Revised Common Lectionary (Complementary)
ਨਿਰਦੇਸ਼ਕ ਲਈ: “ਬਰਬਾਦ ਨਾ ਕਰੋ” ਧੁਨੀ ਨੂੰ। ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ ਜਦੋਂ ਉਹ ਸ਼ਾਊਲ ਦੀ ਗੁਫ਼ਾ ਵਿੱਚੋਂ ਬਚ ਨਿਕਲਿਆ।
57 ਹੇ ਪਰਮੇਸ਼ੁਰ, ਮੇਰੇ ਉੱਪਰ ਮਿਹਰ ਕਰੋ।
ਦਯਾਵਾਨ ਹੋਵੋ, ਕਿਉਂਕਿ ਮੇਰੀ ਰੂਹ ਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ।
ਮੈਂ ਓਨਾ ਚਿਰ ਤੁਹਾਡੇ ਵਿੱਚ ਸ਼ਰਨ ਲਵਾਂਗਾ
ਜਿੰਨਾ ਚਿਰ ਮੁਸੀਬਤਾਂ ਨਹੀਂ ਮੁੱਕ ਜਾਂਦੀਆਂ।
2 ਮੈਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਸਹਾਇਤਾ ਲਈ ਪ੍ਰਾਰਥਨਾ ਕਰਦਾ ਹਾਂ।
ਅੱਤ ਉੱਚ ਪਰਮੇਸ਼ੁਰ, ਪੂਰੀ ਤਰ੍ਹਾਂ ਮੇਰਾ ਖਿਆਲ ਰੱਖਦਾ ਹੈ।
3 ਉਹ ਸਵਰਗ ਵਿੱਚੋਂ, ਮੇਰੀ ਸਹਾਇਤਾ ਕਰਦਾ ਅਤੇ ਮੈਨੂੰ ਬਚਾਉਂਦਾ ਹੈ।
ਉਸ ਨੇ ਉਨ੍ਹਾਂ ਲੋਕਾਂ ਨੂੰ ਹਰਾਇਆ ਜੋ ਮੈਨੂੰ ਦੁੱਖ ਦਿੰਦੇ ਹਨ।
ਪਰਮੇਸ਼ੁਰ ਆਪਣਾ ਸੱਚਾ ਪਿਆਰ ਮੇਰੇ ਲਈ ਦਰਸ਼ਾਉਂਦਾ ਹੈ।
4 ਮੇਰੀ ਜ਼ਿੰਦਗੀ ਖਤਰੇ ਵਿੱਚ ਹੈ।
ਮੈਂ ਮੇਰੇ ਵੈਰੀਆਂ ਦੁਆਰਾ ਘਿਰਿਆ ਹੋਇਆ ਹਾਂ।
ਉਹ ਆਦਮ ਖੋਰ ਸ਼ੇਰਾਂ ਵਰਗੇ ਹਨ,
ਉਨ੍ਹਾਂ ਦੇ ਦੰਦ ਤੀਰਾਂ ਅਤੇ ਨੇਜਿਆਂ ਨਾਲੋਂ ਵੀ ਤਿੱਖੇ ਹਨ,
ਉਨ੍ਹਾਂ ਦੀਆਂ ਜੀਭਾਂ ਇੱਕ ਤਲਵਾਰ ਜਿੰਨੀਆਂ ਤਿੱਖੀਆਂ ਹਨ।
5 ਹੇ ਪਰਮੇਸ਼ੁਰ, ਤੁਸੀਂ ਅਕਾਸ਼ ਨਾਲੋਂ ਉੱਚੇ ਹੋਂ।
ਤੁਹਾਡੀ ਸ਼ਾਨ ਧਰਤੀ ਉੱਤੇ ਫ਼ੈਲੀ ਹੋਈ ਹੈ।
6 ਮੇਰੇ ਵੈਰੀਆਂ ਨੇ ਮੇਰੇ ਲਈ ਜਾਲ ਵਿਛਾਇਆ ਹੈ
ਉਹ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ।
ਉਨ੍ਹਾਂ ਨੇ ਮੇਰੇ ਡਿੱਗਣ ਲਈ ਡੂੰਘਾ ਟੋਆ ਪੁੱਟਿਆ ਹੈ,
ਪਰ ਉਹ ਖੁਦ ਹੀ ਇਸ ਵਿੱਚ ਡਿੱਗ ਪਏ ਹਨ।
7 ਪਰ ਪਰਮੇਸ਼ੁਰ ਮੈਨੂੰ ਬਚਾਕੇ ਰੱਖੇਗਾ।
ਉਹ ਮੈਨੂੰ ਬਹਾਦਰ ਬਣਾਵੇਗਾ।
ਮੈਂ ਉਸਦੀ ਉਸਤਤਿ ਗਾਵਾਂਗਾ।
8 ਮੇਰੀ ਆਤਮਾ ਜਾਗ ਪੈ।
ਸਾਜੋ ਅਤੇ ਸਾਰੰਗੀਉ ਆਪਣਾ ਸੰਗੀਤ ਸ਼ੁਰੂ ਕਰੋ।
ਆਓ ਸਵੇਰ ਨੂੰ ਜਗਾਈਏ।
9 ਮੇਰੇ ਮਾਲਕ ਮੈਂ ਤੁਹਾਡੀ ਸਾਰਿਆਂ ਲਈ ਉਸਤਤਿ ਕਰਦਾ ਹਾਂ।
ਮੈਂ ਹਰ ਇੱਕ ਕੌਮ ਲਈ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।
10 ਤੁਹਾਡਾ ਸੱਚਾ ਪਿਆਰ ਆਕਾਸ਼ ਦੇ ਸਭ ਤੋਂ ਉੱਚੇ ਪਰਬਤ ਨਾਲੋਂ ਵੀ ਉਚੇਰਾ ਹੈ।
11 ਪਰਮੇਸ਼ੁਰ ਆਕਾਸ਼ਾਂ ਨਾਲੋਂ ਵੀ ਉੱਚਾ ਹੈ।
ਉਸਦੀ ਸ਼ਾਨ ਧਰਤੀ ਨੂੰ ਕੱਜਦੀ ਹੈ।
ਨਾਬਾਲ ਦੀ ਮੌਤ
36 ਅਬੀਗੈਲ ਵਾਪਸ ਨਾਬਾਲ ਕੋਲ ਗਈ ਉਹ ਘਰ ਵਿੱਚ ਹੀ ਸੀ। ਉਹ ਰਾਜਿਆਂ ਵਾਂਗ ਘਰ ਵਿੱਚ ਮੌਜ-ਮਸਤੀ ਨਾਲ ਖਾ ਪੀ ਰਿਹਾ ਸੀ। ਇਸ ਲਈ ਅਗਲੀ ਸਵੇਰ ਤੱਕ ਅਬੀਗੈਲ ਨੇ ਨਾਬਾਲ ਨੂੰ ਕੁਝ ਵੀ ਨਾ ਦੱਸਿਆ। 37 ਅਗਲੀ ਸਵੇਰ ਜਦ ਉਸਦਾ ਨਸ਼ਾ ਉੱਤਰ ਗਿਆ ਅਤੇ ਉਹ ਠੀਕ ਆਪਣੇ ਹੋਸ਼ ਵਿੱਚ ਸੀ ਤਾਂ ਉਸਦੀ ਪਤਨੀ ਨੇ ਉਸ ਨੂੰ ਸਭ ਕੁਝ ਦੱਸਿਆ। ਸੁਣਦੇ ਹੀ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਕਾਫ਼ ਵਾਂਗ ਆਕੜ ਗਿਆ। 38 ਦਸਾਂ ਦਿਨਾਂ ਵਿੱਚ, ਯਹੋਵਾਹ ਨੇ ਨਾਬਾਲ ਨੂੰ ਸਜ਼ਾ ਦਿੱਤੀ ਅਤੇ ਉਹ ਮਰ ਗਿਆ।
39 ਦਾਊਦ ਨੂੰ ਪਤਾ ਚੱਲਿਆ ਕਿ ਨਾਬਾਲ ਮਰ ਗਿਆ ਸੀ ਅਤੇ ਕਿਹਾ, “ਯਹੋਵਾਹ ਦੀ ਉਸਤਤਿ ਹੋਵੇ। ਨਾਬਾਲ ਨੇ ਮੇਰੇ ਨਾਲ ਮੰਦਾ ਵਿਹਾਰ ਕੀਤਾ ਅਤੇ ਮੇਰੇ ਪਾਸੇ ਵੱਲ ਖਲੋਇਆ। ਯਹੋਵਾਹ ਨੇ ਮੈਨੂੰ, ਆਪਣੇ ਸੇਵਕ ਨੂੰ ਪਾਪ ਕਰਨ ਤੋਂ ਬਚਾ ਲਿਆ। ਅਤੇ ਨਾਬਾਲ ਦੇ ਭੈੜੇ ਕੰਮਾਂ ਕਾਰਣ ਯਹੋਵਾਹ ਨੇ ਉਸ ਨੂੰ ਮਾਰ ਮੁਕਾਇਆ।”
ਤਦ ਦਾਊਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਨਾਉਣ ਵਜੋਂ ਉਸ ਨੂੰ ਇਹ ਪੁੱਛਦਿਆਂ ਹੋਇਆ ਸੁਨੇਹਾ ਭੇਜਿਆ। 40 ਦਾਊਦ ਦੇ ਸੇਵਕ ਕਰਮਲ ਵਿੱਚ ਗਏ ਅਤੇ ਜਾਕੇ ਅਬੀਗੈਲ ਨੂੰ ਕਿਹਾ, “ਦਾਊਦ ਤੈਨੂੰ ਆਪਣੀ ਪਤਨੀ ਬਨਾਉਣਾ ਚਾਹੁੰਦਾ ਹੈ, ਇਸ ਲਈ ਉਸ ਨੇ ਸਾਡੇ ਹੱਥ ਸੁਨੇਹਾ ਘੱਲਿਆ ਹੈ ਕਿ ਤੈਨੂੰ ਲੈ ਆਈਏ।”
41 ਅਬੀਗੈਲ ਨੇ ਧਰਤੀ ਉੱਤੇ ਮੱਥਾ ਟੇਕਿਆ ਅਤੇ ਕਿਹਾ, “ਮੈਂ ਤੇਰੀ ਦਾਸੀ ਹਾਂ ਅਤੇ ਮੈਂ ਤੇਰੀ ਸੇਵਾ ਲਈ ਹਾਜ਼ਰ ਹਾਂ। ਮੈਂ ਤਾਂ ਆਪਣੇ ਮਾਲਕ (ਦਾਊਦ) ਦੇ ਸੇਵਕਾਂ ਦੇ ਪੈਰ ਧੋਣ ਨੂੰ ਤਿਆਰ ਹਾਂ।”
42 ਅਬੀਗੈਲ ਫ਼ਟਾਫ਼ਟ ਦਾਊਦ ਦੇ ਹਲਕਾਰਿਆਂ ਨਾਲ ਆਪਣੇ ਖੋਤੇ ਉੱਤੇ ਚੜ੍ਹਕੇ ਚਲੀ ਗਈ ਅਤੇ ਆਪਣੇ ਨਾਲ ਪੰਜ ਨੌਕਰਾਣੀਆਂ ਵੀ ਲੈ ਗਈ। ਉਹ ਦਾਊਦ ਦੀ ਪਤਨੀ ਬਣ ਗਈ।
ਯਿਸੂ ਨੇ ਰਸੂਲਾਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ(A)
39-40 ਯਿਸੂ ਯਰੂਸ਼ਲਮ ਸ਼ਹਿਰ ਛੱਡ ਕੇ ਜੈਤੂਨ ਦੇ ਪਹਾੜ ਨੂੰ ਗਿਆ। ਉਹ ਅਕਸਰ ਉੱਥੇ ਜਾਇਆ ਕਰਦਾ ਸੀ। ਉਸ ਦੇ ਚੇਲੇ ਉਸ ਦੇ ਨਾਲ ਗਏ। ਜਦੋਂ ਉਹ ਉਸ ਜਗ੍ਹਾ ਪਹੁੰਚੇ, ਉਸ ਨੇ ਚੇਲਿਆਂ ਨੂੰ ਆਖਿਆ, “ਪ੍ਰਾਰਥਨਾ ਕਰੋ ਕਿ ਤੁਹਾਨੂੰ ਪਰਤਾਇਆ ਨਾ ਜਾਵੇ।”
41 ਫਿਰ ਯਿਸੂ ਉਨ੍ਹਾਂ ਤੋਂ ਪੰਜਾਹ ਕੁ ਕਦਮ ਦੂਰ ਗਿਆ। ਉਹ ਗੋਡਿਆਂ ਭਾਰ ਝੁੱਕਿਆ ਅਤੇ ਪ੍ਰਾਰਥਨਾ ਕੀਤੀ, 42 “ਹੇ ਪਿਤਾ! ਜੇਕਰ ਤੂੰ ਚਾਹੇਂ, ਤਾਂ ਦੁੱਖਾਂ ਦਾ ਇਹ ਪਿਆਲਾ ਮੇਰੇ ਤੋਂ ਹਟਾ ਲੈ, ਪਰ ਤੁਹਾਡੀ ਇੱਛਾ ਹੀ ਹੋਵੇ, ਨਾ ਕਿ ਮੇਰੀ।” 43 ਫਿਰ ਸੁਰਗ ਤੋਂ ਇੱਕ ਦੂਤ ਪ੍ਰਗਟਿਆ ਅਤੇ ਉਸ ਨੂੰ ਸ਼ਕਤੀ ਦਿੱਤੀ। 44 ਯਿਸੂ ਵੱਡੀ ਮਾਨਸਿਕ ਪੀੜਾ ਵਿੱਚ ਸੀ, ਤਾਂ ਉਹ ਹੋਰ ਵੀ ਗੰਭੀਰਤਾ ਪੂਰਵਕ ਪ੍ਰਾਰਥਨਾ ਕਰਨ ਲੱਗਾ। ਉਸਦਾ ਮੁੜਕਾ ਲਹੂ ਦੀਆਂ ਬੂਦਾਂ ਵਾਂਗ ਧਰਤੀ ਉੱਤੇ ਡਿੱਗ ਰਿਹਾ ਸੀ। [a] 45 ਉਹ ਪ੍ਰਾਰਥਨਾ ਕਰਨ ਤੋਂ ਬਾਦ, ਉੱਠਿਆ ਅਤੇ ਆਪਣੇ ਚੇਲਿਆਂ ਕੋਲ ਗਿਆ। ਉਸ ਨੇ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਵੇਖਿਆ। ਉਨ੍ਹਾਂ ਦੀ ਉਦਾਸੀ ਨੇ ਉਨ੍ਹਾਂ ਨੂੰ ਬੜਾ ਥਕਾ ਦਿੱਤਾ ਸੀ। 46 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸੁੱਤੇ ਕਿਉਂ ਪਏ ਹੋ? ਉੱਠੋ ਅਤੇ ਉੱਠ ਕੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ।”
2010 by World Bible Translation Center