Revised Common Lectionary (Complementary)
106 ਯਹੋਵਾਹ ਦੀ ਉਸਤਤਿ ਕਰੋ
ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਸ਼ੁਭ ਹੈ।
ਪਰਮੇਸ਼ੁਰ ਦਾ ਪਿਆਰ ਸਦੀਵੀ ਹੈ।
2 ਅਸਲ ਵਿੱਚ ਕੋਈ ਵੀ ਬਿਆਨ ਨਹੀਂ ਕਰ ਸੱਕਦਾ
ਕਿ ਯਹੋਵਾਹ ਕਿੰਨਾ ਵੱਡਾ ਹੈ।
3 ਜਿਹੜੇ ਲੋਕ ਪਰਮੇਸ਼ੁਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਉਹ ਖੁਸ਼ ਹਨ।
ਉਹ ਲੋਕ ਹਰ ਵੇਲੇ ਨੇਕੀ ਕਰਦੇ ਰਹਿੰਦੇ ਹਨ।
4 ਯਹੋਵਾਹ, ਜਦੋਂ ਤੁਸੀਂ ਆਪਣੇ ਬੰਦਿਆਂ ਉੱਤੇ ਮਿਹਰਬਾਨ ਹੋਵੋਂ ਮੈਨੂੰ ਵੀ ਚੇਤੇ ਰੱਖਣਾ।
ਮੈਨੂੰ ਚੇਤੇ ਰੱਖਣਾ ਅਤੇ ਬਚਾਉਣਾ ਵੀ।
5 ਯਹੋਵਾਹ, ਮੈਨੂੰ ਉਹ ਚੰਗੀਆਂ ਚੀਜ਼ਾਂ ਸਾਂਝੀਆਂ ਕਰਨ ਦਿਉ
ਜਿਹੜੀਆਂ ਤੁਸੀਂ ਆਪਣੇ ਚੋਣਵੇਂ ਲੋਕਾਂ ਨੂੰ ਦਿੰਦੇ ਹੋ।
ਮੈਨੂੰ ਵੀ ਤੁਹਾਡੀ ਕੌਮ ਨਾਲ ਖੁਸ਼ੀ ਮਨਾਉਣ ਦਿਉ।
ਮੈਨੂੰ ਉਸਤਤਿ ਵਿੱਚ ਤੁਹਾਡੇ ਲੋਕਾਂ ਨਾਲ ਸ਼ਾਮਿਲ ਹੋਣ ਦਿਉ।
6 ਅਸੀਂ ਉਵੇਂ ਹੀ ਪਾਪ ਕੀਤਾ ਜਿਵੇਂ ਸਾਡੇ ਪੁਰਖਿਆਂ ਨੇ ਪਾਪ ਕੀਤਾ ਸੀ।
ਅਸੀਂ ਗਲਤ ਸਾਂ, ਅਸੀਂ ਮਿਸਰ ਵਿੱਚ ਮੰਦੀਆਂ ਗੱਲਾਂ ਕੀਤੀਆਂ।
13 ਪਰ ਸਾਡੇ ਪੁਰਖਿਆਂ ਨੇ ਉਨ੍ਹਾਂ ਗੱਲਾਂ ਨੂੰ ਛੇਤੀ ਹੀ ਭੁਲਾ ਦਿੱਤਾ ਜੋ ਪਰਮੇਸ਼ੁਰ ਨੇ ਕੀਤੀਆਂ ਸਨ।
ਉਨ੍ਹਾਂ ਨੇ ਪਰਮੇਸ਼ੁਰ ਦਾ ਮਸ਼ਵਰਾ ਨਹੀਂ ਸੁਣਿਆ।
14 ਮਾਰੂਥਲ ਵਿੱਚ ਸਾਡੇ ਪੁਰਖਿਆਂ ਨੂੰ ਬਹੁਤ ਭੁੱਖ ਲਗੀ
ਅਤੇ ਉਨ੍ਹਾਂ ਨੇ ਬੀਆਬਾਨ ਵਿੱਚ ਪਰਮੇਸ਼ੁਰ ਦੀ ਪਰੱਖ ਕੀਤੀ।
15 ਪਰ ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਉਹ ਚੀਜ਼ਾਂ ਦਿੱਤੀਆਂ ਜੋ ਉਨ੍ਹਾਂ ਨੇ ਮੰਗੀਆਂ ਸਨ।
ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਇੱਕ ਭਿਆਨਕ ਬਿਮਾਰੀ ਵੀ ਦਿੱਤੀ।
16 ਲੋਕ ਮੂਸਾ ਨਾਲ ਈਰਖਾ ਕਰਨ ਲੱਗੇ।
ਉਹ ਯਹੋਵਾਹ ਦੇ ਪਵਿੱਤਰ ਜਾਜਕ ਹਾਰੂਨ ਨਾਲ ਈਰਖਾਲੂ ਹੋ ਗਏ।
17 ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਈਰਖਾਲੂ ਲੋਕਾਂ ਨੂੰ ਸਜ਼ਾ ਦਿੱਤੀ।
ਧਰਤੀ ਤਿੜਕ ਗਈ ਅਤੇ ਉਸ ਨੇ ਦਾਥਾਨ ਨੂੰ ਨਿਗਲ ਲਿਆ।
ਤਾਂ ਇੱਕ ਵਾਰੀ ਫ਼ੇਰ, ਧਰਤੀ ਖੁਲ੍ਹੀ ਅਤੇ ਅਬੀਰਾਮ ਦੇ ਸਮੂਹ ਨੂੰ ਨਿਗਲ ਲਿਆ।
18 ਫ਼ੇਰ ਅੱਗ ਨੇ ਲੋਕਾਂ ਦੀ ਉਸ ਭੀੜ ਨੂੰ ਸਾੜ ਸੁੱਟਿਆ।
ਉਸ ਅੱਗ ਨੇ ਮੰਦੇ ਲੋਕਾਂ ਨੂੰ ਸਾੜ ਦਿੱਤਾ।
19 ਉਨ੍ਹਾਂ ਲੋਕਾਂ ਨੇ ਹੋਰੇਬ ਪਰਬਤ ਉੱਤੇ ਇੱਕ ਸੋਨੇ ਦਾ ਵੱਛਾ ਬਣਾਇਆ।
ਉਨ੍ਹਾਂ ਨੇ ਇੱਕ ਬੁੱਤ ਦੀ ਉਪਾਸਨਾ ਕੀਤੀ।
20 ਉਨ੍ਹਾਂ ਲੋਕਾਂ ਨੇ ਆਪਣੇ ਮਹਿਮਾਮਈ ਪਰਮੇਸ਼ੁਰ ਨੂੰ
ਘਾਹ ਖਾਣੇ ਬਲਦ ਦੀ ਮੂਰਤ ਬਦਲੇ ਵਟਾ ਦਿੱਤਾ।
21 ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਬਚਾਇਆ।
ਪਰ ਉਹ ਪੂਰੀ ਤਰ੍ਹਾਂ ਉਸ ਬਾਰੇ ਭੁੱਲ ਗਏ।
ਉਹ ਉਸ ਪਰਮੇਸ਼ੁਰ ਬਾਰੇ ਭੁੱਲ ਗਏ ਜਿਸਨੇ ਮਿਸਰ ਵਿੱਚ ਕਰਿਸ਼ਮੇ ਕੀਤੇ ਸਨ।
22 ਪਰਮੇਸ਼ੁਰ ਨੇ ਹੈਮ ਦੇ ਦੇਸ਼ ਵਿੱਚ ਕਰਿਸ਼ਮੇ ਕੀਤੇ ਸਨ,
ਲਾਲ ਸਾਗਰ ਦੇ ਨੇੜੇ ਪਰਮੇਸ਼ੁਰ ਦੀਆਂ ਕਰਨੀਆਂ ਭਰਮ ਭਰੀਆਂ ਸਨ।
23 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨਾ ਚਾਹੁੰਦਾ ਸੀ।
ਪਰ ਉਸ ਦੇ ਚੁਣੇ ਹੋਏ ਬੰਦੇ, ਮੂਸਾ ਨੇ ਉਸ ਨੂੰ ਰੋਕ ਦਿੱਤਾ।
ਪਰਮੇਸ਼ੁਰ ਬਹੁਤ ਕਹਿਰਵਾਨ ਸੀ, ਪਰ ਮੂਸਾ ਨੇ ਉਸਦਾ ਰਾਹ ਰੋਕ ਲਿਆ।
ਇਸ ਲਈ ਪਰਮੇਸ਼ੁਰ ਨੇ ਲੋਕਾਂ ਨੂੰ ਤਬਾਹ ਨਹੀਂ ਕੀਤਾ।
47 ਸਾਡੇ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਬਚਾ ਲਿਆ।
ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਤੋਂ ਵਾਪਸ ਲਿਆਂਦਾ
ਤਾਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰ ਸੱਕੀਏ।
ਤਾਂ ਜੋ ਅਸੀਂ ਉਸਦੀ ਉਸਤਤਿ ਗਾ ਸੱਕੀਏ।
48 ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦੇਵੋ।
ਪਰਮੇਸ਼ੁਰ ਸਦਾ ਰਿਹਾ ਅਤੇ ਸਦਾ ਹੀ ਉਹ ਰਹੇਗਾ।
ਅਤੇ ਸਮੂਹ ਲੋਕਾਂ ਨੇ ਆਖਿਆ, “ਆਮੀਨ!”
ਯਹੋਵਾਹ ਦੀ ਉਸਤਤਿ ਕਰੋ।
21 “ਯਹੋਵਾਹ ਤੁਹਾਡੇ ਕਾਰਣ, ਮੇਰੇ ਨਾਲ ਨਾਰਾਜ਼ ਹੋ ਗਿਆ। ਯਹੋਵਾਹ ਨੇ ਸੌਂਹ ਖਾਧੀ ਕਿ ਮੈਂ ਯਰਦਨ ਨਦੀ ਪਾਰ ਕਰਕੇ ਉਸ ਚੰਗੀ ਧਰਤੀ ਉੱਤੇ ਨਹੀਂ ਜਾਵਾਂਗਾ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। 22 ਇਸ ਲਈ ਮੈਨੂੰ ਇੱਥੇ ਇਸੇ ਧਰਤੀ ਉੱਤੇ ਹੀ ਮਰਨਾ ਪਵੇਗਾ। ਮੈਂ ਯਰਦਨ ਨਦੀ ਦੇ ਪਾਰ ਨਹੀਂ ਜਾ ਸੱਕਦਾ, ਪਰ ਤੁਸੀਂ ਛੇਤੀ ਹੀ ਪਾਰ ਜਾਵੋਂਗੇ ਅਤੇ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰਕੇ ਉੱਥੇ ਰਹੋਂਗੇ। 23 ਉਸ ਨਵੀਂ ਧਰਤੀ ਵਿੱਚ, ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਇਕਰਾਰਨਾਮੇ ਨੂੰ ਨਾ ਭੁੱਲੋ ਜਿਹੜਾ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਨਾਲ ਕੀਤਾ ਹੈ। ਤੁਹਾਨੂੰ ਯਹੋਵਾਹ ਦੇ ਹੁਕਮ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ। ਕਿਸੇ ਵੀ ਸ਼ਕਲ ਵਿੱਚ ਕੋਈ ਬੁੱਤ ਨਹੀਂ ਬਨਾਉਣਾ। 24 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਆਪਣੇ ਲੋਕਾਂ ਦੇ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਨ ਨੂੰ ਨਫ਼ਰਤ ਕਰਦਾ ਹੈ। ਅਤੇ ਯਹੋਵਾਹ ਉਸ ਅਗਨੀ ਵਰਗਾ ਹੋ ਸੱਕਦਾ ਹੈ ਜਿਹੜੀ ਤਬਾਹ ਕਰ ਦਿੰਦੀ ਹੈ!
25 “ਤੁਸੀਂ ਲੰਮੇ ਸਮੇਂ ਤੀਕ ਉਸ ਦੇਸ਼ ਵਿੱਚ ਰਹੋਂਗੇ ਅਤੇ ਤੁਹਾਡੇ ਪੁੱਤ-ਪੋਤਰੇ ਹੋਣਗੇ ਤੁਸੀਂ ਓੱਥੇ ਹੀ ਬੁੱਢੇ ਹੋਵੋਂਗੇ। ਫ਼ੇਰ ਤੁਸੀਂ ਹਰ ਤਰ੍ਹਾਂ ਦੀਆਂ ਮੂਰਤੀਆਂ ਬਣਾਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲਵੋਂਗੇ। ਜਦੋਂ ਤੁਸੀਂ ਅਜਿਹਾ ਕਰੋਂਗੇ, ਤੁਸੀਂ ਪਰਮੇਸ਼ੁਰ ਨੂੰ ਬਹੁਤ ਨਰਾਜ਼ ਕਰ ਲਵੋਂਗੇ। 26 ਇਸ ਲਈ, ਹੁਣ ਮੈਂ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਖਿਲਾਫ਼ ਗਵਾਹ ਠਹਿਰਾਉਂਦਾ ਹਾਂ। ਜੇ ਤੁਸੀਂ ਇੰਝ ਹੀ ਪਾਪ ਕਰੋਂਗੇ, ਬਹੁਤ ਹੀ ਜਲਦੀ ਤੁਸੀਂ ਤਬਾਹੀ ਦਾ ਸਾਹਮਣਾ ਕਰੋਂਗੇ। ਤੁਸੀਂ ਹੁਣ ਉਹ ਧਰਤੀ ਹਾਸਿਲ ਕਰਨ ਲਈ ਯਰਦਨ ਨਦੀ ਨੂੰ ਪਾਰ ਕਰ ਰਹੇ ਹੋ, ਪਰ ਜੇ ਤੁਸੀਂ ਕੋਈ ਮੂਰਤੀਆਂ ਬਣਾਈਆਂ, ਤੁਸੀਂ ਲੰਮੇ ਸਮੇਂ ਤੱਕ ਜਿਉਂਦੇ ਨਹੀਂ ਰਹੋਂਗੇ। ਯਕੀਨਨ ਹੀ, ਤੁਸੀਂ ਪੂਰੀ ਤਰ੍ਹਾਂ ਤਬਾਹ ਹੋ ਜਾਵੋਂਗੇ! 27 ਯਹੋਵਾਹ ਤੁਹਾਨੂੰ ਹੋਰਨਾਂ ਕੌਮਾਂ ਵਿੱਚ ਖਿੰਡਾ ਦੇਵੇਗਾ। ਅਤੇ ਤੁਹਾਡੇ ਵਿੱਚ ਸਿਰਫ਼ ਥੋੜੇ ਜਿਹੇ ਹੀ ਉਨ੍ਹਾਂ ਦੇਸ਼ ਵਿੱਚ ਜਾਣ ਲਈ ਬਚਨਗੇ ਜਿੱਥੇ ਤੁਹਾਨੂੰ ਯਹੋਵਾਹ ਭੇਜੇਗਾ। 28 ਉੱਥੇ, ਤੁਸੀਂ ਮਨੁੱਖਾਂ ਦੁਆਰਾ ਬਣਾਏ ਹੋਏ ਦੇਵਤਿਆਂ, ਪੱਥਰ ਅਤੇ ਲੱਕੜੀ ਤੋਂ ਬਣੀਆਂ ਹੋਈਆਂ ਮੂਰਤੀਆਂ ਦੀ ਸੇਵਾ ਕਰੋਂਗੇ ਜਿਹੜੀਆਂ ਨਾ ਤਾਂ ਦੇਖ ਸੱਕਦੀਆਂ, ਨਾ ਸੁਣ ਸੱਕਦੀਆਂ ਨਾ ਖਾ ਸੱਕਦੀਆਂ ਅਤੇ ਨਾ ਸੁੰਘ ਸੱਕਦੀਆਂ। 29 ਪਰ ਜੇਕਰ ਉੱਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਭਾਲੋਂਗੇ, ਤੁਸੀਂ ਉਸ ਨੂੰ ਭਾਲ ਲਵੋਂਗੇ, ਜੇਕਰ ਤੁਸੀਂ ਉਸ ਨੂੰ ਆਪਣੇ ਪੂਰੇ ਦਿਨ ਅਤੇ ਰੂਹ ਨਾਲ ਭਾਲੋਂਗੇ। 30 ਜਦੋਂ ਤੁਸੀਂ ਮੁਸ਼ਕਿਲ ਵਿੱਚ ਹੋਵੋ-ਜਦੋਂ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਵਾਪਰਨ-ਤਾਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਕੋਲ ਵਾਪਸ ਆ ਜਾਵੋਂਗੇ ਅਤੇ ਉਸਦਾ ਹੁਕਮ ਮੰਨੋਗੇ। 31 ਯਹੋਵਾਹ, ਤੁਹਾਡਾ ਪਰਮੇਸ਼ੁਰ, ਦਿਆਲੂ ਪਰਮੇਸ਼ੁਰ ਹੈ। ਉਹ ਤੁਹਾਨੂੰ ਉੱਥੇ ਨਹੀਂ ਛੱਡੇਗਾ। ਉਹ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰੇਗਾ। ਉਹ ਉਸ ਇਕਰਾਰਨਾਮੇ ਨੂੰ ਨਹੀਂ ਭੁੱਲੇਗਾ ਜਿਹੜਾ ਉਸ ਨੇ ਤੁਹਾਡੇ ਪੁਰਖਿਆਂ ਨਾਲ ਕੀਤਾ ਸੀ।
ਪਰਮੇਸ਼ੁਰ ਦੇ ਮਹਾਨ ਕਾਰਨਾਮਿਆਂ ਬਾਰੇ ਸੋਚੋ
32 “ਕੀ ਇਹੋ ਜਿਹੀ ਮਹਾਨ ਗੱਲ ਕਦੇ ਪਹਿਲਾਂ ਵਾਪਰੀ ਹੈ? ਕਦੇ ਨਹੀਂ! ਅਤੀਤ ਵੱਲ ਵੇਖੋ। ਉਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚੋ ਜਿਹੜੀਆਂ ਤੁਹਾਡੇ ਜੰਮਣ ਤੋਂ ਪਹਿਲਾਂ ਵਾਪਰੀਆਂ ਸਨ ਉਸ ਸਮੇਂ ਵਿੱਚ ਵਾਪਸ ਜਾਉ ਜਦੋਂ ਪਰਮੇਸ਼ੁਰ ਨੇ ਧਰਤੀ ਉੱਤੇ ਮਨੁੱਖਾਂ ਨੂੰ ਸਾਜਿਆ ਸੀ ਉਨ੍ਹਾਂ ਸਰੀਆਂ ਗੱਲਾਂ ਵੱਲ ਦੇਖੋ ਜਿਹੜੀਆਂ ਧਰਤੀ ਉੱਤੇ ਵਾਪਰੀਆਂ ਹਨ। ਕੀ ਕਿਸੇ ਨੇ ਕਦੇ ਇਹੋ ਜਿਹੀਆਂ ਮਹਾਨ ਗੱਲਾਂ ਬਾਰੇ ਸੁਣਿਆ ਹੈ? ਨਹੀਂ! 33 ਤੁਸੀਂ ਲੋਕਾਂ ਨੇ ਪਰਮੇਸ਼ੁਰ ਨੂੰ ਅੱਗ ਵਿੱਚੋਂ ਤੁਹਾਡੇ ਨਾਲ ਗੱਲਾਂ ਕਰਦਿਆਂ ਸੁਣਿਆ, ਅਤੇ ਹਾਲੇ ਵੀ ਜਿਉਂਦੇ ਹੋ! ਕੀ ਅਜਿਹਾ ਕਿਸੇ ਹੋਰ ਨਾਲ ਵਾਪਰਿਆ ਹੈ? ਨਹੀਂ! 34 ਕੀ ਕਦੇ ਕਿਸੇ ਹੋਰ ਦੇਵਤੇ ਨੇ ਕਿਸੇ ਹੋਰ ਦੇਸ਼ ਦੇ ਲੋਕਾਂ ਨੂੰ ਆਪਣਾ ਬਨਾਉਣ ਦਾ ਯਤਨ ਕੀਤਾ ਹੈ? ਨਹੀਂ! ਪਰ ਤੁਸੀਂ ਖੁਦ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਇਹ ਕਰਿਸ਼ਮੇ ਕਰਦਿਆਂ ਦੇਖਿਆ ਹੈ! ਉਸ ਨੇ ਤੁਹਾਨੂੰ ਆਪਣੀ ਤਾਕਤ ਅਤੇ ਸ਼ਕਤੀ ਦਰਸਾਈ ਹੈ। ਤੁਸੀਂ ਉਨ੍ਹਾਂ ਮੁਸ਼ਕਿਲਾਂ ਨੂੰ ਦੇਖਿਆ ਜਿਨ੍ਹਾਂ ਨੇ ਲੋਕਾਂ ਨੂੰ ਪਰੱਖਿਆ, ਚਮਤਕਾਰਾਂ ਅਤੇ ਅਚਰਜ ਕੰਮਾਂ ਨੂੰ। ਤੁਸੀਂ ਯੁੱਧ ਅਤੇ ਭਿਆਨਕ ਗੱਲਾਂ ਵਾਪਰਦੀਆਂ ਦੇਖੀਆਂ। 35 ਯਹੋਵਾਹ ਨੇ ਤੁਹਾਨੂੰ ਇਹ ਗੱਲਾਂ ਇਸ ਵਾਸਤੇ ਦਰਸਾਈਆਂ ਤਾਂ ਜੋ ਤੁਸੀਂ ਜਾਣ ਲਵੋਂ ਕਿ ਉਹ ਪਰਮੇਸ਼ੁਰ ਹੈ। ਉਸਤੋਂ ਸਿਵਾ ਹੋਰ ਕੋਈ ਪਰਮੇਸ਼ੁਰ ਨਹੀਂ ਹੈ! 36 ਯਹੋਵਾਹ ਨੇ ਤੁਹਾਨੂੰ ਆਕਾਸ਼ ਵਿੱਚੋਂ ਆਪਣੀ ਅਵਾਜ਼ ਸੁਣਨ ਦਿੱਤੀ ਤਾਂ ਜੋ ਉਹ ਤੁਹਾਨੂੰ ਅਨੁਸ਼ਾਸਿਤ ਕਰ ਸੱਕੇ। ਉਸ ਨੇ ਤੁਹਾਨੂੰ ਆਪਣੀ ਮਹਾਨ ਅੱਗ ਧਰਤੀ ਉੱਤੇ ਵੇਖਣ ਦਿੱਤੀ ਅਤੇ ਉਸ ਅੱਗ ਵਿੱਚੋਂ ਤੁਹਾਡੇ ਨਾਲ ਗੱਲਾਂ ਕੀਤੀਆਂ।
37 “ਯਹੋਵਾਹ ਤੁਹਾਡੇ ਪੁਰਖਿਆਂ ਨੂੰ ਪਿਆਰ ਕਰਦਾ ਸੀ! ਇਹੀ ਕਾਰਣ ਹੈ ਕਿ ਉਸ ਨੇ ਤੁਹਾਨੂੰ, ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਚੁਣਿਆ। ਅਤੇ ਇਹੀ ਕਾਰਣ ਹੈ ਕਿ ਯਹੋਵਾਹ ਤੁਹਾਨੂੰ, ਮਿਸਰ ਵਿੱਚੋਂ, ਬਾਹਰ ਲਿਆਇਆ। ਉਹ ਤੁਹਾਡੇ ਨਾਲ ਸੀ ਅਤੇ ਤੁਹਾਨੂੰ ਆਪਣੀ ਮਹਾਨ ਸ਼ਕਤੀ ਰਾਹੀਂ ਬਾਹਰ ਲੈ ਕੇ ਆਇਆ। 38 ਜਦੋਂ ਤੁਸੀਂ ਅੱਗੇ ਵੱਧੇ ਸੀ, ਯਹੋਵਾਹ ਨੇ ਉਨ੍ਹਾਂ ਕੌਮਾਂ ਨੂੰ ਬਾਹਰ ਕੱਢ ਦਿੱਤਾ ਜਿਹੜੀਆਂ ਤੁਹਾਡੇ ਨਾਲੋਂ ਵੱਡੇਰੀਆਂ ਅਤੇ ਤੁਹਾਡੇ ਨਾਲੋਂ ਤਾਕਤਵਰ ਸਨ। ਅਤੇ ਯਹੋਵਾਹ ਨੇ ਉਨ੍ਹਾਂ ਦੀ ਧਰਤੀ ਅੰਦਰ ਤੁਹਾਡੀ ਅਗਵਾਈ ਕੀਤੀ। ਉਸ ਨੇ ਤੁਹਾਨੂੰ ਰਹਿਣ ਵਾਸਤੇ ਉਨ੍ਹਾਂ ਦੀ ਧਰਤੀ ਦੇ ਦਿੱਤੀ। ਅਤੇ ਉਹ ਅੱਜ ਵੀ ਇਹੋ ਕਰ ਰਿਹਾ ਹੈ।
39 “ਇਸ ਲਈ ਅੱਜ ਤੁਹਾਨੂੰ ਜ਼ਰੂਰ ਚੇਤੇ ਕਰਨਾ ਚਾਹੀਦਾ ਹੈ ਅਤੇ ਮੰਨ ਲੈਣਾ ਚਾਹੀਦਾ ਹੈ ਕਿ ਯਹੋਵਾਹ ਪਰਮੇਸ਼ੁਰ ਹੈ। ਉਹ ਅਕਾਸ਼ ਵਿੱਚ ਉੱਪਰ ਅਤੇ ਧਰਤੀ ਉੱਤੇ ਇੱਥੇ ਹੇਠਾਂ, ਪਰਮੇਸ਼ੁਰ ਹੈ। ਕੋਈ ਹੋਰ ਪਰਮੇਸ਼ੁਰ ਨਹੀਂ! 40 ਅਤੇ ਤੁਹਾਨੂੰ ਉਸ ਦੇ ਕਾਨੂੰਨਾ ਅਤੇ ਹੁਕਮਾਂ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਫ਼ੇਰ ਤੁਹਾਡਾ ਹਰ ਤਰ੍ਹਾਂ ਨਾਲ ਭਲਾ ਹੋਵੇਗਾ ਅਤੇ ਤੁਹਾਡੇ ਬੱਚੇ ਤੁਹਾਡੇ ਮਗਰੋਂ ਜਿਉਂਦੇ ਰਹਿਣਗੇ। ਅਤੇ ਤੁਸੀਂ ਵੀ ਉਸ ਧਰਤੀ ਉੱਤੇ ਲੰਮੇ ਸਮੇਂ ਤੱਕ ਜੀਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ-ਇਹ ਹਮੇਸ਼ਾ ਤੁਹਾਡੀ ਹੀ ਰਹੇਗੀ!”
9 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਆਪਣੇ-ਆਪ ਨੂੰ ਬੜਾ ਹੁਸ਼ਿਆਰ ਸਮਝਦੇ ਹੋ! ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਟਾਲ ਦਿੰਦੇ ਹੋ ਅਤੇ ਆਪਣੇ ਹੀ ਉਪਦੇਸ਼ਾਂ ਨੂੰ ਮੰਨਦੇ ਹੋ! 10 ਮੂਸਾ ਨੇ ਆਖਿਆ, ‘ਤੈਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।’ [a] ਮੂਸਾ ਨੇ ਇਹ ਵੀ ਆਖਿਆ, ‘ਕੋਈ ਵੀ ਜੋ ਆਪਣੇ ਪਿਤਾ ਜਾਂ ਮਾਤਾ ਦੇ ਵਿਰੁੱਧ ਮੰਦਾ ਬੋਲਦਾ ਹੈ ਉਸ ਨੂੰ ਮਾਰਿਆ ਜਾਣਾ ਚਾਹੀਦਾ ਹੈ।’ [b] 11 ਪਰ ਤੁਸੀਂ ਦੱਸਦੇ ਹੋ ਕਿ ਇੱਕ ਆਦਮੀ ਆਪਣੇ ਮਾਤਾ-ਪਿਤਾ ਨੂੰ ਆਖਦਾ ਹੈ, ‘ਮੇਰੇ ਕੋਲ ਕੁਝ ਹੈ ਜੋ ਤੁਹਾਡੀ ਸਹਾਇਤਾ ਲਈ ਉਪਯੋਗੀ ਹੋ ਸੱਕਦਾ, ਪਰ ਮੈਂ ਇਸ ਨੂੰ ਪਰਮੇਸ਼ੁਰ ਦੀ ਭੇਂਟ ਲਈ ਇੱਕ ਪਾਸੇ ਸੰਭਾਲਿਆ ਹੋਇਆ ਹੈ।’ 12 ਤੁਸੀਂ ਉਸ ਮਨੁੱਖ ਨੂੰ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ। 13 ਇਸ ਲਈ ਤੁਸੀਂ ਪਰਮੇਸ਼ੁਰ ਦੇ ਬਚਨਾਂ ਨੂੰ ਆਪਣੇ ਦੁਆਰਾ ਲੋਕਾਂ ਨੂੰ ਅਨੁਸਰਣ ਕਰਨ ਲਈ ਦਿੱਤੇ ਹੋਏ ਰਿਵਾਜ਼ਾਂ ਨਾਲ ਰੱਦ ਕਰ ਦਿੰਦੇ ਹੋ ਅਤੇ ਇਸੇ ਤਰ੍ਹਾਂ ਤੁਸੀਂ ਹੋਰ ਵੀ ਬਥੇਰੇ ਕਾਰਜ ਕਰਦੇ ਹੋ।”
14 ਯਿਸੂ ਨੇ ਲੋਕਾਂ ਨੂੰ ਫ਼ੇਰ ਆਪਣੇ ਕੋਲ ਬੁਲਾਕੇ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਮੈਨੂੰ ਧਿਆਨ ਨਾਲ ਸੁਣੇ ਅਤੇ ਸਮਝੇ। 15 ਅਜਿਹਾ ਕੁਝ ਵੀ ਨਹੀਂ ਜਿਹੜਾ ਮਨੁੱਖ ਵਿੱਚ ਬਾਹਰੋਂ ਪ੍ਰਵੇਸ਼ ਕਰਦਾ ਹੈ ਅਤੇ ਉਸ ਨੂੰ ਦੂਸ਼ਿਤ ਕਰਦਾ ਹੈ। ਪਰ ਜਿਹੜੀਆਂ ਗੱਲਾਂ ਉਸ ਵਿਅਕਤੀ ਦੇ ਅੰਦਰੋਂ ਨਿਕਲਦੀਆਂ ਹਨ, ਉਹੀ ਉਸ ਨੂੰ ਦੂਸ਼ਿਤ ਕਰਦੀਆਂ ਹਨ।” 16 [c]
17 ਜਦੋਂ ਯਿਸੂ ਲੋਕਾਂ ਨੂੰ ਛੱਡ ਕੇ ਘਰ ਵਿੱਚ ਵੜਿਆ, ਉਸ ਦੇ ਚੇਲਿਆਂ ਨੇ ਉਸ ਨੂੰ ਇਸ ਦ੍ਰਿਸ਼ਟਾਂਤ ਬਾਰੇ ਪੁੱਛਿਆ। 18 ਉਸ ਨੇ ਆਖਿਆ, “ਕੀ ਤੁਹਾਨੂੰ ਵੀ ਇਹ ਸਮਝਣ ਵਿੱਚ ਮੁਸ਼ਕਿਲ ਹੋ ਰਹੀ ਹੈ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਵੀ ਬਾਹਰੋਂ ਵਿਅਕਤੀ ਦੇ ਅੰਦਰ ਜਾਂਦਾ ਹੈ ਉਹ ਉਸ ਨੂੰ ਦੂਸ਼ਿਤ ਨਹੀਂ ਕਰ ਸੱਕਦਾ। 19 ਕਿਉਂਕਿ ਇਹ ਚੀਜ਼ਾਂ ਢਿੱਡ ਵਿੱਚ ਜਾਂਦੀਆਂ ਹਨ ਨਾ ਕਿ ਦਿਲ ਵਿੱਚ। ਅਤੇ ਇਹ ਚੀਜ਼ਾਂ ਸਰੀਰ ਵਿੱਚੋਂ ਬਾਹਰ ਆ ਜਾਂਦੀਆਂ ਹਨ।” (ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਸਦਾ ਭਾਵ ਇਹ ਸੀ ਕਿ ਕੋਈ ਵੀ ਭੋਜਨ ਨਹੀਂ ਜਿਹੜਾ ਮਨੁੱਖ ਲਈ ਅਸ਼ੁੱਧ ਹੈ।)
20 ਅਤੇ ਯਿਸੂ ਨੇ ਆਖਿਆ, “ਉਹ ਜੋ ਕਿਸੇ ਵਿਅਕਤੀ ਵਿੱਚੋਂ ਬਾਹਰ ਆਉਂਦਾ ਹੈ ਉਹੀ ਹੈ ਜੋ ਉਸ ਨੂੰ ਅਸ਼ੁੱਧ ਬਨਾਉਂਦਾ ਹੈ। 21 ਕਿਉਂਕਿ ਇਹੋ ਜਿਹੀਆਂ ਮੰਦੀਆਂ ਗੱਲਾਂ ਮਨੁੱਖ ਦੇ ਦਿਲ ਵਿੱਚੋਂ ਆਉਂਦੀਆਂ ਹਨ ਬੁਰੇ ਵਿੱਚਾਰ, ਜਿਨਸੀ ਪਾਪ, ਚੋਰੀਆਂ, ਕਤਲ, 22 ਵਿਭਚਾਰ, ਸੁਆਰਥਪੁਣਾ, ਬੁਰਾ ਵਿਉਹਾਰ, ਪਾਪੀ ਗੱਲਾਂ, ਧੋਖਾ, ਈਰਖਾ, ਲੋਕਾਂ ਬਾਰੇ ਬੁਰਾ-ਭਲਾ ਕਹਿਣਾ, ਹੰਕਾਰੀ ਬੋਲ ਅਤੇ ਮੂਰੱਖਤਾਈ। 23 ਇਹ ਸਭ ਬੁਰੀਆਂ ਗੱਲਾਂ ਵਿਅਕਤੀ ਦੇ ਅੰਦਰੋਂ ਬਾਹਰ ਨਿਕਲਦੀਆਂ ਹਨ ਅਤੇ ਇਹ ਗੱਲਾਂ ਉਸ ਨੂੰ ਅਸ਼ੁੱਧ ਬਣਾਉਂਦੀਆਂ ਹਨ।”
2010 by World Bible Translation Center