Revised Common Lectionary (Complementary)
ਦਾਊਦ ਦਾ ਇੱਕ ਗੀਤ।
23 ਯਹੋਵਾਹ ਮੇਰਾ ਆਜੜੀ ਹੈ,
ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
2 ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ।
ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।
3 ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ।
ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।
4 ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ
ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ।
ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ
ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
5 ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।
ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ
ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।
6 ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ।
ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।
ਤਬਾਹੀ ਆ ਰਹੀ ਹੈ
17 ਹਰ ਸ਼ੈਅ ਇਕੱਠੀ ਕਰ ਲਵੋ, ਜਿਹੜੀ ਤੁਹਾਡੀ ਹੈ ਅਤੇ ਤਿਆਰ ਹੋ ਜਾਵੋ।
ਯਹੂਦਾਹ ਅਤੇ ਤੁਸੀਂ ਸ਼ਹਿਰ ਅੰਦਰ ਫ਼ਸ ਗਏ ਹੋ
ਅਤੇ ਦੁਸ਼ਮਣ ਨੇ ਘੇਰਾ ਘੱਤ ਲਿਆ ਹੈ।
18 ਯਹੋਵਾਹ ਆਖਦਾ ਹੈ:
“ਇਸ ਸਮੇਂ, ਮੈਂ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਛੱਡਣ ਲਈ ਮਜ਼ਬੂਰ ਕਰ ਦਿਆਂਗਾ।
ਮੈਂ ਉਨ੍ਹਾਂ ਲਈ ਮੁਸੀਬਤਾਂ ਲਿਆਵਾਂਗਾ ਤਾਂ ਜੋ ਉਹ ਸ਼ਬਦ ਸਿੱਖ ਸੱਕਣ।”
19 ਆਹ, ਮੈਂ ਬੁਰੀ ਤਰ੍ਹਾਂ ਜ਼ਖਮੀ ਹਾਂ।
ਮੈਂ ਜ਼ਖਮੀ ਹਾਂ ਤੇ ਰਾਜ਼ੀ ਨਹੀਂ ਹੋ ਸੱਕਦਾ।
ਤਾਂ ਵੀ ਮੈਂ ਦਿਲ ਅੰਦਰ ਆਖਿਆ, “ਇਹ ਮੇਰਾ ਰੋਗ ਹੈ,
ਮੈਨੂੰ ਅਵੱਸ਼ ਇਸ ਨੂੰ ਭੋਗਣਾ ਪਵੇਗਾ।”
20 ਮੇਰਾ ਤੰਬੂ ਬਰਬਾਦ ਹੋ ਗਿਆ ਹੈ।
ਤੰਬੂ ਦੇ ਸਾਰੇ ਰੱਸੇ ਟੁੱਟੇ ਹੋਏ ਨੇ।
ਮੇਰੇ ਬੱਚਿਆਂ ਨੇ ਮੈਨੂੰ ਛੱਡ ਦਿੱਤਾ।
ਉਹ ਚੱਲੇ ਗਏ ਨੇ।
ਮੇਰੇ ਤੰਬੂ ਨੂੰ ਖੜ੍ਹਾ ਕਰਨ ਵਾਲਾ ਕੋਈ ਬੰਦਾ ਨਹੀਂ ਬਚਿਆ।
ਮੇਰਾ ਆਸਰਾ ਬਨਾਉਣ ਵਾਲਾ ਕੋਈ ਬੰਦਾ ਨਹੀਂ ਬਚਿਆ।
21 ਅਯਾਲੀ ਮੂਰਖ ਹਨ ਅਤੇ ਉਹ ਯਹੋਵਾਹ ਦੀ ਭਾਲ ਨਹੀਂ ਕਰਦੇ,
ਇਸੇ ਲਈ ਉਨ੍ਹਾਂ ਦੇ ਚੇਲੇ ਖਿੰਡਾ ਦਿੱਤੇ ਗਏ ਹਨ ਅਤੇ ਉਹ ਵੱਧੇ ਫ਼ੁੱਲੇ ਨਹੀਂ।
22 ਸੁਣੋ! ਉੱਚਾ ਸ਼ੋਰ ਉੱਠਿਆ ਹੈ!
ਇਹ ਸ਼ੋਰ ਉੱਤਰ ਵੱਲੋਂ ਆ ਰਿਹਾ ਹੈ।
ਇਹ ਯਹੂਦਾਹ ਦੇ ਸ਼ਹਿਰ ਨੂੰ ਤਬਾਹ ਕਰ ਦੇਵੇਗਾ।
ਯਹੂਦਾਹ ਇੱਕ ਸੱਖਣਾ ਮਾਰੂਬਲ ਬਣ ਜਾਵੇਗਾ।
ਇਹ ਗਿਦ੍ਦੜਾਂ ਦਾ ਘਰ ਹੋਵੇਗਾ।
23 ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਲੋਕ ਸੱਚਮੁੱਚ ਨਹੀਂ ਜਾਣਦੇ ਹਨ ਕਿ ਆਪਣਾ ਜੀਵਨ ਕਿਵੇਂ ਜਿਉਣਾ ਹੈ।
ਲੋਕ ਸੱਚਮੁੱਚ ਜਿਉਣ ਦਾ ਸਹੀ ਤਰੀਕਾ ਨਹੀਂ ਜਾਣਦੇ ਹਨ।
24 ਹੇ ਯਹੋਵਾਹ, ਸਾਨੂੰ ਅਨੁਸ਼ਾਸਤ ਕਰੋ,
ਪਰ ਬੇਲਾਗ ਹੋਵੋ!
ਸਾਨੂੰ ਗੁੱਸੇ ਅੰਦਰ ਸਜ਼ਾ ਨਾ ਦੇਵੋ,
ਨਹੀਂ ਤਾਂ ਅਸੀਂ ਪੂਰੀ ਤਰ੍ਹਾਂ ਤਬਾਹ ਹੋ ਜਾਵਾਂਗੇ!
25 ਜੇ ਤੂੰ ਕਹਿਰਵਾਨ ਹੈਂ,ਤਾਂ ਹੋਰਨਾਂ ਕੌਮਾਂ ਨੂੰ ਸਜ਼ਾ ਦੇ।
ਉਹ ਤੈਨੂੰ ਨਹੀਂ ਜਾਣਦੇ ਅਤੇ ਤੇਰਾ ਆਦਰ ਨਹੀਂ ਕਰਦੇ।
ਉਹ ਲੋਕ ਤੇਰੀ ਉਪਾਸਨਾ ਨਹੀਂ ਕਰਦੇ।
ਉਨ੍ਹਾਂ ਕੌਮਾਂ ਨੇ ਯਾਕੂਨ ਦੇ ਪਰਿਵਾਰ ਨੂੰ ਤਬਾਹ ਕੀਤਾ ਸੀ।
ਉਨ੍ਹਾਂ ਨੇ ਪੂਰੀ ਤਰ੍ਹਾਂ ਇਸਰਾਏਲ ਨੂੰ ਤਬਾਹ ਕਰ ਦਿੱਤਾ ਸੀ।
ਉਨ੍ਹਾਂ ਨੇ ਇਸਰਾਏਲ ਦੀ ਮਾਤਭੂਮੀ ਨੂੰ ਤਬਾਹ ਕਰ ਦਿੱਤਾ ਸੀ।
ਪੌਲੁਸ ਅਥੇਨੈ ਵਿੱਚ
16 ਪੌਲੁਸ ਉਨ੍ਹਾਂ ਦਾ ਅਥੇਨੈ ਵਿੱਚ ਇੰਤਹਾਰ ਕਰ ਰਿਹਾ ਸੀ। ਪਰ ਉਹ ਇਸ ਸ਼ਹਿਰ ਵਿੱਚ ਇਹ ਵੇਖਕੇ ਬੜਾ ਦੁੱਖੀ ਹੋਇਆ ਕਿ ਇਹ ਸ਼ਹਿਰ ਤਾਂ ਮੂਰਤਾਂ ਨਾਲ ਭਰਿਆ ਹੋਇਆ ਹੈ। 17 ਪ੍ਰਾਰਥਨਾ ਸਥਾਨ ਵਿੱਚ, ਉਸ ਨੇ ਯਹੂਦੀਆਂ ਅਤੇ ਯੂਨਾਨੀਆਂ ਨਾਲ ਗੱਲ ਕੀਤੀ ਜੋ ਕਿ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਸਨ। ਉਸ ਨੇ ਹਰ ਰੋਜ਼ ਉਨ੍ਹਾਂ ਲੋਕਾਂ ਨਾਲ ਵੀ ਵਿੱਚਾਰ ਕੀਤੇ ਜੋ ਉਸ ਸ਼ਹਿਰ ਦੇ ਵਿਉਪਾਰੀ ਇਲਾਕੇ ਵਿੱਚ ਰਹਿੰਦੇ ਸਨ। 18 ਕੁਝ ਅਪਿਕੂਰੀ ਅਤੇ ਸਤੋਕਿਈ ਪੰਡਤਾਂ ਨੇ ਵੀ ਉਸ ਨਾਲ ਚਰਚਾ ਕੀਤੀ।
ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਇਹ ਗੱਪੀ ਕਿਸ ਬਾਰੇ ਗੱਲ ਕਰ ਰਿਹਾ ਹੈ?” ਪੌਲੁਸ ਉਨ੍ਹਾਂ ਨੂੰ ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਖੁਸ਼ਖਬਰੀ ਬਾਰੇ ਦੱਸ ਰਿਹਾ ਸੀ। ਇਸ ਲਈ ਉਨ੍ਹਾਂ ਨੇ ਆਖਿਆ, “ਇਸਦਾ ਭਾਵ ਇਹ ਹੈ ਕਿ ਇਹ ਕਿਸੇ ਹੋਰ ਦੇਵਤਿਆਂ ਬਾਰੇ ਬੋਲ ਰਿਹਾ ਹੈ।”
19 ਤਾਂ ਉਹ ਪੌਲੁਸ ਨੂੰ ਅਰਿਯੁਪਗੁਸ ਦੀ ਸਭਾ ਵਿੱਚ ਲੈ ਆਏ ਅਤੇ ਉਨ੍ਹਾਂ ਆਖਿਆ, “ਹੁਣ ਕਿਰਪਾ ਕਰਕੇ ਸਾਨੂੰ ਇਸ ਨਵੇਂ ਉਪਦੇਸ਼ ਦੀ ਵਿਆਖਿਆ ਕਰ ਜਿਸ ਬਾਰੇ ਤੂੰ ਬੋਲ ਰਿਹਾ ਸੀ। 20 ਅਸੀਂ ਅਜਿਹੀਆਂ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ, ਜਿਹੜੀਆਂ ਤੂੰ ਸਾਨੂੰ ਹੁਣ ਦੱਸ ਰਿਹਾ ਹੈਂ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਨ੍ਹਾਂ ਉਪਦੇਸ਼ਾਂ ਦਾ ਕੀ ਅਰਥ ਹੈ।” 21 (ਅਥੈਨੇ ਦੇ ਸਾਰੇ ਲੋਕ ਅਤੇ ਹੋਰ ਦੂਜੇ ਦੇਸ਼ਾਂ ਦੇ ਲੋਕ, ਜੋ ਅਥੈਨੇ ਵਿੱਚ ਰਹਿੰਦੇ ਸਨ, ਆਪਣਾ ਸਾਰਾ ਸਮਾਂ ਕਿਸੇ ਨਾ ਕਿਸੇ ਨਵੇਂ ਵਿੱਚਾਰਾਂ ਨੂੰ ਬੋਲਣ ਅਤੇ ਸੁਣਨ ਵਿੱਚ ਬਿਤਾਉਂਦੇ ਸਨ।)
22 ਤਦ ਪੌਲੁਸ ਅਰਿਯੁਪਗੁਸ ਦੀ ਸਭਾ ਸਾਹਮਣੇ ਖੜ੍ਹਾ ਹੋਇਆ ਅਤੇ ਉਸ ਨੇ ਆਖਿਆ, “ਹੇ ਅਥੈਨੇ ਦੇ ਪੁਰੱਖੋ। ਮੈਂ ਵੇਖ ਸੱਕਦਾ ਹਾਂ ਕਿ ਤੁਸੀਂ ਹਰ ਢੰਗ ਨਾਲ ਬੜੇ ਧਾਰਮਿਕ ਹੋ। 23 ਜਿਵੇਂ ਕਿ ਮੈਂ ਤੁਹਾਡੇ ਸ਼ਹਿਰ ਰਾਹੀਂ, ਉਹ ਚੀਜ਼ਾਂ ਵੇਖਦਾ ਹੋਇਆ ਲੰਘ ਰਿਹਾ ਸੀ, ਜਿਨ੍ਹਾਂ ਦੀ ਤੁਸੀਂ ਉਪਾਸਨਾ ਕਰਦੇ ਹੋ, ਮੈਂ ਇੱਕ ਜਗਵੇਦੀ ਵੇਖੀ ਜਿਸ ਉੱਤੇ ਇਹ ਲਿਖਿਆ ਹੋਇਆ ਸੀ, ‘ ਪਰਮੇਸ਼ੁਰ ਲਈ, ਜੋ ਕਿ ਅਗਿਆਤ ਹੈ।’ ਮੈਂ ਤੁਹਾਨੂੰ ਉਸੇ ਪਰਮੇਸ਼ੁਰ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਪਰਮੇਸ਼ੁਰ ਦੀ ਤੁਸੀਂ ਬਿਨਾ ਜਾਣਿਆਂ ਉਪਾਸਨਾ ਕਰਦੇ ਹੋਂ।
24 “ਉਹੀ ਪਰਮੇਸ਼ੁਰ ਹੈ ਜਿਸਨੇ ਸੰਸਾਰ ਅਤੇ ਉਸ ਵਿੱਚਲੀ ਹਰ ਚੀਜ਼ ਦੀ ਰਚਨਾ ਕੀਤੀ ਹੈ। ਉਹ ਸਵਰਗ ਤੇ ਧਰਤੀ ਦਾ ਪ੍ਰਭੂ ਹੈ। ਉਹ ਮਨੁੱਖੀ ਹੱਥਾਂ ਨਾਲ ਬਣੇ ਮੰਦਰਾਂ ਵਿੱਚ ਨਹੀਂ ਰਹਿੰਦਾ। 25 ਇਹ ਉਹ ਪਰਮੇਸ਼ੁਰ ਹੈ ਜੋ ਆਪਣੇ ਲੋਕਾਂ ਨੂੰ ਜੀਵਨ, ਪ੍ਰਾਣ ਤੇ ਹੋਰ ਸਭ ਕੁਝ ਦਿੰਦਾ ਹੈ। ਅਤੇ ਉਸ ਨੂੰ ਕਿਸੇ ਮਨੁੱਖੀ ਮਦਦ ਦੀ ਵੀ ਕੋਈ ਲੋੜ ਨਹੀਂ। ਪ੍ਰਭੂ ਪਰਮੇਸ਼ੁਰ ਕੋਲ ਸਭ ਕੁਝ ਹੈ ਜਿਸਦੀ ਉਸ ਨੂੰ ਜ਼ਰੂਰਤ ਹੈ। 26 ਪਰਮੇਸ਼ੁਰ ਨੇ ਇੱਕ ਮਨੁੱਖ, ਆਦਮ, ਦੀ ਰਚਨਾ ਕਰਕੇ ਅਨੇਕਾਂ ਲੋਕਾਂ ਦੀ ਸਿਰਜਣਾ ਕੀਤੀ। ਅਤੇ ਉਸ ਨੇ ਸਾਰੀਆਂ ਕੌਮਾਂ ਨੂੰ ਸਾਰੀ ਦੁਨੀਆਂ ਵਿੱਚ ਬਣਾਇਆ। ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਕਿ ਹਰੇਕ ਕੌਮ ਨੂੰ ਕਿੰਨਾ ਚਿਰ ਮੌਜੂਦ ਰਹਿਣਾ ਚਾਹੀਦਾ ਹੈ ਅਤੇ ਇਸਤੋਂ ਵੀ ਚੰਗਾ ਕਿ ਕਿਸ ਖੇਤਰ ਵਿੱਚ ਰਹਿਣਾ ਚਾਹੀਦਾ ਹੈ।
27 “ਪਰਮੇਸ਼ੁਰ ਚਾਹੁੰਦਾ ਸੀ ਕਿ ਲੋਕ ਉਸ ਨੂੰ ਖੋਜਣ। ਜੇਕਰ ਲੋਕ ਉਸ ਵਾਸਤੇ ਆਪਨੇ ਆਲੇ-ਦੁਆਲੇ ਵੇਖਦੇ ਰਹਿਣਗੇ, ਸ਼ਾਇਦ ਉਸ ਨੂੰ ਲੱਭ ਲੈਣ। ਪਰ ਉਹ ਸਾਡੇ ਵਿੱਚੋਂ ਕਿਲੇ ਕੋਲੋਂ ਦੂਰ ਨਹੀਂ ਹੈ। 28 ਅਸੀਂ ਉਸ ਨਾਲ ਰਹਿੰਦੇ ਹਾਂ, ਉਸ ਦੇ ਨਾਲ ਤੁਰਦੇ ਹਾਂ, ਅਸੀਂ ਉਸ ਦੇ ਨਾਲ ਮੌਜੂਦ ਹਾਂ। ਤੁਹਾਡੇ ਆਪਣੇ ਕਵੀਆਂ ਨੇ ਆਖਿਆ ਹੈ, ‘ਅਸੀਂ ਉਸ ਦੇ ਬੱਚੇ ਹਾਂ।’
29 “ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। ਇਸ ਲਈ ਸਾਨੂੰ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਕੁਝ ਅਜਿਹਾ ਹੈ ਜੋ ਲੋਕ ਸੋਚਦੇ ਜਾਂ ਬਣਾਉਂਦੇ ਹਨ। ਉਹ ਸੋਨੇ ਚਾਂਦੀ ਜਾਂ ਪੱਥਰ ਦੀਆਂ ਬਣੀਆਂ ਮੂਰਤਾਂ ਵਰਗਾ ਨਹੀਂ ਹੈ। 30 ਪਹਿਲੇ ਸਮਿਆਂ ਵਿੱਚ ਲੋਕ ਪਰਮੇਸ਼ੁਰ ਨੂੰ ਨਹੀਂ ਸਮਝ ਸੱਕੇ ਤੇ ਉਸ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ। ਪਰ ਹੁਣ ਪਰਮੇਸ਼ੁਰ ਦੁਨੀਆਂ ਦੇ ਹਰ ਇੱਕ ਮਨੁੱਖ ਨੂੰ ਆਪਣੇ ਆਪ ਨੂੰ ਬਦਲਣ ਅਤੇ ਤੌਬਾ ਕਰਨ ਲਈ ਆਖਦਾ ਹੈ। 31 ਪ੍ਰਭੂ ਪਰਮੇਸ਼ੁਰ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਜਿਸ ਦਿਨ ਉਹ ਇਸ ਧਰਤੀ ਦੇ ਸਾਰੇ ਲੋਕਾਂ ਦਾ ਨਿਆਂ ਕਰੇਗਾ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ। ਉਹ ਇਹ ਕੰਮ ਇੱਕ ਮਨੁੱਖ ਯਿਸੂ ਨੂੰ ਸੌਂਪੇਗਾ। ਪਰਮੇਸ਼ੁਰ ਨੇ ਇਸ ਨੂੰ ਬਹੁਤ ਦੇਰ ਪਹਿਲਾਂ ਚੁਣਿਆ ਹੋਇਆ ਹੈ ਅਤੇ ਉਸ ਨੇ ਇਹ ਸਾਬਿਤ ਕਰਕੇ ਵੀ ਵਿਖਾ ਦਿੱਤਾ ਹੈ। ਉਸ ਨੇ ਇਉਂ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਾਬਿਤ ਕੀਤਾ ਹੈ।”
2010 by World Bible Translation Center