Revised Common Lectionary (Complementary)
ਦਾਊਦ ਦਾ ਇੱਕ ਭੱਗਤੀ ਗੀਤ। ਇਹ ਉਸ ਵੇਲੇ ਦੀ ਪ੍ਰਾਰਥਨਾ ਹੈ ਜਦੋਂ ਉਹ ਗੁਫ਼ਾ ਵਿੱਚ ਸੀ।
142 ਮੈਂ ਮਦਦ ਵਾਸਤੇ ਯਹੋਵਾਹ ਨੂੰ ਪੁਕਾਰਾਂਗਾ।
ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ।
2 ਮੈਂ ਯਹੋਵਾਹ ਨੂੰ ਆਪਣੀਆਂ ਸੰਮਸਿਆਵਾਂ ਬਾਰੇ ਦੱਸਾਂਗਾ।
ਮੈਂ ਯਹੋਵਾਹ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸਾਂਗਾ।
3 ਮੇਰੇ ਦੁਸ਼ਮਣਾ ਨੇ ਮੇਰੇ ਲਈ ਫ਼ੰਦਾ ਲਾਇਆ ਹੈ।
ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਪਰ ਯਹੋਵਾਹ ਜਾਣਦਾ ਹੈ ਕਿ ਮੇਰੇ ਨਾਲ ਕੀ ਵਾਪਰ ਰਿਹਾ ਹੈ।
4 ਮੈਂ ਚਾਰ-ਚੁਫ਼ੇਰੇ ਵੇਖਦਾ ਹਾਂ
ਅਤੇ ਮੈਨੂੰ ਕੋਈ ਵੀ ਦੋਸਤ ਨਜ਼ਰ ਨਹੀਂ ਆਉਂਦਾ।
ਮੇਰੇ ਲਈ ਭੱਜਣ ਲਈ ਕੋਈ ਵੀ ਥਾਂ ਨਹੀਂ ਹੈ।
ਕੋਈ ਵੀ ਬੰਦਾ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।
5 ਇਸ ਲਈ ਮੈਂ ਰੋ-ਰੋ ਕੇ ਯਹੋਵਾਹ ਅੱਗੇ ਮਦਦ ਲਈ ਪ੍ਰਾਰਥਨਾ ਕਰਦਾ ਹਾਂ।
“ਯਹੋਵਾਹ ਤੁਸੀਂ ਮੇਰਾ ਸੁਰੱਖਿਅਤ ਟਿਕਾਣਾ ਹੋ।
ਯਹੋਵਾਹ, ਤੁਸੀਂ ਮੈਨੂੰ ਜਿਉਂਦਾ ਰਹਿਣ ਦੇ ਸੱਕਦੇ ਹੋ।”
6 ਯਹੋਵਾਹ, ਮੇਰੀ ਪ੍ਰਾਰਥਨਾ ਕਰੋ।
ਮੈਨੂੰ ਤੁਹਾਡੀ ਬਹੁਤ ਲੋੜ ਹੈ।
ਮੈਨੂੰ ਲੋਕਾਂ ਕੋਲੋ ਬਚਾਉ ਜਿਹੜੇ ਮੇਰਾ ਪਿੱਛਾ ਕਰ ਰਹੇ ਹਨ।
ਉਹ ਲੋਕ ਮੇਰੇ ਕੋਲੋਂ ਤਾਕਤਵਰ ਹਨ।
7 ਇਸ ਫ਼ੰਦੇ ਵਿੱਚੋਂ ਨਿਕਲਣ ਲਈ ਮੇਰੀ ਮਦਦ ਕਰੋ।
ਤਾਂ ਜੋ ਮੈਂ ਤੁਹਾਡੇ ਨਾਮ ਦੀ ਉਸਤਤਿ ਕਰਾਂ।
ਅਤੇ ਚੰਗੇ ਲੋਕ ਮੇਰੇ ਨਾਲ ਜਸ਼ਨ ਮਨਾਉਣਗੇ,
ਕਿਉਂ ਕਿ ਤੁਸੀਂ ਮੇਰਾ ਧਿਆਨ ਰੱਖਿਆ।
ਜਗਵੇਦੀ ਕੋਲ ਖੜ੍ਹੇ ਯਹੋਵਾਹ ਦੇ ਦਰਸ਼ਨ
9 ਮੈਂ ਆਪਣੇ ਪ੍ਰਭੂ ਨੂੰ ਜਗਵੇਦੀ ਕੋਲ ਖੜਿਆਂ ਵੇਖਿਆ। ਉਸ ਨੇ ਕਿਹਾ,
“ਥੰਮਾਂ ਦੀਆਂ ਟੀਸੀਆਂ ਤੇ ਸੱਟ ਮਾਰੋ ਤਾਂ
ਜੋ ਸਾਰੀ ਇਮਾਰਤ ਦਹਲੀਜ਼ ਤਾਈਂ ਹਿੱਲ ਜਾਵੇ।
ਥੰਮਾਂ ਨੂੰ ਲੋਕਾਂ ਦੇ ਸਿਰਾਂ ਉੱਪਰ ਡੇਗ ਦਿਓ।
ਜੇਕਰ ਕੋਈ ਮਨੁੱਖ ਜਿਉਂਦਾ ਬਚ ਜਾਵੇ ਤਾਂ ਉਸ ਨੂੰ ਮੈਂ ਤਲਵਾਰ ਨਾਲ ਮਾਰ ਦਿਆਂਗਾ।
ਭਾਵੇਂ ਕੋਈ ਮਨੁੱਖ ਬਚਣ ਦੀ ਕੋਸ਼ਿਸ਼ ਕਰੇ, ਉਹ ਬਚ ਨਹੀਂ ਪਾਵੇਗਾ।
2 ਭਾਵੇਂ ਉਹ ਹੇਠਾਂ ਸ਼ਿਓਲ ਤੀਕ ਵੀ ਪੁੱਟ ਲੈਣ,
ਮੈਂ ਉਨ੍ਹਾਂ ਨੂੰ ਉੱਥੋਂ ਵੀ ਕੱਢ ਲਿਆਵਾਂਗਾ
ਤੇ ਜੇਕਰ ਉਹ ਅਕਾਸ਼ ਤੀਕ ਚੜ੍ਹ ਜਾਣ,
ਮੈਂ ਉਨ੍ਹਾਂ ਨੂੰ ਉੱਥੋਂ ਹੇਠਾ ਲੈ ਆਵਾਂਗਾ।
3 ਜੇਕਰ ਉਹ ਕਰਮਲ ਦੀ ਪਹਾੜੀ ਉੱਪਰ ਲੁਕ ਜਾਣ,
ਮੈਂ ਉੱਥੋਂ ਵੀ ਉਨ੍ਹਾਂ ਨੂੰ ਭਾਲ ਕੇ ਲੈ ਜਾਵਾਂਗਾ।
ਜੇਕਰ ਉਹ ਮੇਰੇ ਤੋਂ ਬਚਣ ਲਈ ਸਮੁੰਦਰ ਦੇ ਤਲ ਤੀਕ ਵੀ ਲਹਿ ਜਾਣ ਤਾਂ
ਮੈਂ ਸੱਪ ਨੂੰ ਹੁਕਮ ਦੇਵਾਂਗਾ ਕਿ ਉਹ ਉਨ੍ਹਾਂ ਨੂੰ ਡੱਸ ਲਵੇਗਾ।
4 ਜੇਕਰ ਉਹ ਆਪਣੇ ਵੈਰੀਆਂ ਦੇ ਹੱਥ ਅਸੀਰ ਹੋ ਜਾਣ ਤਾਂ
ਉਹ ਮੇਰੇ ਹੁਕਮ ਨਾਲ ਤਲਵਾਰ ਨਾਲ ਵੱਢੇ ਜਾਣਗੇ।
ਹਾਂ, ਮੈਂ ਉਨ੍ਹਾਂ ਉੱਪਰ ਨਜ਼ਰ ਰੱਖਾਂਗਾ
ਪਰ ਉਨ੍ਹਾਂ ਦੀ ਭਲਾਈ ਲਈ ਨਹੀਂ ਸਗੋਂ ਉਨ੍ਹਾਂ
ਤੇ ਮੁਸੀਬਤ ਲਿਆਉਣ ਲਈ ਕਰਾਂਗਾ।”
ਕੁਝ ਯਹੂਦੀਆਂ ਨੇ ਪੌਲੁਸ ਨੂੰ ਮਾਰਨ ਦੀ ਵਿਉਂਤ ਬਣਾਈ
12 ਅਗਲੇ ਦਿਨ ਦੀ ਸਵੇਰ ਕੁਝ ਯਹੂਦੀਆਂ ਨੇ ਪੌਲੁਸ ਦੇ ਵਿਰੁੱਧ ਸਾਜਿਸ਼ ਕੀਤੀ। ਉਨ੍ਹਾਂ ਨੇ ਆਪੋ ਵਿੱਚ ਹੀ ਮਤਾ ਪਕਾਇਆ ਕਿ ਜਦ ਤੱਕ ਉਹ ਪੌਲੁਸ ਨੂੰ ਮਾਰ ਨਾ ਮੁਕਾਉਣਗੇ ਉਹ ਕੁਝ ਵੀ ਨਹੀਂ ਖਾਣ ਪੀਣਗੇ। 13 ਚਾਲ੍ਹੀਆਂ ਤੋਂ ਵੱਧ ਯਹੂਦੀਆਂ ਨੇ ਇਹ ਸਾਜਿਸ਼ ਰਚੀ। 14 ਇਹ ਯਹੂਦੀ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਕੋਲ ਗਏ ਅਤੇ ਆਖਿਆ, “ਅਸੀਂ ਸੌਂਹ ਖਾਧੀ ਹੈ ਕਿ ਓਨਾ ਚਿਰ ਅਸੀਂ ਕੁਝ ਨਾ ਖਾਵਾਂਗੇ ਅਤੇ ਨਾ ਪੀਵਾਂਗੇ ਜਦ ਤੱਕ ਕਿ ਅਸੀਂ ਪੌਲੁਸ ਨੂੰ ਨਾ ਮਾਰ ਦੇਈਏ। 15 ਇਸ ਲਈ ਹੁਣ ਤੁਸੀਂ ਸੈਨਾ ਦੇ ਸਰਦਾਰ ਨੂੰ ਇੱਕ ਸੰਯੁਕਤ ਸੁਨੇਹਾ ਭੇਜੋ ਕਿ ਉਹ ਉਸ ਨੂੰ ਤੁਹਾਡੇ ਅੱਗੇ ਪੇਸ਼ ਕਰੇ ਅਤੇ ਉਸ ਨੂੰ ਮਨਵਾਓ ਕਿ ਤੁਸੀਂ ਪੌਲੁਸ ਦੀ ਪੂਰੀ ਤਰ੍ਹਾਂ ਪੁੱਛ-ਗਿੱਛ ਕਰਨਾ ਚਾਹੁੰਦੇ ਹੋ। ਜਦੋਂ ਉਹ ਉਸ ਨੂੰ ਤੁਹਾਡੇ ਵੱਲ ਲਿਆ ਰਿਹਾ ਹੋਵੇਗਾ ਤਾਂ ਅਸੀਂ ਪੌਲੁਸ ਨੂੰ ਰਸਤੇ ਵਿੱਚ ਹੀ ਜਾਨੋਂ ਮਾਰ ਮੁਕਾਵਾਂਗੇ।”
16 ਪਰ ਪੌਲੁਸ ਦੇ ਭਾਂਣਜੇ ਨੂੰ ਇਸ ਸਾਜਿਸ਼ ਦਾ ਪਤਾ ਲੱਗ ਗਿਆ। ਤਾਂ ਉਹ ਸੈਨਾ ਭਵਨ ਵਿੱਚ ਗਿਆ ਅਤੇ ਪੌਲੁਸ ਨੂੰ ਇਸ ਬਾਰੇ ਦੱਸ ਦਿੱਤਾ। 17 ਤਦ ਪੌਲੁਸ ਨੇ ਇੱਕ ਸੈਨਾ ਅਧਿਕਾਰੀ ਨੂੰ ਸੱਦਿਆ ਅਤੇ ਕਿਹਾ, “ਇਸ ਨੌਜਵਾਨ ਨੂੰ ਕਮਾਂਡਰ ਕੋਲ ਲੈ ਜਾਵੋ। ਇਹ ਇੱਕ ਸੁਨੇਹਾ ਲੈ ਕੇ ਆਇਆ ਹੈ।” 18 ਤਾਂ ਉਹ ਸੈਨਾ-ਅਧਿਕਾਰੀ ਉਸ ਦੇ ਭਾਣਜੇ ਨੂੰ ਸੈਨਾ ਅਧਿਕਾਰੀ ਕੋਲ ਲੈ ਗਿਆ ਤਾਂ ਉਸ ਨੇ ਕਿਹਾ, “ਕੈਦੀ ਪੌਲੁਸ ਨੇ ਮੈਨੂੰ ਇਸ ਨੌਜੁਆਨ ਨੂੰ ਤੁਹਾਡੇ ਕੋਲ ਲਿਆਉਣ ਨੂੰ ਆਖਿਆ ਹੈ, ਕਿਉਂਕਿ ਉਹ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ।”
19 ਸੈਨਾ ਅਧਿਕਾਰੀ ਨੇ ਉਸਦਾ ਹੱਥ ਫ਼ੜਿਆ ਅਤੇ ਉਸ ਨੂੰ ਇੱਕ ਇੱਕਾਂਤ ਜਗ਼੍ਹਾ ਤੇ ਲੈ ਗਿਆ ਤੇ ਆਖਿਆ, “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈ?”
20 ਉਸ ਨੌਜਵਾਨ ਨੇ ਕਿਹਾ, “ਯਹੂਦੀਆਂ ਨੇ ਇਹ ਵਿਉਂਤ ਬਣਈ ਹੈ ਕਿ ਉਹ ਕੱਲ ਪੌਲੁਸ ਨੂੰ ਮਹਾਂ ਸਭਾ ਦੇ ਵਿੱਚ ਲਿਆਉਣ ਲਈ ਤੁਹਾਨੂੰ ਕਹਿਣਗੇ ਅਤੇ ਉਹ ਤੁਹਾਨੂੰ ਇਹ ਕਹਿਣਗੇ ਕਿ ਉਹ ਪੌਲੁਸ ਕੋਲੋਂ ਕੁਝ ਹੋਰ ਸਵਾਲ ਪੁੱਛਣਾ ਚਾਹੁੰਦੇ ਹਨ। 21 ਪਰ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ ਕਿਉਂਕਿ ਚਾਲੀ ਤੋਂ ਵੱਧੇਰੇ ਯਹੂਦੀ ਛੁੱਪੇ ਹੋਏ ਹਨ ਤਾਂ ਜੋ ਉਹ ਪੌਲੁਸ ਨੂੰ ਰਸਤੇ ਵਿੱਚ ਹੀ ਖਤਮ ਕਰ ਦੇਣ। ਉਨ੍ਹਾਂ ਨੇ ਇੱਕ ਗੰਭੀਰ ਸੌਂਹ ਖਾਧੀ ਹੈ ਕਿ ਉਹ ਉਦੋਂ ਤੱਕ ਕੁਝ ਨਹੀਂ ਖਾਣਗੇ ਤੇ ਨਾ ਪੀਣਗੇ ਜਦ ਤੱਕ ਉਹ ਪੌਲੁਸ ਨੂੰ ਨਹੀਂ ਮਾਰ ਦਿੰਦੇ। ਸੋ ਉਹ ਹੁਣ ਤੁਹਾਡੀ ਸਹਿਮਤੀ ਦੀ ਉਡੀਕ ਵਿੱਚ ਹਨ।”
22 ਸਰਦਾਰ ਨੇ ਉਸ ਨੂੰ ਕਿਹਾ, “ਕਿਸੇ ਨੂੰ ਨਾ ਦੱਸੀਂ ਕਿ ਤੂੰ ਮੈਨੂੰ ਇਸ ਵਿਉਂਤ ਬਾਰੇ ਦੱਸ ਦਿੱਤਾ ਹੈ ਅਤੇ ਉਸ ਨੇ ਉਸ ਨੂੰ ਭੇਜ ਦਿੱਤਾ।”
ਪੌਲੁਸ ਨੂੰ ਕੈਸਰਿਯਾ ਵਿੱਚ ਭੇਜਣਾ
23 ਤਦ ਕਮਾਂਡਰ ਨੇ ਦੋ ਸੂਬੇਦਾਰਾਂ ਨੂੰ ਬੁਲਵਾਇਆ ਅਤੇ ਕਿਹਾ, “ਮੈਨੂੰ ਕੁਝ ਆਦਮੀ ਕੈਸਰਿਯਾ ਜਾਣ ਲਈ ਚਾਹੀਦੇ ਹਨ। ਤੁਸੀਂ ਦੋ ਸੌ ਸਿਪਾਹੀ ਤਿਆਰ ਰੱਖੋ, ਸੱਤਰ ਸਿਪਾਹੀ ਘੋੜਿਆਂ ਤੇ ਅਤੇ ਦੋ ਸੌ ਆਦਮੀ ਭਾਲੇ ਬਰਦਾਰ। ਇਨ੍ਹਾਂ ਨੂੰ ਅੱਜ ਰਾਤ ਨੌ ਵਜੇ ਰਵਾਨਾ ਕਰਨ ਲਈ ਤਿਆਰ ਰੱਖਣਾ। 24 ਪੌਲੁਸ ਦੀ ਸਵਾਰੀ ਲਈ ਵੀ ਕੁਝ ਘੋੜਿਆਂ ਦਾ ਇੰਤਜ਼ਾਮ ਕਰੋ। ਉਸ ਨੂੰ ਪੂਰੀ ਸੁਰੱਖਿਆ ਨਾਲ ਫ਼ੇਲਿਕਸ ਹਾਕਮ ਦੇ ਕੋਲ ਪਹੁੰਚਾਣਾ ਹੈ।” 25 ਸੈਨਾ ਅਧਿਕਾਰੀ ਨੇ ਇੱਕ ਚਿੱਠੀ ਲਿਖੀ ਜੋ ਇਸ ਤਰ੍ਹਾਂ ਸੀ;
26 ਕਲੌਦਿਯੁਸ ਲੁਸਿਯਸ ਦੇ
ਹਾਕਮ ਫ਼ੇਲਿਕਸ ਬਹਾਦੁਰ ਨੂੰ ਪ੍ਰਣਾਮ।
27 ਯਹੂਦੀਆਂ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ ਅਤੇ ਇਸ ਨੂੰ ਮਾਰਨ ਹੀ ਵਾਲੇ ਸਨ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਇੱਕ ਰੋਮੀ ਨਾਗਰਿਕ ਹੈ, ਮੈਂ ਉਸੇ ਵਕਤ ਆਪਣੇ ਸਿਪਾਹੀਆਂ ਨਾਲ ਗਿਆ ਅਤੇ ਉਸ ਨੂੰ ਬਚਾਇਆ। 28 ਮੈਂ ਇਹ ਜਾਨਣਾ ਚਾਹੁੰਦਾ ਸੀ ਕਿ ਉਨ੍ਹਾਂ ਕਿਸ ਕਾਰਣ ਉਸ ਉੱਪਰ ਇਲਜ਼ਾਮ ਲਗਾਏ, ਇਸ ਲਈ ਮੈਂ ਉਸ ਨੂੰ ਉਨ੍ਹਾਂ ਦੀ ਸਭਾ ਵਿੱਚ ਲੈ ਗਿਆ। 29 ਉੱਥੋਂ ਮੈਨੂੰ ਇਹ ਪਤਾ ਲੱਗਾ; ਯਹੂਦੀਆਂ ਨੇ ਪੌਲੁਸ ਉੱਤੇ ਆਪਣੀ ਖੁਦ ਦੀ ਸ਼ਰ੍ਹਾ ਸੰਬੰਧੀ ਇਲਜ਼ਾਮ ਲਾਏ ਹਨ। ਪਰ ਉਨ੍ਹਾਂ ਵਿੱਚੋਂ ਕੋਈ ਵੀ ਇਹੋ ਜਿਹਾ ਦਾਵ੍ਹਾ ਨਹੀਂ ਸੀ ਜੋ ਉਸ ਦੇ ਕਤਲ ਜਾਂ ਕੈਦ ਦਾ ਕਾਰਣ ਹੁੰਦਾ। 30 ਮੈਨੂੰ ਪਤਾ ਲੱਗਾ ਕਿ ਕੁਝ ਯਹੂਦੀਆਂ ਨੇ ਉਸ ਦੇ ਖਿਲਾਫ਼ ਸਾਜਿਸ਼ ਕੀਤੀ ਹੈ। ਇਸ ਲਈ ਮੈਂ ਉਸ ਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ। ਮੈਂ ਉਨ੍ਹਾਂ ਯਹੂਦੀਆਂ ਨੂੰ ਉਹ ਇਲਜ਼ਾਮ ਦੱਸਣ ਲਈ ਵੀ ਕਿਹਾ ਹੈ ਜੋ ਉਨ੍ਹਾਂ ਕੋਲ ਇਸਦੇ ਵਿਰੁੱਧ ਹਨ।
31 ਸਿਪਾਹੀਆਂ ਨੂੰ ਜਿਵੇਂ ਕਿਹਾ ਗਿਆ ਸੀ ਉਨ੍ਹਾਂ ਨੇ ਉਵੇਂ ਹੀ ਕੀਤਾ। ਸਿਪਾਹੀ ਉਸ ਰਾਤ ਉਸ ਨੂੰ ਅੰਤਿਪਤ੍ਰਿਸ ਸ਼ਹਿਰ ਵਿੱਚ ਲੈ ਗਏ। 32 ਅਗਲੇ ਦਿਨ ਘੁੜਸਵਾਰ ਸਿਪਾਹੀ ਪੌਲੁਸ ਦੇ ਨਾਲ ਕੈਸਰਿਯਾ ਨੂੰ ਗਏ। ਪਰ ਬਾਕੀ ਦੇ ਸਿਪਾਹੀ ਅਤੇ ਭਾਲਾ ਬਰਦਾਰ ਸੈਨਾ ਭਵਨ ਵਿੱਚ ਵਾਪਸ ਮੁੜ ਗਏ। 33 ਘੁੜਸਵਾਰ ਸਿਪਾਹੀ ਕੈਸਰਿਯਾ ਨੂੰ ਗਏ ਅਤੇ ਉਹ ਚਿਠੀ ਰਾਜਪਾਲ ਫ਼ੇਲਿਕਸ ਨੂੰ ਦਿੱਤੀ। ਉਸਤੋਂ ਬਾਅਦ ਉਨ੍ਹਾਂ ਨੇ ਪੌਲੁਸ ਨੂੰ ਉਸ ਦੇ ਹਵਾਲੇ ਕਰ ਦਿੱਤਾ।
34 ਹਾਕਮ ਨੇ ਚਿਠੀ ਪੜ੍ਹਕੇ ਪੌਲੁਸ ਨੂੰ ਕਿਹਾ, “ਤੂੰ ਕਿਸ ਦੇਸ਼ ਦਾ ਹੈਂ?” ਉਹ ਜਾਣ ਗਿਆ ਕਿ ਪੌਲੁਸ ਕਿਲਿਕਿਯਾ ਸ਼ਹਿਰ ਨਾਲ ਸੰਬੰਧਿਤ ਹੈ। 35 ਹਾਕਮ ਨੇ ਕਿਹਾ, “ਪਹਿਲੇ ਤੇਰੇ ਮੁੱਦਈ ਵੀ ਆ ਜਾਣ ਫ਼ਿਰ ਮੈਂ ਤੇਰੀ ਸੁਣਾਂਗਾ।” ਫ਼ਿਰ ਰਾਜਪਾਲ ਨੇ ਪੌਲੁਸ ਨੂੰ ਹੇਰੋਦੇਸ ਦੇ ਮਹਿਲ ਵਿੱਚ ਨਜ਼ਰਬੰਦ ਰੱਖਣ ਦਾ ਹੁਕਮ ਦਿੱਤਾ।
2010 by World Bible Translation Center