Revised Common Lectionary (Complementary)
ਉਸਤਤਿ ਦਾ ਇੱਕ ਗੀਤ।
98 ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ
ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ।
ਉਸਦੀ ਪਵਿੱਤਰ ਸੱਜੀ ਬਾਂਹ ਨੇ
ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
2 ਪਰਮੇਸ਼ੁਰ ਨੇ ਕੌਮਾਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸ਼ਾਈ ਹੈ।
ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਚੰਗਿਆਈ ਦਰਸਾਈ।
3 ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।
4 ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ।
ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
5 ਹੇ ਰਬਾਬ, ਯਹੋਵਾਹ ਦੀ ਉਸਤਤਿ ਕਰ।
ਰਬਾਬ ਵਿੱਚੋਂ ਨਿਕਲਣ ਵਾਲੇ ਸੰਗੀਤ, ਉਸਦੀ ਉਸਤਤਿ ਕਰ।
6 ਨਰਸਿੰਘੇ ਅਤੇ ਵੰਝਲੀਆਂ ਵਜਾਉ,
ਅਤੇ ਸਾਡੇ ਯਹੋਵਾਹ ਲਈ ਖੁਸ਼ੀ ਦੇ ਨਾਹਰੇ ਮਾਰੋ।
7 ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ
ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
8 ਹੇ ਨਦੀਉ ਤਾਲੀਆਂ ਵਜਾਉ।
ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
9 ਯਹੋਵਾਹ ਦੇ ਸਾਹਮਣੇ ਗਾਵੋ,
ਕਿਉਂਕਿ ਉਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਨਿਰਪੱਖ ਹੋਕੇ ਦੁਨੀਆਂ ਉੱਤੇ ਰਾਜ ਕਰੇਗਾ।
ਉਹ ਚੰਗਿਆਈ ਨਾਲ ਲੋਕਾਂ ਉੱਤੇ ਰਾਜ ਕਰੇਗਾ।
ਸ਼ਾਊਲ ਅਤੇ ਏਨਦੋਰ ਦੀ ਇੱਕ ਔਰਤ
3 ਸਮੂਏਲ ਮਰ ਗਿਆ ਅਤੇ ਸਭ ਇਸਰਾਏਲੀਆਂ ਨੇ ਉਸਦੀ ਮੌਤ ਉੱਤੇ ਬੜਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਸਮੂਏਲ ਨੂੰ ਉਸ ਦੇ ਘਰ ਰਾਮਾਹ ਨਗਰ ਵਿੱਚ ਦਫ਼ਨਾਇਆ।
ਪਹਿਲਾਂ ਸ਼ਾਊਲ ਨੇ ਭੂਤ ਮ੍ਰਿਤਾਂ ਅਤੇ ਭਵਿੱਖ ਦੱਸਣ ਵਾਲਿਆਂ ਨੂੰ ਇਸਰਾਏਲ ਵਿੱਚੋਂ ਕੱਢਿਆ ਸੀ।
4 ਸੋ ਫ਼ਲਿਸਤੀ ਇਕੱਠੇ ਹੋਕੇ ਆਏ ਅਤੇ ਸ਼ੂਨੇਮ ਵਿੱਚ ਆਕੇ ਉਨ੍ਹਾਂ ਡੇਰੇ ਲਾਏ ਅਤੇ ਸ਼ਾਊਲ ਨੇ ਵੀ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ ਅਤੇ ਗਿਲਬੋਆ ਵਿੱਚ ਡੇਰੇ ਲਾ ਲਏ। 5 ਸ਼ਾਊਲ ਨੇ ਜਦੋਂ ਫ਼ਲਿਸਤੀਆਂ ਦੀ ਫ਼ੌਜ ਵੇਖੀ ਤਾਂ ਉਹ ਡਰ ਨਾਲ ਕੰਬਣ ਲੱਗਾ। 6 ਸ਼ਾਊਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਪਰ ਯਹੋਵਾਹ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। ਪਰਮੇਸ਼ੁਰ ਨੇ ਸ਼ਾਊਲ ਨਾਲ ਸੁਪਨੇ ਵਿੱਚ ਗੱਲ ਨਾ ਕੀਤੀ ਅਤੇ ਨਾ ਉਸ ਨੇ ਹੀ ਊਰੀਮ ਜਾਂ ਨਬੀਆਂ ਨੂੰ ਉਸ ਨਾਲ ਗੱਲ ਕਰਨ ਲਈ ਵਰਤਿਆ। 7 ਅਖੀਰ ਵਿੱਚ, ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਕਿਹਾ, “ਇੱਕ ਔਰਤ ਲੱਭੋ ਜੋ ਭੂਤ ਮ੍ਰਿਤ ਹੋਵੇ ਤਦ ਮੈਂ ਉਸ ਕੋਲੋਂ ਪੁੱਛਾਂਗਾ ਕਿ ਇਸ ਜੰਗ ਵਿੱਚ ਕੀ ਹੋਵੇਗਾ?”
ਉਸ ਦੇ ਅਫ਼ਸਰਾਂ ਨੇ ਜਵਾਬ ਦਿੱਤਾ, “ਅਜਿਹੀ ਇੱਕ ਔਰਤ ਏਨਦੋਰ ਵਿੱਚ ਹੈ!”
8 ਸੋ ਸ਼ਾਊਲ ਨੇ ਆਪਣਾ ਭੇਸ ਵਟਾਕੇ ਹੋਰ ਕੱਪੜੇ ਪਾ ਲਏ ਅਤੇ ਉੱਥੇ ਗਿਆ। ਦੋ ਜਨੇ ਹੋਰ ਉਸ ਦੇ ਨਾਲ ਸਨ ਅਤੇ ਉਹ ਰਾਤ ਨੂੰ ਉਸ ਔਰਤ ਕੋਲ ਪਹੁੰਚਿਆ ਅਤੇ ਉਸ ਨੂੰ ਕਿਹਾ, “ਕਿਰਪਾ ਕਰਕੇ ਆਪਣੇ ਭੂਤ ਮ੍ਰਿਤ ਕੋਲੋਂ ਮੇਰੇ ਲਈ ਸਲਾਹ ਪੁੱਛ ਅਤੇ ਜਿਸਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਬੁਲਾ ਲਿਆਈਂ।”
9 ਪਰ ਉਸ ਔਰਤ ਨੇ ਸ਼ਾਊਲ ਨੂੰ ਕਿਹਾ, “ਤੈਨੂੰ ਪਤਾ ਹੈ ਕਿਸ ਸ਼ਾਊਲ ਨੇ ਕੀ ਕੀਤਾ! ਉਸ ਨੇ ਸਾਰੇ ਭੂਤ ਮ੍ਰਿਤਾਂ ਅਤੇ ਜੋਤਸ਼ੀਆਂ ਨੂੰ ਇਸਰਾਏਲ ਦੀ ਧਰਤੀ ਤੋਂ ਬਾਹਰ ਕੱਢ ਮਾਰਿਆ। ਫ਼ਿਰ ਤੂੰ ਮੇਰੀ ਜਾਨ ਕਿਸ ਲਈ ਫ਼ਸਾਉਂਦਾ ਹੈ? ਤੂੰ ਮੈਨੂੰ ਵੀ ਮਰਵਾਉਣਾ ਚਾਹੁੰਦਾ ਹੈ?”
10 ਤਦ ਸ਼ਾਊਲ ਨੇ ਯਹੋਵਾਹ ਦੀ ਸੌਂਹ ਚੁੱਕ ਕੇ ਆਖਿਆ, “ਮੈਨੂੰ ਜਿਉਂਦੇ ਯਹੋਵਾਹ ਦੀ ਸੌਂਹ ਕਿ ਇਸ ਗੱਲ ਦੀ ਤੈਨੂੰ ਕੋਈ ਸਜ਼ਾ ਨਾ ਮਿਲੇਗੀ।”
11 ਔਰਤ ਨੇ ਪੁੱਛਿਆ, “ਮੈਂ ਤੇਰੇ ਲਈ ਕਿਸਨੂੰ ਮੰਗਾਵਾਂ?”
ਸ਼ਾਊਲ ਨੇ ਕਿਹਾ, “ਸਮੂਏਲ ਨੂੰ ਬੁਲਾ।”
12 ਅਤੇ ਇੰਝ ਹੋਇਆ ਕਿ ਜਿਸ ਵੇਲੇ ਉਸ ਔਰਤ ਨੇ ਸਮੂਏਲ ਨੂੰ ਵੇਖਿਆ ਤਾਂ ਉਸ ਜ਼ੋਰ ਦੀ ਚੀਕ ਮਾਰੀ ਅਤੇ ਉਸ ਨੇ ਸ਼ਾਊਲ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂਕਿ ਸ਼ਾਊਲ ਤਾਂ ਤੂੰ ਹੀ ਹੈਂ।”
13 ਤਾਂ ਸ਼ਾਊਲ ਨੇ ਕਿਹਾ, “ਡਰ ਨਾ! ਤੂੰ ਦੱਸ ਕਿ ਤੂੰ ਵੇਖਿਆ?”
ਉਸ ਔਰਤ ਨੇ ਕਿਹਾ, “ਮੈਂ ਇੱਕ ਆਤਮਾ ਧਰਤੀ ਤੋਂ ਉੱਪਰ ਉੱਠਦਾ ਵੇਖਿਆ।”
14 ਸ਼ਾਊਲ ਨੇ ਪੁੱਛਿਆ, “ਉਹ ਕਿਵੇਂ ਦੀ ਲੱਗਦੀ ਸੀ?”
ਉਸ ਔਰਤ ਨੇ ਜਵਾਬ ’ਚ ਕਿਹਾ, “ਉਹ ਇੱਕ ਬੁੱਢਾ ਆਦਮੀ ਖਾਸ ਕਿਸਮ ਦਾ ਚੋਲਾ ਪਾਇਆ ਲੱਗਦਾ ਸੀ।”
ਤਦ ਸ਼ਾਊਲ ਜਾਣ ਗਿਆ ਕਿ ਇਹ ਸਮੂਏਲ ਹੀ ਸੀ। ਸ਼ਾਊਲ ਨੇ ਝੁਕ ਕੇ ਮੱਥਾ ਟੇਕਿਆ। 15 ਸਮੂਏਲ ਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਕਿਉਂ ਤੰਗ ਕਰਦਾ ਹੈ, ਕਿਉਂ ਤੂੰ ਮੈਨੂੰ ਧਰਤੀ ਉੱਪਰ ਸੱਦਿਆ ਹੈ?”
ਸ਼ਾਊਲ ਨੇ ਕਿਹਾ, “ਮੈਂ ਮੁਸੀਬਤ ਵਿੱਚ ਹਾਂ। ਫ਼ਲਿਸਤੀ ਮੇਰੇ ਵਿਰੁੱਧ ਲੜਨ ਆਏ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਤਿਆਗ ਦਿੱਤਾ ਹੈ, ਉਹ ਹੁਣ ਮੇਰੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ। ਹੁਣ ਉਹ ਨਬੀ ਵੀ ਨਹੀਂ ਘੱਲਦਾ ਅਤੇ ਮੇਰੇ ਸੁਪਨਿਆਂ ’ਚ ਵੀ ਗੱਲ ਨਹੀਂ ਕਰਦਾ। ਇਸੇ ਲਈ ਮੈਂ ਤੈਨੂੰ ਬੁਲਾਇਆ ਹੈ ਕਿ ਦੱਸ ਹੁਣ ਮੈਂ ਕੀ ਕਰਾਂ?”
16 ਸਮੂਏਲ ਨੇ ਕਿਹਾ, “ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਦੁਸ਼ਮਣ ਬਣ ਗਿਆ ਹੈ। ਸੋ ਫ਼ਿਰ ਤੂੰ ਮੈਨੂੰ ਕਿਉਂ ਤੰਗ ਕਰਦਾ ਹੈਂ? 17 ਯਹੋਵਾਹ ਨੇ ਤਾਂ ਆਪਣੇ ਵੱਲੋਂ ਉਹੀ ਕੀਤਾ ਜੋ ਉਸ ਨੇ ਮੇਰੇ ਰਾਹੀਂ ਆਖਿਆ ਸੀ ਕਿ ਯਹੋਵਾਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਅਤੇ ਤੇਰੇ ਪੜੋਸੀ ਦਾਊਦ ਨੂੰ ਦੇ ਦਿੱਤਾ। 18 ਉਹ ਇਸ ਲਈ ਕਿ ਤੂੰ ਯਹੋਵਾਹ ਦਾ ਬਚਨ ਨਾ ਮੰਨਿਆ ਅਤੇ ਤੂੰ ਅਮਾਲੇਕੀਆਂ ਦੇ ਨਾਲ ਉਸ ਦੇ ਕਰੋਧ ਦੀ ਅੱਗ ਮੁਤਾਬਕ ਬਦਲਾ ਨਾ ਲਿਆ, ਕੰਮ ਨਾ ਕੀਤਾ। ਇਸੇ ਕਰਕੇ ਅੱਜ ਯਹੋਵਾਹ ਨੇ ਤੇਰੇ ਨਾਲ ਅਜਿਹਾ ਕੀਤਾ। 19 ਯਹੋਵਾਹ ਤੇਰੇ ਸਮੇਤ ਸਾਰੇ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਕੱਲ ਤੂੰ ਤੇਰੇ ਪੁੱਤਰ ਮੇਰੇ ਕੋਲ ਹੋਣਗੇ ਅਤੇ ਇਸਰਾਏਲੀ ਦਲ ਨੂੰ ਵੀ ਯਹੋਵਾਹ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ।”
ਸਭ ਲੋਕਾਂ ਨੇ ਗਲਤੀ ਕੀਤੀ ਹੈ
18 ਪਰਮੇਸ਼ੁਰ ਦਾ ਕਰੋਧ ਸਵਰਗੋਂ ਪਰਗਟ ਹੋਇਆ ਹੈ। ਪਰਮੇਸ਼ੁਰ ਸਭ ਗਲਤ ਕੰਮਾਂ ਅਤੇ ਪਾਪਾਂ ਉੱਤੇ ਗੁੱਸੇ ਹੈ ਜੋ ਲੋਕ ਉਸ ਦੇ ਵਿਰੋਧ ਵਿੱਚ ਕਰਦੇ ਹਨ। ਇਨ੍ਹਾਂ ਲੋਕਾਂ ਕੋਲ ਸੱਚ ਹੈ ਪਰ ਆਪਣੀਆਂ ਭੈੜੀਆਂ ਕਰਨੀਆਂ ਦੁਆਰਾ ਸੱਚ ਨੂੰ ਲਕੋਂਦੇ ਹਨ। 19 ਪਰਮੇਸ਼ੁਰ ਆਪਣਾ ਗੁੱਸਾ ਵਿਖਾਉਂਦਾ ਹੈ ਕਿਉਂਕਿ ਜੋ ਕੁਝ ਕੋਈ ਪਰਮੇਸ਼ੁਰ ਬਾਰੇ ਜਾਣ ਸੱਕਦਾ ਹੈ ਉਹ ਸਭ ਜਾਣਦੇ ਹਨ। ਹਾਂ, ਉਸ ਨੇ ਸਪੱਸ਼ਟ ਤੌਰ ਤੇ ਆਪਣੇ ਆਪ ਨੂੰ ਲੋਕਾਂ ਨੂੰ ਵਿਖਾਇਆ ਹੈ।
20 ਪਰਮੇਸ਼ੁਰ ਬਾਰੇ ਕੁਝ ਅਜਿਹੀਆਂ ਗੱਲਾਂ ਹਨ ਜੋ ਲੋਕ ਨਹੀਂ ਵੇਖ ਸੱਕਦੇ। ਉਹ ਉਸਦੀ ਸਦੀਵੀ ਸ਼ਕਤੀ ਅਤੇ ਉਹ ਸਭ ਚੀਜ਼ਾਂ ਹਨ ਜੋ ਉਸ ਨੂੰ ਪਰਮੇਸ਼ੁਰ ਬਣਾਉਂਦੀਆਂ ਹਨ। ਸੰਸਾਰ ਦੇ ਅਰੰਭ ਵੇਲੇ ਤੋਂ ਉਨ੍ਹਾਂ ਗੱਲਾਂ ਨੂੰ ਸਮਝਣਾ ਸੌਖਾ ਹੈ। ਕਿਉਂਕਿ ਉਸਦੀ ਸਿਰਜਣਾ ਵਿੱਚ ਉਹ ਗੱਲਾਂ ਸਪੱਸ਼ਟ ਹਨ। ਇਸ ਲਈ ਲੋਕਾਂ ਕੋਲ ਉਨ੍ਹਾਂ ਮੰਦੇ ਕੰਮਾਂ ਲਈ ਕੋਈ ਬਹਾਨਾ ਨਹੀਂ ਹੋਵੇਗਾ ਜਿਹੜੇ ਉਹ ਕਰਦੇ ਹਨ।
21 ਲੋਕ ਪਰਮੇਸ਼ੁਰ ਨੂੰ ਜਾਣਦੇ ਸਨ, ਪਰ ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਵਾਂਗ ਨਹੀਂ ਸਤਿਕਾਰਿਆ ਅਤੇ ਨਾ ਹੀ ਉਹ ਉਸ ਦੇ ਸ਼ੁਕਰਗੁਜ਼ਾਰ ਸਨ। ਉਨ੍ਹਾਂ ਦੀਆਂ ਸੋਚਾਂ ਵਿਅਰਥ ਹੋ ਗਈਆਂ। ਉਨ੍ਹਾਂ ਦੇ ਮੂਰਖ ਦਿਲ ਹਨੇਰੇ ਨਾਲ ਭਰ ਗਏ ਸਨ। 22 ਭਾਵੇਂ ਉਨ੍ਹਾਂ ਨੇ ਦਾਵ੍ਹਾ ਕੀਤਾ ਸੀ ਕਿ ਉਹ ਸਿਆਣੇ ਹਨ, ਪਰ ਉਹ ਮੂਰਖ ਬਣ ਗਏ। 23 ਉਨ੍ਹਾਂ ਨੇ ਅਬਨਾਸ਼ੀ ਪਰਮੇਸ਼ੁਰ ਨੂੰ ਸਤਿਕਾਰਨਾ ਬੰਦ ਕਰ ਦਿੱਤਾ, ਤੇ ਇਸਦੀ ਜਗ਼੍ਹਾ ਉਨ੍ਹਾਂ ਨੇ ਮੂਰਤੀਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਜੋ ਧਰਤੀ ਦੇ ਲੋਕਾਂ ਵਾਂਗ ਦਿਖਦੀਆਂ ਹਨ। ਉਨ੍ਹਾਂ ਨੇ ਪੰਛੀਆਂ, ਜਾਨਵਰਾਂ ਤੇ ਸੱਪਾਂ ਵਰਗੀਆਂ ਨਾਸ਼ਵਾਨ ਚੀਜ਼ਾਂ ਵਾਸਤੇ ਪਰਮੇਸ਼ੁਰ ਦੀ ਮਹਿਮਾ ਦਾ ਵਪਾਰ ਕੀਤਾ।
24 ਲੋਕੀਂ ਪਾਪਾਂ ਨਾਲ ਭਰੇ ਹੋਏ ਸਨ ਅਤੇ ਸਿਰਫ਼ ਮੰਦੀਆਂ ਗੱਲਾਂ ਹੀ ਕਰਨਾ ਚਾਹੁੰਦੇ ਸਨ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਾਪੀ ਰਾਹ ਵੱਲ ਜਾਣ ਲਈ ਛੱਡ ਦਿੱਤਾ। ਇਸ ਲਈ ਉਹ ਇੱਕ ਦੂਜੇ ਨਾਲ ਸ਼ਰਮਨਾਕ ਗੱਲਾਂ ਕਰਕੇ ਆਪਣੇ ਸਰੀਰਾਂ ਦੀ ਗਲਤ ਵਰਤੋਂ ਕਰਨ ਲੱਗੇ। 25 ਉਨ੍ਹਾਂ ਨੇ ਪਰਮੇਸ਼ੁਰ ਦੇ ਸੱਚ ਨੂੰ ਇੱਕ ਝੂਠ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਉਪਾਸਨਾ ਅਤੇ ਸੇਵਾ ਕੀਤੀ ਪਰ ਉਸ ਪਰਮੇਸ਼ੁਰ ਦੀ ਨਹੀਂ, ਜਿਸਨੇ ਉਨ੍ਹਾਂ ਚੀਜ਼ਾਂ ਨੂੰ ਬਣਾਇਆ ਸੀ। ਸਿਰਫ਼ ਪਰਮੇਸ਼ੁਰ ਦੀ ਹੀ ਉਸਤਤਿ ਸਦਾ ਹੋਣੀ ਚਾਹੀਦੀ ਹੈ। ਆਮੀਨ।
2010 by World Bible Translation Center