Revised Common Lectionary (Complementary)
ਦਾਊਦ ਦੀ ਪ੍ਰਾਰਥਨਾ।
17 ਯਹੋਵਾਹ, ਨਿਆਂ ਲਈ ਮੇਰੀ ਪ੍ਰਾਰਥਨਾ ਨੂੰ ਸੁਣ।
ਮੈਂ ਉੱਚੀ-ਉੱਚੀ ਤੁਹਾਨੂੰ ਹਾਕਾਂ ਮਾਰ ਰਿਹਾ ਹਾਂ।
ਮੈਂ ਉਸ ਵਿੱਚ ਇਮਾਨਦਾਰ ਹਾਂ ਜੋ ਮੈਂ ਆਖਦਾ ਹਾਂ,
ਇਸ ਲਈ ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ।
2 ਕਿਉਂਕਿ ਤੁਸੀਂ ਸੱਚ ਨੂੰ ਵੇਖ ਸੱਕਦੇ ਹੋਂ,
ਤੁਸੀਂ ਮੈਨੂੰ ਸੱਚ ਪ੍ਰਦਾਨ ਕਰੋਂਗੇ।
3 ਤੁਸੀਂ ਮੇਰੇ ਦਿਲ ਦੀ ਡੂੰਘਾਈ ਅੰਦਰ ਵੇਖਿਆ ਹੈ।
ਤੁਸੀਂ ਸਾਰੀ ਰਾਤ ਮੇਰੇ ਨਾਲ ਸੀ।
ਤੁਸੀਂ ਮੈਨੂੰ ਪਰੱਖਿਆ ਹੈ ਤੁਸੀਂ ਮੇਰੇ ਵਿੱਚ ਕੁਝ ਵੀ ਬੁਰਾਈ ਨਹੀਂ ਲੱਭੀ
ਨਾ ਹੀ ਮੈਂ ਕੋਈ ਵੀ ਮੰਦੀ ਵਿਉਂਤ ਬਣਾਈ ਸੀ।
4 ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਲਈ ਜਿੰਨੀ ਮਨੁੱਖੀ ਤੌਰ ਤੇ ਸੰਭਵ ਸੀ, ਕੋਸ਼ਿਸ਼ ਕੀਤੀ ਹੈ।
ਮੈਂ ਤੇਰੇ ਸਾਰੇ ਆਦੇਸ਼ਾਂ ਨੂੰ ਮੰਨਿਆ ਹੈ।
5 ਮੈਂ ਤੁਹਾਡੇ ਰਸਤਿਆਂ ਤੇ ਚੱਲਿਆ ਹਾਂ।
ਮੇਰੇ ਪਗ ਤੁਹਾਡੇ ਦੁਆਰਾ ਦੱਸੇ ਜੀਵਨ ਦੇ ਰਾਹ ਤੋਂ ਕਦੇ ਨਹੀਂ ਥਿੜਕੇ।
6 ਹਰ ਵਾਰੀ ਮੈਂ ਤੁਹਾਨੂੰ ਅਵਾਜ਼ ਦਿੱਤੀ, ਪਰਮੇਸ਼ੁਰ।
ਤੇ ਤੁਸੀਂ ਹੁਂਗਾਰਾ ਭਰਿਆ, ਇਸ ਲਈ ਹੁਣ ਕਿਰਪਾ ਕਰਕੇ ਮੈਨੂੰ ਸੁਣੋ।
7 ਹੇ ਪਰਮੇਸ਼ੁਰ, ਤੁਸੀਂ ਉਨ੍ਹਾਂ ਦੀ ਮਦਦ ਕਰੋ
ਜਿਹੜੇ ਤੁਸਾਂ ਵਿੱਚ ਆਸਥਾ ਰੱਖਦੇ ਹਨ ਉਹ ਲੋਕ ਆਉਂਦੇ ਹਨ
ਅਤੇ ਤੁਹਾਡੇ ਸੱਜੇ ਪਾਸੇ ਖਲੋਂਦੇ ਹਨ।
ਇਸ ਲਈ ਇਸ ਪ੍ਰਾਰਥਨਾ ਨੂੰ ਸੁਣੋ, ਜਿਹੜੀ ਤੁਹਾਡੇ ਇੱਕ ਚੇਲੇ ਵੱਲੋਂ ਹੈ।
8 ਮੇਰੀ ਰੱਖਿਆ ਆਪਣੀ ਅੱਖ ਦੀ ਗੁਠਲੀ ਵਾਂਗ ਕਰੋ।
ਮੈਨੂੰ ਆਪਣੇ ਖੰਬਾਂ ਦੀ ਛੱਤ ਹੇਠਾਂ ਛੁਪਾ ਲਵੋ।
9 ਯਹੋਵਾਹ, ਮੈਨੂੰ ਉਨ੍ਹਾਂ ਮੰਦੇ ਲੋਕਾਂ ਪਾਸੋਂ ਬਚਾਵੋ, ਜਿਹੜੇ ਮੇਰੀ ਬਰਬਾਦੀ ਲਈ ਕੰਮ ਕਰਦੇ ਹਨ।
ਹੇ ਪਰਮੇਸ਼ੁਰ ਮੈਨੂੰ ਘੇਰੀ ਹੋਏ ਲੋਕਾਂ ਤੋਂ ਮੇਰੀ ਰੱਖਿਆ ਕਰੋ, ਜਿਹੜੇ ਮੈਨੂੰ ਦੁੱਖੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
13 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜੇ ਮੈਂ ਇਸਰਾਏਲ ਦੇ ਲੋਕਾਂ ਕੋਲ ਜਾਵਾਂ ਤੇ ਉਨ੍ਹਾਂ ਨੂੰ ਆਖਾਂ, ‘ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਭੇਜਿਆ ਹੈ।’ ਤਾਂ ਲੋਕ ਪੁੱਛਣਗੇ, ‘ਉਸਦਾ ਕੀ ਨਾਮ ਹੈ?’ ਮੈਂ ਉਨ੍ਹਾਂ ਨੂੰ ਕੀ ਦੱਸਾਂ?”
14 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਨੂੰ ਦੱਸੀ ‘ਮੈਂ ਹਾ ਜੋ ਮੈਂ ਹਾਂ’ ਜਦੋਂ ਤੂੰ ਇਸਰਾਏਲ ਦੇ ਲੋਕਾਂ ਕੋਲ ਜਾਵੇ ਤਾਂ ਉਨ੍ਹਾਂ ਨੂੰ ਆਖੀਂ ‘ਮੈਂ ਹਾਂ’ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।” 15 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੈਨੂੰ ਲੋਕਾਂ ਨੂੰ ਇਹ ਆਖਣਾ ਚਾਹੀਦਾ ਹੈ; ‘ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਮੇਰਾ ਨਾਮ ਹਮੇਸ਼ਾ ਯਾਹਵੇਹ ਹੋਵੇਗਾ। ਇਸੇ ਤਰ੍ਹਾਂ ਲੋਕ ਪੀੜੀਆਂ ਦਰ ਪੀੜੀਆਂ ਤੱਕ ਮੈਨੂੰ ਜਾਨਣਗੇ।’ ਲੋਕਾਂ ਨੂੰ ਦੱਸ, ‘ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’”
16 ਯਹੋਵਾਹ ਨੇ ਇਹ ਵੀ ਆਖਿਆ, “ਜਾਹ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇੱਕਸਾਥ ਇਕੱਠਿਆਂ ਕਰ ਅਤੇ ਉਨ੍ਹਾਂ ਨੂੰ ਦੱਸ, ‘ਯਾਹਵੇਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਮੈਨੂੰ ਪ੍ਰਗਟ ਹੋਇਆ ਅਤੇ ਉਸ ਨੇ ਆਖਿਆ; ਮੈਂ ਤੁਹਾਡੇ ਅਤੇ ਉਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਹੈ ਜੋ ਤੁਹਾਡੇ ਨਾਲ ਮਿਸਰ ਵਿੱਚ ਵਾਪਰ ਰਹੀਆਂ ਹਨ। 17 ਅਤੇ ਮੈਂ ਨਿਆਂ ਕੀਤਾ ਹੈ ਕਿ ਮੈਂ ਤੁਹਾਨੂੰ ਉਨ੍ਹਾਂ ਮੁਸੀਬਤਾਂ ਵਿੱਚੋਂ ਕੱਢ ਲਵਾਂ ਜਿਹੜੀਆਂ ਤੁਸੀਂ ਮਿਸਰ ਵਿੱਚ ਸਹਾਰ ਰਹੇ ਹੋ। ਮੈਂ ਤੁਹਾਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਹੁਣ ਬਹੁਤ ਸਾਰੇ ਲੋਕਾਂ; ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਹੈ। ਮੈਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੇ ਲੈ ਜਾਵਾਂਗਾ।’
18 “ਬਜ਼ੁਰਗ ਤੇਰੀ ਗੱਲ ਸੁਣਨਗੇ। ਤੂੰ ਤੇ ਬਜ਼ੁਰਗ ਵੀ ਮਿਸਰ ਦੇ ਰਾਜੇ ਕੋਲ ਜਾਵੋਂਗੇ ਅਤੇ ਉਸ ਨੂੰ ਦੱਸੋਂਗੇ, ‘ਯਹੋਵਾਹ ਇਬਰਾਨੀ ਲੋਕਾਂ ਦਾ ਪਰਮੇਸ਼ੁਰ ਸਾਡੇ ਕੋਲ ਆਇਆ ਅਤੇ ਸਾਨੂੰ ਤਿੰਨ ਦਿਨ ਮਾਰੂਥਲ ਵਿੱਚ ਸਫ਼ਰ ਕਰਨ ਲਈ ਆਖਿਆ। ਓੱਥੇ ਸਾਨੂੰ ਯਾਹਵੇਹ, ਸਾਡੇ ਪਰਮੇਸ਼ੁਰ ਨੂੰ ਬਲੀਆਂ ਜ਼ਰੂਰ ਚੜ੍ਹਾਉਣੀਆਂ ਚਾਹੀਦੀਆਂ ਹਨ।’
19 “ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਨਹੀਂ ਦੇਵੇਗਾ। ਸਿਰਫ਼ ਕੋਈ ਮਹਾਨ ਸ਼ਕਤੀ ਹੀ ਉਸ ਨੂੰ ਮਜਬੂਰ ਕਰੇਗੀ ਤਾਂ ਕਿ ਉਹ ਤੁਹਾਨੂੰ ਜਾਣ ਦੇਵੇ। 20 ਇਸ ਲਈ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਦੇ ਖਿਲਾਫ਼ ਵਰਤਾਂਗਾ। ਮੈਂ ਉਸ ਧਰਤੀ ਉੱਤੇ ਹੈਰਾਨੀ ਭਰੀਆਂ ਗੱਲਾਂ ਕਰਾਂਗਾ। ਜਦੋਂ ਮੈਂ ਅਜਿਹਾ ਕਰਾਂਗਾ ਤਾਂ ਉਹ ਤੁਹਾਨੂੰ ਜਾਣ ਦੇਵੇਗਾ।
ਪਰਤਾਵੇ ਲਈ ਪ੍ਰਸ਼ਨ(A)
20 ਇੱਕ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਲੋਕਾਂ ਸਾਹਮਣੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਬਾਰੇ ਬੋਲਿਆ। ਪ੍ਰਧਾਨ ਜਾਜਕ, ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਯਹੂਦੀ ਆਗੂ ਯਿਸੂ ਨਾਲ ਗੱਲ ਬਾਤ ਕਰਨ ਲਈ ਆਏ। 2 ਉਨ੍ਹਾਂ ਨੇ ਉਸ ਨੂੰ ਪੁੱਛਿਆ, “ਸਾਨੂੰ ਦੱਸ? ਤੂੰ ਇਹ ਸਭ ਗੱਲਾਂ ਕਿਸ ਅਧਿਕਾਰ ਨਾਲ ਕਰ ਰਿਹਾ ਹੈ? ਤੈਨੂੰ ਇਹ ਅਧਿਕਾਰ ਕਿਸਨੇ ਦਿੱਤਾ ਹੈ?”
3 ਯਿਸੂ ਨੇ ਆਖਿਆ, “ਮੈਂ ਵੀ ਤੁਹਾਨੂੰ ਇੱਕ ਸਵਾਲ ਕਰਦਾ ਹਾਂ। 4 ਤੁਸੀਂ ਮੈਨੂੰ ਦੱਸੋ; ਯੂਹੰਨਾ ਦੁਆਰਾ ਦਿੱਤਾ ਗਿਆ ਬਪਤਿਸਮਾ ਕੀ ਸੁਰਗ ਵੱਲੋਂ ਸੀ ਜਾਂ ਲੋਕਾਂ ਵੱਲੋਂ?”
5 ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਯਹੂਦੀ ਆਗੂਆਂ, ਸਭ ਨੇ ਇਸ ਬਾਰੇ ਚਰਚਾ ਕੀਤੀ ਅਤੇ ਇੱਕ ਦੂਜੇ ਨੂੰ ਕਿਹਾ, “ਜੇਕਰ ਅਸੀਂ ਕਿਹਾ ਕਿ ‘ਯੂਹੰਨਾ ਦਾ ਬਪਤਿਸਮਾ, ਪਰਮੇਸ਼ੁਰ ਵੱਲੋਂ ਸੀ ਤਾਂ ਉਹ ਆਖੇਗਾ ਕਿ ਫਿਰ ਤੁਸੀਂ ਯੂਹੰਨਾ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ 6 ਪਰ ਜੇਕਰ ਅਸੀਂ ਆਖਦੇ ਹਾਂ ਕਿ, ਯੂਹੰਨਾ ਦਾ ਬਪਤਿਸਮਾ ਲੋਕਾਂ ਵੱਲੋਂ ਸੀ।’ ਤਾਂ ਸਾਰੇ ਲੋਕ ਸਾਨੂੰ ਇਹ ਸੁਣਕੇ ਪੱਥਰਾਂ ਨਾਲ ਮਾਰ ਸੁੱਟਣਗੇ ਕਿਉਂਕਿ ਉਹ ਇਹੀ ਵਿਸ਼ਵਾਸ ਰੱਖਦੇ ਹਨ ਕਿ ਯੂਹੰਨਾ ਇੱਕ ਨਬੀ ਸੀ।” 7 ਇਸ ਲਈ ਉਨ੍ਹਾਂ ਨੇ ਆਖਿਆ, “ਅਸੀਂ ਇਸ ਗੱਲ ਦਾ ਉੱਤਰ ਨਹੀਂ ਜਾਣਦੇ।”
8 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਇਹ ਸਭ ਕਰਨ ਲਈ ਮੈਂ ਕਿਹੜਾ ਅਧਿਕਾਰ ਇਸਤੇਮਾਲ ਕਰਦਾ ਹਾਂ?”
2010 by World Bible Translation Center