Revised Common Lectionary (Complementary)
ਸਾਹਲ ਦੇ ਦਰਸ਼ਨ
7 ਯਹੋਵਾਹ ਨੇ ਮੈਨੂੰ ਇਹ ਦਰਸਾਇਆ: ਯੋਹਵਾਹ (ਲਾਟੂ) ਸਾਹਲ ਨੂੰ ਹੱਥ ਵਿੱਚ ਲੈ ਕੇ ਇੱਕ ਦੀਵਾਰ ਦੇ ਨਾਲ ਖੜ੍ਹਾ ਹੋ ਗਿਆ। ਕੰਧ ਸਾਹਲ ਦੀ ਸਹਾਇਤਾ ਨਾਲ ਉਸਾਰੀ ਗਈ ਸੀ। 8 ਯਹੋਵਾਹ ਨੇ ਮੈਨੂੰ ਇਹ ਵਿਖਾਇਆ, “ਆਮੋਸ! ਤੂੰ ਕੀ ਵੇਖਦਾ ਹੈਂ?”
ਮੈਂ ਕਿਹਾ, “ਸਾਹਲ!” ਫ਼ਿਰ ਮੇਰੇ ਪ੍ਰਭੂ ਨੇ ਆਖਿਆ, “ਵੇਖ! ਮੈਂ ਆਪਣੇ ਲੋਕਾਂ, ਇਸਰਾਏਲੀਆਂ ਨੂੰ ਇੱਕ ਸਾਹਲ ਨਾਲ ਮਿਣ ਰਿਹਾ ਹਾਂ। ਮੈਂ ਫ਼ੇਰ ਕਦੀ ਵੀ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਨਕਾਰਾਂਗਾ। 9 ਇਸਹਾਕ ਦੇ ਉੱਚੇ ਥਾਂ ਵੀਰਾਨ ਕੀਤੇ ਜਾਣਗੇ। ਇਸਰਾਏਲ ਦੇ ਪਵਿੱਤਰ ਅਸਥਾਨ ਕੂੜੇ ਦੇ ਢੇਰ ’ਚ ਬਦਲ ਦਿੱਤੇ ਜਾਣਗੇ। ਮੈਂ ਯਾਰਾਬੁਆਮ ਦੇ ਘਰਾਣੇ ਦੇ ਵਿਰੁੱਧ ਹਮਲਾ ਕਰਾਂਗਾ ਅਤੇ ਉਸ ਦੇ ਘਰਾਣੇ ਨੂੰ ਤਲਵਾਰਾਂ ਨਾਲ ਵੱਢ ਸੁੱਟਾਂਗਾ।”
ਅਮਸਯਾਹ ਵੱਲੋਂ ਆਮੋਸ ਨੂੰ ਰੋਕਣ ਦੀ ਕੋਸ਼ਿਸ਼
10 ਤਦ ਬੈਤ-ੇਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਆਮੋਸ ਤੇਰੇ ਵਿਰੁੱਧ ਮਤਾ ਪਕਾ ਰਿਹਾ ਹੈ ਅਤੇ ਉਹ ਇਸਰਾਏਲ ਦੀ ਪਰਜਾ ਨੂੰ ਤੇਰੇ ਵਿਰੁੱਧ ਭੜਕਾਅ ਰਿਹਾ ਹੈ। ਦੇਸ ਉਸ ਦੀਆਂ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ। 11 ਆਮੋਸ ਕਹਿੰਦਾ ਹੈ, ‘ਯਰਾਬੁਆਮ ਤਲਵਾਰ ਨਾਲ ਵੱਢਿਆ ਜਾਵੇਗਾ ਅਤੇ ਇਸਰਾਏਲ ਦੀ ਪਰਜਾ ਆਪਣੇ ਦੇਸ ਵਿੱਚੋਂ ਅਸੀਰ ਕਰਕੇ ਬਾਹਰ ਜਾਵੇਗੀ।’”
12 ਅਮਸਯਾਹ ਨੇ ਆਮੋਸ ਨੂੰ ਇਹ ਵੀ ਆਖਿਆ, “ਹੇ ਪੈਗੰਬਰ, ਬੱਲੇ ਯਹੂਦਾਹ ਵੱਲ ਚੱਲਾ ਜਾ ਅਤੇ ਉੱਥੇ ਜਾਕੇ ਖਾ ਓੱਥੇ ਆਪਣੀ ਪ੍ਰਚਾਰ ਕਰ। 13 ਪਰ ਇੱਥੇ ਬੈਤ-ਏਲ ਵਿੱਚ ਹੋਰ ਵੱਧੇਰੇ ਭਵਿੱਖਬਾਣੀ ਨਾ ਕਰ। ਇਹ ਰਾਜੇ ਦਾ ਪਵਿੱਤਰ ਅਸਥਾਨ ਅਤੇ ਇਸਰਾਏਲ ਦਾ ਮੰਦਰ ਹੈ।”
14 ਤਦ ਆਮੋਸ ਨੇ ਅਮਸਯਾਹ ਨੂੰ ਆਖਿਆ, “ਮੈਂ ਕੋਈ ਪੇਸ਼ਾਵਰ ਨਬੀ ਨਹੀਂ ਤੇ ਨਾ ਹੀ ਮੈਂ ਨਬੀਆਂ ਦੇ ਘਰਾਣੇ ਵਿੱਚੋਂ ਹਾਂ ਸਗੋਂ ਮੈਂ ਤਾਂ ਇੱਕ ਆਜੜੀ ਹਾਂ ਅਤੇ ਅੰਜੀਰ ਦੇ ਦ੍ਰੱਖਤਾਂ ਦੀ ਰਾਖੀ ਕਰਦਾ ਹਾਂ। 15 ਮੈਂ ਤਾਂ ਆਜੜੀ ਸਾਂ ਅਤੇ ਯਹੋਵਾਹ ਨੇ ਮੈਨੂੰ ਇੱਜੜ ਦੇ ਪਿੱਛੇ ਜਾਂਦੇ ਨੂੰ ਲਿਆ ਅਤੇ ਮੈਨੂੰ ਆਖਿਆ, ‘ਜਾ, ਅਤੇ ਜਾਕੇ ਇਸਰਾਏਲ ਵਿੱਚ ਮੇਰੇ ਲੋਕਾਂ ਨੂੰ ਅਗੰਮੀ ਵਾਕ ਆਖ।’
8 ਯਹੋਵਾਹ ਪਰਮੇਸ਼ੁਰ ਨੇ ਜੋ ਕੁਝ ਆਖਿਆ ਮੈਂ ਸੁਣਿਆ।
ਉਸ ਨੇ ਆਖਿਆ ਸੀ ਕਿ ਉਸ ਦੇ ਲੋਕਾਂ ਅਤੇ ਵਫ਼ਾਦਾਰ ਪੈਰੋਕਾਰਾਂ ਲਈ ਅਮਨ ਹੋਵੇਗਾ।
ਇਸ ਲਈ ਉਨ੍ਹਾਂ ਨੂੰ ਮੂਰੱਖਾਂ ਵਾਲੇ ਜੀਵਨ ਢੰਗ ਵੱਲ ਨਹੀਂ ਪਰਤ ਜਾਣਾ ਚਾਹੀਦਾ।
9 ਪਰਮੇਸ਼ੁਰ ਛੇਤੀ ਆਪਣੇ ਪੈਰੋਕਾਰਾਂ ਨੂੰ ਬਚਾਏਗਾ।
ਅਸੀਂ ਛੇਤੀ ਹੀ ਇੱਜ਼ਤ ਨਾਲ ਆਪਣੀ ਜ਼ਮੀਨ ਉੱਤੇ ਰਹਾਂਗੇ।
10 ਪਰਮੇਸ਼ੁਰ ਦਾ ਸੱਚਾ ਪਿਆਰ ਉਸ ਦੇ ਚੇਲਿਆਂ ਨੂੰ ਮਿਲੇਗਾ।
ਚੰਗਿਆਈ ਅਤੇ ਅਮਨ ਚੁੰਮਣ ਨਾਲ ਉਹ ਉਨ੍ਹਾਂ ਦਾ ਸਵਾਗਤ ਕਰਨਗੇ।
11 ਧਰਤੀ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਹੋਣਗੇ
ਅਤੇ ਸਵਰਗ ਵਿੱਚ ਪਰਮੇਸ਼ੁਰ ਵੀ ਉਨ੍ਹਾਂ ਨਾਲ ਚੰਗਾ ਵਿਹਾਰ ਕਰੇਗਾ।
12 ਯਹੋਵਾਹ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦੇਵੇਗਾ।
ਧਰਤੀ ਬਹੁਤ ਸਾਰੀਆਂ ਚੰਗੀਆਂ ਫ਼ਸਲਾਂ ਉਗਾਏਗੀ।
13 ਚੰਗਿਆਈ ਪਰਮੇਸ਼ੁਰ ਦੇ ਅੱਗੇ ਜਾਵੇਗੀ
ਅਤੇ ਉਸਦਾ ਰਾਹ ਤਿਆਰ ਕਰੇਗੀ।
ਮਸੀਹ ਵਿੱਚ ਆਤਮਕ ਅਸੀਸਾਂ
3 ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ੁਰ ਦੀ ਉਸਤਤਿ ਕਰੋ। ਪਰਮੇਸ਼ੁਰ ਨੇ ਸਾਨੂੰ ਮਸੀਹ ਵਿੱਚ ਸਵਰਗ ਦੀ ਹਰ ਆਤਮਕ ਅਸੀਸ ਦਿੱਤੀ ਹੈ। 4 ਮਸੀਹ ਵਿੱਚ ਸਾਨੂੰ ਪਰਮੇਸ਼ੁਰ ਨੇ ਦੁਨੀਆਂ ਸਾਜਣ ਤੋਂ ਪਹਿਲਾਂ ਹੀ ਚੁਣ ਲਿਆ ਸੀ। ਪਰਮੇਸ਼ੁਰ ਨੇ ਸਾਨੂੰ ਪ੍ਰੇਮ ਨਾਲ, ਆਪਣੇ ਪਵਿੱਤਰ ਲੋਕ ਅਤੇ ਉਸ ਅੱਗੇ ਦੋਸ਼ ਰਹਿਤ ਲੋਕ ਹੋਣ ਲਈ ਚੁਣਿਆ ਹੈ। 5 ਅਤੇ ਦੁਨੀਆਂ ਦੀ ਸਾਜਨਾ ਕਰਨ ਤੋਂ ਪਹਿਲਾਂ ਹੀ ਪਰਮੇਸ਼ੁਰ ਨੇ ਯਿਸੂ ਮਸੀਹ ਰਾਹੀਂ ਸਾਨੂੰ ਆਪਣੇ ਬੱਚੇ ਬਨਾਉਣ ਦਾ ਫੈਸਲਾ ਕੀਤਾ। ਇਹ ਪਰਮੇਸ਼ੁਰ ਦੀ ਰਜ਼ਾ ਸੀ। ਇਸਨੇ ਉਸ ਨੂੰ ਪ੍ਰਸੰਨ ਕੀਤਾ ਹੈ। 6 ਇਹ ਪਰਮੇਸ਼ੁਰ ਨੂੰ ਉਸਤਤਿ ਦਿੰਦੀ ਹੈ ਕਿਉਂ ਜੋ ਉਸ ਨੇ ਕਿਰਪਾ ਦਿਖਾਈ। ਪਰਮੇਸ਼ੁਰ ਨੇ ਆਪਣੀ ਕਿਰਪਾ ਸਾਡੇ ਉੱਤੇ ਮੁਫ਼ਤ ਕੀਤੀ ਹੈ ਉਸ ਨੇ ਸਾਡੇ ਉੱਪਰ ਇਹ ਕਿਰਪਾ ਮਸੀਹ ਵਿੱਚ ਦਿੱਤੀ ਜਿਸ ਨੂੰ ਉਹ ਪਿਆਰ ਕਰਦਾ ਹੈ।
7 ਮਸੀਹ ਦੇ ਨਮਿੱਤ ਸਾਨੂੰ ਉਸ ਦੇ ਲਹੂ ਰਾਹੀਂ ਅਜ਼ਾਦੀ ਦਿੱਤੀ ਗਈ ਸੀ। ਸਾਡੇ ਕੋਲ ਪਰਮੇਸ਼ੁਰ ਦੀ ਅਪਾਰ ਕਿਰਪਾ ਦੁਆਰਾ ਆਪਣੇ ਪਾਪਾਂ ਦੀ ਮਾਫ਼ੀ ਹੈ। 8 ਪਰਮੇਸ਼ੁਰ ਨੇ ਆਪਣੀ ਪੂਰੀ ਕਿਰਪਾ ਸਿਆਣਪ ਅਤੇ ਗਿਆਨ ਸਾਡੇ ਉੱਤੇ ਮੁਫ਼ਤੀ ਛਿੜਕਿਆ ਹੈ। 9 ਉਸ ਨੇ ਆਪਣੀ ਗੁਪਤ ਯੋਜਨਾ ਆਪਣੀ ਇੱਛਾ ਅਨੁਸਾਰ ਸਾਨੂੰ ਪਰਗਟ ਕੀਤੀ। ਅਤੇ ਉਸ ਨੇ ਇਹ ਯੋਜਨਾ ਮਸੀਹ ਰਾਹੀਂ ਪੂਰਨ ਕਰਨ ਦਾ ਨਿਸ਼ਚਾ ਕੀਤਾ। 10 ਪਰਮੇਸ਼ੁਰ ਦਾ ਇਰਾਦਾ ਢੁੱਕਵੇਂ ਸਮੇਂ ਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਦਾ ਸੀ। ਪਰਮੇਸ਼ੁਰ ਦੀ ਯੋਜਨਾ ਸਵਰਗ ਅਤੇ ਧਰਤੀ ਵਿੱਚਲੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਮਸੀਹ ਨੂੰ ਮੁਖੀ ਬਣਾਕੇ ਉਸ ਦੇ ਅਧੀਨ ਕਰਨ ਦੀ ਸੀ।
11 ਮਸੀਹ ਵਿੱਚ ਸਾਨੂੰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਚੁਣਿਆ ਗਿਆ ਸੀ। ਪਰਮੇਸ਼ੁਰ ਨੇ ਪਹਿਲਾਂ ਹੀ ਸਾਨੂੰ ਆਪਣੇ ਲੋਕ ਬਨਾਉਣ ਦੀ ਯੋਜਨਾ ਬਣਾਈ ਹੋਈ ਸੀ, ਕਿਉਂ ਕਿ ਇਹ ਪਰਮੇਸ਼ੁਰ ਦੀ ਇੱਛਾ ਸੀ। ਇਹ ਪਰਮੇਸ਼ੁਰ ਹੀ ਹੈ ਜੋ ਹਰ ਚੀਜ਼ ਨੂੰ ਆਪਣੀ ਇੱਛਾ ਅਤੇ ਫ਼ੈਸਲੇ ਨਾਲ ਰਜ਼ਾਮੰਦ ਕਰਾਉਂਦਾ ਹੈ। 12 ਅਸੀਂ ਪਹਿਲੇ ਲੋਕ ਹਾਂ ਜਿਨ੍ਹਾਂ ਨੇ ਮਸੀਹ ਵਿੱਚ ਉਮੀਦ ਰੱਖੀ। ਅਤੇ ਸਾਨੂੰ ਇਸ ਲਈ ਚੁਣਿਆ ਗਿਆ ਸੀ ਤਾਂ ਜੋ ਅਸੀਂ ਪਰਮੇਸ਼ੁਰ ਦੀ ਮਹਿਮਾ ਦੀ ਉਸਤਤਿ ਕਰ ਸੱਕੀਏ। 13 ਤੁਹਾਡੇ ਨਾਲ ਵੀ ਅਜਿਹਾ ਹੀ ਹੈ। ਤੁਸੀਂ ਸੱਚੀ ਸਿੱਖਿਆ ਸੁਣੀ, ਉਹ ਤੁਹਾਡੀ ਮੁਕਤੀ ਦੀ ਖੁਸ਼ਖਬਰੀ ਹੈ। ਜਦੋਂ ਤੁਸੀਂ ਉਹ ਖੁਸ਼ਖਬਰੀ ਸੁਣੀ, ਤੁਸੀਂ ਮਸੀਹ ਵਿੱਚ ਵਿਸ਼ਵਾਸ ਕੀਤਾ। ਅਤੇ ਮਸੀਹ ਦੇ ਰਾਹੀਂ, ਪਰਮੇਸ਼ੁਰ ਨੇ ਤੁਹਾਨੂੰ ਉਹ ਪਵਿੱਤਰ ਆਤਮਾ ਦੇਕੇ ਜਿਸਦਾ ਉਸ ਨੇ ਵਾਇਦਾ ਕੀਤਾ ਸੀ, ਆਪਣਾ ਵਿਸ਼ੇਸ਼ ਨਿਸ਼ਾਨ ਤੁਹਾਡੇ ਉੱਪਰ ਲਗਾਇਆ। 14 ਇਹ ਪਵਿੱਤਰ ਆਤਮਾ ਦੀ ਸਾਖੀ ਹੈ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰਾਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਵਾਇਦਾ ਕੀਤਾ ਸੀ। ਇਹ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ ਜਿਹੜੇ ਲੋਕ ਪਰਮੇਸ਼ੁਰ ਨਾਲ ਸੰਬੰਧਿਤ ਹਨ। ਇਸ ਸਭ ਕਾਸੇ ਦਾ ਉਦੇਸ਼ ਪਰਮੇਸ਼ੁਰ ਦੀ ਮਹਿਮਾ ਨੂੰ ਉਸਤਤਿ ਲਿਆਉਣਾ ਹੈ।
ਹੇਰੋਦੇਸ ਨੇ ਸੋਚਿਆ ਯਿਸੂ ਹੀ ਬਪਤਿਸਮਾ ਦੇਣ ਵਾਲਾ ਯੂਹੰਨਾ ਹੈ(A)
14 ਰਾਜਾ ਹੇਰੋਦੇਸ ਨੇ ਵੀ ਯਿਸੂ ਬਾਰੇ ਸੁਣਿਆ, ਕਿਉਂਕਿ ਯਿਸੂ ਦਾ ਨਾਉਂ ਪ੍ਰਸਿਧ ਹੋ ਗਿਆ ਸੀ। ਕੁਝ ਲੋਕਾਂ ਨੇ ਆਖਿਆ, “ਉਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਕਾਰਣ ਉਹ ਇਹ ਸ਼ਕਤੀਆਂ ਤੇ ਕਰਿਸ਼ਮੇ ਕਰ ਸੱਕਦਾ ਹੈ।”
15 ਕੁਝ ਹੋਰ ਲੋਕਾਂ ਨੇ ਆਖਿਆ, “ਇਹ ਏਲੀਯਾਹ ਹੈ।”
ਹੋਰਨਾਂ ਨੇ ਆਖਿਆ, “ਯਿਸੂ ਪੁਰਾਣੇ ਦਿਨਾਂ ਦੇ ਨਬੀਆਂ ਵਰਗਾ, ਇੱਕ ਨਬੀ ਹੈ।”
16 ਹੇਰੋਦੇਸ ਨੇ ਯਿਸੂ ਬਾਰੇ ਇਹ ਸਭ ਕੁਝ ਸੁਣਿਆ ਅਤੇ ਕਿਹਾ, “ਯੂਹੰਨਾ ਜਿਸਦਾ ਮੈਂ ਸਿਰ ਵੱਢਿਆ ਸੀ ਹੁਣ ਫ਼ੇਰ ਜੀ ਉੱਠਿਆ ਹੈ।”
ਯੂਹੰਨਾ ਬਪਤਿਸਮਾ ਦੇਣ ਵਾਲਾ ਕਿਵੇਂ ਮਾਰਿਆ ਗਿਆ
17 ਹੇਰੋਦੇਸ ਨੇ ਖੁਦ ਯੂਹੰਨਾ ਨੂੰ ਗਿਰਫ਼ਤਾਰ ਕਰਨ ਲਈ ਆਖਿਆ। ਇੰਝ ਉਸ ਨੂੰ ਕੈਦਖਾਨੇ ਵਿੱਚ ਪਾਇਆ ਗਿਆ। ਰਾਜਾ ਹੇਰੋਦੇਸ ਨੇ ਇਹ ਸਭ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਕੀਤਾ, ਜਿਸਦਾ ਨਾਉਂ ਸੀ ਹੇਰੋਦਿਯਾਸ। ਹੇਰੋਦਿਯਾਸ, ਹੇਰੋਦੇਸ ਦੇ ਭਰਾ ਫ਼ਿਲਿਪੁੱਸ ਦੀ ਪਤਨੀ ਸੀ। ਪਰ ਹੇਰੋਦੇਸ ਨੇ ਉਸ ਨਾਲ ਵਿਆਹ ਕਰਾ ਲਿਆ। 18 ਯੂਹੰਨਾ ਹੇਰੋਦੇਸ ਨੂੰ ਕਿਹਾ, “ਆਪਣੇ ਭਰਾ ਦੀ ਤੀਵੀਂ ਨਾਲ ਵਿਆਹ ਕਰਵਾਉਣਾ ਠੀਕ ਨਹੀਂ।” 19 ਇਸੇ ਲਈ ਹੇਰੋਦਿਯਾਸ ਯੂਹੰਨਾ ਨਾਲ ਨਫ਼ਰਤ ਕਰਦੀ ਸੀ ਉਹ ਉਸ ਨੂੰ ਮਾਰਨਾ ਚਾਹੁੰਦੀ ਸੀ ਪਰ ਉਸਦਾ ਕੋਈ ਵੱਸ ਨਹੀਂ ਸੀ ਚੱਲਦਾ। 20 ਹੇਰੋਦੇਸ ਯੂਹੰਨਾ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਯੂਹੰਨਾ ਇੱਕ ਧਰਮੀ ਅਤੇ ਪਵਿੱਤਰ ਪੁਰੱਖ ਸੀ, ਇਸ ਲਈ ਉਸ ਨੇ ਉਸਦੀ ਰੱਖਿਆ ਕੀਤੀ। ਉਹ ਯੂਹੰਨਾ ਦੇ ਉਪਦੇਸ਼ ਨੂੰ ਬੜੇ ਅਨੰਦ ਨਾਲ ਸੁਣਦਾ ਸੀ। ਪਰ ਉਸ ਦੇ ਇਸ ਉਪਦੇਸ਼ ਨੇ ਹੇਰੋਦੇਸ ਨੂੰ ਪਰੇਸ਼ਾਨ ਕੀਤਾ।
21 ਫ਼ੇਰ ਯੂਹੰਨਾ ਦੀ ਮੌਤ ਲਈ ਹੇਰੋਦਿਯਾਸ ਦੇ ਹੱਥ ਉਦੋਂ ਸਹੀ ਸਮਾਂ ਲੱਗ ਗਿਆ ਜਦੋਂ ਰਾਜਾ ਹੇਰੋਦੇਸ ਦਾ ਜਨਮ ਦਿਨ ਸੀ। ਉਸ ਦਿਨ, ਹੇਰੋਦੇਸ ਨੇ ਇੱਕ ਦਾਵਤ ਤੇ ਆਪਣੇ ਅਧਿਕਾਰੀਆਂ, ਫ਼ੌਜ ਦੇ ਅਧਿਕਾਰੀਆਂ, ਅਤੇ ਗਲੀਲ ਦੇ ਮਹੱਤਵਪੂਰਨ ਲੋਕਾਂ ਨੂੰ ਨਿਉਂਤਾ ਦਿੱਤਾ। 22 ਹੇਰੋਦਿਯਾਸ ਦੀ ਧੀ ਉਸ ਦਾਵਤ ਵਿੱਚ ਆਈ ਅਤੇ ਨੱਚੀ। ਰਾਜੇ ਅਤੇ ਉਸ ਨਾਲ ਦੇ ਹੋਰ ਵਿਸ਼ੇਸ਼ ਵਿਅਕਤੀਆਂ ਨੇ ਉਸ ਦੇ ਨਾਚ ਦਾ ਅਨੰਦ ਮਾਣਿਆ।
ਰਾਜਾ ਹੇਰੋਦੇਸ ਨੇ ਉਸ ਕੁੜੀ ਨੂੰ ਆਖਿਆ, “ਜੋ ਕੁਝ ਵੀ ਤੈਨੂੰ ਚਾਹੀਦਾ ਮੰਗ ਅਤੇ ਮੈਂ ਉਹ ਤੈਨੂੰ ਦੇ ਦੇਵਾਂਗਾ।” 23 ਉਸ ਨੇ ਸੌਂਹ ਖਾਕੇ ਉਸ ਨਾਲ ਇਕਰਾਰ ਕੀਤਾ, “ਜੋ ਕੁਝ ਤੂੰ ਮੰਗੇਂਗੀ ਮੈਂ ਤੈਨੂੰ ਦੇਵਾਂਗਾ ਭਾਵੇਂ ਇਹ ਮੇਰਾ ਅੱਧਾ ਰਾਜ ਹੀ ਕਿਉਂ ਨਾ ਹੋਵੇ।”
24 ਤਾਂ ਕੁੜੀ ਨੇ ਆਪਣੀ ਮਾਂ ਕੋਲ ਜਾਕੇ ਪੁੱਛਿਆ, “ਮੈਨੂੰ ਕੀ ਮੰਗਣਾ ਚਾਹੀਦਾ?”
ਤਾਂ ਉਸਦੀ ਮਾਂ ਨੇ ਆਖਿਆ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੰਗ ਲੈ।”
25 ਤਦ ਉਹ ਜਲਦੀ ਨਾਲ ਰਾਜੇ ਕੋਲ ਗਈ ਅਤੇ ਆਖਿਆ, “ਮੈਨੂੰ ਹੁਣੇ ਹੀ ਇੱਕ ਥਾਲੀ ਤੇ ਰੱਖਕੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਚਾਹੀਦਾ ਹੈ।”
26 ਤਦ ਰਾਜਾ ਬਹੁਤ ਉਦਾਸ ਹੋ ਗਿਆ। ਪਰ ਉਸ ਨੇ ਸੌਂਹ ਖਾਕੇ ਉਸ ਕੁੜੀ ਨਾਲ ਇਕਰਾਰ ਕੀਤਾ ਸੀ ਕਿ ਉਹ ਜੋ ਕੁਝ ਵੀ ਮੰਗੇਗੀ, ਦੇਵੇਗਾ। ਅਤੇ ਉਸ ਦੇ ਮਹਿਮਾਨਾਂ ਨੇ ਵੀ ਉਸਦਾ ਵਾਦਾ ਸੁਣਿਆ ਸੀ। ਇਸ ਲਈ ਹੇਰੋਦੇਸ ਉਸ ਨੂੰ ਇਨਕਾਰ ਨਹੀਂ ਸੀ ਕਰ ਸੱਕਦਾ। 27 ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇਕੇ ਭੇਜਿਆ ਕਿ ਉਹ ਯੂਹੰਨਾ ਦਾ ਸਿਰ ਲੈ ਕੇ ਆਵੇ ਤਾਂ ਸਿਪਾਹੀ ਕੈਦਖਾਨੇ ਨੂੰ ਗਿਆ ਅਤੇ ਯੂਹੰਨਾ ਦਾ ਸਿਰ ਵੱਢ ਦਿੱਤਾ। 28 ਤਦ ਸਿਪਾਹੀ ਥਾਲੀ ਵਿੱਚ ਉਸਦਾ ਸਿਰ ਧਰਕੇ ਲਿਆਇਆ ਅਤੇ ਉਹ ਸਿਰ ਉਸ ਨੇ ਕੁੜੀ ਅੱਗੇ ਪੇਸ਼ ਕੀਤਾ ਅਤੇ ਉਸ ਕੁੜੀ ਨੇ ਉਹ ਸਿਰ ਆਪਣੀ ਮਾਂ ਨੂੰ ਦੇ ਦਿੱਤਾ। 29 ਜਦੋਂ ਯੂਹੰਨਾ ਦੇ ਚੇਲਿਆਂ ਨੂੰ ਇਹ ਪਤਾ ਲੱਗਾ, ਉਹ ਆਏ ਅਤੇ ਉਸਦਾ ਸਰੀਰ ਲੈ ਜਾਕੇ ਕਬਰ ਵਿੱਚ ਰੱਖ ਦਿੱਤਾ।
2010 by World Bible Translation Center