Revised Common Lectionary (Complementary)
The Lord Speaks to Ezekiel
2 ਆਵਾਜ਼ ਨੇ ਆਖਿਆ, “ਆਦਮੀ ਦੇ ਪੁੱਤਰ, [a] ਉੱਠ ਕੇ ਖਲੋ ਜਾ ਅਤੇ ਮੈਂ ਤੇਰੇ ਨਾਲ ਗੱਲ ਕਰਾਂਗਾ।”
2 ਫ਼ੇਰ ਇੱਕ ਹਵਾ ਵਗੀ ਅਤੇ ਮੈਨੂੰ ਚੁੱਕ ਕੇ ਪੈਰਾਂ ਤੇ ਖੜ੍ਹਾ ਕਰ ਦਿੱਤਾ। ਅਤੇ ਮੈਂ ਉਸ ਵਿਅਕਤੀ (ਪਰਮੇਸ਼ੁਰ) ਨੂੰ ਸੁਣਿਆ ਜਿਸਨੇ ਮੇਰੇ ਨਾਲ ਗੱਲ ਕੀਤੀ ਸੀ। 3 ਉਸ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰਨ ਲਈ ਭੇਜ ਰਿਹਾ ਹਾਂ। ਉਹ ਲੋਕ ਬਹੁਤ ਵਾਰੀ ਮੇਰੇ ਵਿਰੁੱਧ ਹੋਏ। ਅਤੇ ਉਨ੍ਹਾਂ ਦੇ ਪੁਰਖੇ ਮੇਰੇ ਵਿਰੁੱਧ ਹੋਏ। ਉਨ੍ਹਾਂ ਨੇ ਮੇਰੇ ਵਿਰੁੱਧ ਬਹੁਤ ਵਾਰੀ ਪਾਪ ਕੀਤਾ ਹੈ-ਅਤੇ ਉਹ ਅੱਜ ਦਿਨ ਤੱਕ ਵੀ ਮੇਰੇ ਖਿਲਾਫ਼ ਪਾਪ ਕਰੀ ਜਾ ਰਹੇ ਹਨ। 4 ਮੈਂ ਤੈਨੂੰ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਭੇਜ ਰਿਹਾ ਹਾਂ। ਪਰ ਉਹ ਬਹੁਤ ਜ਼ਿੱਦੀ ਹਨ। ਉਹ ਬਹੁਤ ਸਖਤ ਦਿਲ ਹਨ। ਪਰ ਤੂੰ ਉਨ੍ਹਾਂ ਨਾਲ ਜ਼ਰੂਰ ਗੱਲ ਕਰੀਂ। ਤੂੰ ਇਹ ਜ਼ਰੂਰ ਆਖੀਂ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।’ 5 ਪਰ ਉਹ ਲੋਕ ਤੇਰੀ ਗੱਲ ਨਹੀਂ ਸੁਣਨਗੇ। ਉਹ ਮੇਰੇ ਵਿਰੁੱਧ ਪਾਪ ਕਰਨ ਤੋਂ ਨਹੀਂ ਹਟਣਗੇ। ਕਿਉਂ ਕਿ ਉਹ ਲੋਕ ਬਹੁਤ ਵਿਦਰੋਹੀ ਹਨ-ਉਹ ਹਮੇਸ਼ਾ ਮੇਰੇ ਵਿਰੁੱਧ ਹੋ ਜਾਂਦੇ ਹਨ। ਪਰ ਤੂੰ ਉਨ੍ਹਾਂ ਨੂੰ ਇਹ ਗੱਲਾਂ ਜ਼ਰੂਰ ਆਖੀਂ ਤਾਂ ਜੋ ਉਹ ਜਾਣ ਲੈਣ ਕਿ ਉਨ੍ਹਾਂ ਦੇ ਦਰਮਿਆਨ ਇੱਕ ਨਬੀ ਰਹਿੰਦਾ ਹੈ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
123 ਹੇ ਪਰਮੇਸ਼ੁਰ, ਮੈਂ ਉੱਪਰ ਤੱਕਦਾ ਹਾਂ ਅਤੇ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਹਾਂ।
ਤੁਸੀਂ ਸਵਰਗ ਵਿੱਚ ਵੱਡੇ ਰਾਜੇ ਵਾਂਗ ਬੈਠੋ।
2 ਗੁਲਾਮ ਆਪਣੀਆਂ ਲੋੜਾਂ ਲਈ ਆਪਣੇ ਮਾਲਕ ਉੱਤੇ ਨਿਰਭਰ ਕਰਦੇ ਹਨ।
ਇਸੇ ਤਰ੍ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਨਿਰਭਰ ਕਰਦੇ ਹਾਂ,
ਅਸੀਂ ਪਰਮੇਸ਼ੁਰ ਦਾ ਸਾਡੇ ਉੱਤੇ
ਮਿਹਰ ਕਰਨ ਲਈ ਇੰਤਜ਼ਾਰ ਕਰਦੇ ਹਾਂ।
3 ਯਹੋਵਾਹ, ਸਾਡੇ ਉੱਪਰ ਮਿਹਰ ਕਰੋ;
ਕਿਉਂਕਿ ਅਸੀਂ ਬਹੁਤ ਚਿਰ ਤੱਕ ਬੇਇੱਜ਼ਤ ਹੋਏ ਹਾਂ।
4 ਅਸੀਂ ਉਨ੍ਹਾਂ ਸੁਸਤ ਗੁਮਾਨੀ ਲੋਕਾਂ ਵੱਲੋਂ ਬਹੁਤ ਬੇਇੱਜ਼ਤੀਆ
ਅਤੇ ਤੁਹਮਤਾਂ ਸਹਾਰੀਆਂ ਹਨ।
2 ਮੈਂ ਮਸੀਹ ਵਿੱਚ ਇੱਕ ਆਦਮੀ [a] ਨੂੰ ਜਾਣਦਾ ਹਾਂ ਜਿਸ ਨੂੰ ਉਤਾਹਾਂ ਤੀਸਰੇ ਸਵਰਗ ਨੂੰ ਲਿਜਾਇਆ ਗਿਆ ਸੀ। ਇਹ ਲਗਭੱਗ ਚੌਦਾਂ ਸਾਲਾਂ ਪਹਿਲਾਂ ਹੋਇਆ ਸੀ। ਮੈਨੂੰ ਪਤਾ ਨਹੀਂ ਕਿ ਉਹ ਆਦਮੀ ਸਰੀਰ ਵਿੱਚ ਗਿਆ ਸੀ ਜਾਂ ਸਰੀਰ ਤੋਂ ਬਿਨਾ। ਪਰ ਪਰਮੇਸ਼ੁਰ ਜਾਣਦਾ ਹੈ। 3-4 ਅਤੇ ਮੈਂ ਜਾਣਦਾ ਹਾਂ ਕਿ ਇਸ ਆਦਮੀ ਨੂੰ ਸਵਰਗ ਵਿੱਚ ਲਿਜਾਇਆ ਗਿਆ ਸੀ। ਮੈਂ ਨਹੀਂ ਜਾਣਦਾ ਕਿ ਉਹ ਆਪਣੇ ਸਰੀਰ ਵਿੱਚ ਸੀ ਜਾਂ ਇਸ ਤੋਂ ਦੂਰ ਸੀ। ਪਰ ਉਸ ਨੇ ਕੁਝ ਅਜਿਹੀਆਂ ਗੱਲਾਂ ਸੁਣੀਆਂ ਜਿਨ੍ਹਾਂ ਦੀ ਉਹ ਵਿਆਖਿਆ ਨਹੀਂ ਕਰ ਸੱਕਦਾ ਸੀ। ਉਸ ਨੇ ਉਹ ਗੱਲਾਂ ਸੁਣੀਆਂ ਜਿਸ ਬਾਰੇ ਦੱਸਣ ਦੀ ਕਿਸੇ ਆਦਮੀ ਨੂੰ ਇਜਾਜ਼ਤ ਨਹੀਂ। 5 ਮੈਂ ਅਜਿਹੇ ਵਿਅਕਤੀ ਬਾਰੇ ਸ਼ੇਖੀ ਮਾਰਾਂਗਾ। ਪਰ ਮੈਂ ਆਪਣੇ ਆਪ ਬਾਰੇ ਸ਼ੇਖੀ ਨਹੀਂ ਮਾਰਾਂਗਾ। ਮੈਂ ਕੇਵਲ ਆਪਣੀਆਂ ਕਮਜ਼ੋਰੀਆਂ ਬਾਰੇ ਸ਼ੇਖੀ ਮਾਰਾਂਗਾ।
6 ਭਾਵੇਂ ਮੈਂ ਆਪਣੇ ਆਪ ਬਾਰੇ ਹੀ ਸ਼ੇਖੀ ਮਾਰਨਾ ਚਾਹੁੰਦਾ ਹਾਂ ਪਰ ਤਾਂ ਵੀ ਮੈਂ ਮੂਰਖ ਨਹੀਂ ਹੋਵਾਂਗਾ ਕਿਉਂਕਿ ਮੈਂ ਸੱਚ ਦੱਸ ਰਿਹਾ ਹੋਵਾਂਗਾ। ਪਰ ਮੈਨੂੰ ਆਪਣੇ ਆਪ ਬਾਰੇ ਸ਼ੇਖੀ ਨਹੀਂ ਮਾਰਨੀ ਚਾਹੀਦੀ। ਕਿਉਂ? ਕਿਉਂ ਜੋ ਮੈਂ ਇਹ ਨਹੀਂ ਚਾਹੁੰਦਾ ਕਿ ਉਹ ਮੇਰੇ ਬਾਰੇ ਵੱਧ ਸੋਚਣ, ਜੋ ਉਹ ਮੈਨੂੰ ਕਰਦਿਆਂ ਦੇਖਦੇ ਹਨ ਜਾਂ ਕਹਿੰਦਿਆਂ ਸੁਣਦੇ ਹਨ।
7 ਪਰ ਮੈਨੂੰ ਚਾਹੀਦਾ ਹੈ ਕਿ ਮੈਂ ਉਨ੍ਹਾਂ ਅਨੋਖੀਆਂ ਗੱਲਾਂ ਬਾਰੇ, ਜੋ ਮੈਨੂੰ ਦਰਸ਼ਾਈਆਂ ਗਈਆਂ ਸਨ, ਬਹੁਤ ਗੁਮਾਨ ਨਾ ਕਰਾਂ, ਇਸ ਲਈ ਮੈਨੂੰ ਇੱਕ ਦਰਦ ਭਰੀ ਸਮੱਸਿਆ [b] ਦਿੱਤੀ ਗਈ ਸੀ। ਸਮੱਸਿਆ ਇਹ ਸੀ; ਸ਼ੈਤਾਨ ਵੱਲੋਂ ਇੱਕ ਦੂਤ ਨੂੰ ਮੈਨੂੰ ਕੁੱਟਣ ਲਈ ਮੇਰੇ ਕੋਲ ਭੇਜਿਆ ਗਿਆ ਸੀ ਤਾਂ ਜੋ ਮੈਂ ਗੁਮਾਨ ਨਾ ਕਰ ਸੱਕਾਂ। 8 ਮੈਂ ਪ੍ਰਭੂ ਨੂੰ ਇਹ ਸਮੱਸਿਆ ਲੈਣ ਲਈ ਤਿੰਨ ਵਾਰ ਬੇਨਤੀ ਕੀਤੀ। 9 ਪਰ ਪ੍ਰਭੂ ਨੇ ਮੈਨੂੰ ਆਖਿਆ, “ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ। ਜਦੋਂ ਤੁਸੀਂ ਕਮਜ਼ੋਰ ਹੁੰਦੇ ਹੋ, ਮੇਰੀ ਪੂਰੀ ਸ਼ਕਤੀ ਤੁਹਾਡੇ ਵਿੱਚ ਦਰਸ਼ਾਈ ਜਾਵੇ।” ਇਸੇ ਲਈ ਮੈਂ ਆਪਣੀਆਂ ਕਮਜ਼ੋਰੀਆਂ ਬਾਰੇ ਸ਼ੇਖੀ ਮਾਰਕੇ ਖੁਸ਼ ਹਾਂ। ਉਦੋਂ ਮਸੀਹ ਦੀ ਸ਼ਕਤੀ ਮੇਰੇ ਅੰਦਰ ਨਿਵਾਸ ਕਰ ਸੱਕਦੀ ਹੈ। 10 ਇਸ ਲਈ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਲੋਕ ਮੈਨੂੰ ਬੁਰਾ ਬੋਲਦੇ ਹਨ ਤਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਮੈਂ ਤੰਗੀਆਂ ਰਾਹੀਂ ਲੰਘਦਾ ਹਾਂ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਜਦੋਂ ਲੋਕ ਮੈਨੂੰ ਦੰਡ ਦਿੰਦੇ ਹਨ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਅਤੇ ਜਦੋਂ ਮੈਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਹਾਂ ਤਾਂ ਮੈਂ ਖੁਸ਼ ਹੁੰਦਾ ਹਾਂ। ਇਹ ਸਾਰੀਆਂ ਗੱਲਾਂ ਮਸੀਹ ਲਈ ਹਨ। ਅਤੇ ਮੈਂ ਇਨ੍ਹਾਂ ਗੱਲਾਂ ਨਾਲ ਖੁਸ਼ ਹਾਂ ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਓਦੋਂ ਹੀ ਮੈਂ ਸੱਚ ਮੁੱਚ ਤਾਕਤਵਰ ਹੁੰਦਾ ਹਾਂ।
ਯਿਸੂ ਦਾ ਆਪਣੇ ਵਤਨ ਨੂੰ ਮੁੜਨਾ(A)
6 ਯਿਸੂ ਨੇ ਉਹ ਜਗ੍ਹਾ ਛੱਡ ਦਿੱਤੀ ਅਤੇ ਆਪਣੇ ਸ਼ਹਿਰ ਆ ਗਿਆ। ਉਸ ਦੇ ਚੇਲੇ ਉਸ ਦੇ ਨਾਲ ਸਨ। 2 ਉਸ ਨੇ ਸਬਤ ਦੇ ਦਿਨ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਲੋਕ ਉਸ ਨੂੰ ਸੁਣਕੇ ਹੈਰਾਨ ਸਨ ਅਤੇ ਆਖਿਆ, “ਉਸਨੇ ਇਹ ਸਭ ਕਿੱਥੋਂ ਸਿੱਖਿਆ ਅਤੇ ਉਸ ਨੂੰ ਇਹ ਗਿਆਨ ਕਿਸਨੇ ਦਿੱਤਾ? ਅਤੇ ਇੰਨੇ ਕਰਿਸ਼ਮੇ ਕਰਨ ਦੀ ਸ਼ਕਤੀ ਇਸਨੇ ਕਿੱਥੋਂ ਹਾਸਿਲ ਕੀਤੀ ਹੈ? 3 ਉਹ ਤਾਂ ਕੇਵਲ ਤਰੱਖਾਨ ਹੈ ਅਤੇ ਉਸਦੀ ਮਾਂ ਮਰਿਯਮ ਹੈ ਅਤੇ ਉਹ ਯਾਕੂਬ ਅਤੇ ਯੋਸੇਸ, ਯਹੂਦਾਹ, ਸ਼ਮਊਨ ਦਾ ਭਰਾ ਹੈ ਅਤੇ ਉਸ ਦੀਆਂ ਭੈਣਾਂ ਇੱਥੇ ਸਾਡੇ ਵਿੱਚਕਾਰ ਰਹਿੰਦੀਆਂ ਹਨ।” ਇਸੇ ਕਾਰਣ ਲੋਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ।
4 ਯਿਸੂ ਨੇ ਲੋਕਾਂ ਨੂੰ ਆਖਿਆ, “ਹੋਰ ਲੋਕ ਨਬੀ ਦਾ ਆਦਰ ਕਰਦੇ ਹਨ। ਪਰ ਉਸ ਦੇ ਆਪਣੇ ਸ਼ਹਿਰ ਦੇ ਲੋਕ ਅਤੇ ਉਸ ਦੇ ਆਪਣੇ ਰਿਸ਼ਤੇਦਾਰ ਅਤੇ ਆਪਣਾ ਪਰਿਵਾਰ ਉਸਦਾ ਆਦਰ ਨਹੀਂ ਕਰੇਗਾ।” 5 ਯਿਸੂ ਉੱਥੇ ਕੋਈ ਕਰਿਸ਼ਮਾ ਨਾ ਕਰ ਸੱਕਿਆ ਉਸ ਨੇ ਸਿਰਫ਼ ਕੁਝ ਬਿਮਾਰ ਲੋਕਾਂ ਉੱਤੇ ਆਪਣਾ ਹੱਥ ਧਰਕੇ ਉਨ੍ਹਾਂ ਨੂੰ ਚੰਗਾ ਕਰ ਦਿੱਤਾ। 6 ਯਿਸੂ ਹੈਰਾਨ ਹੋਇਆ ਕਿਉਂਕਿ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ। ਫ਼ਿਰ ਉਹ ਉਸ ਜਗ੍ਹਾ ਦੇ ਹੋਰਨਾਂ ਪਿੰਡਾਂ ਵਿੱਚ ਗਿਆ ਅਤੇ ਲੋਕਾਂ ਨੂੰ ਉਪਦੇਸ਼ ਦਿੱਤੇ।
ਯਿਸੂ ਦਾ ਆਪਣੇ ਰਸੂਲਾਂ ਨੂੰ ਮਿਸ਼ਨ ਤੇ ਭੇਜਣਾ(B)
7 ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਇਕੱਠਿਆਂ ਸੱਦਿਆ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਭੇਜਣ ਲੱਗਾ ਅਤੇ ਉਨ੍ਹਾਂ ਨੂੰ ਭਰਿਸ਼ਟ-ਆਤਮਿਆਂ ਨੂੰ ਬਾਹਰ ਕੱਢਣ ਦੀ ਸ਼ਕਤੀ ਵੀ ਦਿੱਤੀ। 8 ਅਤੇ ਆਪਣੇ ਚੇਲਿਆਂ ਨੂੰ ਇਹ ਆਖਿਆ, “ਆਪਣੇ ਸਫ਼ਰ ਵਿੱਚ ਸਿਵਾਇ ਇੱਕ ਲਾਠੀ ਦੇ ਹੋਰ ਕੁਝ ਨਾ ਲੈ ਕੇ ਜਾਣਾ। ਨਾ ਕੋਈ ਰੋਟੀ, ਨਾ ਥੈਲਾ ਨਾ ਹੀ ਆਪਣੀਆਂ ਜੇਬਾਂ ਵਿੱਚ ਕੋਈ ਪੈਸਾ ਲੈ ਕੇ ਜਾਣਾ। 9 ਜੁੱਤੀ ਪਾਓ ਅਤੇ ਜਿਹੜੇ ਕੱਪੜੇ ਤੁਸੀਂ ਪਾਉਂਦੇ ਹੋ ਸਿਰਫ਼ ਉਹੀ ਲਓ। 10 ਜਦੋਂ ਤੁਸੀਂ ਕਿਸੇ ਵੀ ਘਰ ਵਿੱਚ ਪ੍ਰਵੇਸ਼ ਕਰੋ, ਓਨਾਂ ਚਿਰ ਉੱਥੇ ਹੀ ਰਹੋ ਜਿੰਨਾ ਚਿਰ ਤੁਸੀਂ ਦੂਜੇ ਸ਼ਹਿਰ ਨੂੰ ਨਹੀਂ ਜਾਂਦੇ। 11 ਜੇਕਰ ਕਿਸੇ ਵੀ ਸ਼ਹਿਰ ਦੇ ਵਾਸੀ ਤੁਹਾਨੂੰ ਕਬੂਲਣ ਅਤੇ ਸੁਣਨ ਤੋਂ ਇਨਕਾਰ ਕਰਦੇ ਹਨ, ਫ਼ਿਰ ਆਪਣੇ ਪੈਰਾਂ ਤੋਂ ਧੂੜ ਝਾੜ ਦੇਣੀ ਅਤੇ ਇੱਕੋ ਵਾਰ ਉਹ ਸ਼ਹਿਰ ਛੱਡ ਦੇਣਾ। ਇਹ ਉਨ੍ਹਾਂ ਲਈ ਚਿਤਾਵਨੀ ਹੋਵੇਗੀ।”
12 ਤਾਂ ਚੇਲੇ ਉੱਥੋਂ ਫ਼ਿਰ ਹੋਰ ਜਗ੍ਹਾ ਵੱਲ ਨੂੰ ਚੱਲੇ ਗਏ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਜੀਵਨ ਮਾਰਗ ਬਦਲਣ ਦੇ ਉਪਦੇਸ਼ ਦਿੱਤੇ। 13 ਅਤੇ ਉਨ੍ਹਾਂ ਨੇ ਲੋਕਾਂ ਵਿੱਚੋਂ ਕਾਫ਼ੀ ਸਾਰੇ ਭੂਤਾਂ ਨੂੰ ਕੱਢਿਆ ਅਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਕੇ ਚੰਗਾ ਕੀਤਾ।
2010 by World Bible Translation Center