Print Page Options
Previous Prev Day Next DayNext

Revised Common Lectionary (Complementary)

Daily Bible readings that follow the church liturgical year, with thematically matched Old and New Testament readings.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 65

ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।

65 ਹੇ ਸੀਯੋਨ ਵਿੱਚ ਪਰਮੇਸ਼ੁਰ, ਮੈਂ ਤੇਰੀ ਉਸਤਤਿ ਕਰਦਾ ਹਾਂ।
    ਮੈਂ ਉਹ ਚੀਜ਼ਾਂ ਭੇਟ ਕਰਦਾ ਜਿਨ੍ਹਾਂ ਦਾ ਮੈਂ ਤੁਹਾਡੇ ਨਾਲ ਕੌਲ ਕੀਤਾ ਸੀ।
ਅਸੀਂ ਉਨ੍ਹਾਂ ਗੱਲਾਂ ਬਾਰੇ ਦਸਦੇ ਹਾਂ ਜਿਹੜੀਆਂ ਤੁਸਾਂ ਕੀਤੀਆਂ ਹਨ। ਸਾਡੀਆਂ ਪ੍ਰਾਰਥਨਾ ਸੁਣ,
    ਤੁਸੀਂ ਹਰ ਉਸ ਬੰਦੇ ਦੀਆਂ ਪ੍ਰਾਰਥਨਾ ਸੁਣਦੇ ਹੋ ਜਿਹੜਾ ਤੁਹਾਡੇ ਵੱਲ ਆਉਂਦਾ ਹੈ।
ਜਦੋਂ ਸਾਡੇ ਪਾਪ ਸਾਡੇ ਉੱਤੇ ਭਾਰੀ ਹੋ ਜਾਣ,
    ਤੂੰ ਉਨ੍ਹਾਂ ਪਾਪਾਂ ਨੂੰ ਮੁਆਫ਼ ਕਰ ਦੇਵੀਂ।
ਹੇ ਪਰਮੇਸ਼ੁਰ, ਤੁਸੀਂ ਆਪਣੇ ਲੋਕਾਂ ਦੀ ਚੋਣ ਕੀਤੀ।
    ਤੁਸਾਂ ਸਾਨੂੰ ਆਪਣੇ ਮੰਦਰ ਆਉਣ ਅਤੇ ਤੁਹਾਡੀ ਪੂਜਾ ਕਰਨ ਲਈ ਚੁਣਿਆ।
ਅਤੇ ਅਸੀਂ ਬਹੁਤ ਖੁਸ਼ ਹਾਂ।
    ਸਾਡੇ ਕੋਲ ਤੁਹਾਡੇ ਮੰਦਰ,
    ਤੁਹਾਡੇ ਮਹਿਲ ਵਿੱਚ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਹਨ।
ਹੇ ਪਰਮੇਸ਼ੁਰ, ਤੁਸੀਂ ਸਾਨੂੰ ਬਚਾਉਂਦੇ ਹੋ।
    ਜਦੋਂ ਚੰਗੇ ਲੋਕ ਤੈਨੂੰ ਪ੍ਰਾਰਥਨਾ ਕਰਦੇ ਹਨ,
ਤੂੰ ਉਨ੍ਹਾਂ ਨੂੰ ਸੁਣ ਅਤੇ ਹੈਰਾਨਕੁਨ ਕਾਰੇ ਕਰ।
    ਦੁਨੀਆਂ ਦੇ ਸਾਰੇ ਲੋਕ ਤੁਹਾਡੇ ਉੱਪਰ ਵਿਸ਼ਵਾਸ ਕਰਦੇ ਹਨ।
ਪਰਮੇਸ਼ੁਰ ਨੇ ਪਰਬਤਾਂ ਨੂੰ ਆਪਣੀ ਸ਼ਕਤੀ ਨਾਲ ਸਾਜਿਆ,
    ਅਸੀਂ ਉਸਦੀ ਸ਼ਕਤੀ ਆਪਣੇ ਚਾਰ-ਚੁਫ਼ੇਰੇ ਵੇਖਦੇ ਹਾਂ।
ਪਰਮੇਸ਼ੁਰ ਨੇ ਤੂਫ਼ਾਨੀ ਸਮੁੰਦਰਾਂ ਨੂੰ ਸ਼ਾਂਤ ਕੀਤਾ
    ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਲੋਕਾਂ ਦੇ ਸਮੁੰਦਰ ਬਣਾਏ।
ਦੁਨੀਆਂ ਦੇ ਸਾਰੇ ਲੋਕੀਂ ਉਨ੍ਹਾਂ ਗੱਲਾਂ ਬਾਰੇ ਹੈਰਾਨ ਹਨ ਜੋ ਤੁਸੀਂ ਕਰਦੇ ਹੋਂ।
    ਸੂਰਜ ਦਾ ਚੜ੍ਹ੍ਹਨਾ ਅਤੇ ਛੁਪਨਾ ਸਾਨੂੰ ਕਿੰਨੀ ਖੁਸ਼ੀ ਦਿੰਦਾ ਹੈ।
ਤੁਸੀਂ ਧਰਤੀ ਦੀ ਪਾਲਣਾ ਕਰਦੇ ਹੋਂ,
    ਤੁਸੀਂ ਇਸ ਨੂੰ ਸਿੰਜਦੇ ਹੋ ਅਤੇ ਇਸ ਉੱਪਰ ਚੀਜ਼ਾਂ ਉਗਾਉਂਦੇ ਹੋ।
ਹੇ ਪਰਮੇਸ਼ੁਰ, ਤੁਸੀਂ ਨਦੀਆਂ ਨੂੰ ਪਾਣੀ ਨਾਲ ਭਰਦੇ ਹੋਂ
    ਅਤੇ ਫ਼ਸਲਾਂ ਨੂੰ ਉੱਗਣ ਦੇ ਕਾਬਿਲ ਬਣਾਉਂਦੇ ਹੋ।
10 ਤੁਸੀਂ ਵਾਹੇ ਹੋਏ ਖੇਤਾਂ ਤੇ ਵਰੱਖਾ ਕਰਦੇ ਹੋ,
    ਤੁਸੀਂ ਖੇਤਾਂ ਨੂੰ ਪਾਣੀ ਨਾਲ ਸਿੰਜਦੇ ਹੋ,
ਤੁਸੀਂ ਵਰੱਖਾ ਨਾਲ ਧਰਤੀ ਨੂੰ ਨਰਮ ਬਣਾਉਂਦੇ ਹੋ,
    ਅਤੇ ਛੋਟੇ ਪੌਦਿਆਂ ਨੂੰ ਉਗਾਉਂਦੇ ਹੋ।
11 ਤੁਸੀਂ ਨਵਾਂ ਸਾਲ ਚੰਗੀ ਫ਼ਸਲ ਨਾਲ ਸ਼ੁਰੂ ਕਰਦੇ ਹੋ,
    ਤੁਸੀਂ ਗੱਡਿਆ ਨੂੰ ਬਹੁਤ ਸਾਰੀਆਂ ਫ਼ਸਲਾਂ ਨਾਲ ਭਰ ਦਿੰਦੇ ਹੋ।
12 ਮਾਰੂਥਲ ਅਤੇ ਪਹਾੜ ਘਾਹ ਨਾਲ ਢੱਕੇ ਹੋਏ ਹਨ।
13 ਚਰਾਦਾਂ ਭੇਡਾਂ ਨਾਲ ਭਰੀਆਂ ਹੋਈਆਂ ਹਨ,
    ਵਾਦੀਆਂ ਅਨਾਜ ਨਾਲ ਭਰੀਆਂ ਹਨ,
ਹਰ ਕੋਈ ਗਾ ਰਿਹਾ ਹੈ ਅਤੇ ਖੁਸ਼ੀ ਭਰੀਆਂ ਕਿਲਕਾਰੀਆਂ ਮਾਰ ਰਿਹਾ ਹੈ।

ਕੂਚ 7:14-24

ਪਾਣੀ ਖੂਨ ਬਣਿਆ

14 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਜ਼ਿੱਦੀ ਬਣ ਰਿਹਾ ਹੈ। ਫ਼ਿਰਊਨ ਲੋਕਾਂ ਨੂੰ ਜਾਣ ਨਹੀਂ ਦਿੰਦਾ। 15 ਸਵੇਰ ਵੇਲੇ, ਫ਼ਿਰਊਨ ਨਦੀ ਤੇ ਜਾਵੇਗਾ। ਉਸ ਦੇ ਕੋਲ ਨੀਲ ਨਦੀ ਦੇ ਕੰਢੇ ਜਾਵੀਂ। ਉਹ ਸੋਟੀ ਨਾਲ ਲਵੀਂ ਜਿਹੜੀ ਸੱਪ ਬਣ ਗਈ ਸੀ। 16 ਉਸ ਨੂੰ ਇਹ ਆਖੀਂ; ‘ਇਬਰਾਨੀ ਲੋਕਾਂ ਦੇ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਤੇਰੇ ਕੋਲ ਘੱਲਿਆ ਹੈ। ਯਹੋਵਾਹ ਨੇ ਮੈਨੂੰ ਆਖਿਆ ਸੀ ਕਿ ਤੈਨੂੰ ਆਖਾਂ ਕਿ ਉਸ ਦੇ ਲੋਕਾਂ ਨੂੰ ਮਾਰੂਥਲ ਵਿੱਚ ਜਾਕੇ ਉਸਦੀ ਉਪਾਸਨਾ ਕਰਨ ਦੇਵੇ। ਹੁਣ ਤੱਕ ਤੂੰ ਯਹੋਵਾਹ ਦੀ ਗੱਲ ਨਹੀਂ ਸੁਣੀਂ। 17 ਇਸ ਲਈ ਯਹੋਵਾਹ ਆਖਦਾ ਹੈ ਕਿ ਉਹ ਤੈਨੂੰ ਦਿਖਾਉਣ ਲਈ ਕੁਝ ਕਰੇਗਾ ਕਿ ਉਹ ਯਹੋਵਾਹ ਹੈ। ਮੈਂ ਨੀਲ ਨਦੀ ਉੱਤੇ ਆਪਣੇ ਹੱਥ ਵਾਲੀ ਇਹ ਸੋਟੀ ਮਾਰਾਂਗਾ, ਅਤੇ ਨਦੀ ਖੂਨ ਵਿੱਚ ਬਦਲ ਜਾਵੇਗੀ। 18 ਨਦੀ ਦੀਆਂ ਮਛੀਆਂ ਮਰ ਜਾਣਗੀਆਂ, ਅਤੇ ਨਦੀ ਸਢ਼ਾਂਦ ਮਾਰਨ ਲੱਗ ਪਵੇਗੀ। ਫ਼ੇਰ ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸੱਕਣਗੇ।’”

19 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਨੂੰ ਆਪਣੀ ਸੋਟੀ ਫ਼ੜਕੇ ਨਦੀਆਂ, ਨਹਿਰਾਂ, ਝੀਲਾਂ ਅਤੇ ਹਰ ਓਸ ਥਾਂ ਉੱਤੇ ਫ਼ੈਲਾਉਣ ਲਈ ਆਖ ਜਿੱਥੇ ਉਹ ਪਾਣੀ ਜਮ੍ਹਾਂ ਕਰਦੇ ਹਨ। ਜਦੋਂ ਉਹ ਅਜਿਹਾ ਕਰੇਗਾ, ਸਾਰਾ ਪਾਣੀ ਭਾਵੇਂ ਉਹ ਲੱਕੜ ਦੇ ਜਾਂ ਪੱਥਰ ਦੇ ਗਮਲਿਆਂ ਵਿੱਚ ਵੀ ਭਰਿਆ ਹੋਵੇ, ਖੂਨ ਵਿੱਚ ਬਦਲ ਜਾਵੇਗਾ।”

20 ਤਾਂ ਹਾਰੂਨ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ। ਹਾਰੂਨ ਨੇ ਸੋਟੀ ਚੁੱਕੀ ਤੇ ਨੀਲ ਨਦੀ ਪਾਣੀ ਉੱਤੇ ਮਾਰੀ। ਉਸ ਨੇ ਅਜਿਹਾ ਫ਼ਿਰਊਨ ਅਤੇ ਉਸ ਦੇ ਅਧਿਕਾਰੀਆਂ ਦੇ ਸਾਹਮਣੇ ਕੀਤਾ। ਇਸ ਤਰ੍ਹਾਂ ਨਦੀ ਦਾ ਸਾਰਾ ਪਾਣੀ ਖੂਨ ਵਿੱਚ ਬਦਲ ਗਿਆ। 21 ਨਦੀ ਦੀਆਂ ਮੱਛੀਆਂ ਮਰ ਗਈਆਂ, ਅਤੇ ਨਦੀ ਚੋਂ ਸੜਿਆਂਦ ਮਾਰਨ ਲੱਗ ਪਈ। ਇਸ ਲਈ ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸੱਕਦੇ ਸਨ। ਮਿਸਰ ਵਿੱਚ ਹਰ ਥਾਂ ਖੂਨ ਹੀ ਖੂਨ ਸੀ।

22 ਮਿਸਰੀ ਜਾਦੂਗਰਾਂ ਨੇ ਆਪਣੀਆਂ ਜਾਦੂਗਰੀਆਂ ਵਰਤੀਆਂ ਅਤੇ ਓਹੀ ਗੱਲ ਕੀਤੀ। ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਨਹੀਂ ਸੁਣੀ, ਬਿਲਕੁਲ ਜਿਵੇਂ ਯਹੋਵਾਹ ਨੇ ਆਖਿਆ ਸੀ। 23 ਉਹ, ਜੋ ਮੂਸਾ ਤੇ ਹਾਰੂਨ ਨੇ ਕੀਤਾ ਸੀ ਤੋਂ ਪਰੇਸ਼ਾਨ ਨਾ ਹੋਇਆ ਅਤੇ ਆਪਣੀ ਪਿੱਠ ਮੋੜਕੇ ਆਪਣੇ ਘਰ ਅੰਦਰ ਚੱਲਾ ਗਿਆ।

24 ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸੱਕਦੇ ਸਨ। ਇਸ ਲਈ ਉਨ੍ਹਾਂ ਨੇ ਨਦੀ ਦੇ ਆਲੇ-ਦੁਆਲੇ ਪਾਣੀ ਪੀਣ ਲਈ ਖੂਹ ਪੁੱਟੇ।

ਰਸੂਲਾਂ ਦੇ ਕਰਤੱਬ 27:13-38

ਤੂਫ਼ਾਨ

13 ਜਦੋਂ ਦੱਖਣ ਵੱਲੋਂ ਹੌਲੇ-ਹੌਲੇ ਹਵਾ ਵਗਣ ਲੱਗੀ, ਜਹਾਜ਼ ਉੱਤੇ ਆਦਮੀਆਂ ਨੇ ਸੋਚਿਆ, “ਇਹੋ ਹਵਾ ਸੀ ਜੋ ਸਾਨੂੰ ਚਾਹੀਦੀ ਸੀ ਅਤੇ ਸਾਨੂੰ ਮਿਲ ਗਈ ਹੈ।” ਇਸ ਲਈ ਉਨ੍ਹਾਂ ਨੇ ਲੰਗਰ ਨੂੰ ਉਤਾਂਹ ਚੁੱਕਿਆ। ਅਸੀਂ ਕਰੇਤ ਟਾਪੂ ਦੇ ਬਹੁਤ ਨੇੜੇ ਆ ਗਏ। 14 ਪਰ ਤਦ “ਉੱਤਰੀ ਪੂਰਬ” ਵੱਲੋਂ ਇੱਕ ਬੜੀ ਤਕੜੀ ਹਨੇਰੀ ਟਾਪੂ ਤੇ ਆਈ। 15 ਇਹ ਹਵਾ ਜਹਾਜ਼ ਨੂੰ ਆਪਣੇ ਨਾਲ ਲੈ ਤੁਰੀ ਅਤੇ ਜਹਾਜ਼ ਹਵਾ ਦੀ ਉਲਟ ਦਿਸ਼ਾ ਵੱਲ ਜਾਣ ਤੋਂ ਅਸਮਰੱਥ ਸੀ। ਇਸ ਲਈ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ ਅਤੇ ਹਵਾ ਨੂੰ ਸਾਨੂੰ ਨਾਲ ਲੈ ਜਾਣ ਦਿੱਤਾ।

16 ਅਸੀਂ ਕਲੌਦਾ ਨਾਂ ਦੇ ਇੱਕ ਛੋਟੇ ਟਾਪੂ ਕੋਲ ਜਾ ਪੁੱਜੇ। ਫ਼ੇਰ ਬੜੀ ਮੁਸ਼ਕਿਲ ਨਾਲ ਅਸੀਂ ਜੀਵਨ ਬੇੜੀ ਜਹਾਜ਼ ਤੇ ਲਿਆ ਸੱਕੇ। 17 ਉਨ੍ਹਾਂ ਨੇ ਜੀਵਨ ਬੇੜੀ ਨੂੰ ਅੰਦਰ, ਇੱਕ ਸਾਥ ਸਹਾਰਾ ਦੇ ਕੇ ਥੱਲਿਉਂ ਜਹਾਜ਼ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਉਹ ਇਸ ਗੱਲੋਂ ਡਰਨ ਲੱਗੇ ਕਿ ਜਹਾਜ਼ ਕਿਤੇ ਸਿਰੁਤੀ ਦੇ ਬਰੇਤੇ ਵਿੱਚ ਨਾ ਫ਼ਸ ਜਾਵੇ ਇਸ ਲਈ ਉਨ੍ਹਾਂ ਨੇ ਪਾਲ ਹੇਠਾਂ ਕਰ ਲਏ ਅਤੇ ਤੇਜ਼ ਹਵਾ ਨੂੰ ਜਹਾਜ਼ ਨੂੰ ਰੋੜਨ ਦਿੱਤਾ।

18 ਅਗਲੇ ਦਿਨ ਤੂਫ਼ਾਨ ਇੰਨਾ ਤੇਜ਼ ਵਗ ਰਿਹਾ ਸੀ ਕਿ ਉਨ੍ਹਾਂ ਨੇ ਕਈ ਵਸਤਾਂ ਜਹਾਜ਼ ਵਿੱਚੋਂ ਸਮੁੰਦਰ ਵਿੱਚ ਸੁੱਟ ਦਿੱਤੀਆਂ। 19 ਇੱਕ ਦਿਨ ਬਾਅਦ ਉਨ੍ਹਾਂ ਨੇ ਜਹਾਜ਼ ਦਾ ਅਸਬਾਬ ਵੀ ਕੱਢ ਕੇ ਸੁੱਟ ਦਿੱਤਾ। 20 ਕਈ ਦਿਨਾਂ ਤੱਕ ਅਕਾਸ਼ ਤੇ ਸਾਨੂੰ ਕੋਈ ਸੂਰਜ ਜਾਂ ਤਾਰੇ ਨਜ਼ਰ ਨਾ ਆਏ। ਇਹ ਬੜਾ ਭਿਅੰਕਰ ਤੂਫ਼ਾਨ ਸੀ। ਅਸੀਂ ਜਿਉਣ ਦੀ ਹੋਰ ਆਸ ਗੁਆ ਦਿੱਤੀ।

21 ਆਦਮੀਆਂ ਨੇ ਕਈ ਦਿਨਾਂ ਤੱਕ ਕੁਝ ਨਾ ਖਾਧਾ, ਤਦ ਇੱਕ ਦਿਨ ਪੌਲੁਸ ਉਨ੍ਹਾਂ ਵਿੱਚ ਖਲ੍ਹੋ ਕੇ ਬੋਲਿਆ, “ਹੇ ਪੁਰਖੋ। ਮੈਂ ਤੁਹਾਨੂੰ ਕਿਹਾ ਸੀ ਜੌਕਿ ਕਰੇਤ ਤੋਂ ਨਾ ਜਾਵੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਸੀ ਜੇਕਰ ਤੁਸੀਂ ਮੇਰਾ ਕਿਹਾ ਮੰਨਿਆ ਹੁੰਦਾ ਤਾਂ ਤੁਹਾਨੂੰ ਇਹ ਮੁਸੀਬਤ ਅਤੇ ਨੁਕਸਾਨ ਨਾ ਉੱਠਾਉਣਾ ਪੈਂਦਾ। 22 ਪਰ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਹੌਸਲਾ ਰੱਖੋ। ਤੁਹਾਡੇ ਵਿੱਚੋਂ ਕੋਈ ਵੀ ਨਹੀਂ ਮਰੇਗਾ, ਪਰ ਜਹਾਜ਼ ਤਬਾਹ ਹੋ ਜਾਵੇਗਾ। 23 ਕੱਲ ਰਾਤ ਇੱਕ ਦੂਤ ਮੇਰੇ ਕੋਲ ਆਇਆ ਜਿਸ ਨੂੰ ਪਰਮੇਸ਼ੁਰ ਨੇ ਭੇਜਿਆ ਸੀ, ਇਹ ਉਹੀ ਪਰਮੇਸ਼ੁਰ ਹੈ ਜਿਸਦੀ ਮੈਂ ਉਪਾਸਨਾ ਕਰਦਾ ਹਾਂ, ਮੈਂ ਉਸੇ ਦਾ ਹਾਂ। 24 ਪਰਮੇਸ਼ੁਰ ਦੇ ਦੂਤ ਨੇ ਕਿਹਾ, ‘ਪੌਲੁਸ, ਤੂੰ ਘਬਰਾ ਨਾ। ਤੈਨੂੰ ਕੈਸਰ ਅੱਗੇ ਜ਼ਰੂਰ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਤੇਰੀ ਖਾਤਿਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਜਾਨ ਬਚਾਵੇਗਾ ਜੋ ਤੇਰੇ ਨਾਲ ਜਹਾਜ਼ ਤੇ ਹਨ।’ 25 ਸੋ, ਹੇ ਪੁਰੱਖੋ। ਹੌਸਲਾ ਰੱਖੋ। ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ ਕਿ ਸਭ ਕੁਝ ਉਵੇਂ ਹੀ ਵਾਪਰੇਗਾ ਜਿਵੇਂ ਦੂਤ ਨੇ ਮੈਨੂੰ ਆਖਿਆ ਹੈ। 26 ਪਰ ਅਸੀਂ ਜ਼ਰੂਰ ਕਿਸੇ ਟਾਪੂ ਨਾਲ ਜਾ ਟਕਰਾਵਾਂਗੇ।”

27 ਚੌਦ੍ਹਵੀਂ ਰਾਤ ਜਦੋਂ ਆਈ ਤਾਂ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ-ਉੱਧਰ ਰੁੜ ਰਹੇ ਸਾਂ। ਤਾਂ ਅੱਧੀ ਰਾਤ ਦੇ ਕਰੀਬ ਮਲਾਹਾਂ ਨੇ ਸੋਚਿਆ ਕਿ ਅਸੀਂ ਧਰਤੀ ਦੇ ਨੇੜੇ ਸੀ। 28 ਉਨ੍ਹਾਂ ਨੇ ਰੱਸੇ ਦੇ ਸਿਰੇ ਤੇ ਭਾਰ ਬੰਨ੍ਹਕੇ ਉਸ ਨੂੰ ਪਾਣੀ ਵਿੱਚ ਸੁੱਟਿਆ। ਉਹ ਜਾਣ ਗਏ ਕਿ ਉੱਥੇ ਪਾਣੀ ਇੱਕ ਸੌ ਵੀਹ ਫ਼ੁੱਟ ਡੂੰਘਾ ਸੀ ਫ਼ੇਰ ਉਨ੍ਹਾਂ ਨੇ ਕੁਝ ਦੂਰੀ ਹੋਰ ਤਹਿ ਕੀਤੀ ਅਤੇ ਤਾਂ ਫ਼ਿਰ ਰੱਸਾ ਪਾਣੀ ਵਿੱਚ ਸੁੱਟਿਆ। ਉੱਥੇ ਪਾਣੀ ਨੱਬੇ ਫ਼ੁੱਟ ਡੂੰਘਾ ਸੀ। 29 ਮਲਾਹਾਂ ਨੂੰ ਜਹਾਜ਼ ਦੇ ਚੱਟਾਨ ਦੇ ਨਾਲ ਟਕਰਾ ਜਾਣ ਦਾ ਡਰ ਸੀ। ਇਸ ਲਈ ਉਨ੍ਹਾਂ ਨੇ ਜਹਾਜ਼ ਦੇ ਪਿੱਛਲੇ ਪਾਸੇ ਵੱਲੋਂ ਚਾਰ ਲੰਗਰ ਪਾਣੀ ਵਿੱਚ ਸੁੱਟੇ ਅਤੇ ਦਿਨ ਦੀ ਰੋਸ਼ਨੀ ਦੇ ਨਿਕਲਣ ਲਈ ਪ੍ਰਾਰਥਨਾ ਕੀਤੀ। ਕੁਝ ਮਲਾਹ ਤਾਂ ਜਹਾਜ਼ ਹੀ ਛੱਡ ਕੇ ਜਾਣ ਨੂੰ ਤਿਆਰ ਸਨ। 30 ਉਨ੍ਹਾਂ ਨੇ ਡੌਂਗੀ ਨੂੰ ਪਾਣੀ ਵਿੱਚ ਥੋੜਾ ਥੱਲੇ ਕੀਤਾ। ਉਹ ਚਾਹੁੰਦੇ ਸਨ ਕਿ ਬਾਕੀ ਲੋਕ ਇਹ ਸੋਚਣ ਕਿ ਉਹ ਜਹਾਜ਼ ਦੇ ਅਗਲੇ ਪਾਸਿਓ ਪਾਣੀ ਵਿੱਚ ਹੋਰ ਲੰਗਰ ਸੁੱਟ ਰਹੇ ਹਨ। 31 ਤਾਂ ਪੌਲੁਸ ਨੇ ਸੈਨਾਪਤੀ ਨੂੰ ਅਤੇ ਹੋਰ ਸਿਪਾਹੀਆਂ ਨੂੰ ਕਿਹਾ, “ਜੇਕਰ ਇਹ ਮਨੁੱਖ ਇਸ ਜਹਾਜ਼ ਵਿੱਚ ਨਹੀਂ ਠਹਿਰਣਗੇ, ਤਾਂ ਤੁਹਾਡੀਆਂ ਜਾਨਾਂ ਨਹੀਂ ਬਚ ਸੱਕਦੀਆਂ।” 32 ਤਾਂ ਸਿਪਾਹੀਆਂ ਨੇ ਰਸਿਆਂ ਨੂੰ ਵੱਢ ਦਿੱਤਾ ਅਤੇ ਡੌਂਗੀ ਪਾਣੀ ਵਿੱਚ ਡਿੱਗਣ ਦਿੱਤੀ।

33 ਦਿਨ ਚੜ੍ਹ੍ਹਨ ਤੋਂ ਪਹਿਲਾਂ ਪੌਲੁਸ ਨੇ ਸਾਰੇ ਆਦਮੀਆਂ ਨੂੰ ਕੁਝ ਖਾ ਲੈਣ ਲਈ ਮਿੰਨਤ ਕੀਤੀ। ਉਸ ਕਿਹਾ, “ਪਿੱਛਲੇ ਚੌਦਹਾਂ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਅਤੇ ਮੌਸਮ ਦੇ ਸੁਧਰਨ ਦਾ ਇੰਤਜ਼ਾਰ ਕਰ ਰਹੇ ਹੋ ਅਤੇ ਤੁਸੀਂ ਕੁਝ ਵੀ ਨਹੀਂ ਖਾਧਾ। 34 ਇਸ ਲਈ ਮੈਂ ਕੁਝ ਖਾਣ ਲਈ ਤੁਹਾਡੀ ਮਿੰਨਤ ਕਰਦਾ ਹਾਂ। ਤੁਹਾਡੇ ਜਿਉਣ ਵਾਸਤੇ ਇਹ ਜ਼ਰੂਰੀ ਹੈ। ਤੁਹਾਡੇ ਸਾਰਿਆਂ ਵਿੱਚੋਂ ਕਿਸੇ ਇੱਕ ਦੇ ਸਿਰ ਦਾ ਇੱਕ ਵੀ ਵਾਲ ਵਿੰਗਾ ਨਹੀਂ ਹੋਵੇਗਾ।” 35 ਇਹ ਕਹਿਣ ਤੋਂ ਬਾਅਦ ਪੌਲੁਸ ਨੇ ਕੁਝ ਰੋਟੀ ਹੱਥ ਵਿੱਚ ਫ਼ੜਕੇ ਸਾਰਿਆਂ ਸਾਹਮਣੇ ਪਰਮੇਸ਼ੁਰ ਦਾ ਸ਼ੁਕਰ ਕੀਤਾ। ਉਸ ਨੇ ਇੱਕ ਟੁਕੜਾ ਤੋੜਿਆ ਅਤੇ ਖਾਣਾ ਸ਼ੁਰੂ ਕਰ ਦਿੱਤਾ। 36 ਸਾਰੇ ਮਨੁੱਖਾਂ ਨੂੰ ਉਤਸਾਹ ਮਿਲਿਆ ਤੇ ਉਨ੍ਹਾਂ ਸਾਰਿਆਂ ਨੇ ਵੀ ਖਾਣਾ ਸ਼ੁਰੂ ਕਰ ਦਿੱਤਾ। 37 (ਅਸੀਂ ਸਾਰੇ ਇਕੱਠੇ, ਜਹਾਜ਼ ਤੇ 276 ਆਦਮੀ ਸਾਂ।) 38 ਅਸੀਂ ਭਰ ਪੇਟ ਖਾਧਾ ਅਤੇ ਉਸਤੋਂ ਬਾਅਦ ਬਾਕੀ ਕਣਕ ਸਮੁੰਦਰ ਵਿੱਚ ਸੁਟਕੇ ਜਹਾਜ਼ ਨੂੰ ਹਲਕਿਆਂ ਕੀਤਾ।

Punjabi Bible: Easy-to-Read Version (ERV-PA)

2010 by World Bible Translation Center