Revised Common Lectionary (Complementary)
ਨਿਰਦੇਸ਼ਕ ਲਈ: ਗਿੱਤੀਥ ਦੀ ਸੰਗਤ ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।
84 ਸਰਬ ਸ਼ਕਤੀਮਾਨ ਯਹੋਵਾਹ, ਤੁਹਾਡਾ ਮੰਦਰ ਸੱਚਮੁੱਚ ਹੀ ਪਿਆਰਾ ਹੈ।
2 ਯਹੋਵਾਹ, ਮੈਂ ਤੁਹਾਡੇ ਮੰਦਰ ਵਿੱਚ ਦਾਖਲ ਹੋਣ ਲਈ ਹੋਰ ਵੱਧੇਰੇ ਇੰਤਜ਼ਾਰ ਨਹੀਂ ਕਰ ਸੱਕਦਾ।
ਮੈਂ ਇੰਨਾ ਉਤਸਾਹਿਤ ਹਾਂ।
ਮੇਰੇ ਸ਼ਰੀਰ ਦਾ ਰੋਮ-ਰੋਮ ਜਿਉਂਦੇ ਪਰਮੇਸ਼ੁਰ ਦਾ ਸੰਗ ਚਾਹੁੰਦਾ ਹੈ।
3 ਯਹੋਵਾਹ ਸਰਬ ਸ਼ਕਤੀਮਾਨ, ਮੇਰੇ ਰਾਜੇ, ਮੇਰੇ ਪਰਮੇਸ਼ੁਰ,
ਪੰਛੀਆਂ ਨੇ ਵੀ ਤੇਰੇ ਮੰਦਰ ਵਿੱਚ ਘਰ ਬਣਾ ਲਿਆ ਹੈ।
ਉਹ ਤੁਹਾਡੀ ਜਗਵੇਦੀ ਨੇੜੇ ਆਪਣੇ ਆਲ੍ਹਣੇ ਬਣਾਉਂਦੇ ਹਨ
ਅਤੇ ਉੱਥੇ ਹੀ ਉਹ ਆਪਣੇ ਬੱਚੇ ਪੈਦਾ ਕਰਦੇ ਹਨ।
4 ਤੁਹਾਡੇ ਮੰਦਰ ਵਿੱਚ ਰਹਿਣ ਵਾਲੇ ਲੋਕ ਬਹੁਤ ਸੁਭਾਗੇ ਹਨ।
ਉਹ ਹਾਲੇ ਵੀ ਤੁਹਾਡੀ ਉਸਤਤਿ ਕਰ ਰਹੇ ਹਨ।
5 ਦਿਲਾਂ ਅੰਦਰ ਗੀਤ ਲੈ ਕੇ ਆਉਣ ਵਾਲੇ ਲੋਕ
ਤੁਹਾਡੇ ਮੰਦਰ ਵਿੱਚ ਬਹੁਤ ਖੁਸ਼ ਹਨ।
6 ਉਹ ਬਾਕਾ ਵਾਦੀ ਵਿੱਚੋਂ ਦੀ ਸਫ਼ਰ ਕਰਦੇ ਹਨ
ਜਿਹੜੀ ਪਰਮੇਸ਼ੁਰ ਨੇ ਚਸ਼ਮੇ ਵਾਂਗ ਬਣਾਈ ਹੈ।
ਪਤਝੜ ਦੀ ਵਰੱਖਾ ਪਾਣੀ ਦੇ ਤਲਾ ਬਣਾਉਂਦੀ ਹੈ।
7 ਉਹ ਲੋਕੀਂ ਸੀਯੋਨ ਵੱਲ ਜਾਂਦੇ ਆਪਣੇ ਰਾਹ ਉੱਤੇ ਸ਼ਹਿਰੋਂ-ਸ਼ਹਿਰ ਸਫ਼ਰ ਕਰਦੇ ਹਨ
ਜਿੱਥੇ ਉਹ ਆਪਣੇ ਪਰਮੇਸ਼ੁਰ ਨੂੰ ਮਿਲਣਗੇ।
ਸੋਕਾ ਅਤੇ ਝੂਠੇ ਨਬੀ
14 ਇਹ ਸੰਦੇਸ਼ ਯਿਰਮਿਯਾਹ ਨੂੰ ਯਹੋਵਾਹ ਵੱਲੋਂ, ਅਕਾਲ ਬਾਰੇ ਹੈ:
2 “ਯਹੂਦਾਹ ਦੀ ਕੌਮ ਉਨ੍ਹਾਂ ਲੋਕਾਂ ਲਈ ਰੋਦੀ ਹੈ, ਜੋ ਮਰ ਗਏ ਨੇ।
ਯਹੂਦਾਹ ਦੇ ਸ਼ਹਿਰਾਂ ਦੇ ਲੋਕ ਕਮਜ਼ੋਰ ਤੋਂ ਕਮਜ਼ੋਰ ਹੋਈ ਜਾਂਦੇ ਨੇ।
ਉਹ ਲੋਕ ਧਰਤੀ ਉੱਤੇ ਲੇਟ ਜਾਂਦੇ ਨੇ।
ਯਰੂਸ਼ਲਮ ਦੇ ਲੋਕ ਪਰਮੇਸ਼ੁਰ ਅੱਗੇ ਸਹਾਇਤਾ ਲਈ ਪੁਕਾਰ ਕਰਦੇ ਨੇ।
3 ਲੋਕਾਂ ਦੇ ਆਗੂ ਆਪਣੇ ਸੇਵਕਾਂ ਨੂੰ ਪਾਣੀ ਲਿਆਉਣ ਲਈ ਭੇਜਦੇ ਨੇ।
ਸੇਵਕ ਪਾਣੀ ਦੇ ਭੰਡਾਰਾਂ ਵੱਲ ਜਾਂਦੇ ਨੇ, ਪਰ ਉਨ੍ਹਾਂ ਨੂੰ ਪਾਣੀ ਨਹੀਂ ਮਿਲਦਾ।
ਉਹ ਖਾਲੀ ਘੜਿਆਂ ਨਾਲ ਵਾਪਸ ਆ ਜਾਂਦੇ ਹਨ।
ਉਹ ਇਸੇ ਲਈ ਸ਼ਰਮਿੰਦੇ ਅਤੇ ਸੰਕੇਚੋ ਹੋਏ ਨੇ।
ਉਹ ਸ਼ਰਮ ਨਾਲ ਆਪਣੇ ਸਿਰ ਢੱਕ ਲੈਂਦੇ ਨੇ।
4 ਕੋਈ ਵੀ ਬੰਦਾ ਧਰਤੀ ਨੂੰ ਫ਼ਸਲਾਂ ਲਈ ਤਿਆਰ ਨਹੀਂ
ਕਰਦਾ ਧਰਤੀ ਉੱਤੇ ਵਰੱਖਾ ਨਹੀਂ ਪੈਂਦੀ।
ਕਿਸਾਨ ਨਿਰਾਸ਼ ਹਨ।
ਇਸੇ ਲਈ ਉਹ ਸ਼ਰਮ ਨਾਲ ਆਪਣੇ ਸਿਰ ਢੱਕਦੇ ਨੇ।
5 ਖੇਤਾਂ ਦੀ ਹਿਰਨੀ ਵੀ ਆਪਣੇ ਨਵ-ਜਨਮੇ ਬੱਚੇ ਨੂੰ ਇੱਕਲਿਆਂ ਛੱਡ ਦਿੰਦੀ ਹੈ।
ਉਹ ਅਜਿਹਾ ਇਸ ਲਈ ਕਰਦੀ ਹੈ ਕਿ ਓੱਥੇ ਘਾਹ ਨਹੀਂ ਹੈ।
6 ਅਵਾਰਾ ਖੋਤੇ ਨੰਗੀਆਂ ਪਹਾੜੀਆਂ ਉੱਤੇ ਖਲੋਤੇ ਨੇ।
ਉਹ ਹਵਾ ਨੂੰ ਗਿਦ੍ਦੜਾਂ ਵਾਂਗ ਸੁੰਘਦੇ ਨੇ।
ਪਰ ਉਨ੍ਹਾਂ ਦੀਆਂ ਅੱਖਾਂ ਕੋਈ ਭੋਜਨ ਨਹੀਂ ਲੱਭ ਸੱਕਦੀਆਂ,
ਕਿਉਂ ਕਿ ਓੱਥੇ ਖਾਣ ਵਾਸਤੇ ਕੋਈ ਪੌਦੇ ਨਹੀਂ ਹਨ।”
ਮਰਿਯਮ ਪਰਮੇਸ਼ੁਰ ਦੀ ਉਸਤਤਿ ਕਰਦੀ ਹੈ
46 ਤਾਂ ਮਰਿਯਮ ਨੇ ਕਿਹਾ,
47 “ਮੇਰਾ ਆਤਮਾ ਪ੍ਰਭੂ ਦੀ ਉਸਤਤਿ ਕਰਦਾ ਹੈ
ਮੇਰਾ ਦਿਲ ਬੜਾ ਖੁਸ਼ ਹੈ ਕਿਉਂਕਿ ਪਰਮੇਸ਼ੁਰ ਮੇਰਾ ਮੁਕਤੀਦਾਤਾ ਹੈ।
48 ਉਸ ਨੇ ਆਪਣੀ ਦੀਨ ਦਾਸੀ
ਵੱਲ ਆਪਣਾ ਧਿਆਨ ਦਿੱਤਾ ਹੈ।
ਹਾਂ, ਹੁਣ ਤੋਂ ਸਭ
ਮੈਨੂੰ ਧੰਨ ਆਖਣਗੇ,
49 ਕਿਉਂਕਿ, ਇਸ ਸਰਬ ਸ਼ਕਤੀਮਾਨ ਨੇ ਮੇਰੇ ਲਈ ਮਹਾਨ ਕਾਰਜ ਕੀਤੇ ਹਨ
ਅਤੇ ਉਸਦਾ ਨਾਮ ਪਵਿੱਤਰ ਹੈ।
50 ਜਿਹੜੇ ਲੋਕ ਉਸਤੋਂ ਡਰਦੇ ਹਨ ਉਹ ਉਨ੍ਹਾਂ ਤੇ,
ਅਤੇ ਉਨ੍ਹਾਂ ਦੀਆਂ ਉਲਾਦਾਂ ਤੇ ਮਿਹਰਬਾਨ ਹੁੰਦਾ ਹੈ।
51 ਉਸ ਨੇ ਆਪਣੀਆਂ ਬਾਹਾਂ ਦੀ ਤਾਕਤ ਵਿਖਾਈ।
ਉਸ ਨੇ ਹੰਕਾਰੀ ਲੋਕਾਂ ਨੂੰ ਉਨ੍ਹਾਂ ਦੀਆਂ ਹੰਕਾਰੀ ਸੋਚਾਂ ਨਾਲ ਖਿੰਡਾ ਦਿੱਤਾ।
52 ਉਸ ਨੇ ਸ਼ਕਤੀਸ਼ਾਲੀ ਹਾਕਮਾਂ ਨੂੰ ਉਨ੍ਹਾਂ ਦੇ ਸਿੰਘਾਸਨਾਂ ਤੋਂ ਹਟਾ ਦਿੱਤਾ ਹੈ
ਅਤੇ ਉਸ ਨੇ ਦੀਨ ਲੋਕਾਂ ਨੂੰ ਉੱਚਾ ਉੱਠਾਇਆ।
53 ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾ ਦਿੱਤਾ
ਅਤੇ ਅਮੀਰ ਲੋਕਾਂ ਨੂੰ ਖਾਲੀ ਹੱਥੀ ਭੇਜ ਦਿੱਤਾ।
54 ਉਹ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਆਇਆ ਜਿਨ੍ਹਾਂ ਨੂੰ ਉਸ ਨੇ ਆਪਣੀ ਸੇਵਾ ਲਈ ਚੁਣਿਆ ਸੀ।
ਉਸ ਨੇ ਸਾਨੂੰ ਆਪਣੀ ਮਿਹਰ ਵਿਖਾਈ ਤਾਂ ਜੋ ਅਸੀਂ ਉਸ ਨੂੰ ਯਾਦ ਰੱਖੀਏ।
55 ਇਸ ਤਰ੍ਹਾਂ ਉਸ ਨੇ ਸਾਡੇ ਪੁਰਖਿਆਂ, ਅਬਰਾਹਾਮ ਅਤੇ ਉਸਦੀਆਂ ਉਲਾਦਾਂ,
ਨਾਲ ਕੀਤਾ ਵਚਨ ਸਦੀਵੀ ਪੂਰਾ ਕੀਤਾ।”
2010 by World Bible Translation Center