Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਯਸਾਯਾਹ 35:4-7

ਲੋਕ ਭੈਭੀਤ ਹਨ ਅਤੇ ਉਲਝੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਆਖੋ, “ਤਕੜੇ ਬਣੋ! ਭੈਭੀਤ ਨਾ ਹੋਵੋ!” ਦੇਖੋ ਤੁਹਾਡਾ ਪਰਮੇਸ਼ੁਰ ਤੁਹਾਡੇ ਦੁਸ਼ਮਣਾਂ ਨੂੰ ਸਜ਼ਾ ਦੇਣ ਲਈ ਆਵੇਗਾ। ਉਹ ਆਵੇਗਾ ਅਤੇ ਤੁਹਾਨੂੰ ਤੁਹਾਡਾ ਇਨਾਮ ਦੇਵੇਗਾ। ਯਹੋਵਾਹ ਤੁਹਾਨੂੰ ਬਚਾਵੇਗਾ। ਫ਼ੇਰ ਅੰਨ੍ਹੇ ਲੋਕ ਦੋਬਾਰਾ ਦੇਖ ਸੱਕਣਗੇ। ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਫ਼ੇਰ ਬੋਲੇ ਲੋਕ ਸੁਣ ਸੱਕਣਗੇ। ਉਨ੍ਹਾਂ ਦੇ ਕੰਨ ਖੁੱਲ੍ਹ ਜਾਣਗੇ। ਵਿਕਲਾਂਗ ਲੋਕ ਹਿਰਨ ਵਾਂਗ ਨੱਚਣਗੇ। ਅਤੇ ਉਹ ਲੋਕ ਜਿਹੜੇ ਹੁਣ ਗੱਲ ਨਹੀਂ ਕਰ ਸੱਕਦੇ ਉਹ ਆਪਣੀ ਆਵਾਜ਼ ਵਿੱਚ ਖੁਸ਼ੀ ਦੇ ਗੀਤ ਗਾਉਣਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਮਾਰੂਬਲ ਵਿੱਚ ਪਾਣੀ ਦੇ ਝਰਨੇ ਵਗ ਤੁਰਨਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਚਸ਼ਮੇ ਵਗ ਪੈਣਗੇ। ਉਸ ਸਮੇਂ, ਝੁਲਸੀ ਹੋਈ ਜ਼ਮੀਨ ਵਿੱਚ, ਅਸਲੀ ਪਾਣੀ ਦੇ ਤਲਾਅ ਹੋਣਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਖੂਹ ਹੋਣਗੇ। ਧਰਤੀ ਵਿੱਚੋਂ ਪਾਣੀ ਵਗੇਗਾ। ਪਾਣੀ ਦੇ ਲੰਮੇ ਪੌਦੇ ਉੱਥੇ ਉੱਗ ਪੈਣਗੇ ਜਿੱਥੇ ਕਦੇ ਜੰਗਲੀ ਜਾਨਵਰਾਂ ਦਾ ਰਾਜ ਸੀ।

ਜ਼ਬੂਰ 146

146 ਯਹੋਵਾਹ ਦੀ ਉਸਤਤਿ ਕਰੋ।
    ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
ਮੈਂ ਸਾਰੀ ਉਮਰ ਯਹੋਵਾਹ ਦੀ ਉਸਤਤਿ ਕਰਾਂਗਾ।
    ਮੈਂ ਉਸਦੀ ਉਸਤਤਿ ਦੇ ਸਾਰੀ ਉਮਰ ਗੀਤ ਗਾਵਾਂਗਾ।
ਆਪਣੇ ਆਗੂਆਂ ਉੱਤੇ ਮਦਦ ਲਈ ਨਿਰਭਰ ਨਾ ਕਰੋ, ਲੋਕਾਂ ਉੱਤੇ ਵਿਸ਼ਵਾਸ ਨਾ ਕਰੋ।
    ਕਿਉਂਕਿ ਲੋਕ ਤੁਹਾਨੂੰ ਨਹੀਂ ਬਚਾ ਸੱਕਦੇ।
ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ।
    ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ।
ਪਰ ਜਿਹੜੇ ਲੋਕ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਹਨ ਬਹੁਤ ਖੁਸ਼ ਹਨ।
    ਉਹ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਨ।
ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ।
    ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।
ਯਹੋਵਾਹ ਉਨ੍ਹਾਂ ਲੋਕਾਂ ਲਈ ਸਹੀ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਦੁੱਖ ਦਿੱਤਾ ਗਿਆ ਹੈ
    ਪਰਮੇਸ਼ੁਰ ਭੁੱਖੇ ਲੋਕਾਂ ਨੂੰ ਭੋਜਨ ਦਿੰਦਾ ਹੈ
ਯਹੋਵਾਹ ਕੈਦ ਵਿੱਚ ਬੰਦ ਲੋਕਾਂ ਨੂੰ ਮੁਕਤ ਕਰਦਾ ਹੈ।
    ਯਹੋਵਾਹ ਅੰਨ੍ਹੇ ਲੋਕਾਂ ਦੀ ਦੇਖਣ ਵਿੱਚ ਮਦਦ ਕਰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
    ਯਹੋਵਾਹ ਨੇਕ ਲੋਕਾਂ ਨੂੰ ਪਿਆਰ ਕਰਦਾ ਹੈ।
ਯਹੋਵਾਹ ਸਾਡੇ ਦੇਸ਼ ਵਿੱਚ ਅਜਨਬੀਆਂ ਨੂੰ ਬਚਾਉਂਦਾ ਹੈ।
    ਯਹੋਵਾਹ ਵਿਧਵਾਵਾਂ ਅਤੇ ਯਤੀਮਾਂ ਦੀ ਮਦਦ ਕਰਦਾ ਹੈ।
    ਪਰ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਦਾ ਹੈ।
10 ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ ਸੀਯੋਨ,
    ਤੇਰਾ ਪਰਮੇਸ਼ੁਰ ਸਦਾ-ਸਦਾ ਲਈ ਰਾਜ ਕਰੇਗਾ।

ਯਹੋਵਾਹ ਦੀ ਉਸਤਤਿ ਕਰੋ।

ਯਾਕੂਬ 2:1-10

ਸਮੂਹ ਲੋਕਾਂ ਨੂੰ ਪ੍ਰੇਮ ਕਰੋ

ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਤੁਹਾਨੂੰ ਮਹਾਨ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਹੈ। ਇਸ ਲਈ ਇਹ ਨਾ ਸੋਚੋ ਕਿ ਕੁਝ ਲੋਕ ਦੂਸਰੇ ਲੋਕਾਂ ਨਾਲੋਂ ਜ਼ਿਆਦਾ ਮਹੱਤਵਪੂਰਣ ਹਨ। ਫ਼ਰਜ਼ ਕਰੋ ਕਿ ਕੋਈ ਵਿਅਕਤੀ ਚੰਗੇ ਕੱਪੜੇ ਅਤੇ ਇੱਕ ਸੋਨੇ ਦੀ ਮੁੰਦਰੀ ਪਾਕੇ ਤੁਹਾਡੀ ਸੰਗਤ ਵਿੱਚ ਆਉਂਦਾ ਹੈ। ਉਸੇ ਸਮੇਂ ਹੀ, ਇੱਕ ਗਰੀਬ ਆਦਮੀ ਵੀ ਪੁਰਾਣੇ ਗੰਦੇ ਕੱਪੜੇ ਪਾਕੇ ਆਉਂਦਾ ਹੈ। ਤੁਸੀਂ ਚੰਗੇ ਕੱਪੜਿਆਂ ਵਾਲੇ ਵਿਅਕਤੀ ਵੱਲ ਖਾਸ ਧਿਆਨ ਦਿੰਦੇ ਹੋ। ਤੁਸੀਂ ਆਖਦੇ ਹੋ, “ਆਓ ਇੱਥੇ ਇਸ ਚੰਗੀ ਥਾਂ ਤੇ ਬੈਠੋ?” ਪਰ ਤੁਸੀਂ ਗਰੀਬ ਵਿਅਕਤੀ ਨੂੰ ਕਹੋਂਗੇ, “ਜਾ ਉੱਥੇ ਖੜ੍ਹਾ ਹੋ ਜਾ।” ਜਾਂ “ਥੱਲੇ ਫ਼ਰਸ਼ ਤੇ ਮੇਰੇ ਪੈਰਾਂ ਕੋਲ ਬੈਠ ਜਾ।” ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੁਝ ਲੋਕਾਂ ਨੂੰ ਹੋਰਨਾਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾ ਰਹੇ ਹੋ। ਮੰਦੇ ਵਿੱਚਾਰਾਂ ਨਾਲ ਤੁਸੀਂ ਇਹ ਨਿਆਂ ਕਰ ਰਹੇ ਹੋ ਕਿ ਕਿਹੜਾ ਵਿਅਕਤੀ ਬਿਹਤਰ ਹੈ।

ਮੇਰੇ ਪਿਆਰੇ ਭਰਾਵੋ ਅਤੇ ਭੈਣੋ ਸੁਣੋ। ਪਰਮੇਸ਼ੁਰ ਨੇ ਦੁਨੀਆਂ ਦੇ ਗਰੀਬ ਲੋਕਾਂ ਨੂੰ ਨਿਹਚਾ ਦੇ ਸੰਗ ਅਮੀਰ ਹੋਣ ਲਈ ਚੁਣਿਆ ਹੈ। ਉਸ ਨੇ ਉਨ੍ਹਾਂ ਨੂੰ ਉਹ ਰਾਜ ਪ੍ਰਾਪਤ ਕਰਨ ਲਈ ਚੁਣਿਆ ਹੈ ਜਿਸਦਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਸੀ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ। ਪਰ ਤੁਸੀਂ ਗਰੀਬ ਆਦਮੀ ਨੂੰ ਕੋਈ ਆਦਰ ਮਾਣ ਨਹੀਂ ਦਿੰਦੇ। ਅਤੇ ਤੁਸੀਂ ਜਾਣਦੇ ਹੋ ਕਿ ਅਮੀਰ ਆਦਮੀ ਹੀ ਹਨ ਜਿਹੜੇ ਤੁਹਾਡੀਆਂ ਜ਼ਿੰਦਗੀਆਂ ਉੱਤੇ ਨਿਯੰਤ੍ਰਣ ਕਰਦੇ ਹਨ। ਤੇ ਇਹ ਉਹੀ ਲੋਕ ਹਨ ਜਿਹੜੇ ਤੁਹਾਨੂੰ ਕਚਿਹਰੀਆਂ ਵਿੱਚ ਲੈ ਜਾਂਦੇ ਹਨ। ਅਮੀਰ ਲੋਕ ਹੀ ਹਨ ਜਿਹੜੇ ਉਸ ਇੱਕ ਦੇ ਸ਼ੁਭ ਨਾਂ ਦੇ ਵਿਰੁੱਧ ਬੋਲਦੇ ਹਨ ਜਿਹੜਾ ਤੁਹਾਡਾ ਮਾਲਕ ਹੈ।

ਸਭ ਨੇਮਾਂ ਦੇ ਉੱਪਰ ਇੱਕੋ ਹੀ ਨੇਮ ਦੀ ਸਰਦਾਰੀ ਹੈ। ਇਹ ਸ਼ਾਹੀ ਨੇਮ ਪੋਥੀਆਂ ਵਿੱਚ ਲਿਖਿਆ ਗਿਆ ਹੈ: “ਹੋਰਨਾਂ ਲੋਕਾਂ ਨੂੰ ਵੀ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋਂ।” [a] ਜੇ ਤੁਸੀਂ ਇਸ ਨੇਮ ਦਾ ਅਨੁਸਰਣ ਕਰੋਂਗੇ, ਤੁਸੀਂ ਸਹੀ ਗੱਲ ਕਰ ਰਹੇ ਹੋਂ। ਪਰ ਜੇ ਤੁਸੀਂ ਇੱਕ ਵਿਅਕਤੀ ਨਾਲ ਇਸ ਤਰ੍ਹਾਂ ਦਾ ਵਰਤਾਉ ਕਰ ਰਹੇ ਹੋ ਜਿਵੇਂ ਉਹ ਦੂਸਰੇ ਵਿਅਕਤੀ ਨਾਲੋਂ ਵੱਧੇਰੇ ਮਹੱਤਵਪੂਰਣ ਹੈ ਤਾਂ ਤੁਸੀਂ ਪਾਪ ਕਰ ਰਹੇ ਹੋ। ਸ਼ਾਹੀ ਨੇਮ ਸਾਬਤ ਕਰਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।

10 ਹੋ ਸੱਕਦਾ ਹੈ ਭਾਵੇਂ ਕੋਈ ਵਿਅਕਤੀ ਪਰਮੇਸ਼ੁਰ ਦੇ ਸਾਰੇ ਨੇਮਾਂ ਦੇ ਹੁਕਮਾਂ ਦਾ ਅਨੁਸਰਣ ਕਰਦਾ ਹੋਵੇ। ਪਰ ਜੇ ਉਹ ਵਿਅਕਤੀ ਉਸ ਨੇਮ ਦੇ ਸਿਰਫ਼ ਇੱਕ ਆਦੇਸ਼ ਦਾ ਵੀ ਅਵੱਗਿਆਕਾਰੀ ਹੈ ਤਾਂ ਉਹ ਪੂਰੇ ਨੇਮ ਦੀ ਅਵੱਗਿਆ ਕਰਨ ਦਾ ਦੋਸ਼ੀ ਹੋਵੇਗਾ।

ਯਾਕੂਬ 2:11-13

11 ਪਰਮੇਸ਼ੁਰ ਨੇ ਆਖਿਆ ਹੈ, “ਬਦਕਾਰੀ ਦਾ ਪਾਪ ਨਾ ਕਰੋ।” [a] ਉਸੇ ਪਰਮੇਸ਼ੁਰ ਨੇ ਇਹ ਵੀ ਆਖਿਆ, “ਕਿਸੇ ਨੂੰ ਨਾ ਮਾਰੋ।” [b] ਇਸੇ ਲਈ, ਜੇ ਤੁਸੀਂ ਵਿੱਭਚਾਰ ਦਾ ਗੁਨਾਹ ਨਾ ਕਰੋ, ਪਰ ਕਿਸੇ ਵਿਅਕਤੀ ਨੂੰ ਮਾਰ ਦਿਉਂ, ਫ਼ੇਰ ਤੁਸੀਂ ਪਰਮੇਸ਼ੁਰ ਦੇ ਪੂਰੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।

12 ਤੁਹਾਡੀ ਪਰੱਖ ਉਸ ਨੇਮ ਦੇ ਆਧਾਰ ਤੇ ਹੋਵੇਗੀ ਜਿਹੜਾ ਲੋਕਾਂ ਨੂੰ ਮੁਕਤ ਕਰਦਾ ਹੈ। ਆਪਣੀ ਹਰ ਕਹਿਣੀ ਅਤੇ ਕਰਨੀ ਵਿੱਚ ਤੁਸੀਂ ਇਸ ਗੱਲ ਨੂੰ ਚੇਤੇ ਰੱਖੋ। 13 ਹਾਂ, ਤੁਹਾਨੂੰ ਦੂਸਰਿਆਂ ਤੇ ਦਯਾ ਦਰਸ਼ਾਉਣੀ ਚਾਹੀਦੀ ਹੈ। ਜੇ ਤੁਸੀਂ ਦੂਸਰਿਆਂ ਤੇ ਦਯਾ ਨਹੀਂ ਦਰਸ਼ਾਵੋਂਗੇ, ਤਾਂ ਪਰਮੇਸ਼ੁਰ ਵੀ ਤੁਹਾਡੇ ਤੇ ਦਯਾ ਨਹੀਂ ਦਰਸ਼ਾਵੇਗਾ ਜਦੋਂ ਉਹ ਤੁਹਾਡਾ ਨਿਆਂ ਕਰੇਗਾ। ਪਰ ਇੱਕ ਜਿਹੜਾ ਦਯਾ ਦਰਸ਼ਾਉਂਦਾ ਹੈ ਉਹ ਉਦੋਂ ਨਿਡਰ ਹੋਕੇ ਖਲੋ ਸੱਕਦਾ ਹੈ ਜਦੋਂ ਉਸਦਾ ਨਿਆਂ ਕੀਤਾ ਜਾ ਰਿਹਾ ਹੋਵੇਗਾ।

ਯਾਕੂਬ 2:14-17

ਨਿਹਚਾ ਅਤੇ ਚੰਗਿਆਈਆਂ

14 ਮੇਰੇ ਭਰਾਵੋ ਅਤੇ ਭੈਣੋ ਜੇ ਕੋਈ ਵਿਅਕਤੀ ਇਹ ਆਖਦਾ ਹੈ ਕਿ ਉਸ ਦੇ ਕੋਲ ਨਿਹਚਾ ਹੈ ਪਰ ਅਮਲ ਨਹੀਂ ਕਰਦਾ ਤਾਂ ਉਸਦੀ ਨਿਹਚਾ ਨਿਕਾਰਥਕ ਹੈ। ਕੀ ਇਹੋ ਜਿਹੀ ਨਿਹਚਾ ਉਸ ਨੂੰ ਬਚਾ ਸੱਕਦੀ ਹੈ? ਨਹੀਂ। 15 ਮਸੀਹ ਵਿੱਚ ਕੁਝ ਭਰਾ ਜਾਂ ਭੈਣ ਸ਼ਾਇਦ ਉਸ ਦਿਨ ਲਈ ਕੱਪੜੇ ਅਤੇ ਰੋਟੀ ਦੇ ਲੋੜਵੰਦ ਹੋਣ। 16 ਪਰ ਤੁਸੀਂ ਉਸ ਵਿਅਕਤੀ ਨੂੰ ਆਖੋ, “ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇ। ਆਪਣੇ ਆਪ ਨੂੰ ਗਰਮਾਓ ਅਤੇ ਚੋਖਾ ਖਾਓ।” ਤੁਸੀਂ ਸਿਰਫ਼ ਇਹੀ ਗੱਲਾਂ ਆਖਦੇ ਹੋ ਪਰ ਤੁਸੀਂ ਉਸ ਵਿਅਕਤੀ ਨੂੰ ਉਹ ਚੀਜ਼ਾਂ ਨਹੀਂ ਦਿੰਦੇ ਜੋ ਉਸ ਨੂੰ ਲੋੜੀਂਦੀਆਂ ਹਨ। ਜੇ ਤੁਸੀਂ ਉਸ ਵਿਅਕਤੀ ਦੀ ਸਹਾਇਤਾ ਨਹੀਂ ਕਰਦੇ, ਤਾਂ ਇਸਦਾ ਕੀ ਫ਼ਾਇਦਾ ਹੈ। 17 ਨਿਹਚਾ ਦੇ ਨਾਲ ਵੀ ਇਹੀ ਹੈ। ਜੇ ਨਿਹਚਾ ਕੁਝ ਨਹੀਂ ਸੰਵਾਰਦੀ ਤਾਂ ਉਹ ਨਿਹਚਾ ਨਿਰਜੀਵ ਹੈ ਕਿਉਂਕਿ ਉਹ ਇੱਕਲੀ ਹੈ।

ਮਰਕੁਸ 7:24-37

ਯਿਸੂ ਦਾ ਗੈਰ-ਯਹੂਦੀ ਔਰਤ ਦੀ ਸਹਾਇਤਾ ਕਰਨਾ(A)

24 ਫ਼ੇਰ ਯਿਸੂ ਉੱਥੋਂ ਉੱਠ ਕੇ ਸੂਰ ਦੇ ਇਲਾਕੇ ਵਿੱਚ ਆਇਆ ਅਤੇ ਇੱਕ ਘਰ ਵਿੱਚ ਗਿਆ। ਅਤੇ ਉਹ ਚਾਹੁੰਦਾ ਸੀ ਕਿ ਕਿਸੇ ਨੂੰ ਉਸ ਦੇ ਆਉਣ ਦੀ ਖਬਰ ਨਾ ਹੋਵੇ, ਪਰ ਉਹ ਆਪਣੇ-ਆਪ ਨੂੰ ਲੁਕਿਆ ਨਾ ਰੱਖ ਸੱਕਿਆ। 25 ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਆਪਣੀ ਛੋਟੀ ਜਿਹੀ ਕੁੜੀ ਨੂੰ ਲਿਆਈ ਜਿਸ ਅੰਦਰ ਇੱਕ ਭਰਿਸ਼ਟ ਆਤਮਾ ਸੀ। ਔਰਤ ਯਿਸੂ ਦੇ ਚਰਣਾਂ ਤੇ ਝੁਕੀ ਤੇ ਪ੍ਰਣਾਮ ਕੀਤਾ। 26 ਉਹ ਔਰਤ ਗੈਰ-ਯਹੂਦੀ ਯੂਨਾਨਣ ਸੀ ਅਤੇ ਉਸਦਾ ਜਨਮ ਸੂਰੁਫ਼ੈਨੀਕਣ ਦਾ ਸੀ ਜੋ ਕਿ ਸੀਰਿਆ ਦਾ ਇਲਾਕਾ ਹੈ। ਉਸ ਨੇ ਯਿਸੂ ਨੂੰ ਉਸਦੀ ਧੀ ਅੰਦਰੋਂ ਭੂਤ ਨੂੰ ਕੱਢਣ ਵਾਸਤੇ ਬੇਨਤੀ ਕੀਤੀ।

27 ਯਿਸੂ ਨੇ ਉਸ ਔਰਤ ਨੂੰ ਆਖਿਆ, “ਸਭ ਤੋਂ ਪਹਿਲਾਂ ਜਿੰਨੀ ਰੋਟੀ ਬੱਚੇ ਚਾਹੁੰਣ ਉਨ੍ਹਾਂ ਨੂੰ ਖਾਣ ਦਿਓ ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਚੰਗੀ ਗੱਲ ਨਹੀਂ।”

28 ਔਰਤ ਨੇ ਜਵਾਬ ਦਿੱਤਾ, “ਪ੍ਰਭੂ ਜੀ, ਇਹ ਸੱਚ ਹੈ, ਪਰ ਮੇਜ਼ ਦੇ ਹੇਠਾਂ ਬੈਠੇ ਕੁੱਤੇ ਵੀ ਬੱਚਿਆਂ ਦੁਆਰਾ ਛੱਡੇ ਗਏ ਰੋਟੀ ਦੇ ਟੁਕੜੇ ਖਾਂਦੇ ਹਨ।”

29 ਤਾਂ ਯਿਸੂ ਨੇ ਉਸ ਔਰਤ ਨੂੰ ਆਖਿਆ, “ਇਹ ਇੱਕ ਚੰਗਾ ਜਵਾਬ ਹੈ। ਫ਼ਿਰ ਤੂੰ ਜਾ ਸੱਕਦੀ ਹੈਂ। ਭੂਤ ਨੇ ਤੇਰੀ ਧੀ ਨੂੰ ਛੱਡ ਦਿੱਤਾ ਹੈ।”

30 ਫ਼ਿਰ ਉਹ ਔਰਤ ਘਰ ਗਈ ਅਤੇ ਉਸਦੀ ਧੀ ਨੂੰ ਮੰਜੇ ਤੇ ਪਈ ਵੇਖਿਆ ਅਤੇ ਭੂਤ ਨੇ ਉਸ ਨੂੰ ਛੱਡ ਦਿੱਤਾ ਸੀ।

ਯਿਸੂ ਦਾ ਇੱਕ ਬੋਲੇ ਨੂੰ ਠੀਕ ਕਰਨਾ

31 ਉਸ ਨੇ ਸੂਰ ਦਾ ਉਹ ਖੇਤ੍ਰ ਛੱਡ ਦਿੱਤਾ ਅਤੇ ਸੈਦਾ ਰਾਹੀਂ ਦਿਕਾਪੁਲਿਸ ਦੇ ਖੇਤ੍ਰ ਵਿੱਚ ਦੀ ਲੰਘਦਾ ਹੋਇਆ ਗਲੀਲੀ ਝੀਲ ਨੂੰ ਗਿਆ। 32 ਜਦੋਂ ਉਹ ਉੱਥੇ ਸੀ, ਕੁਝ ਲੋਕ ਉਸ ਕੋਲ ਇੱਕ ਬੰਦੇ ਨੂੰ ਲਿਆਏ, ਉਹ ਮਨੁੱਖ ਗੂੰਗਾ ਅਤੇ ਬੋਲਾ ਸੀ। ਉਨ੍ਹਾਂ ਨੇ ਉਸ ਨੂੰ ਅਰਜੋਈ ਕੀਤੀ ਕਿ ਉਹ ਆਪਣੇ ਹੱਥ ਉਸ ਉੱਪਰ ਰੱਖਕੇ ਉਸ ਨੂੰ ਚੰਗਾ ਕਰ ਦੇਵੇ।

33 ਯਿਸੂ ਉਸ ਬੰਦੇ ਨੂੰ ਭੀੜ ਤੋਂ ਵੱਖਰਾ ਕਰਕੇ ਲੈ ਗਿਆ ਅਤੇ ਆਪਣੀਆਂ ਉਂਗਲਾਂ ਉਸ ਦੇ ਕੰਨ ਵਿੱਚ ਪਾਈਆਂ। ਫ਼ਿਰ ਯਿਸੂ ਨੇ ਥੁਕਿਆ ਅਤੇ ਉਸਦੀ ਜੀਭ ਨੂੰ ਛੋਇਆ। 34 ਯਿਸੂ ਨੇ ਅਕਾਸ਼ ਵੱਲ ਵੇਖਿਆ ਅਤੇ ਮੂੰਹ ਚ ਹਉਂਕਾ ਭਰਿਆ ਅਤੇ ਉਸ ਨੂੰ ਆਖਿਆ, “ਇੱਫ਼ਤਾ!” (ਇਸਦਾ ਅਰਥ “ਖੁੱਲ੍ਹ ਜਾ!”) 35 ਜਦੋਂ ਉਸ ਨੇ ਅਜਿਹਾ ਕੀਤਾ ਮਨੁੱਖ ਸੁਨਣ ਦੇ ਸਮਰਥ ਹੋ ਗਿਆ ਅਤੇ ਉਹ ਸਾਫ਼-ਸਾਫ਼ ਬੋਲਣ ਦੇ ਵੀ ਸਮਰੱਥ ਸੀ।

36 ਯਿਸੂ ਨੇ ਲੋਕਾਂ ਨੂੰ ਤਗੀਦ ਕੀਤੀ ਕਿ ਇਸ ਘਟਨਾ ਬਾਰੇ ਕਿਸੇ ਨੂੰ ਨਾ ਕਹਿਣਾ। ਯਿਸੂ ਨੇ ਹਮੇਸ਼ਾ ਲੋਕਾਂ ਨੂੰ ਇਸਦਾ ਹੁਕਮ ਦਿੱਤਾ। ਪਰ ਜਿੰਨਾ ਉਹ ਹੋਰਨਾਂ ਨੂੰ ਨਾ ਦੱਸਣ ਵਾਸਤੇ ਵੱਧ ਹੁਕਮ ਦਿੰਦਾ ਸੀ ਉਹ ਉਸ ਬਾਰੇ ਹੋਰ ਵੀ ਜ਼ਿਆਦਾ ਦੱਸਦੇ। 37 ਲੋਕ ਬੜੇ ਹੈਰਾਨ ਸਨ ਅਤੇ ਆਖਿਆ, “ਯਿਸੂ ਸਭ ਕੁਝ ਵੱਧੀਆ ਕਰਦਾ ਹੈ। ਉਹ ਬੋਲਿਆਂ ਨੂੰ ਸੁਨਣ ਅਤੇ ਗੂੰਗਿਆਂ ਨੂੰ ਬੋਲਣ ਦੇ ਕਾਬਿਲ ਵੀ ਬਨਾਉਂਦਾ ਹੈ।”

Punjabi Bible: Easy-to-Read Version (ERV-PA)

2010 by World Bible Translation Center