Revised Common Lectionary (Complementary)
10 ਸਦੂਮ ਦੇ ਆਗੂਓ ਸੁਣੋ ਤੁਸੀਂ, ਯਹੋਵਾਹ ਦੇ ਪੈਗਾਮ ਨੂੰ। ਤੁਸੀਂ, ਅਮੂਰਾਹ ਦੇ ਲੋਕੋ ਯਹੋਵਾਹ ਦੀ ਬਿਵਸਬਾ ਨੂੰ ਸੁਣੋ! 11 ਯਹੋਵਾਹ ਆਖਦਾ ਹੈ, “ਕਿਉਂ ਤੁਸੀਂ ਮੈਨੂੰ ਇਹ ਸਾਰੀਆਂ ਬਲੀਆਂ ਚੜ੍ਹਾਉਂਦੇ ਜਾ ਰਹੇ ਹੋ? ਮੈਂ ਤੁਹਾਡੇ ਭੇਡੂਆਂ ਅਤੇ ਮੋਟੇ-ਤਾਜ਼ੇ ਜਾਨਵਰਾਂ ਦੀਆਂ ਕਾਫੀ ਬਲੀਆਂ ਪ੍ਰਾਪਤ ਕਰ ਚੁੱਕਿਆ ਹ੍ਹਾਂ। ਮੈਨੂੰ ਤੁਹਾਡੀਆਂ ਬੱਕਰੀਆਂ, ਬਲਦਾਂ ਅਤੇ ਭੇਡਾਂ ਦੇ ਖੂਨ ਵਿੱਚ ਪ੍ਰਸੰਨਤਾ ਨਹੀਂ ਮਿਲਦੀ। 12 ਜਦੋਂ ਤੁਸੀਂ ਲੋਕ ਮੈਨੂੰ ਮਿਲਣ ਆਉਂਦੇ ਹੋ ਤਾਂ ਮੇਰੇ ਵਿਹੜੇ ਦੀ ਹਰ ਸ਼ੈਅ ਨੂੰ ਪੈਰਾਂ ਹੇਠਾਂ ਲਿਤਾੜ ਜਾਂਦੇ ਹੋ। ਕਿਸੇ ਨੇ ਤੁਹਾਨੂੰ ਅਜਿਹਾ ਕਰਨ ਲਈ ਆਖਿਆ ਸੀ?
13 “ਮੇਰੇ ਲਈ ਇਹ ਫ਼ਿਜ਼ੂਲ ਬਲੀਆਂ ਨਾ ਲਿਆਉਂਦੇ ਰਹੋ। ਮੈਨੂੰ ਨਫ਼ਰਤ ਹੈ ਉਸ ਧੂਫ਼ ਨਾਲ ਜਿਹੜੀ ਤੁਸੀਂ ਮੈਨੂੰ ਪੇਸ਼ ਕਰਦੇ ਹੋ। ਮੈਂ ਤੁਹਾਡੇ ਨਵੇਂ ਚੰਨ ਸਬਤ ਅਤੇ ਤੁਹਾਡੇ ਹੋਰ ਪਰਬਾਂ ਦੀਆਂ ਦਾਅਵਤਾਂ ਨੂੰ ਨਹੀਂ ਸਹਿਨ ਕਰ ਸੱਕਦਾ। ਮੈਂ ਉਸ ਬਦੀ ਨਾਲ ਨਫ਼ਰਤ ਕਰਦਾ ਹਾਂ ਜਿਹੜੀ ਤੁਸੀਂ ਆਪਣੀਆਂ ਪਵਿੱਤਰ ਮਿਲਣੀਆਂ ਵਿੱਚ ਕਮਾਉਂਦੇ ਹੋ। 14 ਮੈਂ ਪੂਰੇ ਦਿਲੋਂ ਤੁਹਾਡੀ ਮਹੀਨੇਵਾਰ ਮਜਲਿਸਾਂ ਅਤੇ ਸਲਾਹ ਮਸ਼ਵਰਿਆਂ ਨੂੰ ਨਫ਼ਰਤ ਕਰਦਾ ਹਾਂ। ਇਹ ਮਜਲਿਸਾਂ ਹੁਣ ਮੇਰੇ ਲਈ ਭਾਰੀ ਬੋਝ ਬਣ ਗਈਆਂ ਹਨ। ਅਤੇ ਮੈਂ ਇਨ੍ਹਾਂ ਦੇ ਬੋਝ ਨੂੰ ਚੁੱਕਦਾ ਹੋਇਆ ਬਕੱ ਗਿਆ ਹਾਂ।
15 “ਤੁਸੀਂ ਲੋਕ ਹੱਥ ਚੁੱਕ ਕੇ ਮੇਰੇ ਅੱਗੇ ਪ੍ਰਾਰਥਨਾ ਕਰਦੇ ਹੋ-ਪਰ ਮੈਂ ਤੁਹਾਡੇ ਵੱਲ ਦੇਖਣ ਤੋਂ ਇਨਕਾਰ ਕਰਦਾ ਹਾਂ। ਤੁਸੀਂ ਲੋਕ ਹੋਰ-ਹੋਰ ਪ੍ਰਾਰਥਨਾਵਾਂ ਕਰੋਗੇ-ਪਰ ਮੈਂ ਤੁਹਾਨੂੰ ਨਹੀਂ ਸੁਣਾਂਗਾ। ਕਿਉਂਕਿ ਤੁਹਾਡੇ ਹੱਥ ਖੂਨ ਨਾਲ ਭਰੇ ਹੋਏ ਹਨ।
16 “ਹੱਥ ਧੋ ਲਵੋ। ਆਪਣੇ-ਆਪ ਨੂੰ ਸਾਫ਼ ਕਰੋ! ਬੁਰੇ ਕੰਮ ਕਰਨੇ ਛੱਡ ਦਿਓ। ਮੈਂ ਉਨ੍ਹਾਂ ਬੁਰੀਆਂ ਚੀਜ਼ਾਂ ਨੂੰ ਹੋਰ ਨਹੀਂ ਦੇਖਣਾ ਚਾਹੁੰਦਾ। ਬਦੀ ਕਰਨੀ ਛੱਡ ਦਿਓ! 17 ਨੇਕੀ ਕਰਨੀ ਸਿਖੋ। ਹੋਰਾਂ ਲੋਕਾਂ ਨਾਲ ਇਨਸਾਫ਼ ਕਰੋ। ਜਿਹੜੇ ਦੂਸਰਿਆਂ ਨੂੰ ਦੁੱਖ ਦਿੰਦੇ ਹਨ ਉਨ੍ਹਾਂ ਨੂੰ ਸਜ਼ਾ ਦਿਓ। ਯਤੀਮ ਬੱਚਿਆਂ ਦੀ ਸਹਾਇਤਾ ਕਰੋ। ਵਿਧਵਾਵਾਂ ਦੀ ਸਹਾਇਤਾ ਕਰੋ।”
18 ਯਹੋਵਾਹ ਆਖਦਾ ਹੈ, “ਆਓ, ਅਸੀਂ ਇਨ੍ਹਾਂ ਗੱਲਾਂ ਉੱਤੇ ਵਿੱਚਾਰ ਕਰੀਏ। ਤੁਹਾਡੇ ਪਾਪ ਸੂਹੇ ਕੱਪੜੇ ਵਾਂਗ ਲਾਲ ਹਨ, ਪਰ ਉਹ ਧੋਤੇ ਜਾ ਸੱਕਦੇ ਹਨ। ਤੁਸੀਂ ਬਰਫ਼ ਵਾਂਗ ਸਫ਼ੇਦ ਹੋਵੋਗੇ। ਤੁਹਾਡੇ ਪਾਪ ਚਮਕੀਲੇ ਲਾਲ ਹਨ ਪਰ ਤੁਸੀਂ ਉਨ ਵਰਗੇ ਚਿੱਟੇ ਬਣ ਸੱਕਦੇ ਹੋ।
ਦਾਊਦ ਦਾ ਇੱਕ ਭੱਗਤੀ ਗੀਤ।
32 ਬੰਦਾ ਬਹੁਤ ਪ੍ਰਸੰਨ ਹੁੰਦਾ ਹੈ,
ਜਦੋਂ ਉਸ ਦੇ ਪਾਪ ਬਖਸ਼ੇ ਜਾਂਦੇ ਹਨ। ਉਹ ਬੰਦਾ ਬਹੁਤ ਸੁਭਾਗਾ ਹੈ
ਜਦੋਂ ਉਸ ਦੇ ਪਾਪ ਮਿਟਾਏ ਜਾਂਦੇ ਹਨ।
2 ਉਹ ਵਿਅਕਤੀ ਵੜਭਾਗਾ ਹੈ
ਜਿਹੜਾ ਪਰਮੇਸ਼ੁਰ ਦੁਆਰਾ ਨਿਰਦੋਸ਼ ਘੋਸ਼ਿਤ ਕੀਤਾ ਜਾਵੇਗਾ।
ਉਹ ਆਦਮੀ ਬਹੁਤ ਸੁਭਾਗਾ ਹੈ ਜਿਸਨੇ ਆਪਣੇ ਗੁਪਤ ਪਾਪ ਵੀ ਨਹੀਂ ਛੁਪਾਏ।
3 ਹੇ ਪਰਮੇਸ਼ੁਰ, ਮੈਂ ਬਾਰ-ਬਾਰ ਤੁਹਾਨੂੰ ਪ੍ਰਾਰਥਨਾ ਕੀਤੀ,
ਪਰ ਮੈਂ ਆਪਣੇ ਗੁਪਤ ਗੁਨਾਹਾਂ ਬਾਰੇ ਨਹੀਂ ਦੱਸਿਆ।
ਮੈਂ ਹਰ ਸਮੇਂ ਕਮਜ਼ੋਰ ਬਣ ਗਿਆ ਜਦੋਂ ਵੀ ਮੈਂ ਪ੍ਰਾਰਥਨਾ ਕੀਤੀ।
4 ਹੇ ਪਰਮੇਸ਼ੁਰ, ਤੂੰ ਮੇਰੀ ਜ਼ਿੰਦਗੀ ਦਿਨ ਅਤੇ ਰਾਤ, ਸਖਤ ਤੋਂ ਸਖਤਰ ਬਣਾ ਦਿੱਤੀ ਹੈ।
ਮੈਂ ਗਰਮੀ ਦੀ ਝੁਲਸੀ ਤਪਸ਼ ਵਿੱਚ ਸੁੱਕੀ ਜ਼ਮੀਨ ਵਰਗਾ ਬਣ ਗਿਆ ਹਾਂ।
5 ਪਰ ਫ਼ੇਰ ਮੈਂ ਆਪਣੇ ਸਾਰੇ ਗੁਨਾਹਾਂ ਦਾ ਯਹੋਵਾਹ ਸਾਹਮਣੇ ਇਕਰਾਰ ਕਰਨ ਦਾ ਫ਼ੈਸਲਾ ਕੀਤਾ।
ਯਹੋਵਾਹ, ਮੈਂ ਤੁਹਾਨੂੰ ਆਪਣੇ ਗੁਨਾਹਾਂ ਬਾਰੇ ਦੱਸਿਆ।
ਮੈਂ ਤੁਹਾਡੇ ਕੋਲੋਂ ਕੋਈ ਵੀ ਦੋਸ਼ ਨਹੀਂ ਛੁਪਾਇਆ।
ਅਤੇ ਤੁਸੀਂ ਮੈਨੂੰ ਮੇਰੇ ਸਾਰੇ ਗੁਨਾਹਾਂ ਲਈ ਮੁਆਫ਼ ਕਰ ਦਿੱਤਾ।
6 ਇਸੇ ਕਾਰਣ ਹੇ ਪਰਮੇਸ਼ੁਰ, ਤੁਹਾਡੇ ਸਮੂਹ ਅਨੁਯਾਈਆਂ ਨੂੰ ਚਾਹੀਦਾ ਹੈ ਕਿ ਉਹ ਤੁਹਾਡੇ ਅੱਗੇ ਪ੍ਰਾਰਥਨਾ ਕਰਨ।
ਤੁਹਾਡੇ ਅਨੁਯਾਈਆਂ ਨੂੰ ਉਦੋਂ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਮੁਸੀਬਤਾਂ ਹੜ੍ਹ ਵਾਂਗਰਾਂ ਭਿਆਨਕ ਹੋਣ।
7 ਹੇ ਪਰਮੇਸ਼ੁਰ, ਤੁਸੀਂ ਮੇਰੀ ਸ਼ਰਨ ਹੋ।
ਤੁਸੀਂ ਮੇਰੀਆਂ ਮੁਸੀਬਤਾਂ ਵਿੱਚ ਮੇਰੀ ਰੱਖਿਆ ਕਰਦੇ ਹੋ।
ਤੂੰ ਮੈਨੂੰ ਘੇਰ ਅਤੇ ਮੇਰੀ ਰੱਖਿਆ ਕਰ।
ਇਸ ਲਈ ਮੈਂ ਉਸ ਬਾਰੇ ਗਾਉਂਦਾ ਜਿਵੇਂ ਤੁਸੀਂ ਮੈਨੂੰ ਬਚਾਇਆ।
1 ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਸ਼ੁਭਕਾਮਾਨਾਵਾਂ ਤੁਸੀਂ ਲੋਕ ਪਰਮੇਸ਼ੁਰ, ਸਾਡੇ ਪਿਤਾ, ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੋ।
2 ਪਰਮੇਸ਼ੁਰ, ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਡੇ ਤੇ ਕਿਰਪਾ ਅਤੇ ਸ਼ਾਂਤੀ ਹੋਵੇ।
3 ਭਰਾਵੋ ਅਤੇ ਭੈਣੋ, ਅਸੀਂ ਤੁਹਾਡੇ ਲਈ ਹਮੇਸ਼ਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਅਤੇ ਸਾਨੂੰ ਇਹ ਕਰਨਾ ਚਾਹੀਦਾ ਹੈ ਕਿਉਂ ਕਿ ਸਾਡੇ ਲਈ ਇਹ ਠੀਕ ਹੈ ਕਿਉਂਕਿ ਤੁਹਾਡਾ ਵਿਸ਼ਵਾਸ ਵੱਧ-ਫ਼ੁੱਲ ਰਿਹਾ ਹੈ ਅਤੇ ਉਹ ਪਿਆਰ ਜਿਹੜਾ ਤੁਹਾਡੇ ਵਿੱਚੋਂ ਹਰ ਕੋਈ ਇੱਕ ਦੂਸਰੇ ਨੂੰ ਕਰਦਾ ਹੈ, ਉਹ ਵੀ ਵੱਧ-ਫ਼ੁੱਲ ਰਿਹਾ ਹੈ। 4 ਇਸ ਲਈ ਅਸੀਂ ਪਰਮੇਸ਼ੁਰ ਦੀਆਂ ਕਲੀਸਿਆਵਾਂ ਵਿੱਚ ਘਮੰਡ ਕਰਦੇ ਹਾਂ ਕਿ ਤੁਸੀਂ ਕਿਵੇਂ ਤਕੜੇ ਰਹਿੰਦੇ ਹੋ ਅਤੇ ਨਿਹਚਾ ਰੱਖਦੇ ਹੋ। ਤੁਸੀਂ ਸਤਾਏ ਜਾ ਰਹੋ ਹੋ। ਅਤੇ ਤੁਸੀਂ ਬਹੁਤ ਸਾਰੀਆਂ ਮੁਸ਼ਕਿਲਾਂ ਰਾਹੀਂ ਲੰਘ ਰਹੇ ਹੋ ਪਰ ਤੁਸੀਂ ਤਕੜੇ ਰਹੋ ਅਤੇ ਵਿਸ਼ਵਾਸ ਰੱਖੋ।
11 ਇਸ ਲਈ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ। ਅਸੀਂ ਆਪਣੇ ਪਰਮੇਸ਼ੁਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਚੰਗੇ ਢੰਗ ਨਾਲ ਜਿਉਣ ਵਿੱਚ ਤੁਹਾਡੀ ਮਦਦ ਕਰੇ, ਜਿਸ ਨੂੰ ਜਿਉਣ ਵਾਸਤੇ ਉਸ ਨੇ ਤੁਹਾਨੂੰ ਸੱਦਿਆ ਹੈ। ਤੁਹਾਡੇ ਅੰਦਰ ਦੀ ਚੰਗਿਆਈ ਤੁਹਾਨੂੰ ਚੰਗਾ ਕਰਨ ਲਈ ਹੌਂਸਲਾ ਦਿੰਦੀ ਹੈ ਅਤੇ ਤੁਹਾਡਾ ਵਿਸ਼ਵਾਸ ਤੁਹਾਡੇ ਪਾਸੋਂ ਕੰਮ ਕਰਵਾਉਂਦਾ ਹੈ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਤੁਹਾਨੂੰ ਆਪਣੀ ਸ਼ਕਤੀ ਨਾਲ ਇਨ੍ਹਾਂ ਗੱਲਾਂ ਨੂੰ ਹੋਰ ਵੱਧੇਰੇ ਕਰਨ ਵਿੱਚ ਸਹਾਈ ਹੋਵੇਗਾ। 12 ਅਸੀਂ ਇਨ੍ਹਾਂ ਸਭ ਗੱਲਾਂ ਲਈ ਇਸ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਤੁਹਾਡੇ ਵਿੱਚ ਮਹਿਮਾ ਮਈ ਹੋ ਸੱਕੇ ਅਤੇ ਤੁਸੀਂ ਉਸ ਵਿੱਚ ਮਹਿਮਾ ਹਾਸਿਲ ਕਰ ਸੱਕਦੇ ਹੋ। ਇਹ ਮਹਿਮਾ ਸਾਡੇ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਵੱਲੋਂ ਆਉਂਦੀ ਹੈ।
ਜ਼ੱਕੀ
19 ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਸੀ। 2 ਯਰੀਹੋ ਵਿੱਚ ਜ਼ੱਕੀ ਨਾਂ ਦਾ ਇੱਕ ਆਦਮੀ ਸੀ, ਉਹ ਇੱਕ ਅਮੀਰ ਅਤੇ ਪ੍ਰਧਾਨ ਮਸੂਲੀਆ ਸੀ। 3 ਉਹ ਵੇਖਣਾ ਚਾਹੁੰਦਾ ਸੀ ਕਿ ਇਹ ਯਿਸੂ ਕੌਣ ਹੈ? ਹੋਰ ਵੀ ਬੜੇ ਲੋਕ ਉੱਥੇ ਸਨ ਜਿਹੜੇ ਕਿ ਉਸ ਨੂੰ ਵੇਖਣਾ ਚਾਹੁੰਦੇ ਸਨ। ਕਿਉਂਕਿ ਜ਼ੱਕੀ ਮਧਰਾ ਸੀ, ਉਹ ਭੀੜ ਵਿੱਚ ਯਿਸੂ ਨੂੰ ਨਾ ਵੇਖ ਸੱਕਿਆ। 4 ਇਸ ਲਈ ਉਹ ਰਾਹ ਦੇ ਉਸ ਹਿੱਸੇ ਵੱਲ ਅੱਗੇ ਨੱਸਿਆ ਜਿੱਧਰੋਂ ਯਿਸੂ ਆ ਰਿਹਾ ਸੀ। ਫ਼ਿਰ ਉਹ ਉਸ ਨੂੰ ਵੇਖਣ ਲਈ ਗੁੱਲਰ ਦੇ ਰੁੱਖ ਤੇ ਚੜ੍ਹ੍ਹ ਗਿਆ।
5 ਜਦੋਂ ਯਿਸੂ ਉਸ ਥਾਵੇਂ ਅੱਪੜਿਆ, ਉਸ ਉੱਪਰ ਤੱਕਿਆ ਅਤੇ ਜ਼ੱਕੀ ਨੂੰ ਰੁੱਖ ਉੱਤੇ ਵੇਖਿਆ। ਯਿਸੂ ਨੇ ਉਸ ਨੂੰ ਆਖਿਆ, “ਜ਼ੱਕੀ, ਜਲਦੀ ਹੇਠਾਂ ਉੱਤਰ ਆ! ਅੱਜ ਮੈਂ ਤੇਰੇ ਘਰ ਰੁਕਣਾ ਹੈ।”
6 ਜ਼ੱਕੀ ਫ਼ਟਾਫ਼ਟ ਹੇਠਾਂ ਉੱਤਰਿਆ ਅਤੇ ਉਸ ਨੇ ਖੁਸ਼ੀ ਨਾਲ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ। 7 ਸਭ ਲੋਕਾਂ ਨੇ ਇਹ ਨਜ਼ਾਰਾ ਵੇਖਿਆ ਅਤੇ ਉਹ ਸ਼ਿਕਾਇਤ ਕਰਨ ਲੱਗੇ, “ਵੇਖੋ! ਯਿਸੂ ਇੱਕ ਪਾਪੀ ਦੇ ਘਰ ਠਹਿਰਣ ਗਿਆ ਹੈ।”
8 ਪਰ ਜ਼ੱਕੀ ਉੱਪਰ ਉੱਠਿਆ ਅਤੇ ਆਖਿਆ, “ਪ੍ਰਭੂ, ਮੈਂ ਆਪਣਾ ਅੱਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਲ ਧੋਖਾ ਕਰਾਂ ਤਾਂ ਉਸਦਾ ਚੌਗੁਣਾ ਉਸ ਮਨੁੱਖ ਨੂੰ ਮੋੜਾਂਗਾ।”
9 ਯਿਸੂ ਨੇ ਕਿਹਾ, “ਅੱਜ, ਇਸ ਖਾਨਦਾਨ ਲਈ ਮੁਕਤੀ ਆਈ ਹੈ। ਕਿਉਂਕਿ ਇਹ ਮਸੂਲੀਆਂ ਵੀ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਹੈ। 10 ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।”
2010 by World Bible Translation Center