Revised Common Lectionary (Complementary)
ਆਸਾਫ਼ ਦਾ ਇੱਕ ਗੀਤ।
50 ਪਰਮੇਸ਼ੁਰਾਂ ਦਾ ਪਰਮੇਸ਼ੁਰ, ਯਹੋਵਾਹ ਬੋਲਿਆ ਹੈ।
ਉਹ ਧਰਤੀ ਦੇ ਸਾਰੇ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਬੁਲਾਉਂਦਾ ਹੈ।
2 ਸੀਯੋਨ ਤੋਂ ਚਮਕਦਾ ਹੋਇਆ ਪਰਮੇਸ਼ੁਰ ਪਰਮ ਸੁੰਦਰ ਹੈ।
3 ਸਾਡਾ ਪਰਮੇਸ਼ੁਰ, ਆ ਰਿਹਾ ਹੈ।
ਅਤੇ ਉਹ ਚੁੱਪ ਨਹੀਂ ਰਹੇਗਾ।
ਅੱਗ ਉਸ ਦੇ ਅੱਗੇ ਬਲਦੀ ਹੈ।
ਇੱਕ ਵੱਡਾ ਤੂਫ਼ਾਨ ਉਸ ਦੇ ਆਲੇ-ਦੁਆਲੇ ਹੈ।
4 ਸਾਡਾ ਪਰਮੇਸੁਰ ਧਰਤੀ ਅਤੇ ਅਕਾਸ਼ ਨੂੰ ਅਵਾਜ਼ ਦਿੰਦਾ ਹੈ ਕਿ
ਜਦੋਂ ਉਹ ਆਪਣੇ ਲੋਕਾਂ ਬਾਰੇ ਨਿਆਂ ਕਰੇ ਉਹ ਗਵਾਹ ਹੋਣ।
5 ਪਰਮੇਸ਼ੁਰ ਆਖਦਾ ਹੈ, “ਤੁਸੀਂ ਸਭ ਜੋ ਮੇਰੇ ਵਫ਼ਾਦਾਰ ਹੋ, ਮੇਰੇ ਆਲੇ-ਦੁਆਲੇ ਇਕੱਠੇ ਹੋਵੋ।
ਤੁਸੀਂ ਸਾਰੇ ਜਿਨ੍ਹਾਂ ਦਾ ਮੇਰੇ ਨਾਲ ਕਰਾਰ ਹੈ ਆਵੋ ਅਤੇ ਮੈਨੂੰ ਆਪਣੀਆਂ ਬਲੀਆਂ ਭੇਂਟ ਕਰੋ।”
6 ਪਰਮੇਸ਼ੁਰ ਨਿਰੰਕਾਰ ਹੈ,
ਅਤੇ ਅਕਾਸ਼ ਉਸਦੀ ਨੇਕੀ ਬਾਰੇ ਦੱਸਦਾ ਹੈ।
7 ਪਰਮੇਸ਼ੁਰ ਆਖਦਾ ਹੈ, “ਮੇਰੇ ਲੋਕੋ, ਮੇਰੀ ਗੱਲ ਸੁਣੋ।
ਇਸਰਾਏਲ ਦੇ ਲੋਕੋ, ਮੈਂ ਆਪਣਾ ਸਬੂਤ ਤੁਹਾਡੇ ਵਿਰੁੱਧ ਦਰਸਾਵਾਂਗਾ।
ਮੈਂ ਪਰਮੇਸ਼ੁਰ ਹਾਂ, ਤੁਹਾਡਾ ਪਰਮੇਸ਼ੁਰ।
8 ਮੈਂ ਤੁਹਾਡੀਆਂ ਬਲੀਆਂ ਬਾਰੇ ਸ਼ਿਕਵਾ ਨਹੀਂ ਕਰ ਰਿਹਾ।
ਤੁਸੀਂ ਇਸਰਾਏਲ ਦੇ ਲੋਕ ਹਰ ਸਮੇਂ ਮੇਰੇ ਲਈ ਬਲੀ ਚੜ੍ਹਾਵੇ ਲੈ ਕੇ ਆਉਂਦੇ ਹੋ।
ਤੁਸੀਂ ਇਹ ਮੈਨੂੰ ਹਰ ਰੋਜ਼ ਦਿੰਦੇ ਹੋ।
9 ਮੈਂ ਤੁਹਾਡੇ ਘਰਾਂ ਵਿੱਚੋਂ ਬਲਦ ਨਹੀਂ ਲਵਾਂਗਾ।
ਮੈਂ ਤੁਹਾਡੇ ਬਾੜਿਆਂ ਵਿੱਚੋਂ ਬੱਕਰੇ ਨਹੀਂ ਲਵਾਂਗਾ।
10 ਮੈਨੂੰ ਇਨ੍ਹਾਂ ਜਾਨਵਰਾਂ ਦੀ ਕੋਈ ਲੋੜ ਨਹੀਂ।
ਮੈਂ ਪਹਿਲਾਂ ਹੀ ਜੰਗਲ ਦੇ ਸਾਰੇ ਜਾਨਵਰਾਂ ਦਾ ਮਾਲਕ ਹਾਂ।
ਮੈਂ ਪਹਿਲਾਂ ਹੀ ਪਰਬਤਾਂ ਦੇ ਸਾਰੇ ਹਜ਼ਾਰਾਂ ਜਾਨਵਰਾਂ ਦਾ ਮਾਲਕ ਹਾਂ।
11 ਉੱਚੇ ਤੋਂ ਉੱਚੇ ਪਰਬਤ ਉੱਤੇ ਬੈਠੇ ਹਰ ਪੰਛੀ ਨੂੰ ਮੈਂ ਜਾਣਦਾ ਹਾਂ।
ਪਹਾੜੀਆਂ ਵਿੱਚ ਹਰਕਤ ਕਰਦੀ ਹਰ ਸ਼ੈਅ ਮੇਰੀ ਹੈ।
12 ਮੈਂ ਭੁੱਖਾ ਨਹੀਂ ਹਾਂ। ਪਰ ਜੇ ਮੈਂ ਭੁੱਖਾਂ ਹੋਵਾਂ ਵੀ, ਮੈਂ ਤੁਹਾਡੇ ਪਾਸੋਂ ਭੋਜਨ ਨਹੀਂ ਮੰਗਾਂਗਾ।
ਸਾਰੀ ਦੁਨੀਆ ਅਤੇ ਇਸਦੀ ਹਰ ਸ਼ੈਅ ਪਹਿਲਾਂ ਹੀ ਮੇਰੀ ਹੈ।
13 ਮੈਂ ਬਲਦਾਂ ਦਾ ਮਾਸ ਨਹੀਂ ਖਾਂਦਾ ਮੈਂ ਬੱਕਰੀਆਂ ਦਾ ਲਹੂ ਨਹੀਂ ਪੀਂਦਾ।”
14 ਇਸ ਲਈ ਹੋਰਨਾਂ ਉਪਾਸਨਾ ਕਰਨ ਵਾਲਿਆਂ ਨਾਲ ਸਾਂਝਾ ਕਰਨ ਲਈ ਆਪਣੇ ਧੰਨਵਾਦ ਦੇ ਚੜ੍ਹਾਵੇ ਲਿਆਵੋ।
ਅਤੇ ਪਰਮੇਸ਼ੁਰ ਦੇ ਨਾਲ ਹੋਣ ਲਈ ਆਵੋ।
ਤੁਸਾਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਵਾਅਦੇ ਦਿੱਤੇ ਸੀ।
ਇਸ ਲਈ ਉਹ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ ਅਰਪਣ ਕਰੋ।
15 ਪਰਮੇਸ਼ੁਰ ਆਖਦਾ ਹੈ, “ਜਦੋਂ ਵੀ ਮੁਸੀਬਤਾਂ ਤੁਹਾਨੂੰ ਘੇਰਨ ਮੈਨੂੰ ਬੁਲਾਉ।
ਮੈਂ ਤੁਹਾਡੀ ਸਹਾਇਤਾ ਕਰਾਂਗਾ ਅਤੇ ਫ਼ੇਰ ਤੁਸੀਂ ਮੇਰਾ ਆਦਰ ਕਰ ਸੱਕਦੇ ਹੋ।”
16 ਪਰਮੇਸ਼ੁਰ, ਬਦਕਾਰ ਲੋਕਾਂ ਨੂੰ ਆਖਦਾ ਹੈ,
“ਤੁਸੀਂ ਲੋਕੀਂ ਮੇਰੇ ਨੇਮਾਂ ਬਾਰੇ ਗੱਲਾਂ ਕਰਦੇ ਹੋ।
ਤੁਸੀਂ ਮੇਰੇ ਕਰਾਰ ਬਾਰੇ ਗੱਲਾਂ ਕਰਦੇ ਹੋ।
17 ਇਸੇ ਲਈ, ਜਦੋਂ ਮੈਂ ਤੁਹਾਨੂੰ ਸਹੀ ਕਰਦਾ ਹਾਂ ਤੁਸੀਂ ਮੈਨੂੰ ਨਫ਼ਰਤ ਕਿਉਂ ਕਰਦੇ ਹੋ।
ਤੁਸੀਂ ਉਨ੍ਹਾਂ ਗੱਲਾਂ ਨੂੰ ਅਣਡਿਠ ਕਿਉਂ ਕਰਦੇ ਹੋਂ ਜੋ ਮੈਂ ਤੁਹਾਨੂੰ ਦੱਸਦਾ ਹਾਂ।
18 ਤੁਸੀਂ ਇੱਕ ਚੋਰ ਨੂੰ ਦੇਖਦੇ ਹੋਂ ਅਤੇ ਨੱਸੱਕੇ ਉਸ ਦੇ ਨਾਲ ਰਲ ਜਾਂਦੇ ਹੋ।
ਅਤੇ ਤੁਸੀਂ ਵਿਭਚਾਰੀਆਂ ਦੇ ਨਾਲ ਸ਼ਾਮਿਲ ਹੋ ਜਾਂਦੇ ਹੋ।
19 ਤੁਸੀਂ ਲੋਕੀਂ ਮੰਦੀਆਂ ਗੱਲਾਂ ਆਖਦੇ ਹੋ ਅਤੇ ਝੂਠ ਬੋਲਦੇ ਹੋ।
20 ਤੁਸੀਂ ਲਗਾਤਾਰ ਹੋਰਾਂ ਲੋਕਾਂ ਬਾਰੇ,
ਆਪਣੇ ਭਰਾਵਾਂ ਬਾਰੇ ਵੀ ਮੰਦੀਆਂ ਗੱਲਾਂ ਆਖਦੇ ਹੋ।
21 ਤੁਸਾਂ ਇਹ ਮੰਦੇ ਕਾਰੇ ਕੀਤੇ ਅਤੇ ਮੈਂ ਕੁਝ ਨਹੀਂ ਆਖਿਆ।
ਇਸ ਲਈ ਤੁਸਾਂ ਸੋਚਿਆ ਕਿ ਮੈਂ ਤੁਹਾਡੇ ਜਿਹਾ ਹੀ ਹਾਂ।
ਅੱਛਾ, ਹੁਣ ਮੈਂ ਲੰਮੇ ਸਮੇਂ ਤੱਕ ਖਾਮੋਸ਼ ਨਹੀਂ ਰਹਾਂਗਾ।
ਇਹ ਗੱਲਾਂ ਮੈਂ ਤੁਹਾਨੂੰ ਬਹੁਤ ਸਪੱਸ਼ਟ ਕਰ ਦਿਆਂਗਾ, ਅਤੇ ਮੈਂ ਤੁਹਾਡੇ ਸਨਮੁੱਖ ਤੁਹਾਡੇ ਉੱਤੇ ਇਲਜ਼ਾਮ ਲਾਵਾਂਗਾ।
22 ਤੁਸੀਂ ਲੋਕ ਪਰਮੇਸ਼ੁਰ ਨੂੰ ਭੁੱਲ ਗਏ ਹੋ।
ਇਸ ਲਈ ਇਹ ਚੰਗਾ ਹੈ ਜੇਕਰ ਤੁਸੀਂ ਇਹ ਸਮਝ ਲਵੋ,
ਇਸਤੋਂ ਪਹਿਲਾਂ ਕਿ ਮੈਂ ਤੁਹਾਨੂੰ ਪਾੜ ਸੁੱਟਾਂ।
ਜਦੋਂ ਇਹ ਹੋਵੇਗਾ, ਕੋਈ ਵੀ ਬੰਦਾ ਤੁਹਾਨੂੰ ਨਹੀਂ ਬਚਾ ਸੱਕੇਗਾ।
23 ਜੇ ਕੋਈ ਬੰਦਾ ਧੰਨਵਾਦ ਦਾ ਚੜ੍ਹਾਵਾ ਪ੍ਰਦਾਨ ਕਰਦਾ ਹੈ ਤਾਂ ਉਹ ਮੇਰੇ ਲਈ ਆਦਰ ਦਰਸਾਉਂਦਾ ਹੈ।
ਪਰ ਜੇ ਕੋਈ ਬੰਦਾ ਸਹੀ ਢੰਗ ਨਾਲ ਜਿਉਂਦਾ ਹੈ, ਤਾਂ ਮੈਂ ਉਸ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸਾਵਾਂਗਾ।”
12 ਕਿਉਂ ਕਿ ਮੈਂ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ।
ਤੁਸੀਂ ਸੱਚਮੁੱਚ ਹੀ ਕੁਝ ਬੜੇ ਮੰਦੇ ਕੰਮ ਕੀਤੇ ਹਨ
ਤੁਸੀਂ ਨੇਕੀ ਦੀ ਰਾਹ ਚਲਦੇ ਲੋਕਾਂ ਨੂੰ ਸਤਾਇਆ ਗ਼ਲਤ ਕੰਮਾਂ
ਲਈ ਰਿਸ਼ਵਤ ਲਿੱਤੀ ਅਦਾਲਤ ਵਿੱਚ ਗਰੀਬਾਂ ਦਾ ਹੱਕ ਮਾਰਿਆ।
13 ਉਸ ਵਕਤ ਵਿੱਚ ਸਿਆਣਾ ਮਨੁੱਖ ਚੁੱਪ ਸਾਧ ਲਵੇਗਾ
ਕਿਉਂ ਕਿ ਉਹ ਸਮਾਂ ਬੁਰਾ ਹੈ।
14 ਤੁਸੀਂ ਕਹਿੰਦੇ ਹੋ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ
ਇਸ ਲਈ ਤੁਹਾਨੂੰ ਭੈੜੇ ਕੰਮ ਛੱਡ ਕੇ ਚੰਗੇ ਕੰਮ ਕਰਨੇ ਚਾਹੀਦੇ ਹਨ ਤਾਂ
ਤੁਸੀਂ ਜਿਉਂਦੇ ਰਹੋਂਗੇ ਅਤੇ
ਸਰਬ ਸ਼ਕਤੀਮਾਨ ਯਹੋਵਾਹ ਸਦਾ ਤੁਹਾਡੇ ਅੰਗ-ਸੰਗ ਹੋਵੇਗਾ।
15 ਬੁਰਿਆਈ ਨੂੰ ਤਿਆਗ ਚੰਗਿਆਈ ਨੂੰ ਪਿਆਰ ਕਰੋ ਅਦਾਲਤਾਂ ਵਿੱਚ ਇਨਸਾਫ਼ ਵਾਪਸ ਲਿਆਓ ਸ਼ਾਇਦ ਫਿਰ ਯਹੋਵਾਹ ਸੈਨਾ ਦਾ ਪਰਮੇਸ਼ੁਰ ਯੂਸਫ਼ ਦੇ ਬਚੇ ਘਰਾਣੇ ਤੇ ਮਿਹਰਬਾਨ ਹੋ ਜਾਵੇ।
ਮਹਾਂ ਉਦਾਸੀ ਦਾ ਸਮਾਂ ਆ ਰਿਹਾ ਹੈ
16 ਮੇਰਾ ਪ੍ਰਭੂ, ਸਰਬਸ਼ਕਤੀਮਾਨ ਪਰਮੇਸ਼ੁਰ ਆਖਦਾ ਹੈ,
“ਚੌਁਕਾ ਵਿੱਚ ਲੋਕ ਕੁਰਲਾਉਣਗੇ ਗਲੀਆਂ ਵਿੱਚ
ਉਹ ਚੀਤਕਾਰ ਕਰਣਗੇ ਲੋਕ ਭਾੜੇ ਤੇ ਵੈਣ ਵਾਲਿਆਂ ਨੂੰ ਖਰੀਦਣਗੇ।
17 ਲੋਕ ਅੰਗੂਰਾਂ ਦੇ ਬਾਗ਼ ਵਿੱਚ ਰੋਣ-ਪਿੱਟਣਗੇ
ਕਿਉਂ ਕਿ ਮੈਂ ਉੱਥੋਂ ਦੀ ਲੰਘਦਾ ਤੁਹਾਨੂੰ ਦੰਡ ਦੇਵਾਂਗਾ।”
ਯਹੋਵਾਹ ਨੇ ਇਹ ਕੁਝ ਆਖਿਆ ਹੈ।
18 ਤੁਹਾਡੇ ਵਿੱਚੋਂ ਕੁਝ ਲੋਕ
ਯਹੋਵਾਹ ਦੇ ਨਿਆਂ ਦੇ ਖਾਸ ਦਿਨਾਂ ਨੂੰ ਵੇਖਣਾ ਲੋਚਦੇ
ਹਨ ਭਲਾ ਤੁਸੀਂ ਉਹ ਕਿਉਂ ਵੇਖਣਾ ਚਾਹੁੰਦੇ ਹੋ?
ਯਹੋਵਾਹ ਦਾ ਖਾਸ ਦਿਨ ਰੋਸ਼ਨੀ ਨਹੀਂ ਹਨੇਰਾ ਕਰੇਗਾ।
19 ਤੁਸੀਂ ਉਸ ਮਨੁੱਖ ਵਾਂਗ ਹੋਵੋਂਗੇ ਜੋ ਬੱਬਰ-ਸ਼ੇਰ ਤੋਂ ਬਚ ਜਾਂਦਾ
ਪਰ ਉਸਤੇ ਰਿੱਛ ਹਮਲਾ ਕਰ ਦਿੰਦਾ ਹੈ।
ਤੁਸੀਂ ਅਜਿਹੇ ਮਨੁੱਖ ਵਾਂਗ ਹੋਵੋਂਗੇ ਜੋ ਆਪਣੀ ਹਿਫ਼ਾਜ਼ਤ ਲਈ ਘਰ ’ਚ ਵੜਕੇ,
ਕੰਧ ਤੇ ਝੁਕੇ ਅਤੇ ਸੱਪ ਤੋਂ ਡਸਿਆ ਜਾਵੇ।
20 ਯਹੋਵਾਹ ਦਾ ਖਾਸ ਦਿਨ
ਖੁਸ਼ੀ ਦਾ ਨਹੀਂ ਸੋਗ ਦਾ ਹੋਵੇਗਾ ਹਨੇਰੇ ਦਾ ਨਾ ਕਿ ਰੋਸ਼ਨੀ ਦਾ ਘੁੱਪ ਹਨੇਰ ਦਾ ਜਿਸ ਵਿੱਚ ਕੋਈ ਰੋਸ਼ਨੀ ਦੀ ਲੀਕ ਨਹੀਂ।
ਯਹੋਵਾਹ ਵੱਲੋਂ ਇਸਰਾਏਲ ਦੀ ਉਪਾਸਨਾ ਨੂੰ ਰੱਦ ਕਰਨਾ
21 “ਮੈਂ ਤੁਹਾਡੇ ਪਰਬਾਂ ਨੂੰ ਨਫ਼ਰਤ ਕਰਦਾ ਹਾਂ
ਅਤੇ ਉਨ੍ਹਾਂ ਨੂੰ ਰੱਦ ਕਰਦਾ ਹਾਂ।
ਮੈਂ ਤੁਹਾਡੀਆਂ ਧਾਰਮਿਕ ਸਭਾਵਾਂ ਨੂੰ ਵੀ ਨਹੀਂ ਮਾਣਦਾ।
22 ਭਾਵੇਂ ਤੁਸੀਂ ਮੈਨੂੰ ਹੋਮ ਦੀਆਂ ਭੇਟਾਂ
ਅਤੇ ਅਨਾਜ ਦੀਆਂ ਭੇਟਾ ਚੜ੍ਹਾਵੋ ਮੈਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦਾ।
23 ਆਪਣੇ ਗੀਤ ਮੈਥੋਂ ਦੂਰ ਰੱਖੋ
ਮੈਂ ਤੁਹਾਡੇ ਰਬਾਬਾਂ ਦਾ ਸੰਗੀਤ ਨਾ ਸੁਣਾਂਗਾ।
24 ਤੁਹਾਡੇ ਦੇਸ ਵਿੱਚ ਭਲਾਈ ਨਿਰਛਲ ਪਾਣੀਆਂ ਵਾਂਗ ਵਹਿਣੀ ਚਾਹੀਦੀ ਹੈ
ਅਤੇ ਚੰਗਿਆਈ ਵਗਦੀ ਨਦੀ ਵਾਂਗ ਜਿਹੜੀ ਕਿ ਕਦੇ ਸੁੱਕਦੀ ਨਹੀਂ।
ਪਰਮੇਸ਼ੁਰ ਤੁਹਾਨੂੰ ਜੋ ਦੇਵੇ ਸੋ ਵਰਤੋ(A)
11 ਲੋਕ ਉਨ੍ਹਾਂ ਗੱਲਾਂ ਨੂੰ ਸੁਣ ਰਹੇ ਸਨ ਜੋ ਯਿਸੂ ਨੇ ਉਨ੍ਹਾਂ ਨੂੰ ਆਖੀਆਂ। ਪਰ ਹੁਣ, ਉਹ ਯਰੂਸ਼ਲਮ ਦੇ ਨੇੜੇ ਆ ਗਿਆ, ਇਸ ਲਈ ਕੁਝ ਲੋਕਾਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਜਲਦੀ ਆਵੇਗਾ। 12 ਯਿਸੂ ਜਾਣਦਾ ਸੀ ਕਿ ਲੋਕ ਇੰਝ ਸੋਚ ਰਹੇ ਹਨ ਤਾਂ ਇਸ ਆਧਾਰ ਤੇ ਉਸ ਨੇ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਇੱਕ ਸ਼ਹਿਜ਼ਾਦਾ ਕਿਸੇ ਦੂਰ ਦੇਸ਼ ਜਾਣ ਲਈ ਤਿਆਰ ਹੋ ਰਿਹਾ ਸੀ, ਜਿੱਥੇ ਉਸ ਨੂੰ ਰਾਜਾ ਬਣਾ ਦਿੱਤਾ ਜਾਣਾ ਸੀ ਅਤੇ ਫ਼ੇਰ ਉਸ ਨੇ ਆਪਣੇ ਦੇਸ਼ ਵਾਪਸ ਆਉਣਾ ਸੀ। 13 ਇਸ ਲਈ ਉਸ ਨੇ ਆਪਣੇ ਦਸ ਨੋਕਰਾਂ ਨੂੰ ਇਕੱਠਿਆਂ ਕੀਤਾ। ਉਸ ਨੇ ਹਰ ਇੱਕ ਨੂੰ ਦੌਲਤ ਦਾ ਇੱਕ ਥੈਲਾ ਦਿੱਤਾ। ਅਤੇ ਉਨ੍ਹਾਂ ਨੂੰ ਕਿਹਾ, ‘ਜਦ ਤੱਕ ਮੈਂ ਵਾਪਸ ਮੁੜਾਂ ਤੁਸੀਂ ਇਸ ਧਨ ਨਾਲ ਵਪਾਰ ਕਰਨਾ।’ 14 ਪਰ ਉਸ ਦੇ ਰਾਜ ਵਿੱਚ ਲੋਕਾਂ ਨੇ ਉਸ ਨੂੰ ਨਫ਼ਰਤ ਕੀਤੀ। ਇਸ ਲਈ ਲੋਕਾਂ ਨੇ ਕਾਸਦਾਂ ਦਾ ਇੱਕ ਗੁਟ ਉਸ ਆਦਮੀ ਦੇ ਮਗਰ ਦੂਜੇ ਦੇਸ਼ ਭੇਜਿਆ। ਦੂਜੇ ਦੇਸ਼ ਵਿੱਚ ਜਾਕੇ ਕਾਸਦਾਂ ਦੇ ਹੱਥ ਸੁਨੇਹਾ ਭੇਜਿਆ, ‘ਅਸੀਂ ਉਸ ਨੂੰ ਆਪਣਾ ਰਾਜਾ ਬਨਾਉਣਾ ਨਹੀਂ ਚਾਹੁੰਦੇ।’
15 “ਪਰ ਉਹ ਆਦਮੀ ਰਾਜਾ ਬਣ ਗਿਆ। ਜਦੋਂ ਉਹ ਮੁੜ ਆਇਆ, ਉਸ ਨੇ ਆਖਿਆ, ‘ਉਨ੍ਹਾਂ ਨੋਕਰਾਂ ਨੂੰ ਸੱਦੋ ਜਿਨ੍ਹਾਂ ਨੂੰ ਮੈਂ ਧਨ ਦਿੱਤਾ ਸੀ। ਮੈਂ ਜਾਨਣਾ ਚਾਹੁੰਦਾ ਹਾਂ ਕਿ ਉਸ ਧਨ ਨਾਲ ਉਨ੍ਹਾਂ ਨੇ ਕਿੰਨਾ ਨਫ਼ਾ ਕਮਾਇਆ ਹੈ।’ 16 ਪਹਿਲਾ ਨੋਕਰ ਆਇਆ ਤੇ ਆਖਿਆ, ‘ਮਾਲਕ! ਜੋ ਧਨ ਤੁਸੀਂ ਮੈਨੂੰ ਦੇ ਗਏ ਸੀ, ਉਸ ਨੂੰ ਲਗਾ ਕੇ ਮੈਂ ਦਸ ਗੁਣਾ ਕਰ ਲਿਆ ਹੈ।’ 17 ਬਾਦਸ਼ਾਹ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਤੂੰ ਇੱਕ ਚੰਗਾ ਸੇਵਕ ਹੈ। ਤੂੰ ਇਹ ਸਾਬਤ ਕਰ ਦਿੱਤਾ ਹੈ ਕਿ ਤੂੰ ਛੋਟੀਆਂ ਚੀਜ਼ਾਂ ਵਿੱਚ ਵਿਸ਼ਵਾਸਯੋਗ ਹੈ, ਇਸ ਲਈ ਮੈਂ ਹੁਣ ਤੈਨੂੰ ਦਸ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’
18 “ਦੂਜੇ ਨੇ ਆਖਿਆ, ‘ਮਾਲਕ! ਮੈਂ ਤੁਹਾਡੇ ਇੱਕ ਧਨ ਦੇ ਥੈਲੇ ਨਾਲ ਪੰਜ ਗੁਣਾ ਧਨ ਕਮਾਇਆ ਹੈ।’ 19 ਬਾਦਸ਼ਾਹ ਨੇ ਉਸ ਨੌਕਰ ਨੂੰ ਕਿਹਾ, ‘ਮੈਂ ਤੈਨੂੰ ਪੰਜ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’
20 “ਤਦ ਇੱਕ ਹੋਰ ਨੋਕਰ ਅੰਦਰ ਆਇਆ ਅਤੇ ਉਸ ਨੇ ਆਣਕੇ ਕਿਹਾ, ‘ਸੁਆਮੀ, ਇਹ ਰਿਹਾ ਤੁਹਾਡਾ ਧਨ ਵਾਲਾ ਥੈਲਾ। ਮੈਂ ਇਸ ਨੂੰ ਵੱਡੇ ਕੱਪੜੇ ਵਿੱਚ ਲਪੇਟ ਕੇ ਲੁਕਾ ਦਿੱਤਾ ਸੀ। 21 ਮੈਂ ਤੁਹਾਡੇ ਕੋਲੋਂ ਡਰਦਾ ਸੀ ਕਿਉਂਕਿ ਤੁਸੀਂ ਸਖਤ ਤਬੀਅਤ ਦੇ ਆਦਮੀ ਹੋ। ਤੁਸੀਂ ਉਹ ਧਨ ਲੈਂਦੇ ਹੋ ਜੋ ਤੁਸੀਂ ਕਮਾਇਆ ਨਹੀਂ ਸੀ ਅਤੇ ਜੋ ਬੀਜਿਆ ਨਹੀਂ ਸੀ ਸੋ ਵਢਦੇ ਹੋ।’
22 “ਤਦ ਰਾਜੇ ਨੇ ਨੋਕਰ ਨੂੰ ਆਖਿਆ, ‘ਓ ਦੁਸ਼ਟ ਨੋਕਰ! ਮੈਂ ਤੇਰੇ ਆਪਣੇ ਹੀ ਸ਼ਬਦਾਂ ਨਾਲ ਤੇਰੀ ਨਿਖੇਧੀ ਕਰਾਂਗਾ, ਤੂੰ ਆਖਿਆ ਹੈ ਕਿ ਮੈਂ ਸਖਤ ਦਿਲ ਆਦਮੀ ਹਾਂ ਅਤੇ ਮੈਂ ਉਹ ਧਨ ਲੈਂਦਾ ਹਾਂ ਜੋ ਮੈਂ ਕਮਾਇਆ ਨਹੀਂ ਅਤੇ ਉਹ ਅੰਨ ਲੈ ਲੈਂਦਾ ਹਾਂ ਜੋ ਮੈਂ ਬੀਜਿਆ ਨਹੀਂ। 23 ਜੇਕਰ ਇਹ ਸੱਚ ਹੈ, ਤਾਂ ਤੈਨੂੰ ਮੇਰੇ ਧਨ ਨੂੰ ਸਰਾਫ਼ੇ ਦੀ ਹੱਟੀ ਵਿੱਚ ਰੱਖਣਾ ਚਾਹੀਦਾ ਸੀ, ਤਾਂ ਜੋ ਜਦੋਂ ਮੈਂ ਵਾਪਸ ਪਰਤਦਾ, ਮੈਂ ਆਪਣਾ ਧਨ ਕੁਝ ਬਿਆਜ ਨਾਲ ਪ੍ਰਾਪਤ ਕੀਤਾ ਹੁੰਦਾ।’ 24 ਤਦ ਜਿਹੜੇ ਆਦਮੀ ਖੜ੍ਹੇ ਇਹ ਸਭ ਵੇਖ ਰਹੇ ਸਨ ਉਸ ਨੇ ਉਨ੍ਹਾਂ ਨੂੰ ਕਿਹਾ, ‘ਧਨ ਦਾ ਇਹ ਝੋਲਾ ਇਸ ਨੋਕਰ ਤੋਂ ਲੈ ਲਵੋ ਅਤੇ ਉਸ ਨੋਕਰ ਨੂੰ ਦੇ ਦੇਵੋ ਜਿਸਨੇ ਧਨ ਦੇ ਦਸ ਝੋਲੇ ਕਮਾਏ ਹਨ।’
25 “ਉਨ੍ਹਾਂ ਮਨੁੱਖਾਂ ਨੇ ਰਾਜੇ ਨੂੰ ਕਿਹਾ, ‘ਪਰ ਸੁਆਮੀ! ਉਸ ਆਦਮੀ ਕੋਲ ਤਾਂ ਪਹਿਲਾਂ ਹੀ ਧਨ ਦੇ ਦਸ ਝੋਲੇ ਹਨ।’
26 “ਫ਼ੇਰ ਰਾਜੇ ਨੇ ਆਖਿਆ, ‘ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਉਸ ਨੂੰ ਜਿਸ ਕੋਲ ਹੈ, ਜ਼ਿਆਦਾ ਦਿੱਤਾ ਜਾਵੇਗਾ, ਪਰ ਹਰ ਕੋਈ ਜਿਸ ਕੋਲ ਨਹੀਂ ਹੈ ਜੋ ਉਸ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ। 27 ਹੁਣ ਕਿੱਥੇ ਹਨ ਮੇਰੇ ਵੈਰੀ? ਕਿੱਥੇ ਹਨ ਉਹ ਜੋ ਮੈਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੁੰਦੇ ਸਨ? ਮੇਰੇ ਵੈਰੀਆਂ ਨੂੰ ਇੱਥੇ ਲਿਆਕੇ ਮਾਰ ਸੁੱਟੋ। ‘ਮੈਂ ਉਨ੍ਹਾਂ ਨੂੰ ਮਰਦੇ ਹੋਏ ਵੇਖਾਂਗਾ।’”
2010 by World Bible Translation Center