Revised Common Lectionary (Complementary)
ਧੰਨਵਾਦ ਦਾ ਗੀਤ।
100 ਹੇ ਧਰਤੀ ਯਹੋਵਾਹ ਦੇ ਗੀਤ ਗਾ।
2 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ ਹੋ।
ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁੱਖ ਆ।
3 ਜਾਣ ਲਵੋ ਕਿ ਯਹੋਵਾਹ ਪਰਮੇਸ਼ੁਰ ਹੈ।
ਉਸ ਨੇ ਅਸਾਂ ਨੂੰ ਸਾਜਿਆ। ਅਸੀਂ ਉਸ ਦੇ ਲੋਕ ਹਾਂ,
ਅਸੀਂ ਉਸ ਦੀਆਂ ਭੇਡਾਂ ਹਾਂ।
4 ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ।
ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ।
ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ।
5 ਯਹੋਵਾਹ ਸ਼ੁਭ ਹੈ।
ਉਸਦਾ ਪਿਆਰ ਸਦੀਵੀ ਹੈ।
ਅਸੀਂ ਉਸ ਉੱਤੇ ਸਦਾ-ਸਦਾ ਲਈ ਉਸ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।
ਇਸਰਾਏਲੀ ਦਾਊਦ ਨੂੰ ਪਾਤਸ਼ਾਹ ਬਣਾਉਂਦੇ ਹਨ
5 ਫ਼ਿਰ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹ ਹਬਰੋਨ ਵਿੱਚ ਦਾਊਦ ਕੋਲ ਆਏ ਅਤੇ ਉਸ ਨੂੰ ਕਹਿਣ ਲੱਗੇ, “ਵੇਖੋ! ਅਸੀਂ ਸਾਰੇ ਇੱਕ ਹੀ ਪਰਿਵਾਰ, [a] ਇੱਕੋ ਹੀ ਮਾਸ ਅਤੇ ਖੂਨ ਦੇ ਹਾਂ! 2 ਇੱਥੋਂ ਤੱਕ ਕਿ ਜਦੋਂ ਸ਼ਾਊਲ ਵੀ ਸਾਡਾ ਪਾਤਸ਼ਾਹ ਸੀ, ਉਦੋਂ ਵੀ ਤੁਸੀਂ ਹੀ ਲੜਾਈ ਵਿੱਚ ਸਾਡੇ ਆਗੂ ਸੀ ਅਤੇ ਉਹ ਤੁਸੀਂ ਹੀ ਸੀ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਲੜਾਈ ਵਿੱਚੋਂ ਬਾਹਰ ਲੈ ਆਂਦਾ। ਅਤੇ ਯਹੋਵਾਹ ਨੇ ਤੈਨੂੰ ਆਖਿਆ ਹੈ ਕਿ ਤੂੰ ਮੇਰੇ ਲੋਕਾਂ, ਇਸਰਾਏਲੀਆਂ ਦਾ ਅਯਾਲੀ ਹੋਵੇਂਗਾ। ਅਤੇ ਤੂੰ ਹੀ ਇਸਰਾਏਲ ਉੱਪਰ ਸ਼ਾਸਕ ਹੋਵੇਂਗਾ।”
3 ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਪਾਤਸ਼ਾਹ ਦਾਊਦ ਨੂੰ ਮਿਲਣ ਲਈ ਆਏ। ਦਾਊਦ ਨੇ ਇਨ੍ਹਾਂ ਬਜ਼ੁਰਗਾਂ ਨਾਲ ਯਹੋਵਾਹ ਦੇ ਸਾਹਮਣੇ ਇੱਕ ਇਕਰਾਰਨਾਮਾ ਕੀਤਾ। ਫ਼ੇਰ ਇਨ੍ਹਾਂ ਸਾਰੇ ਪਰਿਵਾਰਾਂ ਦੇ ਬਜ਼ੁਰਗਾਂ ਨੇ ਦਾਊਦ ਨੂੰ ਇਸਰਾਏਲ ਦਾ ਰਾਜਾ ਹੋਣ ਵਜੋਂ ਮਸਹ ਕੀਤਾ।
4 ਦਾਊਦ ਨੇ ਜਦੋਂ ਰਾਜ ਕਰਨਾ ਸ਼ੁਰੂ ਕੀਤਾ ਉਦੋਂ ਉਹ 30 ਵਰ੍ਹਿਆਂ ਦਾ ਸੀ ਅਤੇ ਉਸ ਨੇ 40 ਵਰ੍ਹੇ ਰਾਜ ਕੀਤਾ। 5 ਉਸ ਨੇ ਸੱਤ ਵਰ੍ਹੇ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ।
ਦਾਊਦ ਦਾ ਯਰੂਸ਼ਲਮ ਸ਼ਹਿਰ ਨੂੰ ਜਿੱਤਣਾ
6 ਫ਼ਿਰ ਪਾਤਸ਼ਾਹ ਅਤੇ ਉਸ ਦੇ ਆਦਮੀ ਯਾਰੁਸ਼ਲਮ ਵਿੱਚ ਰਹਿੰਦੇ ਯਬੂਸੀਆਂ ਦੇ ਵਿਰੁੱਧ ਗਏ। ਯਬੂਸੀਆਂ ਨੇ ਦਾਊਦ ਨੂੰ ਕਿਹਾ, “ਤੂੰ ਸਾਡੇ ਸ਼ਹਿਰ ਵਿੱਚ ਪ੍ਰਵੇਸ਼ ਨਾ ਕਰ ਸੱਕੇਂਗਾ। [b] ਸਾਡੇ ਅੰਨ੍ਹੇ ਤੇ ਲੰਗੜ੍ਹੇ ਲੋਕ ਵੀ ਤੈਨੂੰ ਅੰਦਰ ਆਉਣ ਤੋਂ ਰੋਕ ਸੱਕਦੇ ਹਨ।” (ਇਹ ਉਨ੍ਹਾਂ ਇਸ ਲਈ ਆਖਿਆ ਕਿਉਂ ਕਿ ਉਹ ਸੋਚਦੇ ਸਨ ਕਿ ਉਨ੍ਹਾਂ ਦੇ ਸ਼ਹਿਰਾਂ ਵਿੱਚ ਵੜਨਾ ਇੰਨਾ ਔਖਾ ਸੀ ਕਿ ਦਾਊਦ ਵੀ ਸਫ਼ਲ ਨਹੀਂ ਹੋ ਸੱਕੇਗਾ। 7 ਪਰ ਦਾਊਦ ਨੇ ਸੀਯੋਨ ਦਾ ਕਿਲਾ ਲੈ ਲਿਆ। ਫ਼ਿਰ ਇਹ ਕਿਲਾ ਦਾਊਦ ਦਾ ਨਗਰ ਬਣ ਗਿਆ।)
8 ਉਸ ਦਿਨ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, “ਜੇਕਰ ਤੁਸੀਂ ਯਬੂਸੀਆਂ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਉਸ ਪਰਨਾਲੇ ਵੱਲੋਂ ਦੀ ਲੰਘੋ ਅਤੇ ਉਨ੍ਹਾਂ ਅੰਨ੍ਹੇ ਅਤੇ ਲੰਗੜ੍ਹੇ ਦੁਸ਼ਮਣਾਂ ਤੀਕ ਪਹੁੰਚੋ। ਇਸੇ ਲਈ ਲੋਕ ਕਹਿੰਦੇ ਹਨ ਕਿ ਅੰਨਿਆਂ ਅਤੇ ਲੰਗੜਿਆਂ ਦੇ ਹੁੰਦਿਆਂ ਉਹ ਭਵਨ ਵਿੱਚ ਨਹੀਂ ਵੜੇਗਾ।”
9 ਦਾਊਦ ਉਸ ਕਿਲ੍ਹੇ ਵਿੱਚ ਰਿਹਾ ਅਤੇ ਇਸ ਨੂੰ “ਦਾਊਦ ਦਾ ਸ਼ਹਿਰ” ਆਖਿਆ। ਉਸ ਨੇ ਮਿਲੋ [c] ਤੋਂ ਲੈ ਕੇ ਸ਼ਹਿਰ ਦਾ ਵਿਕਾਸ ਕੀਤਾ ਅਤੇ ਇਸ ਸ਼ਹਿਰ ਅੰਦਰ ਹੋਰ ਵੀ ਘਰਾਂ ਦਾ ਨਿਰਮਾਣ ਕੀਤਾ। 10 ਦਾਊਦ ਦਿਨੋ-ਦਿਨ ਤਾਕਤਵਰ ਹੁੰਦਾ ਗਿਆ ਕਿਉਂ ਕਿ ਸਰਬਸ਼ਕਤੀਮਾਨ ਯਹੋਵਾਹ ਉਸ ਦੇ ਨਾਲ ਸੀ।
11 ਤਦ ਸੋਰ ਦੇ ਪਾਤਸ਼ਾਹ ਹੀਰਾਮ ਨੇ ਸੰਦੇਸ਼ਵਾਹਕ, ਦਿਆਰ ਦੀ ਲੱਕੜ ਅਤੇ ਤਰੱਖਾਣ ਅਤੇ ਪੱਥਰ ਘੜਣ ਵਾਲਿਆਂ ਨੂੰ ਦਾਊਦ ਕੋਲ ਭੇਜਿਆ ਅਤੇ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਤਿਆਰ ਕੀਤਾ। 12 ਤਾਂ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ ਹੈ। ਅਤੇ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਦੇ ਰਾਜ ਨੂੰ ਪਰਮੇਸ਼ੁਰ ਦੇ ਲੋਕਾਂ, ਇਸਰਾਏਲ ਦੇ ਲੋਕਾਂ ਲਈ ਹੀ ਵੱਧਾਇਆ ਸੀ।
ਸੁਰਗ ਵਿੱਚ ਮੌਜ(A)
15 ਬਹੁਤ ਸਾਰੇ ਮਸੂਲੀਏ ਅਤੇ ਪਾਪੀ ਲੋਕ ਯਿਸੂ ਕੋਲ ਉਸ ਨੂੰ ਸੁਨਣ ਲਈ ਆਏ। 2 ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਸ਼ਿਕਾਇਤ ਕਰਨ ਲੱਗੇ, “ਵੇਖੋ! ਇਹ ਆਦਮੀ ਪਾਪੀ ਲੋਕਾਂ ਨੂੰ ਕਬੂਲਦਾ ਹੈ ਅਤੇ ਉਨ੍ਹਾਂ ਨਾਲ ਖਾਂਦਾ ਪੀਂਦਾ ਵੀ ਹੈ।”
3 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਬਿਆਨ ਕੀਤਾ: 4 “ਮੰਨ ਲਵੋ ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ। ਤਾਂ ਕੀ ਉਹ ਬਾਕੀ ਦੀਆਂ ਨੜਿੰਨਵੇ ਭੇਡਾਂ ਨੂੰ ਇੱਕਲੀਆਂ ਛੱਡ ਕੇ ਉਸ ਇੱਕ ਗੁਆਚੀ ਹੋਈ ਭੇਡ ਦੀ ਭਾਲ ਵਿੱਚ ਨਹੀਂ ਜਾਵੇਗਾ? ਜਦ ਤੱਕ ਕਿ ਆਦਮੀ ਉਸ ਨੂੰ ਲੱਭ ਨਾ ਲਵੇ। 5 ਤੇ ਜਦੋਂ ਉਸ ਨੂੰ ਉਹ ਗੁਆਚੀ ਹੋਈ ਭੇਡ ਲੱਭ ਜਾਂਦੀ ਹੈ, ਤਾਂ ਉਹ ਮਨੁੱਖ ਬੜਾ ਖੁਸ਼ ਹੁੰਦਾ ਹੈ ਅਤੇ ਖੁਸ਼ੀ ਨਾਲ ਉਸ ਨੂੰ ਆਪਣੇ ਮੋਢਿਆ ਉੱਤੇ ਚੁੱਕ ਲੈਂਦਾ ਹੈ। 6 ਉਹ ਘਰ ਜਾਂਦਾ ਹੈ। ਉਹ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕੱਠਿਆਂ ਕਰਦਾ ਹੈ ਅਤੇ ਉਨ੍ਹਾਂ ਨੂੰ ਆਖਦਾ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਆਪਣੀ ਗੁਆਚੀ ਹੋਈ ਭੇਡ ਮਿਲ ਗਈ ਹੈ।’ 7 ਇਸੇ ਤਰ੍ਹਾਂ ਹੀ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਨੜਿੰਨਵਿਆਂ ਚੰਗਿਆਂ ਬੰਦਿਆਂ ਨਾਲੋਂ, ਜਿਨ੍ਹਾਂ ਨੂੰ ਆਪਣੇ ਦਿਲ ਬਦਲਣ ਦੀ ਜ਼ਰੂਰਤ ਨਹੀਂ, ਇੱਕ ਪਾਪੀ ਬੰਦੇ ਲਈ ਸਵਰਗ ਵਿੱਚ ਵੱਧੇਰੇ ਖੁਸ਼ੀ ਹੁਦੀ ਹੈ ਜੋ ਆਪਣੇ ਦਿਲ ਨੂੰ ਬਦਲ ਲੈਂਦਾ ਹੈ।
2010 by World Bible Translation Center