Revised Common Lectionary (Complementary)
15 ਯਹੋਵਾਹ ਨੇਕ ਬੰਦਿਆਂ ਦੀ ਰੱਖਿਆ ਕਰਦਾ ਹੈ।
ਉਹ ਉਨ੍ਹਾਂ ਦੀਆਂ ਪ੍ਰਾਰਥਨਾ ਸੁਣਦਾ ਹੈ।
16 ਪਰ ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਹੈ ਜਿਹੜੇ ਮੰਦੇ ਕੰਮ ਕਰਦੇ ਹਨ।
ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ।
17 ਯਹੋਵਾਹ ਅੱਗੇ ਪ੍ਰਾਰਥਨਾ ਕਰੋ ਅਤੇ ਉਹ ਸੁਣ ਲਵੇਗਾ।
ਉਹ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਵੇਗਾ।
18 ਜਦੋਂ ਕੁਝ ਲੋਕ ਮੂਸੀਬਤਾਂ ਵਿੱਚ ਹੁੰਦੇ ਹਨ, ਤਾਂ ਉਹ ਗੁਮਾਨ ਕਰਨਾ ਛੱਡ ਦਿੰਦੇ ਹਨ।
ਯਹੋਵਾਹ ਉਨ੍ਹਾਂ ਨਿਮਾਣੇ ਲੋਕਾਂ ਦੇ ਨੇੜੇ ਹੁੰਦਾ ਹੈ। ਉਹ ਉਨ੍ਹਾਂ ਨੂੰ ਬਚਾਵੇਗਾ।
19 ਹੋ ਸੱਕਦਾ ਨੇਕ ਬੰਦਿਆਂ ਨੂੰ ਔਕੜਾਂ ਆਉਣ।
ਪਰ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੀ ਹਰ ਔਕੜ ਤੋਂ ਬਚਾਵੇਗਾ।
20 ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਦੀ ਰੱਖਿਆ ਕਰੇਗਾ।
ਉਨ੍ਹਾਂ ਦੀ ਕੋਈ ਵੀ ਹੱਡੀ ਨਹੀਂ ਟੁੱਟੇਗੀ।
21 ਪਰ ਮੁਸੀਬਤਾਂ ਮੰਦੇ ਲੋਕਾਂ ਨੂੰ ਮਾਰ ਦੇਣਗੀਆਂ।
ਨੇਕ ਲੋਕਾਂ ਦੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
22 ਯਹੋਵਾਹ ਆਪਣੇ ਸੇਵਕ ਦੀਆਂ ਰੂਹਾਂ ਬਚਾਉਂਦਾ ਹੈ।
ਉਹ ਲੋਕ ਉਸ ਉੱਤੇ ਨਿਰਭਰ ਕਰਦੇ ਹਨ।
ਉਹ ਉਨ੍ਹਾਂ ਨੂੰ ਤਬਾਹ ਨਹੀਂ ਹੋਣ ਦੇਵੇਗਾ।
21 ਰਊਬੇਨ, ਗਾਦ ਅਤੇ ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ 11 ਆਦਮੀਆਂ ਨੂੰ ਜਵਾਬ ਦਿੱਤਾ। ਉਨ੍ਹਾਂ ਨੇ ਆਖਿਆ, 22 “ਯਹੋਵਾਹ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ! ਅਸੀਂ ਫ਼ੇਰ ਆਖਦੇ ਹਾਂ ਕਿ ਯਹੋਵਾਹ ਹੀ ਪਰਮੇਸ਼ੁਰ ਹੈ! ਅਤੇ ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇੰਝ ਕਿਉਂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਜਾਣ ਲਵੋ ਤਾਂ ਜੋ ਤੁਸੀਂ ਨਿਆਂ ਕਰ ਸੱਕੋ ਕਿ ਅਸੀਂ ਕੀ ਕੀਤਾ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਅਸੀਂ ਕੁਝ ਗਲਤ ਕੰਮ ਕੀਤਾ ਹੈ, ਤੁਸੀਂ ਸਾਨੂੰ ਹੁਣੇ ਮਾਰ ਸੱਕਦੇ ਹੋ। 23 ਜੇ ਅਸੀਂ ਪਰਮੇਸ਼ੁਰ ਦੀ ਬਿਵਸਥਾ ਨੂੰ ਤੋੜਿਆ, ਤਾਂ ਅਸੀਂ ਖੁਦ ਯਹੋਵਾਹ ਨੂੰ ਆਖਦੇ ਹਾਂ ਕਿ ਉਹ ਸਾਨੂੰ ਸਜ਼ਾ ਦੇਵੇ, 24 ਕੀ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਇਹ ਜਗਵੇਦੀ ਹੋਮ ਦੀਆਂ ਭੇਟਾ, ਅਨਾਜ ਦੀਆਂ ਭੇਟਾ ਜਾਂ ਸੁੱਖ-ਸਾਂਦ ਦੀਆਂ ਭੇਟਾ ਲਈ ਬਣਾਈ ਹੈ? ਨਹੀਂ! ਅਸੀਂ ਇਸ ਨੂੰ ਇਸ ਕਾਰਣ ਨਹੀਂ ਉਸਾਰਿਆ। ਅਸੀਂ ਇਹ ਜਗਵੇਦੀ ਕਿਉਂ ਉਸਾਰੀ? ਅਸੀਂ ਡਰਦੇ ਸਾਂ ਕਿ ਭਵਿੱਖ ਵਿੱਚ ਤੁਹਾਡੇ ਲੋਕ ਸਾਨੂੰ ਆਪਣੀ ਕੌਮ ਦਾ ਅੰਗ ਨਹੀਂ ਪ੍ਰਵਾਨ ਕਰਨਗੇ। ਫ਼ੇਰ ਤੁਹਾਡੇ ਲੋਕ ਆਖਦੇ ਕਿ ਅਸੀਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਨਹੀਂ ਕਰ ਸੱਕਦੇ। 25 ਪਰਮੇਸ਼ੁਰ ਨੇ ਸਾਨੂੰ ਯਰਦਨ ਨਦੀ ਦੇ ਦੂਸਰੇ ਪਾਸੇ ਧਰਤੀ ਦਿੱਤੀ। ਇਸਦਾ ਅਰਥ ਇਹ ਹੈ ਕਿ ਯਰਦਨ ਨਦੀ ਸਾਨੂੰ ਇੱਕ ਦੂਜੇ ਕੋਲੋਂ ਵੱਖ ਕਰਦੀ ਹੈ। ਅਸੀਂ ਡਰਦੇ ਸਾਂ ਕਿ ਜਦੋਂ ਤੁਹਾਡੇ ਬੱਚੇ ਜਵਾਨ ਹੋਣਗੇ ਅਤੇ ਤੁਹਾਡੀ ਧਰਤੀ ਉੱਤੇ ਹਕੂਮਤ ਕਰਨਗੇ। ਉਨ੍ਹਾਂ ਨੂੰ ਇਹ ਗੱਲ ਯਾਦ ਨਹੀਂ ਰਹੇਗੀ ਕਿ ਅਸੀਂ ਵੀ ਤੁਹਾਡੇ ਲੋਕ ਸਾਂ। ਉਨ੍ਹਾਂ ਸਾਨੂੰ ਆਖਣਾ ਸੀ, ‘ਤੁਸੀਂ ਰਊਬੇਨ ਅਤੇ ਗਾਦ ਦੇ ਲੋਕ ਇਸਰਾਏਲ ਦਾ ਅੰਗ ਨਹੀਂ ਹੋ!’ ਫ਼ੇਰ ਤੁਹਾਡੇ ਬੱਚਿਆਂ ਨੇ ਸਾਡੇ ਬੱਚਿਆਂ ਨੂੰ ਯਹੋਵਾਹ ਦੀ ਉਪਾਸਨਾ ਕਰਨ ਤੋਂ ਰੋਕ ਦੇਣਾ ਸੀ।
26 “ਇਸ ਲਈ ਅਸੀਂ ਇਸ ਜਗਵੇਦੀ ਨੂੰ ਉਸਾਰਨ ਦਾ ਨਿਆਂ ਕੀਤਾ। ਪਰ ਅਸੀਂ ਇਸ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਲਈ ਵਰਤਨ ਦੀ ਯੋਜਨਾ ਨਹੀਂ ਬਣਾਈ। 27 ਸਾਡਾ ਜਗਵੇਦੀ ਨੂੰ ਉਸਾਰਨ ਦਾ ਕਾਰਣ ਇਹ ਦਰਸਾਉਣਾ ਸੀ ਕਿ ਅਸੀਂ ਵੀ ਉਸੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਾਂ ਜਿਸਦੀ ਤੁਸੀਂ ਕਰਦੇ ਹੋ। ਇਹ ਜਗਵੇਦੀ ਤੁਹਾਡੇ ਲਈ ਅਤੇ ਸਾਡੇ ਲਈ ਅਤੇ ਸਾਡੇ ਸਾਰੇ ਭਵਿੱਖ ਦੇ ਬੱਚਿਆਂ ਲਈ ਇੱਕ ਸਬੂਤ ਹੋਵੇਗਾ ਕਿ ਅਸੀਂ ਯਹੋਵਾਹ ਦੀ ਉਪਾਸਨਾ ਕਰਦੇ ਹਾਂ। ਅਸੀਂ ਯਹੋਵਾਹ ਨੂੰ ਆਪਣੀਆਂ ਬਲੀਆਂ, ਅਨਾਜ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਅਰਪਨ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਬੱਚੇ ਵੱਡੇ ਹੋਕੇ ਇਹ ਜਾਨਣ ਕਿ ਅਸੀਂ ਵੀ ਤੁਹਾਡੇ ਵਾਂਗ ਹੀ ਇਸਰਾਏਲ ਦੇ ਲੋਕ ਹਾਂ। 28 ਭਵਿੱਖ ਵਿੱਚ, ਜੇ ਅਜਿਹਾ ਵਾਪਰੇ ਕਿ ਤੁਹਾਡੇ ਬੱਚੇ ਇਹ ਆਖਣ ਕਿ ਅਸੀਂ ਇਸਰਾਏਲ ਦੇ ਨਹੀਂ ਹਾਂ, ਤਾਂ ਸਾਡੇ ਬੱਚੇ ਆਖ ਸੱਕਦੇ ਹਨ, ‘ਦੇਖੋ! ਸਾਡੇ ਪੁਰਖਿਆਂ ਨੇ, ਜਿਹੜੇ ਸਾਡੇ ਤੋਂ ਪਹਿਲਾਂ ਇੱਥੇ ਰਹਿੰਦੇ ਸਨ, ਇੱਕ ਜਗਵੇਦੀ ਬਣਾਈ ਸੀ। ਇਹ ਜਗਵੇਦੀ ਬਿਲਕੁਲ ਯਹੋਵਾਹ ਦੀ ਜਗਵੇਦੀ ਵਰਗੀ ਹੈ (ਜਿਹੜੀ ਪਵਿੱਤਰ ਤੰਬੂ ਵਿਖੇ ਹੈ) ਅਸੀਂ ਇਸ ਜਗਵੇਦੀ ਦੀ ਵਰਤੋਂ ਬਲੀਆਂ ਲਈ ਨਹੀਂ ਕਰਦੇ-ਇਹ ਜਗਵੇਦੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਇਸਰਾਏਲ ਦਾ ਅੰਗ ਹਾਂ।’
29 “ਸੱਚਮੁੱਚ, ਅਸੀਂ ਯਹੋਵਾਹ ਦੇ ਵਿਰੁੱਧ ਹੋਣਾ ਨਹੀਂ ਚਾਹੁੰਦੇ। ਅਸੀਂ ਹੁਣ ਉਸ ਦੇ ਪਿੱਛੇ ਲੱਗਣ ਤੋਂ ਹਟਣਾ ਨਹੀਂ ਚਾਹੁੰਦੇ। ਅਸੀਂ ਜਾਣਦੇ ਹਾਂ ਕਿ ਸੱਚੀ ਜਗਵੇਦੀ ਸਿਰਫ਼ ਉਹੀ ਹੈ ਜਿਹੜੀ ਪਵਿੱਤਰ ਤੰਬੂ ਦੇ ਸਾਹਮਣੇ ਹੈ। ਉਹ ਜਗਵੇਦੀ ਯਹੋਵਾਹ ਸਾਡੇ ਪਰਮੇਸ਼ੁਰ ਦੀ ਹੈ।”
30 ਜਾਜਕ ਫ਼ੀਨਹਾਸ ਅਤੇ ਉਸ ਦੇ ਨਾਲ ਦੇ ਆਗੂਆਂ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਦੀਆਂ ਆਖੀਆਂ ਹੋਈਆਂ ਇਹ ਗੱਲਾਂ ਸੁਣੀਆਂ। ਉਹ ਸੰਤੁਸ਼ਟ ਹੋ ਗਏ ਕਿ ਇਹ ਲੋਕ ਸੱਚ ਆਖ ਰਹੇ ਸਨ। 31 ਇਸ ਲਈ ਫ਼ੀਨਹਾਸ ਜਾਜਕ ਨੇ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੈ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਉਸ ਦੇ ਵਿਰੁੱਧ ਨਹੀਂ ਹੋਏ। ਅਸੀਂ ਖੁਸ਼ ਹਾਂ ਕਿ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਵੱਲੋਂ ਸਜ਼ਾ ਨਹੀਂ ਮਿਲੇਗੀ।”
32 ਫ਼ੇਰ ਫ਼ੀਨਹਾਸ ਅਤੇ ਆਗੂ ਉਸ ਥਾਂ ਤੋਂ ਚੱਲੇ ਗਏ ਅਤੇ ਘਰ ਚੱਲੇ ਗਏ। ਉਨ੍ਹਾਂ ਨੇ ਰਊਬੇਨ ਅਤੇ ਗਾਦ ਦੇ ਲੋਕਾਂ ਨੂੰ ਗਿਲਆਦ ਦੀ ਧਰਤੀ ਉੱਤੇ ਛੱਡ ਦਿੱਤਾ ਅਤੇ ਵਾਪਸ ਕਨਾਨ ਨੂੰ ਚੱਲੇ ਗਏ। ਉਹ ਇਸਰਾਏਲ ਦੇ ਲੋਕਾਂ ਕੋਲ ਵਾਪਸ ਚੱਲੇ ਗਏ ਅਤੇ ਉਨਾਂ ਨੂੰ ਜੋ ਕੁਝ ਵਾਪਰਿਆ ਸੀ, ਉਹ ਦੱਸ ਦਿੱਤਾ। 33 ਇਸਰਾਏਲ ਦੇ ਲੋਕਾਂ ਦੀ ਵੀ ਤਸੱਲੀ ਹੋ ਗਈ। ਉਹ ਖੁਸ਼ ਸਨ ਅਤੇ ਉਨ੍ਹਾਂ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਕੋਲ ਨਾ ਜਾਣ ਅਤੇ ਨਾ ਲੜਨ ਦਾ ਨਿਆਂ ਕੀਤਾ। ਉਨ੍ਹਾਂ ਨੇ ਉਸ ਧਰਤੀ ਨੂੰ ਤਬਾਹ ਨਾ ਕਰਨ ਦਾ ਨਿਆਂ ਕੀਤਾ ਜਿੱਥੇ ਉਹ ਲੋਕ ਰਹਿੰਦੇ ਸਨ।
34 ਰਊਬੇਨ ਅਤੇ ਗਾਦ ਦੇ ਲੋਕਾਂ ਨੇ ਜਗਵੇਦੀ ਨੂੰ ਇੱਕ ਨਾਮ ਦੇ ਦਿੱਤਾ। ਉਨ੍ਹਾਂ ਨੇ ਇਸ ਨੂੰ ਨਾਮ ਦਿੱਤਾ, “ਸਬੂਤ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਹੈ।”
ਲਗਾਤਾਰ ਮੰਗਦੇ ਰਹੋ(A)
5-6 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਕਿਸੇ ਹਾਲਾਤ ਵਿੱਚ, ਤੁਹਾਡੇ ਵਿੱਚੋਂ ਕੋਈ ਇੱਕ ਅੱਧੀ ਰਾਤ ਆਪਣੇ ਮਿੱਤਰ ਦੇ ਘਰ ਜਾਕੇ ਆਖੇ ਕਿ, ਕਿਰਪਾ ਕਰਕੇ ਮੈਨੂੰ ਤਿੰਨ ਰੋਟੀਆਂ ਦੇ, ‘ਕਿਉਂਕਿ ਮੇਰਾ ਇੱਕ ਮਿੱਤਰ ਸਫ਼ਰ ਤੋਂ ਮੇਰੇ ਘਰ ਆਇਆ ਹੈ, ਪਰ ਮੇਰੇ ਕੋਲ ਉਸ ਨੂੰ ਖੁਆਉਣ ਲਈ ਕੁਝ ਨਹੀਂ ਹੈ।’ 7 ਮੰਨ ਲਵੋ ਜੇਕਰ ਤੁਹਾਡਾ ਮਿੱਤਰ ਘਰ ਦੇ ਅੰਦਰੋ ਹੀ ਤੁਹਾਨੂੰ ਜਵਾਬ ਦਿੰਦਾ ਹੈ, ‘ਚਲਾ ਜਾ! ਮੈਨੂੰ ਤੰਗ ਨਾ ਕਰ! ਦਰਵਾਜਾ ਪਹਿਲਾਂ ਹੀ ਬੰਦ ਪਿਆ ਹੈ। ਮੈਂ ਅਤੇ ਮੇਰੇ ਬੱਚੇ ਮੰਜੇ ਤੇ ਸੁੱਤੇ ਪਏ ਹਨ ਤੇ ਮੈਂ ਹੁਣ ਉੱਠ ਕੇ ਤੈਨੂੰ ਰੋਟੀਆਂ ਦੇਣ ਦੀ ਜ਼ਹਿਮਤ ਨਹੀਂ ਕਰ ਸੱਕਦਾ।’ 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਵੇਂ ਉਹ ਤੁਹਾਨੂੰ ਉੱਠ ਕੇ ਰੋਟੀ ਦੇਣੀ ਪਸੰਦ ਨਹੀਂ ਕਰਦਾ ਕਿਉਂਕਿ ਉਹ ਤੇਰਾ ਮਿੱਤਰ ਹੈ। ਪਰ ਕਿਉਂਕਿ ਤੁਸੀਂ ਬਾਰ-ਬਾਰ ਪੁੱਛ ਰਹੇ ਹੋ, ਉਹ ਉੱਠੇਗਾ ਅਤੇ ਜੋ ਤੁਹਾਨੂੰ ਚਾਹੀਦਾ ਹੈ ਦੇ ਦੇਵੇਗਾ। 9 ਇਸ ਲਈ ਮੈਂ ਆਖਦਾ ਹਾਂ ਕਿ ਤੁਸੀਂ ਪਰਮੇਸ਼ੁਰ ਕੋਲ ਨਿਰੰਤਰ ਮੰਗੋਂਗੇ ਤਾਂ ਉਹ ਤੁਹਾਨੂੰ ਦੇਵੇਗਾ। ਜੇਕਰ ਢੂਂਡੋਂਗੇ ਤਾਂ ਉਹ ਤੁਹਾਨੂੰ ਲੱਭੇਗਾ, ਲਗਾਤਾਰ ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਦਰਵਾਜਾ ਖੋਲ੍ਹਿਆ ਜਾਵੇਗਾ। 10 ਕਿਉਂਕਿ ਹਰੇਕ ਜੋ ਮੰਗਦਾ ਹੈ ਉਸ ਨੂੰ ਮਿਲਦਾ ਹੈ, ਜੋ ਲੱਭਦਾ ਹੈ ਉਹ ਪ੍ਰਾਪਤ ਕਰਦਾ ਹੈ, ਅਤੇ ਜਿਹੜਾ ਮਨੁੱਖ ਦਰਵਾਜ਼ਾ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ। 11 ਤੁਹਾਡੇ ਵਿੱਚੋਂ ਕਿਹੜਾ ਹੈ ਜੋ ਇੱਕ ਪਿਤਾ ਵਜੋਂ ਆਪਣੇ ਪੁੱਤਰ ਨੂੰ ਸੱਪ ਦੇਵੇਗਾ ਜਦ ਕਿ ਉਹ ਮੱਛੀ ਮੰਗਦਾ ਹੈ। 12 ਜਾਂ ਜਦੋਂ ਉਹ ਆਂਡਾ ਮੰਗੇ ਤਾਂ ਤੁਸੀਂ ਬਿੱਛੂ ਦੇਵੋਂਗੇ? ਨਹੀਂ! 13 ਤੁਸੀਂ ਵੀ ਬਾਕੀ ਸਭ ਲੋਕਾਂ ਵਾਂਗ ਹੋ। ਤੁਸੀਂ ਬੁਰੇ ਹੋਕੇ ਵੀ ਜੇਕਰ ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਸਵਰਗ ਵਿੱਚ ਪਿਤਾ ਉਨ੍ਹਾਂ ਨੂੰ ਕਿਤੇ ਵੱਧ ਪਵਿੱਤਰ ਆਤਮਾ ਦਿੰਦਾ ਹੈ ਜੋ ਉਸਤੋਂ ਮੰਗਦੇ ਹਨ।”
2010 by World Bible Translation Center