Revised Common Lectionary (Complementary)
ਤਾਉ
169 ਯਹੋਵਾਹ, ਮੇਰਾ ਖੁਸ਼ੀ ਭਰਿਆ ਗੀਤ ਸੁਣੋ।
ਮੈਨੂੰ ਬਚਾਉ ਜਿਵੇਂ ਤੁਸੀਂ ਸਿਆਣਾ ਇਕਰਾਰ ਕੀਤਾ ਸੀ।
170 ਯਹੋਵਾਹ, ਮੇਰੀ ਪ੍ਰਾਰਥਨਾ ਨੂੰ ਸੁਣੋ।
ਮੈਨੂੰ ਬਚਾਉ ਜਿਵੇਂ ਤੁਸੀਂ ਇਕਰਾਰ ਕੀਤਾ ਸੀ।
171 ਮੈਂ ਅਚਾਨਕ ਉਸਤਤਿ ਦੇ ਗੀਤ ਗਾਉਣ ਲੱਗਦਾ ਹਾਂ,
ਕਿਉਂ ਕਿ ਤੁਸੀਂ ਮੈਨੂੰ ਆਪਣੇ ਨੇਮ ਸਿੱਖਾਏ ਸਨ।
172 ਮੈਨੂੰ ਤੁਹਾਡੇ ਸ਼ਬਦਾ ਨੂੰ ਗਾਉਣ ਦਿਉ।
ਅਤੇ ਮੈਨੂੰ ਮੇਰਾ ਗੀਤ ਗਾਉਣ ਦਿਉ।
ਯਹੋਵਾਹ, ਤੁਹਾਡੇ ਸਮੂਹ ਨੇਮ ਚੰਗੇ ਹਨ।
173 ਮੈਂ ਤੁਹਾਡੇ ਆਦੇਸ਼ਾ ਨੂੰ ਪਾਲਣ ਦੀ ਚੋਣ ਕੀਤੀ ਸੀ।
ਇਸ ਲਈ ਮੇਰੇ ਕੋਲ ਪਹੁੰਚੇ ਅਤੇ ਮੇਰੀ ਮਦਦ ਕਰੋ।
174 ਯਹੋਵਾਹ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਬਚਾਉ।
ਪਰ ਤੁਹਾਡੀਆਂ ਸਿੱਖਿਆਵਾਂ ਮੈਨੂੰ ਖੁਸ਼ੀ ਦਿੰਦੀਆਂ ਹਨ।
175 ਮੈਨੂੰ ਜਿਉਣ ਦਿਉ ਅਤੇ ਤੁਹਾਡੀ ਉਸਤਤਿ ਕਰਨ ਦਿਉ।
ਯਹੋਵਾਹ ਤੁਹਾਡੇ ਨੇਮਾਂ ਨੂੰ ਮੇਰੀ ਮਦਦ ਕਰਨ ਦਿਉ।
176 ਮੈਂ ਗੁਆਚੀ ਭੇਡਾਂ ਵਾਂਗ ਭਟਕਿਆ ਹਾਂ।
ਮੇਰੀ ਤਲਾਸ਼ ਵਿੱਚ ਆਉ। ਯਹੋਵਾਹ,
ਮੈਂ ਤੁਹਾਡਾ ਸੇਵਕ ਹਾਂ,
ਅਤੇ ਮੈਂ ਤੁਹਾਡੇ ਆਦੇਸ਼ਾ ਨੂੰ ਭੁੱਲਿਆ ਨਹੀਂ ਹਾਂ।
ਪਰਮੇਸ਼ੁਰ ਦਾ ਬੈਤਏਲ ਵਿਰੁੱਧ ਬੋਲਣਾ
13 ਫ਼ੇਰ ਪਰਮੇਸ਼ੁਰ ਦਾ ਇੱਕ ਬੰਦਾ, ਯਹੋਵਾਹ ਦੇ ਹੁਕਮ ਦਾ ਅਨੁਸਰਣ ਕਰਦਾ ਹੋਇਆ, ਯਹੂਦਾਹ ਤੋਂ ਬੈਤਏਲ ਨੂੰ ਆਇਆ। ਜਦੋਂ ਉਹ ਓੱਥੇ ਪਹੁੰਚਿਆ, ਯਾਰਾਬੁਆਮ ਧੂਪ ਧੁਖਾਉਣ ਲਈ ਜਗਵੇਦੀ ਦੇ ਅੱਗੇ ਖਲੋਤਾ ਹੋਇਆ ਸੀ। 2 ਯਹੋਵਾਹ ਦੇ ਹੁਕਮ ਨਾਲ, ਉਹ ਆਦਮੀ ਜਗਵੇਦੀ ਦੇ ਖਿਲਾਫ਼ ਉੱਚੀ ਆਵਾਜ਼ ਵਿੱਚ ਬੋਲਿਆ,
“ਹੇ ਜਗਵੇਦੀ! ਯਹੋਵਾਹ ਇਉਂ ਫ਼ਰਮਾਉਂਦਾ ਹੈ, ‘ਦਾਊਦ ਦੇ ਘਰਾਣੇ ਵਿੱਚੋਂ ਯੋਸੀਯਾਹ ਨਾਂ ਦਾ ਇੱਕ ਮੁੰਡਾ ਜਨਮੇਗਾ ਹੁਣ ਜਾਜਕ ਉੱਚੀਆਂ ਥਾਵਾਂ ਤੇ ਉਪਾਸਨਾ ਕਰ ਰਹੇ ਹਨ। ਪਰ ਹੇ ਜਗਵੇਦੀ, ਯੋਸੀਯਾਹ ਉਨ੍ਹਾਂ ਨੂੰ ਤੇਰੇ ਉੱਪਰ ਪਾਕੇ ਮਾਰ ਦੇਵੇਗਾ ਅਤੇ ਉਹ ਤੇਰੇ ਉੱਪਰ ਮਨੁੱਖਾਂ ਦੀਆਂ ਹੱਡੀਆਂ ਵੀ ਸਾੜੇਗਾ। ਫ਼ਿਰ ਤੇਰੀ ਦੁਬਾਰਾ ਵਰਤੋਂ ਨਹੀਂ ਹੋ ਸੱਕੇਗੀ।’”
3 ਪਰਮੇਸ਼ੁਰ ਦੇ ਮਨੁੱਖ ਨੇ ਲੋਕਾਂ ਨੂੰ ਨਿਸ਼ਾਨੀ ਦੇ ਦਿੱਤੀ ਕਿ ਇਹ ਸਭ ਕੁਝ ਵਾਪਰੇਗਾ ਅਤੇ ਕਿਹਾ, “ਇਹੀ ਸਬੂਤ ਹੈ ਜਿਸ ਬਾਰੇ ਯਹੋਵਾਹ ਨੇ ਮੈਨੂੰ ਕਿਹਾ ਸੀ। ਉਸ ਨੇ ਆਖਿਆ, ‘ਇਹ ਜਗਵੇਦੀ ਟੁੱਟ ਜਾਵੇਗੀ ਅਤੇ ਇਸ ਉੱਪਰਲੀ ਸੁਆਹ ਜ਼ਮੀਨ ਉੱਪਰ ਖਿੰਡ ਜਾਵੇਗੀ।’”
4 ਜਦੋਂ ਪਾਤਸ਼ਾਹ ਨੇ ਯਹੋਵਾਹ ਦੇ ਮਨੁੱਖ ਦਾ ਸੰਦੇਸ਼ ਸੁਣਿਆ ਜੋ ਉਸ ਨੇ ਬੈਤਏਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਆਵਾਜ਼ ਵਿੱਚ ਆਖਿਆ ਸੀ ਤਾਂ ਯਾਰਾਬੁਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, “ਇਸ ਆਦਮੀ ਨੂੰ ਫ਼ੜ ਲਵੋ!” ਪਰ ਜਦੋਂ ਪਾਤਸ਼ਾਹ ਨੇ ਇਹ ਆਖਿਆ ਤਾਂ ਉਸਦੀ ਬਾਂਹ ਸੁੱਕ ਗਈ, ਉਹ ਉਸ ਨੂੰ ਹਿਲਾ ਨਾ ਸੱਕਿਆ। 5 ਤੇ ਜਗਵੇਦੀ ਦੇ ਵੀ ਟੁਕੜੇ-ਟੁਕੜੇ ਹੋ ਗਏ ਤੇ ਉਸਦੀ ਸਾਰੀ ਸੁਆਹ ਧਰਤੀ ਉੱਪਰ ਬਿਖਰ ਗਈ। ਇਹ ਨਿਸ਼ਾਨੀ ਸੀ ਕਿ ਜੋ ਕੁਝ ਵੀ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ ਸੀ ਉਹ ਪਰਮੇਸ਼ੁਰ ਵੱਲੋਂ ਹੀ ਸੀ। 6 ਤਦ ਰਾਜੇ ਯਾਰਾਬੁਆਮ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਆਖਿਆ, “ਕਿਰਪਾ ਕਰਕੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਤਾਂ ਜੋ ਮੈਂ ਆਪਣੀ ਬਾਂਹ ਹਿਲਾਉਣ ਯੋਗ ਹੋ ਸੱਕਾਂ।”
ਤਾਂ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਰਾਜਾ ਆਪਣੀ ਬਾਂਹ ਹਿਲਾਉਣ ਦੇ ਯੋਗ ਸੀ। ਇਹ ਫ਼ਿਰ ਤੋਂ ਓਵੇਂ ਦੀ ਹੋ ਗਈ ਜਿਵੇਂ ਦੀ ਇਹ ਪਹਿਲਾਂ ਸੀ। 7 ਤਦ ਪਾਤਸ਼ਾਹ ਨੇ ਪਰਮੇਸ਼ੁਰ ਦੇ ਬੰਦੇ ਨੂੰ ਆਖਿਆ, “ਕਿਰਪਾ ਕਰਕੇ ਮੇਰੇ ਘਰ ਚੱਲ ਕੇ ਮੇਰੇ ਨਾਲ ਭੋਜਨ ਕਰ, ਮੈਂ ਤੈਨੂੰ ਇੱਕ ਤੋਹਫ਼ਾ ਦਿਆਂਗਾ।”
8 ਪਰ ਪਰਮੇਸ਼ੁਰ ਦੇ ਬੰਦੇ ਨੇ ਪਾਤਸ਼ਾਹ ਨੂੰ ਕਿਹਾ, “ਮੈਂ ਤੇਰੇ ਨਾਲ ਘਰ ਨਹੀਂ ਜਾਵਾਂਗਾ ਭਾਵੇਂ ਤੂੰ ਮੈਨੂੰ ਆਪਣਾ ਅੱਧਾ ਰਾਜ ਵੀ ਦੇ ਦੇਵੇਂ ਤਦ ਵੀ ਨਹੀਂ ਜਾਵਾਂਗਾ। ਮੈਂ ਇਸ ਥਾਂ ਦਾ ਅਨਜਲ ਨਹੀਂ ਛਕਾਂਗਾ। 9 ਯਹੋਵਾਹ ਦਾ ਇਹ ਹੁਕਮ ਸੀ ਕਿ ਇੱਥੋਂ ਕੁਝ ਨਹੀਂ ਖਾਣਾ-ਪੀਣਾ ਤੇ ਮੈਨੂੰ ਯਹੋਵਾਹ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਜਿਸ ਰਾਹ ਤੋਂ ਇੱਥੇ ਪਹੁੰਚੇ ਉਸ ਰਾਹ ਤੋਂ ਵਾਪਿਸ ਵੀ ਨਹੀਂ ਜਾਣਾ।” 10 ਤਾਂ ਉਹ ਫ਼ਿਰ ਵੱਖਰੇ ਰਸਤੇ ਤੋਂ ਸਫ਼ਰ ਨੂੰ ਵਾਪਸ ਮੁੜਿਆ। ਉਹ ਉਸ ਰਸਤੇ ਤੋਂ ਵਾਪਸ ਨਾ ਮੁੜਿਆ ਜਿਸ ਰਾਹ ਤੋਂ ਉਹ ਬੈਤਏਲ ਲਈ ਆਇਆ।
ਹਰ ਕੋਈ ਮੁਜਰਿਮ ਹੈ
9 ਤਾਂ ਫ਼ੇਰ ਕੀ? ਕੀ ਅਸੀਂ ਯਹੂਦੀ ਦੂਜਿਆਂ ਲੋਕਾਂ ਨਾਲੋਂ ਚੰਗੇ ਹਾਂ? ਨਹੀਂ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਯਹੂਦੀ ਅਤੇ ਗੈਰ-ਯਹੂਦੀ ਇੱਕੋ ਹੀ ਹਨ। ਸਾਰੇ ਹੀ ਪਾਪ ਦੇ ਅਧੀਨ ਹਨ। 10 ਜਿਵੇਂ ਕਿ ਪੋਥੀਆਂ ਕਹਿੰਦੀਆਂ ਹਨ:
“ਕੋਈ ਵੀ ਮਨੁੱਖ ਪਾਪ ਤੋਂ ਬਿਨਾ ਨਹੀਂ ਹੈ। ਇੱਕ ਵੀ ਨਹੀਂ।
11 ਇੱਥੇ ਕੋਈ ਨਹੀਂ ਜੋ ਸਮਝਦਾ ਹੈ।
ਕੋਈ ਵੀ ਨਹੀਂ ਜੋ ਪਰਮੇਸ਼ੁਰ ਨੂੰ ਖੋਜਦਾ ਹੈ।
12 ਸਭ ਲੋਕ ਭਟਕ ਗਏ ਹਨ,
ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ।
ਕੋਈ ਵੀ ਨੇਕ ਨਹੀਂ, ਇੱਕ ਵੀ ਨਹੀਂ।” (A)
13 “ਲੋਕਾਂ ਦੇ ਮੂੰਹ ਖੁੱਲੀ ਹੋਈ ਕਬਰ ਵਾਂਗ ਹਨ।
ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।” (B)
“ਉਨ੍ਹਾਂ ਦੇ ਬੋਲ ਸਪਾਂ ਦੇ ਜ਼ਹਿਰ ਵਰਗੇ ਹਨ” (C)
14 “ਉਨ੍ਹਾਂ ਦੇ ਮੂੰਹ ਫ਼ਿਟਕਾਰ ਅਤੇ ਕੁੜੱਤਣ ਨਾਲ ਭਰੇ ਹਨ।” (D)
15 “ਉਹ ਹਮੇਸ਼ਾ ਮਾਰਨ ਲਈ ਤਿਆਰ ਹਨ;
16 ਜਿੱਥੇ ਵੀ ਉਹ ਜਾਂਦੇ ਹਨ ਤਬਾਹੀ ਤੇ ਉਦਾਸੀ ਵਰਤਾਉਂਦੇ ਹਨ।
17 ਲੋਕ ਸ਼ਾਂਤੀ ਦਾ ਮਾਰਗ ਨਹੀਂ ਜਾਣਦੇ।” (E)
18 “ਉਨ੍ਹਾਂ ਦੀਆਂ ਅੱਖਾਂ ਵਿੱਚ ਪਰਮੇਸ਼ੁਰ ਦਾ ਡਰ ਭੈ ਨਹੀਂ।” (F)
19 ਹੁਣ ਅਸੀਂ ਜਾਣਦੇ ਹਾਂ ਕਿ ਇਹ ਗੱਲਾਂ ਜੋ ਸ਼ਰ੍ਹਾ ਆਖਦੀ ਹੈ ਉਨ੍ਹਾਂ ਲਈ ਹਨ ਜੋ ਸ਼ਰ੍ਹਾ ਦੇ ਅਧੀਨ ਹਨ। ਅਤੇ ਇਹ, ਉਹ ਗੱਲਾਂ ਇਸ ਲਈ ਆਖਦੀ ਹੈ ਤਾਂ ਜੋ ਹਰ ਇੱਕ ਦਾ ਮੂੰਹ ਬੰਦ ਹੋ ਸੱਕੇ ਅਤੇ ਸੰਸਾਰ ਪਰਮੇਸ਼ੁਰ ਦੇ ਨਿਆਂ ਹੇਠ ਆ ਜਾਵੇ। 20 ਸ਼ਰ੍ਹਾ ਦੀ ਲੋੜ ਅਨੁਸਾਰ ਕੋਈ ਵੀ ਪਰਮੇਸ਼ੁਰ ਅੱਗੇ ਧਰਮੀ ਨਹੀਂ ਬਣਾਇਆ ਜਾ ਸੱਕਦਾ। ਸ਼ਰ੍ਹਾ ਸਿਰਫ਼ ਸਾਡੇ ਪਾਪਾਂ ਨੂੰ ਦਰਸ਼ਾ ਸੱਕਦੀ ਹੈ।
2010 by World Bible Translation Center