Revised Common Lectionary (Complementary)
ਪੰਜਵਾਂ ਭਾਗ
(ਜ਼ਬੂਰ 107-150)
107 ਯਹੋਵਾਹ ਦਾ ਉਸਤਤਿ ਕਰੋ ਕਿਉਂਕਿ ਉਹ ਸ਼ੁਭ ਹੈ।
ਉਸਦਾ ਪਿਆਰ ਸਦੀਵੀ ਹੈ।
2 ਹਰ ਵਿਅਕਤੀ ਨੂੰ ਜਿਸ ਨੂੰ ਯਹੋਵਾਹ ਨੇ ਬਚਾਇਆ ਹੈ ਇਹੀ ਗੱਲ ਆਖਣੀ ਚਾਹੀਦੀ ਹੈ।
ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਤੋਂ ਬਚਾਇਆ।
3 ਯਹੋਵਾਹ ਨੇ ਆਪਣੇ ਲੋਕਾਂ ਨੂੰ ਬਹੁਤ ਸਾਰੇ ਭਿੰਨ-ਭਿੰਨ ਦੇਸ਼ਾਂ ਵਿੱਚੋਂ ਇਕੱਠਿਆ ਕੀਤਾ।
ਉਹ ਉਨ੍ਹਾਂ ਨੂੰ ਪੂਰਬ, ਪੱਛਮ, ਉੱਤਰ ਅਤੇ ਦੱਖਣ ਵਿੱਚੋਂ ਲਿਆਇਆ।
33 ਪਰਮੇਸ਼ੁਰ ਨੇ ਨਦੀਆਂ ਨੂੰ ਮਾਰੂਥਲ ਵਿੱਚ ਬਦਲ ਦਿੱਤਾ ਸੀ।
ਪਰਮੇਸ਼ੁਰ ਨੇ ਚਸ਼ਮਿਆਂ ਨੂੰ ਵਗਣ ਤੋਂ ਰੋਕ ਦਿੱਤਾ ਸੀ।
34 ਪਰਮੇਸ਼ੁਰ ਨੇ ਉਪਜਾਊ ਧਰਤੀ ਨੂੰ ਬਦਲ ਦਿੱਤਾ ਸੀ ਅਤੇ ਇਹ ਕਲਰੀ ਵਿਰਾਨ ਧਰਤੀ ਹੋ ਗਈ ਸੀ।
ਕਿਉਂ? ਉਨ੍ਹਾਂ ਮੰਦੇ ਲੋਕਾਂ ਦੇ ਕਾਰਣ ਜਿਹੜੇ ਉਸ ਥਾਵੇਂ ਰਹਿੰਦੇ ਸਨ।
35 ਪਰਮੇਸ਼ੁਰ ਨੇ ਮਾਰੂਥਲ ਦੀ ਧਰਤੀ ਨੂੰ ਬਦਲ ਦਿੱਤਾ ਅਤੇ ਇਹ ਪਾਣੀ ਦੇ ਤਲਾਵਾਂ ਵਾਲੀ ਧਰਤੀ ਬਣ ਗਈ।
ਪਰਮੇਸ਼ੁਰ ਨੇ ਖੁਸ਼ਕ ਧਰਤੀ ਵਿੱਚੋਂ ਪਾਣੀ ਦੇ ਚਸ਼ਮੇ ਵਗਾ ਦਿੱਤੇ।
36 ਪਰਮੇਸ਼ੁਰ ਨੇ ਭੁੱਖੇ ਲੋਕਾਂ ਦੀ ਉਸ ਚੰਗੀ ਧਰਤੀ ਵੱਲ ਅਗਵਾਈ ਕੀਤੀ
ਅਤੇ ਉਨ੍ਹਾਂ ਨੇ ਰਹਿਣ ਲਈ ਸ਼ਹਿਰ ਬਣਾ ਲਿਆ।
37 ਉਨ੍ਹਾਂ ਲੋਕਾਂ ਨੇ ਆਪਣੇ ਖੇਤਾਂ ਵਿੱਚ ਬੀਜ ਬੀਜੇ।
ਉਨ੍ਹਾਂ ਨੇ ਖੇਤਾਂ ਵਿੱਚ ਅੰਗੂਰ ਦੇ ਪੌਦੇ ਲਾਏ ਅਤੇ ਉਨ੍ਹਾਂ ਨੇ ਚੰਗੀ ਫ਼ਸਲ ਪ੍ਰਾਪਤ ਕੀਤੀ।
38 ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਅਸੀਸ ਦਿੱਤੀ ਉਨ੍ਹਾਂ ਦੇ ਪਰਿਵਾਰ ਵੱਧਣ ਫ਼ੁਲਣ।
ਉਨ੍ਹਾਂ ਕੋਲ ਬਹੁਤ ਸਾਰੇ ਪਸ਼ੂ ਸਨ।
39 ਹਾਦਸਿਆਂ ਅਤੇ ਮੁਸੀਬਤਾਂ ਕਾਰਣ
ਉਨ੍ਹਾਂ ਦੇ ਪਰਿਵਾਰ ਛੋਟੇ ਅਤੇ ਕਮਜ਼ੋਰ ਸਨ।
40 ਪਰਮੇਸ਼ੁਰ ਨੇ ਉਨ੍ਹਾਂ ਦੇ ਆਗੂਆਂ ਨੂੰ ਸ਼ਰਮਸਾਰ ਕੀਤਾ ਅਤੇ ਨਮੋਸ਼ੀ ਦਿੱਤੀ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਰੂਥਲ ਵਿੱਚ ਅਵਾਰਾ ਭਟਕਣ ਦਿੱਤਾ ਜਿੱਥੇ ਕੋਈ ਰਾਹ ਨਹੀਂ ਸਨ।
41 ਪਰ ਪਰਮੇਸ਼ੁਰ ਨੇ ਉਨ੍ਹਾਂ ਗਰੀਬ ਲੋਕਾਂ ਨੂੰ ਫ਼ੇਰ ਉਨ੍ਹਾਂ ਦੇ ਦੁੱਖਾਂ ਵਿੱਚੋਂ ਕੱਢ ਲਿਆ।
ਅਤੇ ਹੁਣ ਉਨ੍ਹਾਂ ਦੇ ਪਰਿਵਾਰ ਭੇਡਾਂ ਦੇ ਵੱਡੇ ਇੱਜੜ ਵਾਂਗ ਹਨ।
42-43 ਨੇਕ ਆਦਮੀ ਇਹ ਗੱਲ ਵੇਖਦੇ ਹਨ ਅਤੇ ਉਹ ਪ੍ਰਸੰਨ ਹਨ।
ਪਰ ਮੰਦੇ ਲੋਕੀ ਵੀ ਇਸ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕੀ ਆਖਣ।
16 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਇਸਰਾਏਲ ਦੇ 70 ਬਜ਼ੁਰਗਾਂ ਨੂੰ ਲਿਆ। ਇਹ ਆਦਮੀ ਲੋਕਾਂ ਦੇ ਆਗੂ ਹਨ। ਉਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਕੋਲ ਲਿਆ। ਉਨ੍ਹਾਂ ਨੂੰ ਆਪਣੇ ਨਾਲ ਉੱਥੇ ਖੜ੍ਹੇ ਕਰੋ। 17 ਫ਼ੇਰ ਮੈਂ ਹੇਠਾ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ। ਆਤਮਾ ਹੁਣ ਤੇਰੇ ਉੱਪਰ ਹੈ ਪਰ ਮੈਂ ਉਸ ਆਤਮੇ ਦਾ ਕੁਝ ਹਿੱਸਾ ਉਨ੍ਹਾਂ ਲੋਕਾਂ ਨੂੰ ਵੀ ਦੇਵਾਂਗਾ। ਫ਼ੇਰ ਉਹ ਲੋਕਾਂ ਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰਨਗੇ ਅਤੇ ਤੈਨੂੰ ਇੱਕਲੇ ਨੂੰ ਸਾਰੇ ਲੋਕਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਹੀਂ ਚੁੱਕਣੀ ਪਵੇਗੀ।
18 “ਇਹ ਗੱਲਾਂ ਲੋਕਾਂ ਨੂੰ ਦੱਸੋ: ਆਪਣੇ-ਆਪ ਨੂੰ ਕੱਲ੍ਹ ਵਾਸਤੇ ਤਿਆਰ ਕਰੋ। ਕੱਲ੍ਹ ਨੂੰ ਤੁਸੀਂ ਮਾਸ ਖਾਵੋਂਗੇ। ਯਹੋਵਾਹ ਨੇ ਤੁਹਾਡੀ ਪੁਕਾਰ ਸੁਣ ਲਏ ਹੈ। ਯਹੋਵਾਹ ਨੇ ਤੁਹਾਡੇ ਸ਼ਬਦ ਸੁਣ ਲਈ ਹਨ ਜਦੋਂ ਤੁਸੀਂ ਆਖਿਆ ਸੀ, ‘ਸਾਨੂੰ ਖਾਣ ਵਾਸਤੇ ਮਾਸ ਚਾਹੀਦਾ ਹੈ! ਅਸੀਂ ਮਿਸਰ ਵਿੱਚ ਚੰਗੇ ਸਾਂ!’ ਇਸ ਲਈ ਹੁਣ ਯਹੋਵਾਹ ਤੁਹਾਨੂੰ ਮਾਸ ਦੇਵੇਗਾ। ਅਤੇ ਤੁਸੀਂ ਇਸ ਨੂੰ ਖਾਵੋਂਗੇ। 19 ਤੁਸੀਂ ਇਸ ਨੂੰ ਇੱਕ ਜਾਂ ਦੋ, ਪੰਜ ਜਾਂ ਦਸ, ਜਾਂ 20 ਦਿਨਾਂ ਤੱਕ ਵੀ ਖਾਵੋਂਗੇ! 20 ਤੁਸੀਂ ਉਸ ਮਾਸ ਨੂੰ ਪੂਰੇ ਇੱਕ ਮਹੀਨੇ ਤੱਕ ਖਾਂਦੇ ਰਹੋਂਗੇ। ਤੁਸੀਂ ਉਦੋਂ ਤੱਕ ਮਾਸ ਖਾਂਦੇ ਰਹੋਂਗੇ ਜਦੋਂ ਤੱਕ ਕਿ ਤੁਸੀਂ ਇਸਤੋਂ ਅੱਕ ਨਹੀਂ ਜਾਂਦੇ ਤੁਹਾਡੇ ਨਾਲ ਇਵੇਂ ਵਾਪਰੇਗਾ ਕਿਉਂਕਿ ਤੁਸੀਂ ਯਹੋਵਾਹ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ। ਯਹੋਵਾਹ ਤੁਹਾਡੇ ਅੰਗ-ਸੰਗ ਰਹਿੰਦਾ ਹੈ ਅਤੇ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਪਰ ਤੁਸੀਂ ਰੋ-ਰੋਕੇ ਉਸ ਨੂੰ ਸ਼ਿਕਾਇਤ ਕੀਤੀ ਹੈ! ਤੁਸੀਂ ਆਖਿਆ ਸੀ। ‘ਅਸੀਂ ਮਿਸਰ ਛੱਡਿਆ ਹ੍ਹੀ ਕਿਉਂ?’”
21 ਮੂਸਾ ਨੇ ਆਖਿਆ, “ਯਹੋਵਾਹ ਇੱਥੇ ਆਲੇ-ਦੁਆਲੇ ਫ਼ਿਰਦੇ 6,00,000 ਆਦਮੀ ਹਨ। ਅਤੇ ਤੁਸੀਂ ਆਖਦੇ ਹੋ, ‘ਮੈਂ ਇਨ੍ਹਾਂ ਨੂੰ ਮਹੀਨੇ ਭਰ ਲਈ ਖਾਣ ਵਾਸਤੇ ਮਾਸ ਦੇਵਾਂਗਾ।’ 22 ਜੇ ਸਾਨੂੰ ਸਾਰੀਆਂ ਭੇਡਾਂ ਅਤੇ ਜਾਨਵਰਾ ਨੂੰ ਵੀ ਜ਼ਿਬਾਹ ਕਰਨਾ ਪਵੇ। ਤਾਂ ਉਹ ਵੀ ਇੰਨੇ ਸਾਰੇ ਲੋਕਾਂ ਨੂੰ ਮਹੀਨਾ ਭਰ ਭੋਜਨ ਕਰਨ ਲਈ ਕਾਫ਼ੀ ਨਹੀਂ ਹੋਵੇਗਾ। ਅਤੇ ਜੇ ਅਸੀਂ ਸਮੁੰਦਰ ਦੀਆਂ ਸਾਰਿਆਂ ਮੱਛੀਆਂ ਨੂੰ ਵੀ ਫ਼ੜ ਲਈਏ ਤਾਂ ਉਹ ਵੀ ਇਨ੍ਹਾਂ ਲਈ ਕਾਫ਼ੀ ਨਹੀਂ ਹੋਣਗੀਆਂ!”
23 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਕੀ ਯਹੋਵਾਹ ਨੂੰ ਤਾਕਤ ਦੀ ਕਮੀ ਹੈ? ਹੁਣ ਤੁਸੀਂ ਦੇਖੋਂਗੇ ਕਿ ਮੈਂ ਉਹ ਸਾਰੀਆਂ ਗੱਲਾਂ ਕਰ ਸੱਕਦਾ ਹਾਂ ਜੋ ਮੈਂ ਆਖਦਾ ਹਾਂ।”
ਬਟੇਰ ਆਉਂਦੇ ਹਨ
31 ਫ਼ੇਰ ਯਹੋਵਾਹ ਨੇ ਸਮੁੰਦਰ ਵੱਲੋਂ ਤੇਜ਼ ਹਵਾ ਵਗਾਈ। ਹਵਾ ਨੇ ਬਟੇਰਾਂ ਨੂੰ ਉਸ ਇਲਾਕੇ ਵੱਲ ਵਹਾ ਦਿੱਤਾ ਬਟੇਰਾ ਨੇ ਡੇਰੇ ਦੇ ਸਾਰੇ ਪਾਸੇ ਉਡਾਰੀ ਲਾਈ ਉੱਥੇ ਇੰਨੇ ਬਟੇਰ ਸਨ ਕਿ ਧਰਤੀ ਕੱਜੀ ਗਈ। ਬਟੇਰ ਤਕਰੀਬਨ ਤਿੰਨ ਫੁੱਟ ਗਹਿਰੇ ਧਰਤੀ ਉੱਤੇ ਸਨ। ਉੱਥੇ ਹਰ ਦਿਸ਼ਾ ਵਿੱਚ ਬਟੇਰ ਹੀ ਬਟੇਰ ਸਨ ਜਿੱਥੇ ਤੱਕ ਕਿ ਬੰਦਾ ਇੱਕ ਦਿਨ ਵਿੱਚ ਚੱਲ ਸੱਕਦਾ ਸੀ। 32 ਲੋਕ ਭੂਸਰ ਗਏ! ਉਹ ਬਾਹਰ ਗਏ ਅਤੇ ਉਸ ਸਾਰੇ ਦਿਨ ਅਤੇ ਉਸ ਸਾਰੀ ਰਾਤ ਬਟੇਰ ਇਕੱਠੇ ਕਰਦੇ ਰਹੇ। ਅਤੇ ਉਨ੍ਹਾਂ ਨੇ ਅਗਲੇ ਦਿਨ ਵੀ ਬਟੇਰ ਇਕੱਠੇ ਕੀਤੇ। ਛੋਟੀ ਤੋਂ ਛੋਟੀ ਮਿਕਦਾਰ ਜਿਹੜੀ ਕੋਈ ਬੰਦਾ ਇਕੱਠੀ ਕਰ ਸੱਕਿਆ ਉਹ 60 ਬੁਸ਼ਲ ਸੀ। ਫ਼ੇਰ ਲੋਕਾਂ ਨੇ ਡੇਰੇ ਦੇ ਸਾਰੇ ਪਾਸੇ ਬਟੇਰ ਦੇ ਮਾਸ ਨੂੰ ਧੁੱਪ ਵਿੱਚ ਸੁੱਕਣਾ ਪਾ ਦਿੱਤਾ।
ਜਿਸ ਢੰਗ ਨਾਲ ਤੁਹਾਨੂੰ ਜਿਉਣਾ ਚਾਹੀਦਾ
17 ਪ੍ਰਭੂ ਲਈ ਮੈਂ ਤੁਹਾਨੂੰ ਦੱਸਦਾ ਹਾਂ ਅਤੇ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ; ਅਵਿਸ਼ਵਾਸੀਆਂ ਵਾਂਗ ਜਿਉਣ ਵਿੱਚ ਸਥਿਰ ਨਾ ਰਹੋ। ਉਨ੍ਹਾਂ ਦੇ ਵਿੱਚਾਰ ਕਿਸੇ ਕੰਮ ਦੇ ਨਹੀਂ ਹਨ। 18 ਉਨ੍ਹਾਂ ਲੋਕਾਂ ਦੇ ਮਨ ਹਨੇਰਮਈ ਹੋ ਗਏ ਹਨ। ਉਹ ਕੁਝ ਨਹੀਂ ਜਾਣਦੇ, ਕਿਉਂਕਿ ਉਹ ਸੁਣਨ ਤੋਂ ਇਨਕਾਰੀ ਹਨ। ਇਸ ਲਈ ਉਹ ਜੀਵਨ ਨਹੀਂ ਪ੍ਰਾਪਤ ਕਰ ਸੱਕਦੇ ਜਿਹੜਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ। 19 ਉਨ੍ਹਾਂ ਨੇ ਆਪਣੀ ਸ਼ਰਮਸਾਰੀ ਦੀ ਭਾਵਨਾ ਗੁਆ ਲਈ ਹੈ। ਉਹ ਆਪਣੇ ਜੀਵਨ ਬਦੀ ਕਰਨ ਲਈ ਇਸਤੇਮਾਲ ਕਰਦੇ ਹਨ। ਉਹ ਹਰ ਪ੍ਰਕਾਰ ਦੀਆਂ ਵੱਧ ਤੋਂ ਵੱਧ ਬਦਕਾਰੀਆਂ ਕਰਨੀਆਂ ਚਾਹੁੰਦੇ ਹਨ। 20 ਪਰ ਜਿਹੜੀਆਂ ਗੱਲਾਂ ਤੁਸੀਂ ਮਸੀਹ ਵਿੱਚ ਸਿੱਖੀਆਂ ਹਨ ਉਹ ਉਨ੍ਹਾਂ ਮੰਦੀਆਂ ਗੱਲਾਂ ਵਰਗੀਆਂ ਨਹੀਂ ਹਨ। 21 ਮੈਂ ਜਾਣਦਾ ਹਾਂ ਕਿ ਤੁਸੀਂ ਉਸ ਬਾਰੇ ਸੁਣ ਚੁੱਕੇ ਹੋ। ਅਤੇ ਕਿਉਂ ਜੋ ਤੁਸੀਂ ਉਸ ਵਿੱਚ ਹੋ, ਉਸਦਾ ਸੱਚ ਤੁਹਾਨੂੰ ਸਿੱਖਾਇਆ ਗਿਆ। ਹਾਂ ਸੱਚ ਯਿਸੂ ਵਿੱਚ ਹੈ। 22 ਤੁਹਾਨੂੰ ਆਪਣੇ ਪੁਰਾਣੇ ਆਪੇ ਦਾ ਤਿਆਗ ਕਰਨਾ ਸਿੱਖਾਇਆ ਗਿਆ ਸੀ। ਇਸਦਾ ਅਰਥ ਹੈ ਕਿ ਤੁਹਾਨੂੰ ਉਸ ਤਰ੍ਹਾਂ ਦੇ ਮੰਦੇ ਢੰਗ ਨਾਲ ਜਿਉਣਾ ਛੱਡ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਜਿਉਂ ਰਹੇ ਸੀ। ਉਹ ਪੁਰਾਣਾ ਆਪਾ ਬਦਤਰ ਬਣਦਾ ਜਾਂਦਾ ਹੈ, ਕਿਉਂ ਜੋ ਲੋਕ ਉਨ੍ਹਾਂ ਬਦਕਾਰੀਆਂ ਦੁਆਰਾ ਗੁਮਰਾਹ ਹੋ ਗਏ ਹਨ ਜਿਹੜੀਆਂ ਉਹ ਕਰਨੀਆਂ ਚਾਹੁੰਦੇ ਹਨ। 23 ਪਰ ਤੁਹਾਨੂੰ ਆਪਣੇ ਦਿਲਾਂ ਵਿੱਚ ਅਤੇ ਮਨਾਂ ਵਿੱਚ ਨਵੇਂ ਬਣਨ ਲਈ ਸਿੱਖਾਇਆ ਗਿਆ ਹੈ। 24 ਤੁਹਾਨੂੰ ਇੱਕ ਨਵੇਂ ਵਿਅਕਤੀ ਬਣਨ ਲਈ ਸਿੱਖਾਇਆ ਗਿਆ ਹੈ। ਇਹ ਨਵਾਂ ਵਿਅਕਤੀ ਪਵਿੱਤਰ ਅਤੇ ਧਾਰਮਿਕਤਾ ਨਾਲ ਰਹਿਣ ਲਈ ਪਰਮੇਸ਼ੁਰ ਵਰਗਾ ਬਣਾਇਆ ਗਿਆ ਹੈ।
2010 by World Bible Translation Center