Revised Common Lectionary (Complementary)
ਕਾਫ਼
81 ਤੁਹਾਡੇ ਇੰਤਜ਼ਾਰ ਵਿੱਚ ਮੈਂ ਮਰਨ ਕੰਢੇ ਹਾਂ ਕਿ ਤੁਸੀਂ ਮੈਨੂੰ ਬਚਾਉ।
ਪਰ ਹੇ ਯਹੋਵਾਹ ਮੈਂ ਤੁਹਾਡੇ ਬਚਨਾਂ ਵਿੱਚ ਯਕੀਨ ਰੱਖਦਾ ਹਾਂ।
82 ਮੈ ਉਨ੍ਹਾਂ ਚੀਜ਼ਾਂ ਲਈ ਤੱਕਦਾ ਰਹਿੰਦਾ ਹਾਂ ਜਿਨ੍ਹਾਂ ਦਾ ਤੁਸੀਂ ਵਾਅਦਾ ਕੀਤਾ ਸੀ।
ਪਰ ਮੇਰੀਆਂ ਅੱਖਾਂ ਥੱਕ ਜਾਂਦੀਆਂ ਹਨ।
ਯਹੋਵਾਹ, ਤੁਸੀਂ ਮੈਨੂੰ ਕਦੋਂ ਸੁਕੂਨ ਪਹੁੰਚਾਉਂਗੇ।
83 ਭਾਵੇਂ ਮੈਂ ਕੂੜੇ ਵਿੱਚ ਸੁੱਟੀ ਹੋਈ ਮਸੱਕ ਹਾਂ।
84 ਮੈਂ ਹੋਰ ਕਿੰਨਾ ਕੁ ਚਿਰ ਜੀਵਾਂਗਾ?
ਹੇ ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਕਦੋਂ ਸਜ਼ਾ ਦੇਵੋਂਗੇ ਜਿਹੜੇ ਮੈਨੂੰ ਦੰਡ ਦੇ ਰਹੇ ਹਨ।
85 ਕੁਝ ਗੁਮਾਨੀ ਬੰਦਿਆਂ ਨੇ ਆਪਣੀਆਂ ਝੂਠੀਆਂ ਤੋਂਹਮਤਾਂ ਨਾਲ ਮੈਨੂੰ ਕੋਹਿਆ।
ਅਤੇ ਇਹ ਤੁਹਾਡੀਆਂ ਸਿੱਖਿਆਵਾਂ ਦੇ ਖਿਲਾਫ਼ ਹੈ।
86 ਯਹੋਵਾਹ, ਲੋਕ ਤੁਹਾਡੇ ਸਾਰੇ ਹੁਕਮਾਂ ਉੱਤੇ ਭਰੋਸਾ ਕਰ ਸੱਕਦੇ ਹਨ।
ਉਹ ਲੋਕ ਮੈਨੂੰ ਦੰਡ ਦੇਣ ਵਿੱਚ ਗਲਤ ਹਨ
ਮੇਰੀ ਮਦਦ ਕਰੋ।
87 ਉਨ੍ਹਾਂ ਲੋਕਾਂ ਨੇ ਮੈਨੂੰ ਤਬਾਹ ਹੀ ਕਰ ਦਿੱਤਾ ਸੀ।
ਪਰ ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਤੋਂ ਨਹੀਂ ਰੁਕਿਆ।
88 ਯਹੋਵਾਹ, ਮੇਰੇ ਲਈ ਆਪਣਾ ਸੱਚਾ ਪਿਆਰ ਦਰਸਾਉ ਅਤੇ ਮੈਨੂੰ ਜਿਉਣ ਦਿਉ।
ਮੈਂ ਉਹੀ ਕਰਾਂਗਾ ਜੋ ਤੁਸੀਂ ਆਖੋਂਗੇ।
ਬਿਪਤਾ ਦਾ ਦਿਨ
16 ਮੇਰੇ ਵੱਲ ਯਹੋਵਾਹ ਦਾ ਸੰਦੇਸ਼ ਆਇਆ: 2 “ਯਿਰਮਿਯਾਹ ਤੈਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਇਸ ਥਾਂ ਤੇਰੇ ਧੀਆਂ ਪੁੱਤਰ ਨਹੀਂ ਹੋਣੇ ਚਾਹੀਦੇ।”
3 ਯਹੋਵਾਹ ਇਹ ਗੱਲਾਂ ਉਨ੍ਹਾਂ ਧੀਆਂ ਪੁੱਤਰਾਂ ਬਾਰੇ ਆਖਦਾ ਹੈ ਜਿਹੜੇ ਯਹੂਦਾਹ ਦੀ ਧਰਤੀ ਉੱਤੇ ਜੰਮਦੇ ਹਨ। ਅਤੇ ਯਹੋਵਾਹ ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਬਾਰੇ ਇਹ ਆਖਦਾ ਹੈ: 4 “ਉਹ ਲੋਕ ਭਿਆਨਕ ਮੌਤ ਮਰਨਗੇ। ਕੋਈ ਬੰਦਾ ਉਨ੍ਹਾਂ ਲਈ ਰੋਣ ਵਾਲਾ ਨਹੀਂ ਹੋਵੇਗਾ। ਕੋਈ ਵੀ ਉਨ੍ਹਾਂ ਨੂੰ ਦਫ਼ਨ ਨਹੀਂ ਕਰੇਗਾ। ਉਨ੍ਹਾਂ ਦੇ ਮੁਰਦਾ ਸਰੀਰ ਧਰਤੀ ਉੱਤੇ ਗੋਹੇ ਵਾਂਗ ਪਏ ਹੋਣਗੇ। ਉਹ ਲੋਕ ਦੁਸਮਣ ਦੀ ਤਲਵਾਰ ਨਾਲ ਮਾਰੇ ਜਾਣਗੇ, ਜਾਂ ਉਹ ਭੁੱਖ ਨਾਲ ਮਰ ਜਾਣਗੇ। ਉਨ੍ਹਾਂ ਦੇ ਮੁਰਦਾ ਸਰੀਰ ਆਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦਾ ਭੋਜਨ ਬਣਨਗੇ।”
5 ਇਸ ਲਈ ਯਹੋਵਾਹ ਆਖਦਾ ਹੈ: “ਯਿਰਮਿਯਾਹ, ਉਸ ਘਰ ਵਿੱਚ ਨਾ ਜਾਵੀਂ ਜਿੱਥੇ ਲੋਕ ਅੰਤਿਮ ਸੰਸਾਰ ਦਾ ਭੋਜਨ ਖਾ ਰਹੇ ਹੋਣ। ਓੱਥੇ ਮਰੇ ਹੋਏ ਲਈ ਰੋਣ ਨਾ ਜਾਵੀਂ ਅਤੇ ਨਾ ਸੋਗ ਕਰਨ ਜਾਵੀਂ। ਇਹ ਗੱਲਾਂ ਨਾ ਕਰੀਂ। ਕਿਉਂ? ਕਿਉਂ ਕਿ ਮੈਂ ਆਪਣੀਆਂ ਅਸੀਸਾਂ ਵਾਪਸ ਲੈ ਲਈਆਂ ਹਨ। ਮੈਂ ਯਹੂਦਾਹ ਦੇ ਇਨ੍ਹਾਂ ਲੋਕਾਂ ਉੱਪਰ ਮਿਹਰ ਨਹੀਂ ਕਰਾਂਗਾ। ਮੈਂ ਉਨ੍ਹਾਂ ਲਈ ਅਫ਼ਸੋਸ ਨਹੀਂ ਕਰਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
6 “ਉੱਘੇ ਬੰਦੇ ਅਤੇ ਸਾਧਾਰਣ ਬੰਦੇ ਯਹੂਦਾਹ ਦੀ ਧਰਤੀ ਵਿੱਚ ਮਰ ਜਾਣਗੇ। ਕੋਈ ਵੀ ਬੰਦਾ ਇਨ੍ਹਾਂ ਲੋਕਾਂ ਨੂੰ ਦਫ਼ਨ ਨਹੀਂ ਕਰੇਗਾ ਅਤੇ ਨਾ ਹੀ ਉਨ੍ਹਾਂ ਲਈ ਰੋਵੇਗਾ। ਕੋਈ ਵੀ ਬੰਦਾ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਲਈ ਸੋਗ ਮਨਾਉਣ ਲਈ ਨਾ ਤਾਂ ਆਪਣੇ ਆਪ ਨੂੰ ਜ਼ਖਮੀ ਕਰੇਗਾ ਅਤੇ ਨਾ ਸਿਰ ਮੁਨਾਵੇਗਾ। 7 ਕੋਈ ਵੀ ਬੰਦਾ ਮੁਰਦਿਆਂ ਲਈ ਰੋਣ ਵਾਲੇ ਬੰਦਿਆਂ ਲਈ ਭੋਜਨ ਨਹੀਂ ਲਿਆਵੇਗਾ। ਕੋਈ ਵੀ ਬੰਦਾ ਉਨ੍ਹਾਂ ਲੋਕਾਂ ਨੂੰ ਧੀਰਜ ਨਹੀਂ ਧਰਾਏਗਾ ਜਿਸਦੇ ਮਾਤਾ ਜਾਂ ਪਿਤਾ ਦੀ ਮੌਤ ਹੋ ਚੁੱਕੀ ਹੈ। ਕੋਈ ਵੀ ਬੰਦਾ ਮੋਇਆਂ ਲਈ ਰੋਣ ਵਾਲਿਆਂ ਵਾਸਤੇ ਪਾਣੀ ਨਹੀਂ ਲਿਆਵੇਗਾ।
8 “ਯਿਰਮਿਯਾਹ, ਉਸ ਘਰ ਵਿੱਚ ਨਾ ਜਾਵੀਂ ਜਿੱਥੇ ਲੋਕ ਦਾਵਤ ਕਰ ਰਹੇ ਹੋਣ। ਉਸ ਘਰ ਵਿੱਚ ਜਾਕੇ ਖਾਣ ਪੀਣ ਲਈ ਨਾ ਬੈਠ ਜਾਵੀਂ। 9 ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਇਹ ਗੱਲਾਂ ਆਖਦਾ ਹੈ: ‘ਮੈਂ ਜਸ਼ਨ ਮਨਾਉਣ ਵਾਲੇ ਬੰਦਿਆਂ ਦਾ ਸ਼ੋਰ ਬੰਦ ਕਰ ਦਿਆਂਗਾ। ਮੈਂ ਵਿਆਹ ਦੀ ਦਾਵਤ ਵਿੱਚ ਇਕੱਠੇ ਹੋਏ ਲੋਕਾਂ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਬੰਦ ਕਰ ਦਿਆਂਗਾ। ਇਹ ਗੱਲ ਤੇਰੇ ਜੀਵਨ ਕਾਲ ਵਿੱਚ ਹੀ ਵਾਪਰੇਗੀ। ਮੈਂ ਇਹ ਗੱਲਾਂ ਛੇਤੀ ਕਰਾਂਗਾ।’
10 “ਯਿਰਮਿਯਾਹ, ਤੂੰ ਇਹ ਗੱਲਾਂ ਯਹੂਦਾਹ ਦੇ ਲੋਕਾਂ ਨੂੰ ਦੱਸੇਁਗਾ। ਅਤੇ ਲੋਕ ਤੈਨੂੰ ਪੁੱਛਣਗੇ, ‘ਯਹੋਵਾਹ ਨੇ ਸਾਡੇ ਬਾਰੇ ਇਹ ਭਿਆਨਕ ਗੱਲਾਂ ਕਿਉਂ ਆਖੀਆਂ ਹਨ? ਅਸੀਂ ਕੀ ਕਸੂਰ ਕੀਤਾ ਹੈ? ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਕਿਹੜਾ ਪਾਪ ਕੀਤਾ ਹੈ?’ 11 ਤੂੰ ਉਨ੍ਹਾਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਆਖੀ, ‘ਤੁਹਾਡੇ ਨਾਲ ਭਿਆਨਕ ਗੱਲਾਂ ਇਸ ਲਈ ਵਾਪਰਨਗੀਆਂ ਕਿਉਂ ਕਿ ਤੁਹਾਡੇ ਪੁਰਖਿਆਂ ਨੇ ਮੇਰੇ ਮਾਰਗ ਉੱਤੇ ਚਲਣਾ ਛੱਡ ਦਿੱਤਾ ਸੀ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ‘ਉਨ੍ਹਾਂ ਨੇ ਮੇਰੇ ਅਨੁਸਾਰ ਚੱਲਣਾ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗ ਗਏ ਸਨ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗੇ ਸਨ। ਉਹ ਉਨ੍ਹਾਂ ਹੋਰ ਦੇਵਤਿਆਂ ਦੀ ਉਪਾਸਨਾ ਕਰਦੇ ਸਨ। ਤੁਹਾਡੇ ਪੁਰਖਿਆਂ ਨੇ ਮੈਨੂੰ ਛੱਡ ਦਿੱਤਾ ਅਤੇ ਮੇਰੇ ਨੇਮ ਦੀ ਪਾਲਨਾ ਛੱਡ ਦਿੱਤੀ। 12 ਪਰ ਤੁਸੀਂ ਲੋਕਾਂ ਨੇ ਤਾਂ ਆਪਣੇ ਪੁਰਖਿਆਂ ਨਾਲੋਂ ਵੀ ਵੱਧੇਰੇ ਪਾਪ ਕੀਤਾ ਹੈ। ਤੁਸੀਂ ਬਹੁਤ ਜ਼ਿੱਦੀ ਹੋ। ਅਤੇ ਤੁਸੀਂ ਸਿਰਫ਼ ਓਹੀ ਗੱਲਾਂ ਕਰ ਰਹੇ ਹੋ ਜੋ ਤੁਹਾਡੇ ਮਨ ਨੂੰ ਭਾਉਂਦੀਆਂ ਹਨ। ਤੁਸੀਂ ਮੇਰਾ ਹੁਕਮ ਨਹੀਂ ਮੰਨ ਰਹੇ। ਤੁਸੀਂ ਸਿਰਫ਼ ਓਹੀ ਕਰਦੇ ਹੋ ਜੋ ਕਰਨਾ ਚਾਹੁੰਦੇ ਹੋ। 13 ਇਸ ਲਈ ਮੈਂ ਤੁਹਾਨੂੰ ਇਸ ਦੇਸ ਵਿੱਚੋਂ ਬਾਹਰ ਸੁੱਟ ਦਿਆਂਗਾ! ਮੈਂ ਤੁਹਾਨੂੰ ਕਿਸੇ ਬਗਾਨੇ ਦੇਸ ਵਿੱਚ ਜਾਣ ਲਈ ਮਜ਼ਬੂਰ ਕਰ ਦਿਆਂਗਾ। ਤੁਸੀਂ ਉਸ ਦੇਸ਼ ਵਿੱਚ ਜਾਵੋਂਗੇ ਜਿਸ ਨੂੰ ਤੁਸੀਂ ਅਤੇ ਤੁਹਾਡੇ ਪਰੁੱਖਿਆਂ ਨੂੰ ਕਦੇ ਵੀ ਨਹੀਂ ਜਾਣਦੇ ਸੀ। ਉਸ ਦੇਸ ਵਿੱਚ ਤੁਸੀਂ ਉਨ੍ਹਾਂ ਸਾਰੇ ਝੂਠੇ ਦੇਵਤਿਆਂ ਦੀ ਸੇਵਾ ਕਰ ਸੱਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰਾਂਗਾ ਅਤੇ ਨਾ ਕੋਈ ਰਿਆਇਤ ਕਰਾਂਗਾ।’
ਸਬਰ ਵਾਲੇ ਬਣੋ
7 ਭਰਾਵੋ ਅਤੇ ਭੈਣੋ ਸਬਰ ਵਾਲੇ ਬਣੋ; ਪ੍ਰਭੂ ਆਵੇਗਾ। ਇਸ ਲਈ ਉਸ ਸਮੇਂ ਤੱਕ ਸਬਰ ਕਰੋ। ਕਿਸਾਨ ਸਬਰ ਵਾਲੇ ਹਨ। ਕਿਸਾਨ ਆਪਣੀ ਮੁੱਲਵਾਨ ਫ਼ਸਲ ਦਾ ਭੋਂ ਵਿੱਚੋਂ ਉੱਗਣ ਦਾ ਇੰਤਜ਼ਾਰ ਕਰਦਾ ਹੈ। ਕਿਸਾਨ ਸਬਰ ਨਾਲ ਆਪਣੀ ਫ਼ਸਲ ਉੱਤੇ ਪਹਿਲਾ ਅਤੇ ਆਖਰੀ ਮੀਂਹ ਪੈਣ ਦੀ ਉਡੀਕ ਕਰਦਾ ਹੈ। 8 ਤੁਹਾਨੂੰ ਵੀ ਜ਼ਰੂਰ ਸਬਰ ਕਰਨਾ ਚਾਹੀਦਾ ਹੈ। ਉਮੀਦ ਨਾ ਛੱਡੋ। ਪ੍ਰਭੂ ਛੇਤੀ ਹੀ ਆ ਰਿਹਾ ਹੈ। 9 ਭਰਾਵੋ ਅਤੇ ਭੈਣੋ ਇੱਕ ਦੂਸਰੇ ਦੇ ਖਿਲਾਫ਼ ਸ਼ਿਕਾਇਤਾਂ ਨਾ ਕਰੋ। ਜੇ ਤੁਸੀਂ ਸ਼ਿਕਵੇ ਸ਼ਿਕਾਇਤਾਂ ਨਹੀਂ ਛੱਡੋਂਗੇ ਤਾਂ ਤੁਹਾਨੂੰ ਦੋਸ਼ੀ ਠਹਿਰਾਇਆ ਜਾਵੇਗਾ। ਅਤੇ ਮੁਨਸਫ਼ ਛੇਤੀ ਹੀ ਆਉਣ ਵਾਲਾ ਹੈ।
10 ਭਰਾਵੋ ਅਤੇ ਭੈਣੋ, ਉਨ੍ਹਾਂ ਨਬੀਆਂ ਦੇ ਰਾਹ ਤੇ ਚੱਲੋ ਜਿਹੜੇ ਪ੍ਰਭੂ ਦੇ ਨਾਮ ਵਿੱਚ ਬੋਲੇ ਹਨ। ਉਨ੍ਹਾਂ ਨੇ ਬਹੁਤ ਦੁੱਖ ਝੱਲੇ ਪਰ ਉਹ ਬਹੁਤ ਸਬਰ ਵਾਲੇ ਸਨ। 11 ਅਸੀਂ ਆਖਦੇ ਹਾਂ ਕਿ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਨੂੰ ਸਬਰ ਨਾਲ ਬਰਦਾਸ਼ਤ ਕੀਤਾ ਹੁਣ ਬਹੁਤ ਪ੍ਰਸੰਨ ਹਨ। ਤੁਸੀਂ ਅਯੂਬ ਦੇ ਸਬਰ ਦੇ ਬਾਰੇ ਸੁਣਿਆ ਹੋਵੇਗਾ। ਤੁਸੀਂ ਜਾਣਦੇ ਹੋ ਕਿ ਅਯੂਬ ਦੀਆਂ ਸਾਰੀਆਂ ਮੁਸ਼ਕਿਲਾਂ ਤੋਂ ਬਾਦ ਪਰਮੇਸ਼ੁਰ ਨੇ ਉਸਦੀ ਸਹਾਇਤਾ ਕੀਤੀ। ਇਸਤੋਂ ਪਤਾ ਚਲਦਾ ਹੈ ਕਿ ਪ੍ਰਭੂ ਦਯਾ ਨਾਲ ਭਰਪੂਰ ਹੈ ਅਤੇ ਮਿਹਰਬਾਨ ਹੈ।
ਆਪਣੇ ਕਥਨ ਬਾਰੇ ਸਾਵੱਧਾਨ ਰਹੋ
12 ਮੇਰੇ ਭਰਾਵੋ ਅਤੇ ਭੈਣੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਕੋਈ ਵਾਅਦਾ ਕਰੋ ਤਾਂ ਸੌਂਹ ਨਾ ਖਾਓ। ਸਵਰਗ, ਧਰਤੀ ਜਾਂ ਕਿਸੇ ਹੋਰ ਚੀਜ਼ ਦਾ ਨਾਮ ਆਪਣੇ ਬੋਲਾਂ ਨੂੰ ਤਸਦੀਕ ਕਰਨ ਲਈ ਨਾ ਵਰਤੋ। ਜਦੋਂ ਤੁਹਾਡਾ ਭਾਵ “ਹਾਂ” ਹੋਵੇ ਤੁਹਾਨੂੰ ਸਿਰਫ਼ “ਹਾਂ” ਆਖਣੀ ਚਾਹੀਦੀ ਹੈ। ਜਦੋਂ ਤੁਹਾਡਾ ਭਾਵ “ਨਾਹ” ਹੋਵੇ ਤਾਂ ਤੁਸੀਂ ਸਿਰਫ਼ “ਨਾਹ” ਆਖੋ। ਅਜਿਹਾ ਹੀ ਕਰੋ ਤਾਂ ਜੋ ਤੁਹਾਨੂੰ ਦੋਸ਼ੀ ਨਾ ਠਹਿਰਾਇਆ ਜਾਵੇ।
2010 by World Bible Translation Center