱਲਿਆ ਨਹੀਂ ਹਾਂ।
12 ਮੇਰਾ ਪ੍ਰਭੂ ਉਨ੍ਹਾਂ ਗੱਲਾਂ ਨੂੰ ਪੂਰਾ ਕਰੇਗਾ ਜਿਸਦੀ ਯੋਜਨਾ ਉਸ ਨੇ ਯਰੂਸ਼ਲਮ ਅਤੇ ਸੀਯੋਨ ਪਰਬਤ ਲਈ ਬਣਾਈ ਸੀ। ਫ਼ੇਰ ਯਹੋਵਾਹ ਅੱਸ਼ੂਰ ਨੂੰ ਸਜ਼ਾ ਦੇਵੇਗਾ। ਅੱਸ਼ੂਰ ਦਾ ਰਾਜ ਬਹੁਤ ਗੁਮਾਨੀ ਹੈ। ਉਸ ਦੇ ਹਂਕਾਰ ਨੇ ਉਸ ਕੋਲੋਂ ਬਹੁਤ ਮੰਦੇ ਕੰਮ ਕਰਵਾਏ ਹਨ। ਇਸ ਲਈ ਪਰਮੇਸ਼ੁਰ ਉਸ ਨੂੰ ਸਜ਼ਾ ਦੇਵੇਗਾ।
13 ਅੱਸ਼ੂਰ ਦਾ ਰਾਜਾ ਆਖਦਾ ਹੈ, “ਮੈਂ ਬਹੁਤ ਸਿਆਣਾ ਹਾਂ। ਮੈਂ ਆਪਣੀ ਸਿਆਣਪ ਅਤੇ ਸ਼ਕਤੀ ਨਾਲ ਬਹੁਤ ਮਹਾਨ ਗੱਲਾਂ ਕੀਤੀਆਂ ਹਨ। ਮੈਂ ਬਹੁਤ ਕੌਮਾਂ ਨੂੰ ਹਰਾਇਆ ਹੈ। ਮੈਂ ਉਨ੍ਹਾਂ ਦੀ ਦੌਲਤ ਲੁੱਟ ਲਈ ਹੈ। ਅਤੇ ਮੈਂ ਉਨ੍ਹਾਂ ਦੇ ਲੋਕਾਂ ਨੂੰ ਗੁਲਾਮ ਬਣਾ ਲਿਆ ਹੈ। ਮੈਂ ਬਹੁਤ ਸ਼ਕਤੀਸ਼ਾਲੀ ਬੰਦਾ ਹਾਂ। 14 ਮੈਂ ਆਪਣੇ ਹੱਥਾਂ ਨਾਲ ਉਨ੍ਹਾਂ ਸਾਰੇ ਲੋਕਾਂ ਦੀ ਦੌਲਤ ਲੁੱਟੀ ਹੈ। ਜਿਵੇਂ ਕੋਈ ਬੰਦਾ ਕਿਸੇ ਪੰਛੀ ਦੇ ਆਲ੍ਹਣੇ ਵਿੱਚੋਂ ਆਂਡੇ ਚੁੱਕ ਲੈਂਦਾ ਹੈ। ਪੰਛੀ ਬਹੁਤ ਵਾਰੀ ਆਪਣੇ ਆਲ੍ਹਣੇ ਅਤੇ ਅੰਡਿਆਂ ਨੂੰ ਇੱਕਲਿਆਂ ਛੱਡ ਦਿੰਦਾ ਹੈ। ਅਤੇ ਉਸ ਦੇ ਆਲ੍ਹਣੇ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੁੰਦਾ। ਓੱਥੇ ਕੋਈ ਵੀ ਪੰਛੀ ਆਪਣੇ ਖੰਭਾਂ ਅਤੇ ਆਪਣੀ ਚੁਂਝ ਨਾਲ ਚੀਕ ਚਿਹਾੜਾ ਕਰਨ ਅਤੇ ਲੜਨ ਲਈ ਮੌਜੂਦ ਨਹੀਂ ਹੁੰਦਾ। ਇਸ ਲਈ ਲੋਕ ਆਂਡੇ ਚੁੱਕ ਲੈਂਦੇ ਹਨ। ਇਸੇ ਤਰ੍ਹਾਂ ਹੀ ਓੱਥੇ ਕੋਈ ਵੀ ਬੰਦਾ ਮੈਨੂੰ ਧਰਤੀ ਦੇ ਸਾਰੇ ਲੋਕਾਂ ਨੂੰ ਲੁੱਟਣ ਤੋਂ ਰੋਕਣ ਵਾਲਾ ਨਹੀਂ ਸੀ।”
15 ਕੋਈ ਵੀ ਕੁਹਾੜਾ ਉਸ ਬੰਦੇ ਨਾਲੋਂ ਬਿਹਤਰ ਨਹੀਂ ਜਿਹੜਾ ਉਸ ਨੂੰ ਕੱਟਣ ਲਈ ਵਰਤਦਾ ਹੈ। ਕੋਈ ਵੀ ਕੁਹਾੜਾ ਉਸ ਬੰਦੇ ਨਾਲੋਂ ਬਿਹਤਰ ਨਹੀਂ ਜਿਹੜਾ ਉਸ ਨੂੰ ਚੀਰਨ ਲਈ ਵਰਤਦਾ ਹੈ। ਇਹ ਇਸੇ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਉਹ ਡੰਡਾ ਉਸ ਬੰਦੇ ਨਾਲੋਂ ਵੱਧੇਰੇ ਮਹੱਤਵਪੂਰਣ ਅਤੇ ਤਾਕਤਵਰ ਹੋਵੇ ਜਿਹੜਾ ਉਸ ਨੂੰ ਕਿਸੇ ਨੂੰ ਸਜ਼ਾ ਦੇਣ ਲਈ ਵਰਤਦਾ ਹੈ, 16 ਪਰ ਸਰਬ ਸ਼ਕਤੀਮਾਨ ਯਹੋਵਾਹ ਅੱਸ਼ੂਰ ਦੇ ਜੋਧਿਆਂ ਦੇ ਵਿਰੁੱਧ ਭਿਆਨਕ ਮਹਾਮਾਰੀ ਭੇਜੇਗਾ। ਅੱਸ਼ੂਰ ਓਸੇ ਤਰ੍ਹਾਂ ਆਪਣੀ ਦੌਲਤ ਅਤੇ ਸ਼ਕਤੀ ਗਵਾ ਲਵੇਗਾ ਜਿਵੇਂ ਕੋਈ ਬੀਮਾਰ ਆਦਮੀ ਆਪਣਾ ਭਾਰ ਘਟਾ ਲੈਂਦਾ ਹੈ। ਫ਼ੇਰ ਅੱਸ਼ੂਰ ਦਾ ਪਰਤਾਪ ਤਬਾਹ ਹੋ ਜਾਵੇਗੀ। ਇਹ ਇਸ ਤਰ੍ਹਾਂ ਦੀ ਗੱਲ ਹੋਵੇਗੀ ਜਿਵੇਂ ਅੱਗ ਉਦੋਂ ਤੱਕ ਬਲਦੀ ਹੈ। ਜਦੋਂ ਤੱਕ ਕਿ ਚੀਜ਼ ਸੜ ਨਹੀਂ ਜਾਂਦੀ। 17 ਇਸਰਾਏਲ ਦੀ ਰੌਸ਼ਨੀ (ਪਰਮੇਸ਼ੁਰ) ਅੱਗ ਵਾਂਗ ਹੋਵੇਗੀ। ਪਵਿੱਤਰ ਪੁਰੱਖ ਅੱਗ ਦੀ ਲਾਟ ਵਰਗੀ ਹੋਵੇਗੀ। ਉਹ ਉਸ ਅੱਗ ਵਾਂਗ ਹੋਵੇਗੀ ਜਿਹੜੀ ਪਹਿਲਾਂ ਘਾਹ ਫ਼ੂਸ ਅਤੇ ਕੰਡਿਆਂ ਨੂੰ ਸਾੜਦੀ ਹੈ। 18 ਫ਼ੇਰ ਅੱਗ ਫ਼ੈਲ ਜਾਂਦੀ ਹੈ ਅਤੇ ਵੱਡੇ-ਵੱਡੇ ਰੁੱਖਾਂ ਅਤੇ ਵੇਲਾਂ ਨੂੰ ਸਾੜ ਦਿੰਦੀ ਹੈ। ਅੰਤ ਵਿੱਚ ਹਰ ਚੀਜ਼ ਤਬਾਹ ਹੋ ਜਾਂਦੀ ਹੈ-ਲੋਕ ਵੀ। ਇਹ ਇਸੇ ਤਰ੍ਹਾਂ ਹੋਵੇਗਾ ਜਦੋਂ ਪਰਮੇਸ਼ੁਰ ਅੱਸ਼ੂਰ ਨੂੰ ਤਬਾਹ ਕਰੇਗਾ। ਅੱਸ਼ੂਰ ਇੱਕ ਗਲ ਰਹੀ ਸ਼ਤੀਰੀ ਵਾਂਗ ਹੋਵੇਗਾ। 19 ਜੰਗਲ ਵਿੱਚ ਬਹੁਤ ਘੱਟ ਰੁੱਖ ਬਚੇ ਰਹਿਣਗੇ। ਪਰ ਇੱਕ ਬੱਚਾ ਵੀ ਉਨ੍ਹਾਂ ਦੀ ਗਿਣਤੀ ਕਰ ਸੱਕੇਗਾ।
20 ਉਸ ਵੇਲੇ, ਜਿਹੜੇ ਲੋਕ ਇਸਰਾਏਲ ਵਿੱਚ ਬਚੇ ਰਹਿ ਜਾਣਗੇ, ਯਾਕੂਬ ਦੇ ਪਰਿਵਾਰ ਦੇ ਲੋਕ, ਉਸ ਬੰਦੇ ਉੱਤੇ ਨਿਰਭਰ ਨਹੀਂ ਰਹਿਣਗੇ ਜਿਹੜਾ ਉਨ੍ਹਾਂ ਨੂੰ ਕੁੱਟਦਾ ਹੈ। ਉਹ ਯਹੋਵਾਹ ਉੱਤੇ, ਇਸਰਾਏਲ ਦੇ ਪਵਿੱਤਰ ਪੁਰੱਖ ਉੱਤੇ, ਸੱਚਮੁੱਚ ਨਿਰਭਰ ਰਹਿਣਾ ਸਿਖ ਲੈਣਗੇ।
ਲੋਕ ਹੈਰਾਨ ਸਨ ਕਿ ਕੀ ਯਿਸੂ ਹੀ ਮਸੀਹ ਸੀ
25 ਕੁਝ ਲੋਕ ਜੋ ਯਰੂਸ਼ਲਮ ਦੇ ਰਹਿਣ ਵਾਲੇ ਸਨ ਉਨ੍ਹਾਂ ਨੇ ਕਿਹਾ, “ਇਹ ਉਹੀ ਮਨੁੱਖ ਹੋ ਸੱਕਦਾ ਹੈ ਜਿਸ ਨੂੰ ਆਗੂ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। 26 ਪਰ ਉਹ ਖੁਲ੍ਹੇ-ਆਮ ਉਪਦੇਸ਼ ਦੇ ਰਿਹਾ ਹੈ ਅਤੇ ਉਸ ਨੂੰ ਕੋਈ ਉਪਦੇਸ਼ ਦੇਣ ਤੋਂ ਨਹੀਂ ਰੋਕ ਰਿਹਾ। ਸੰਭਵ ਹੈ, ਕਿ ਆਗੂਆਂ ਨੇ ਉਸ ਨੂੰ ਮਸੀਹ ਮੰਨ ਲਿਆ ਹੋਵੇ। 27 ਪਰ ਅਸੀਂ ਜਾਣਦੇ ਹਾਂ ਕਿ ਇਹ ਆਦਮੀ ਕਿੱਥੋਂ ਆਇਆ ਹੈ ਪਰ ਜਦੋਂ ਅਸਲੀ ਮਸੀਹ ਆਵੇਗਾ ਤਾਂ ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਦਾ ਹੈ?”
28 ਜਦੋਂ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ, ਉਸ ਨੇ ਆਖਿਆ, “ਤੁਸੀਂ ਮੈਨੂੰ ਜਾਣਦੇ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ। ਪਰ ਮੈਂ ਇੱਥੇ ਆਪਣੇ ਅਧਿਕਾਰ ਨਾਲ ਨਹੀਂ ਆਇਆ। ਮੈਂ ਉਸ ਵੱਲੋਂ ਭੇਜਿਆ ਗਿਆ ਹਾਂ ਜਿਹੜਾ ਸੱਚਾ ਹੈ। ਪਰ ਤੁਸੀਂ ਉਸ ਨੂੰ ਨਹੀਂ ਜਾਣਦੇ। 29 ਪਰ ਮੈਂ ਉਸ ਨੂੰ ਜਾਣਦਾ ਹਾਂ, ਅਤੇ ਮੈਂ ਉਸ ਵੱਲੋਂ ਆਇਆ ਹਾਂ। ਉਹੀ ਹੈ ਜਿਸਨੇ ਮੈਨੂੰ ਭੇਜਿਆ ਹੈ।”
30 ਜਦੋਂ ਯਿਸੂ ਨੇ ਇਹ ਆਖਿਆ ਤਾਂ ਉਨ੍ਹਾਂ ਨੇ ਉਸ ਨੂੰ ਫ਼ੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਸ ਨੂੰ ਛੂਹ ਨਾ ਸੱਕਿਆ। ਕਿਉਂ ਕਿ ਯਿਸੂ ਦੇ ਜਾਨੋਂ ਮਾਰੇ ਜਾਣ ਦਾ ਇਹ ਸਹੀ ਸਮਾਂ ਨਹੀਂ ਸੀ। 31 ਪਰ ਕਈਆਂ ਲੋਕਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਆਖਿਆ, “ਅਸੀਂ ਮਸੀਹ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ। ਕੀ ਜਦੋਂ ਉਹ ਆਵੇਗਾ ਤਾਂ ਇਸ ਆਦਮੀ ਤੋਂ ਵੀ ਵੱਧ ਕਰਾਮਾਤਾਂ ਕਰੇਗਾ? ਇਸ ਲਈ ਇਹੀ ਮਸੀਹ ਹੋਣਾ ਚਾਹੀਦਾ ਹੈ।”
ਯਹੂਦੀਆਂ ਵੱਲੋਂ ਯਿਸੂ ਨੂੰ ਕੈਦ ਵਿੱਚ ਪਾਉਣ ਦੀ ਕੋਸ਼ਿਸ਼
32 ਜਦੋਂ ਫ਼ਰੀਸੀਆਂ ਨੇ ਯਿਸੂ ਬਾਰੇ ਇਹ ਚਰਚਾਵਾਂ ਸੁਣੀਆਂ, ਪ੍ਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਕੁਝ ਮੰਦਰ ਦੇ ਪਹਿਰੇਦਾਰਾਂ ਨੂੰ ਉਸ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ। 33 ਤਾਂ ਯਿਸੂ ਨੇ ਕਿਹਾ, “ਹਾਂ, ਅਜੇ ਥੋੜਾ ਚਿਰ ਹੋਰ ਮੈਂ ਤੁਹਾਡੇ ਨਾਲ ਰਹਾਂਗਾ, ਫਿਰ ਮੈਂ ਉਸ ਕੋਲ ਵਾਪਸ ਚੱਲਾ ਜਾਵਾਂਗਾ, ਜਿਸ ਨੇ ਮੈਨੂੰ ਇੱਥੇ ਭੇਜਿਆ ਹੈ। 34 ਤੁਸੀਂ ਮੈਨੂੰ ਲੱਭੋਂਗੇ ਪਰ ਲੱਭ ਨਾ ਸੱਕੋਂਗੇ ਕਿਉਂ ਕਿ ਤੁਸੀਂ ਉੱਥੇ ਨਹੀਂ ਪਹੁੰਚ ਪਾਵੋਂਗੇ ਜਿੱਥੇ ਮੈਂ ਹਾਂ।”
35 ਯਹੂਦੀਆਂ ਨੇ ਇੱਕ ਦੂਸਰੇ ਨੂੰ ਆਖਿਆ, “ਇਹ ਭਲਾ ਕਿੱਥੇ ਚੱਲਾ ਜਾਵੇਗਾ ਜਿੱਥੇ ਕਿ ਅਸੀਂ ਇਸ ਨੂੰ ਲੱਭ ਨਹੀਂ ਸੱਕਦੇ? ਕੀ ਇਹ ਉਨ੍ਹਾਂ ਯੂਨਾਨੀ ਸ਼ਹਿਰਾਂ ਵਿੱਚ ਜਾਵੇਗਾ ਜਿੱਥੇ ਸਾਡੇ ਲੋਕ ਰਹਿੰਦੇ ਹਨ? ਕੀ ਉਹ ਉੱਥੇ ਯੂਨਾਨੀਆਂ ਨੂੰ ਉਪਦੇਸ਼ ਦੇਣ ਜਾ ਰਿਹਾ ਹੈ? 36 ਇਹ ਆਦਮੀ ਕਹਿੰਦਾ ਹੈ, ਤੁਸੀਂ ਮੈਨੂੰ ਲੱਭੋਂਗੇ ਪਰ ਮੈਨੂੰ ਭਾਲ ਨਹੀਂ ਸੱਕੋਂਗ਼ੇ। ਅਤੇ ਤੁਸੀਂ ਉੱਥੇ ਪਹੁੰਚਣ ਦੇ ਕਾਬਿਲ ਨਹੀਂ ਹੋਵੋਂਗੇ ਜਿੱਥੇ ਮੈਂ ਹਾਂ। ਇਸ ਦਾ ਕੀ ਮਤਲਬ ਹੋਇਆ?”
2010 by World Bible Translation Center