Revised Common Lectionary (Complementary)
116 ਮੈਂ ਇਸ ਨੂੰ ਪਸੰਦ ਕਰਦਾ ਹਾਂ
ਜਦੋਂ ਯਹੋਵਾਹ ਮੇਰੀਆਂ ਪ੍ਰਾਰਥਨਾ ਸੁਣਦਾ ਹੈ।
2 ਮੈਂ ਇਸ ਨੂੰ ਪਸੰਦ ਕਰਦਾ ਹਾਂ
ਜਦੋਂ ਸਹਾਇਤਾ ਲਈ ਉਹ ਮੇਰੀ ਪੁਕਾਰ ਨੂੰ ਸੁਣਦਾ ਹੈ।
3 ਮੈਂ ਤਾਂ ਮਰ ਹੀ ਚੱਲਿਆ ਸਾਂ।
ਮੌਤ ਦੇ ਰੱਸੇ ਮੇਰੇ ਦੁਆਲੇ ਤਣ ਗਏ ਸਨ।
ਕਬਰ ਹੌਲੀ-ਹੌਲੀ ਮੇਰੇ ਨਜ਼ਦੀਕ ਆ ਰਹੀ ਸੀ।
ਮੈਂ ਡਰਿਆ ਹੋਇਆ ਅਤੇ ਫ਼ਿਕਰਮੰਦ ਸਾਂ।
4 ਫ਼ੇਰ ਮੈਂ ਯਹੋਵਾਹ ਦਾ ਨਾਮ ਪੁਕਾਰਿਆ।
ਮੈਂ ਆਖਿਆ, “ਯਹੋਵਾਹ, ਮੈਨੂੰ ਬਚਾਉ!”
5 ਯਹੋਵਾਹ ਸ਼ੁਭ ਅਤੇ ਦਯਾਵਾਨ ਹੈ।
ਪਰਮੇਸ਼ੁਰ ਮਿਹਰਬਾਨ ਹੈ।
6 ਯਹੋਵਾਹ ਬੇਸਹਾਰਿਆਂ ਦਾ ਧਿਆਨ ਰੱਖਦਾ ਹੈ।
ਮੈਂ ਨਿਆਸਰਾ ਸਾਂ ਅਤੇ ਯਹੋਵਾਹ ਨੇ ਮੈਨੂੰ ਬਚਾ ਲਿਆ।
7 ਹੇ ਮੇਰੀ ਆਤਮਾ, ਸ਼ਾਂਤ ਹੋ ਜਾ!
ਯਹੋਵਾਹ ਤੇਰਾ ਧਿਆਨ ਰੱਖ ਰਿਹਾ ਹੈ।
8 ਹੇ ਪਰਮੇਸ਼ੁਰ, ਤੁਸੀਂ ਮੇਰੀ ਆਤਮਾ ਨੂੰ ਮੌਤ ਕੋਲੋਂ ਬਚਾਇਆ।
ਤੁਸੀਂ ਮੇਰੇ ਅਥਰੂ ਰੋਕੋ।
ਤੁਸੀਂ ਮੈਨੂੰ ਡਿੱਗਣ ਤੋਂ ਬਚਾਇਆ।
9 ਮੈਂ ਜਿਉਂਦਿਆ ਦੇ ਦੇਸ਼ ਵਿੱਚ ਯਹੋਵਾਹ ਦੀ ਸੇਵਾ ਕਰਦਾ ਰਹਾਂਗਾ।
22 ਯਹੋਸ਼ੁਆ ਨੇ ਦੋਹਾਂ ਜਸੂਸਾਂ ਨਾਲ ਗੱਲ ਕੀਤੀ। ਯਹੋਸ਼ੁਆ ਨੇ ਆਖਿਆ, “ਵੇਸਵਾ ਦੇ ਘਰ ਜਾਉ। ਉਸ ਨੂੰ ਬਾਹਰ ਲਿਆਉ। ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਲਿਆਉ ਜਿਹੜੇ ਉਸ ਦੇ ਨਾਲ ਹਨ। ਅਜਿਹਾ ਇਸ ਵਾਸਤੇ ਕਰੋ ਕਿਉਂਕਿ ਤੁਸੀਂ ਉਸ ਨਾਲ ਇਕਰਾਰ ਕੀਤਾ ਸੀ।”
23 ਇਸ ਲਈ ਉਹ ਦੋਵੇਂ ਉਸ ਦੇ ਘਰ ਵਿੱਚ ਗਏ ਅਤੇ ਰਾਹਾਬ ਨੂੰ ਬਾਹਰ ਲੈ ਆਏ। ਉਨ੍ਹਾਂ ਨੇ ਉਸ ਦੇ ਪਿਤਾ, ਮਾਤਾ, ਭਰਾਵਾ ਉਸ ਦੇ ਸਾਰੇ ਪਰਿਵਾਰ ਅਤੇ ਹੋਰ ਸਾਰੇ ਲੋਕਾਂ ਨੂੰ ਜੋ ਉਸ ਦੇ ਨਾਲ ਸਨ, ਬਾਹਰ ਲਿਆਂਦਾ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸਰਾਏਲ ਦੇ ਡੇਰੇ ਤੋਂ ਬਾਹਰ ਸੁਰੱਖਿਅਤ ਥਾਂ ਉੱਤੇ ਬਿਠਾ ਦਿੱਤਾ।
24 ਫ਼ੇਰ ਇਸਰਾਏਲ ਦੇ ਲੋਕਾਂ ਨੇ ਸਾਰਾ ਸ਼ਹਿਰ ਸਾੜ ਦਿੱਤਾ। ਉਨ੍ਹਾਂ ਨੇ ਚਾਂਦੀ, ਸੋਨੇ, ਪਿੱਤਲ ਅਤੇ ਲੋਹੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੋਂ ਇਲਾਵਾ ਹੋਰ ਹਰ ਸ਼ੈਅ ਸਾੜ ਦਿੱਤੀ। ਉਨ੍ਹਾਂ ਨੇ ਇਹ ਚੀਜ਼ਾਂ ਯਹੋਵਾਹ ਦੇ ਤੋਸ਼ੇਖਾਨੇ ਵਿੱਚ ਰੱਖ ਦਿੱਤੀਆਂ। 25 ਯਹੋਸ਼ੁਆ ਨੇ ਵੇਸਵਾ ਰਾਹਾਬ ਨੂੰ, ਉਸ ਦੇ ਪਰਿਵਾਰ ਅਤੇ ਉਨ੍ਹਾਂ ਹੋਰ ਸਾਰੇ ਲੋਕਾਂ ਨੂੰ ਬਚਾ ਲਿਆ ਜਿਹੜੇ ਉਸ ਦੇ ਨਾਲ ਸਨ। ਯਹੋਸ਼ੁਆ ਨੇ ਉਨ੍ਹਾਂ ਨੂੰ ਜਿਉਣ ਦਿੱਤਾ ਕਿਉਂਕਿ ਰਾਹਾਬ ਨੇ ਉਨ੍ਹਾਂ ਜਸੂਸਾਂ ਦੀ ਸਹਾਇਤਾ ਕੀਤੀ ਸੀ। ਜਿਨ੍ਹਾਂ ਨੂੰ ਯਹੋਸ਼ੁਆ ਨੇ ਯਰੀਹੋ ਵਿੱਚ ਭੇਜਿਆ ਸੀ ਰਾਹਾਬ ਅੱਜ ਵੀ ਇਸਰਾਏਲ ਦੇ ਲੋਕਾਂ ਨਾਲ ਰਹਿੰਦੀ ਹੈ।
26 ਉਸ ਵੇਲੇ, ਯਹੋਸ਼ੁਆ ਨੇ ਇਹ ਮਹੱਤਵਪੂਰਣ ਇਕਰਾਰ ਕੀਤਾ,
“ਯਹੋਵਾਹ ਉਸ ਆਦਮੀ ਨੂੰ ਸਰਾਪੇਗਾ
ਜੋ ਯਰੀਹੋ ਸ਼ਹਿਰ ਨੂੰ ਫ਼ਿਰ ਤੋਂ ਉਸਾਰੇਗਾ।
ਉਹ ਜੋ ਉਸ ਸ਼ਹਿਰ ਦੀ ਬੁਨਿਆਦ ਰੱਖੇਗਾ
ਆਪਣਾ ਸਭ ਤੋਂ ਵੱਡਾ ਪੁੱਤਰ ਗਵਾ ਲਵੇਗਾ।
ਜੋ ਵੀ ਕੋਈ ਆਦਮੀ ਫ਼ਾਟਕ ਖੜ੍ਹਾ ਕਰੇਗਾ
ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਗਵਾ ਲਵੇਗਾ।” [a]
27 ਇਸ ਲਈ ਯਹੋਵਾਹ ਯਹੋਸ਼ੁਆ ਦੇ ਨਾਲ ਸੀ। ਅਤੇ ਯਹੋਸ਼ੁਆ ਸਾਰੇ ਦੇਸ਼ ਵਿੱਚ ਪ੍ਰਸਿੱਧ ਹੋ ਗਿਆ।
ਯਹੂਦੀ ਆਗੂਆਂ ਨੇ ਯਿਸੂ ਦੇ ਅਧਿਕਾਰ ਤੇ ਸ਼ੱਕ ਕੀਤਾ(A)
23 ਜਦੋਂ ਯਿਸੂ ਮੰਦਰ ਦੇ ਇਲਾਕੇ ਵਿੱਚ ਦਾਖਲ ਹੋਇਆ, ਅਤੇ ਜਦੋਂ ਉਹ ਉਪਦੇਸ਼ ਦੇ ਰਿਹਾ ਸੀ ਤਾਂ ਪ੍ਰਧਾਨ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਉਸ ਪਾਸੇ ਆਏ ਅਤੇ ਕਹਿਣ ਲੱਗੇ “ਇਹ ਸਭ ਤੂੰ ਕਿਸ ਅਧਿਕਾਰ ਨਾਲ ਕਰਦਾ ਹੈ? ਇਹ ਅਧਿਕਾਰ ਤੈਨੂੰ ਕਿਸਨੇ ਦਿੱਤਾ?”
24 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ। ਜੇਕਰ ਤੁਸੀਂ ਮੈਨੂੰ ਉੱਤਰ ਦੇਵੋ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਸਭ ਗੱਲਾਂ ਕਰਦਾ ਹਾਂ। 25 ਯੂਹੰਨਾ ਦਾ ਬਪਤਿਸਮਾ ਕੀ ਇਹ ਪਰਮੇਸ਼ੁਰ ਵੱਲੋਂ ਆਇਆ ਜਾਂ ਮਨੁੱਖਾਂ ਵੱਲੋਂ?”
ਉਨ੍ਹਾਂ ਨੇ ਆਪਸ ਵਿੱਚ ਵਿੱਚਾਰ ਕੀਤਾ, ਜੇ ਅਸੀਂ ਕਹੀਏ “ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ” ਤਾਂ ਉਹ ਸਾਨੂੰ ਆਖੇਗਾ ਕਿ ਫ਼ੇਰ ਤੁਸੀਂ ਉਸਤੇ ਭਰੋਸਾ ਕਿਉਂ ਨਾ ਕੀਤਾ? 26 ਪਰ ਜੇਕਰ ਅਸੀਂ ਆਖੀਏ, ‘ਇਹ ਲੋਕਾਂ ਵੱਲੋਂ ਸੀ’, ਤਾਂ ਸਾਰੇ ਲੋਕ ਸਾਡੇ ਨਾਲ ਗੁੱਸੇ ਹੋਣਗੇ। ਕਿਉਂਕਿ ਇਹ ਸਭ ਯੂਹੰਨਾ ਨੂੰ ਨਬੀ ਸਮਝਦੇ ਹਨ।”
27 ਸੋ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿ ਯੂਹੰਨਾ ਨੂੰ ਬਪਤਿਸਮਾ ਦੇਣ ਦੀ ਸ਼ਕਤੀ, ਕਿੱਥੋਂ ਆਈ।”
ਤਾਂ ਫ਼ਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਇਹ ਸਭ ਗੱਲਾਂ ਮੈਂ ਕਿਸ ਅਧਿਕਾਰ ਨਾਲ ਕਰ ਰਿਹਾ ਹਾਂ।
ਯਿਸੂ ਦੋ ਪੁੱਤਰਾਂ ਦੀ ਦ੍ਰਿਸ਼ਟਾਂਤ ਸੁਨਾਉਂਦਾ
28 “ਮੈਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ? ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆਕੇ ਬੋਲਿਆ, ‘ਪੁੱਤਰ, ਜਾ! ਅੱਜ ਅੰਗੂਰ ਦੇ ਬਾਗ ਵਿੱਚ ਕੰਮ ਕਰ।’
29 “ਉਸਨੇ ਉੱਤਰ ਦਿੱਤਾ, ‘ਮੈਂ ਨਹੀਂ ਜਾਵਾਂਗਾ’, ਪੁੱਤਰ ਬਾਦ ਵਿੱਚ, ਉਸ ਨੇ ਆਪਣਾ ਮਨ ਬਦਲਿਆ ਅਤੇ ਚੱਲਿਆ ਗਿਆ।
30 “ਫ਼ੇਰ ਪਿਤਾ ਦੂਜੇ ਪੁੱਤਰ ਕੋਲ ਗਿਆ ਅਤੇ ਉਸ ਨੂੰ ਵੀ ਉਹੀ ਗੱਲ ਕਹੀ। ਉਸ ਨੇ ਉੱਤਰ ਦਿੱਤਾ, ‘ਹਾਂ ਜੀ, ਮੈਂ ਜਾਵਾਂਗਾ।’ ਪਰ ਉਹ ਨਾ ਗਿਆ।
31 “ਸੋ ਦੋਹਾਂ ਵਿੱਚੋਂ ਕਿਸਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ?”
ਉਨ੍ਹਾਂ ਆਖਿਆ, “ਪਹਿਲੇ ਨੇ।”
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ। 32 ਕਿਉਂਕਿ ਯੂਹੰਨਾ ਤੁਹਾਨੂੰ ਜਿਉਣ ਦਾ ਸਹੀ ਢੰਗ ਸਿੱਖਾਉਣ ਲਈ ਆਇਆ ਪਰ ਤੁਸੀਂ ਉਸਦੀ ਪਰਤੀਤ ਨਾ ਕੀਤੀ ਸਗੋਂ ਮਸੂਲੀਆਂ ਅਤੇ ਕੰਜਰੀਆਂ ਨੇ ਉਸਦੀ ਪਰਤੀਤ ਕੀਤੀ। ਪਰ ਤੁਸੀਂ ਇਹ ਵੇਖਕੇ ਪਿੱਛੋਂ ਵੀ ਆਪਣੇ ਜੀਵਨ ਨਹੀਂ ਬਦਲੇ ਅਤੇ ਨਾ ਹੀ ਉਸ ਉੱਤੇ ਵਿਸ਼ਵਾਸ ਕੀਤਾ।
2010 by World Bible Translation Center