Revised Common Lectionary (Complementary)
8 ਯਹੋਵਾਹ ਸਰਬ ਸ਼ਕਤੀਮਾਨ ਮੇਰੀ ਪ੍ਰਾਰਥਨਾ ਸੁਣੋ।
ਯਾਕੂਬ ਦੇ ਪਰਮੇਸ਼ੁਰ, ਮੇਰੀ ਗੱਲ ਸੁਣੋ।
9 ਹੇ ਪਰਮੇਸ਼ੁਰ ਸਾਡੇ ਰੱਖਿਅਕ ਦੀ ਰੱਖਿਆ ਕਰੋ।
ਆਪਣੇ ਚੁਣੇ ਹੋਏ ਰਾਜੇ ਉੱਤੇ ਮਿਹਰ ਕਰੋ।
10 ਤੁਹਾਡੇ ਮੰਦਰ ਵਿੱਚਲਾ ਇੱਕ ਵੀ ਦਿਨ
ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ।
ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜ੍ਹੇ ਹੋਣਾ
ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
11 ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ।
ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ
ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
12 ਯਹੋਵਾਹ ਸਰਬ ਸ਼ਕਤੀਮਾਨ ਜਿਹੜੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਨ ਉਹ ਸੱਚਮੁੱਚ ਪ੍ਰਸੰਨ ਹਨ।
ਹੰਨਾਹ ਦਾ ਧੰਨਵਾਦ ਦਾ ਗੀਤ
2 ਹੰਨਾਹ ਨੇ ਆਖਿਆ:
“ਮੇਰਾ ਦਿਲ ਯਹੋਵਾਹ ਤੋਂ ਬਹੁਤ ਪ੍ਰਸੰਨ ਹੈ!
ਮੈਂ ਯਹੋਵਾਹ ਵਿੱਚ ਬਹੁਤ ਤਕੜਾ ਮਹਿਸੂਸ ਕਰਦੀ ਹਾਂ।
ਮੈਂ ਬਹੁਤ ਖੁਸ਼ ਹਾਂ ਕਿਉਂਕਿ ਤੂੰ ਮੇਰੀ ਮਦਦ ਕੀਤੀ
ਅਤੇ ਮੈਂ ਆਪਣੇ ਦੁਸ਼ਮਣਾ ਉੱਤੇ ਹੱਸਦੀ ਹਾਂ! [a]
2 ਯਹੋਵਾਹ ਵਰਗਾ ਪਵਿੱਤਰ ਹੋਰ ਕੋਈ ਨਹੀਂ ਹੈ,
ਤੇਰੇ ਸਿਵਾਏ ਹੋਰ ਕੋਈ ਦੂਜਾ ਪਰਮੇਸ਼ੁਰ ਨਹੀਂ ਹੈ!
ਸਾਡੇ ਪਰਮੇਸ਼ੁਰ ਵਰਗੀ ਕੋਈ ਚੱਟਾਨ ਹੋਰ ਨਹੀਂ।
3 ਏਡੇ ਹੰਕਾਰ ਦੀਆਂ ਗੱਲਾਂ ਨਾ ਆਖ!
ਏਡੇ ਆਕੜ ਦੀ ਗੱਲ ਮੂੰਹੋਂ ਨਾ ਕੱਢ!
ਕਿਉਂਕਿ ਯਹੋਵਾਹ ਪਰਮੇਸ਼ੁਰ ਜਾਨੀ-ਜਾਨ ਹੈ।
ਉਹ ਸਭ ਕਰਤਾ ਅਤੇ ਚਾਲਕ ਸਭ ਦਾ ਨਿਆਂ ਕਰਦਾ ਹੈ।
4 ਤਾਕਤਵਰ ਯੋਧਿਆਂ ਦੇ ਧਨੁੱਖ ਟੁੱਟ ਗਏ ਹਨ
ਅਤੇ ਕਮਜ਼ੋਰ ਲੋਕ ਬਲਵਾਨ ਹੋ ਗਏ ਹਨ।
5 ਜਿਨ੍ਹਾਂ ਲੋਕਾਂ ਕੋਲ ਅਤੀਤ ਵਿੱਚ ਢੇਰ ਸਾਰਾ ਭੋਜਨ ਸੀ,
ਹੁਣ ਉਨ੍ਹਾਂ ਨੂੰ ਆਪਣੇ ਭੋਜਨ ਲਈ ਕੰਮ ਕਰਨਾ ਪਵੇਗਾ।
ਪਰ ਜਿਨ੍ਹਾਂ ਨੇ ਅਤੀਤ ਵਿੱਚ ਭੁੱਖ ਕੱਟੀ ਹੈ ਹੁਣ ਪੂਰਨ ਭੋਜਨ ਖਾ ਰਹੇ ਹਨ।
ਜਿਹੜੀ ਔਰਤ ਬੱਚੇ ਨਾ ਜਣ ਸੱਕੀ ਹੁਣ ਉਸ ਕੋਲ ਸੱਤ ਬੱਚੇ ਹਨ,
ਪਰ ਜਿਸ ਔਰਤ ਕੋਲ ਅਨੇਕਾਂ ਬੱਚੇ
ਸਨ ਹੁਣ ਉਦਾਸ ਅਤੇ ਦੁੱਖੀ ਹੈ।
6 ਯਹੋਵਾਹ ਲੋਕਾਂ ਲਈ ਮੌਤ ਲਿਆਉਂਦਾ
ਅਤੇ ਉਹ ਉਨ੍ਹਾਂ ਨੂੰ ਜਿਉਣ ਦਿੰਦਾ।
ਯਹੋਵਾਹ ਹੀ ਲੋਕਾਂ ਨੂੰ ਕਬਰ ਵਿੱਚ ਭੇਜਦਾ
ਅਤੇ ਫ਼ੇਰ ਤੋਂ ਜੀਵਨ ਵੱਲ ਉਭਾਰਦਾ ਹੈ।
7 ਯਹੋਵਾਹ ਕੁਝ ਲੋਕਾਂ ਨੂੰ ਗਰੀਬ ਬਨਾਉਂਦਾ
ਅਤੇ ਉਹ ਕਈਆਂ ਨੂੰ ਅਮੀਰ ਬਣਾਉਂਦਾ ਹੈ।
ਉਹ ਕੁਝ ਲੋਕਾਂ ਨੂੰ ਨੀਵਾਂ ਕਰਦਾ ਹੈ
ਅਤੇ ਕੁਝ ਲੋਕਾਂ ਨੂੰ ਆਪਣੇ ਸਮੇਂ ਵਿੱਚ ਉੱਚਾ ਚੁੱਕਦਾ ਹੈ।
8 ਗਰੀਬਾਂ ਨੂੰ ਯਹੋਵਾਹ ਜ਼ਮੀਨ ਤੋਂ ਚੁੱਕਦਾ ਹੈ।
ਉਹ ਗਰੀਬ ਲੋਕਾਂ ਨੂੰ ਸੁਆਹ ਦੀ ਢੇਰੀ ਤੋਂ ਚੁੱਕਦਾ ਹੈ।
ਉਹ ਗਰੀਬਾਂ ਨੂੰ ਸ਼ਹਿਜ਼ਾਦਿਆਂ ਨਾਲ
ਅਤੇ ਇੱਜ਼ਤਦਾਰ ਜਗ਼੍ਹਾਵਾਂ ਉੱਤੇ ਬਿਠਾਉਂਦਾ ਹੈ।
ਯਹੋਵਾਹ ਨੇ ਸਾਰੀ ਦੁਨੀਆਂ ਨੂੰ ਸਾਜਿਆ!
ਸਾਰੀ ਦੁਨਿਆਂ ਉਸਦੀ ਹੈ।
9 ਯਹੋਵਾਹ ਆਪਣੇ ਪਵਿੱਤਰ ਲੋਕਾਂ ਦੀ ਰੱਖਿਆ ਕਰਦਾ ਹੈ
ਉਹ ਉਨ੍ਹਾਂ ਨੂੰ ਲੜਖੜ੍ਹਾਉਣ ਤੋਂ ਬਚਾਉਂਦਾ ਹੈ
ਪਰ ਦੁਸ਼ਟ ਮਾਰੇ ਜਾਣਗੇ ਉਹ ਹਨੇਰੇ
ਵਿੱਚ ਸੁੱਟੇ ਜਾਣਗੇ ਉਨ੍ਹਾਂ ਦੀ ਤਾਕਤ ਉਨ੍ਹਾਂ ਨੂੰ ਜੇਤੂ ਨਾ ਕਰ ਸੱਕੇਗੀ।
10 ਯਹੋਵਾਹ ਆਪਣੇ ਵੈਰਿਆਂ ਦਾ ਨਾਸ਼ ਕਰਦਾ ਹੈ,
ਅੱਤ ਉੱਚ ਪਰਮੇਸ਼ੁਰ ਆਕਾਸ਼ ਵੱਲੋਂ ਉਨ੍ਹਾਂ ਉੱਤੇ ਗਰਜੇਗਾ।
ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਉਂ ਕਰੇਗਾ ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ
ਉਹ ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇਗਾ
ਉਹ ਆਪਣੇ ਪਾਤਸ਼ਾਹ ਨੂੰ ਖਾਸ ਮਸੀਹ ਦੀ ਤਾਕਤ ਉੱਤੇ ਜ਼ੋਰ ਨੂੰ ਖਾਸਾ ਉੱਚਾ ਕਰੇਗਾ।”
ਮਸੀਹੀਆਂ ਵਜੋਂ ਦੁੱਖ ਭੋਗਣਾ
12 ਮੇਰੇ ਮਿੱਤਰੋ, ਉਨ੍ਹਾਂ ਦੁੱਖ ਭਰੇ ਤਸੀਹਿਆਂ ਤੇ ਹੈਰਾਨ ਨਾ ਹੋਵੋ ਜਿਹੜੇ ਤੁਸੀਂ ਭੋਗ ਰਹੇ ਹੋਂ, ਕਿਉਂਕਿ ਇਹ ਤਸੀਹੇ ਤੁਹਾਡੀ ਨਿਹਚਾ ਦੀ ਪਰੱਖ ਕਰਨ ਲਈ ਹਨ। ਇਹ ਨਾ ਸੋਚੋ ਕਿ ਤੁਹਾਡੇ ਨਾਲ ਕੁਝ ਅਜੀਬ ਵਾਪਰ ਰਿਹਾ ਹੈ। 13 ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਮਸੀਹ ਦੇ ਤਸੀਹਿਆਂ ਵਿੱਚ ਸ਼ਰੀਕ ਹੋ ਰਹੇ ਹੋ ਤਾਂ ਜੋ ਜਦੋਂ ਉਹ ਮਹਿਮਾ ਵਿੱਚ ਆਵੇ ਤਾਂ, ਤੁਸੀਂ ਖੁਸ਼ ਅਤੇ ਆਨੰਦਿਤ ਹੋਵੋਂਗੇ। 14 ਜੇ ਕੋਈ ਮਸੀਹ ਦੇ ਚੇਲੇ ਹੋਣ ਕਾਰਣ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਖੁਸ਼ ਹੋਵੋ। ਕਿਉਂਕਿ ਮਹਿਮਾ ਦਾ ਆਤਮਾ, ਜੋ ਕਿ ਪਰਮੇਸ਼ੁਰ ਦਾ ਆਤਮਾ ਹੈ, ਤੁਹਾਡੇ ਨਾਲ ਹੈ। 15 ਜੇਕਰ ਤੁਸੀਂ ਤਸੀਹੇ ਸਹਿੰਦੇ ਹੋ, ਤਾਂ ਇਹ ਗੱਲ ਯਕੀਨੀ ਬਣਾਓ ਕਿ ਇਹ ਕਾਤਿਲ ਹੋਣ ਵਾਸਤੇ ਜਾਂ ਚੋਰ, ਜਾਂ ਬਦੀ ਕਰਨ ਵਾਲੇ ਵਾਸਤੇ ਨਹੀਂ ਜਾਂ ਉਸ ਵਾਸਤੇ ਨਹੀਂ ਹਨ ਜਿਹੜਾ ਬਿਨ ਬੁਲਾਇਆਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਵਿੱਚ ਦਖਲ ਦਿੰਦਾ ਹੈ। 16 ਪਰ ਜੇ ਤੁਸੀਂ ਇੱਕ ਮਸੀਹੀ ਹੋਣ ਕਰਕੇ ਤਸੀਹੇ ਝੱਲਦੇ ਹੋ ਤਾਂ ਸ਼ਰਮਿੰਦਗੀ ਮਹਿਸੂਸ ਨਾ ਕਰੋ, ਸਗੋਂ ਤੁਹਾਨੂੰ ਉਸ ਨਾਂ ਵਾਸਤੇ ਪਰਮੇਸ਼ੁਰ ਦੀ ਉਸਤਤਿ ਕਰਨੀ ਚਾਹੀਦੀ ਹੈ। 17 ਨਿਆਂ ਦੀ ਘੜੀ ਆ ਚੁੱਕੀ ਹੈ ਅਤੇ ਇਹ ਨਿਆਂ ਪਰਮੇਸ਼ੁਰ ਦੇ ਪਰਿਵਾਰ ਨਾਲ ਆਰੰਭ ਹੋਵੇਗਾ। ਜੇਕਰ ਇਹ ਸਾਡੇ ਨਾਲ ਸ਼ੁਰੂ ਹੋਣ ਵਾਲਾ ਹੈ, ਤਾਂ ਉਨ੍ਹਾਂ ਲੋਕਾਂ ਨਾਲ ਕੀ ਵਾਪਰੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ?
18 “ਅਤੇ ਜੇਕਰ ਇੱਕ ਨੇਕ ਆਦਮੀ ਲਈ ਬਚਣਾ ਇੰਨਾ ਹੀ ਔਖਾ ਹੈ,
ਉਸ ਵਿਅਕਤੀ ਨਾਲ ਕੀ ਵਾਪਰੇਗਾ ਜਿਹੜਾ ਪਰਮੇਸ਼ੁਰ ਦੇ ਖਿਲਾਫ਼ ਹੈ ਅਤੇ ਪਾਪੀ ਹੈ।” (A)
19 ਇਸ ਲਈ ਜਿਹਾੜੇ ਲੋਕ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਤਸੀਹੇ ਝੱਲਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸੌਂਪ ਦੇਣਾ ਚਾਹੀਦਾ ਹੈ। ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਦੀ ਸਾਜਨਾ ਕੀਤੀ ਹੈ ਅਤੇ ਜਿਸਤੇ ਭਰੋਸਾ ਕੀਤਾ ਜਾ ਸੱਕਦਾ ਹੈ। ਇਸ ਲਈ ਉਨ੍ਹਾਂ ਨੂੰ ਚੰਗੀਆਂ ਕਰਨੀਆਂ ਕਰਦੇ ਰਹਿਣਾ ਚਾਹੀਦਾ ਹੈ।
2010 by World Bible Translation Center